‘ਤੋਹਫਾ’ ਦੇਣ ਵਾਲੇ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ, ਪਰ ਤੋਹਫੇ ਦੀ ਜੇਕਰ ਕੋਈ ਨਿਲਾਮੀ ਜਾਂ ਤੋਹੀਨ ਕਰੇ, ਇਹ ਉਸਦੇ ਦਾਗੀ ਕਿਰਦਾਰ ਨੂੰ ਪ੍ਰਗਟਾਉਦਾ ਹੈ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 27 ਅਕਤੂਬਰ ( ) “ਐਸ.ਜੀ.ਪੀ.ਸੀ ਦੇ ਅਧਿਕਾਰੀਆਂ ਅਤੇ ਅਹੁਦੇਦਾਰਾਂ ਵਿਚ ਇਹ ਲੰਮੇ ਸਮੇ ਤੋ ਨਾਂਹਵਾਚਕ ਰਵਾਇਤ ਘਰ ਕਰ ਚੁੱਕੀ ਹੈ ਕਿ ਜਦੋ ਵੀ ਕੋਈ ਵੱਡੀ ਸਿਆਸੀ ਜਾਂ ਧਾਰਮਿਕ ਸਖਸੀਅਤ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਦੀ ਹੈ ਜਾਂ ਆਪਣੀ ਵੋਟ ਸਿਆਸਤ ਨੂੰ ਕਾਇਮ ਰੱਖਣ ਲਈ ਪਹੁੰਚਦੀ ਹੈ ਤਾਂ ਉਸਨੂੰ ਸਿੱਖ ਧਰਮ ਨਾਲ ਸੰਬੰਧਤ ਇਤਿਹਾਸਿਕ ਕਿਤਾਬਾਂ ਦਾ ਸੈਟ ਅਤੇ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਭੇਟ ਕੀਤੇ ਜਾਂਦੇ ਹਨ । ਅਜਿਹਾ ਕਰਦੇ ਹੋਏ ਇਹ ਬਿਲਕੁਲ ਵੀ ਘੋਖਿਆ ਨਹੀ ਜਾਂਦਾ ਕਿ ਜਿਸ ਨੂੰ ਇਹ ਤੋਹਫੇ ਵੱਜੋ ਭੇਟ ਕੀਤਾ ਜਾ ਰਿਹਾ ਹੈ, ਉਸ ਇਸ ਤੋਹਫੇ ਨੂੰ ਆਪਣੇ ਮਨ ਤੇ ਆਤਮਾ ਤੋ ਆਖਰੀ ਸਵਾਸ ਤੱਕ ਸਤਿਕਾਰ ਕਰਦੇ ਹੋਏ ਸੰਭਾਲਕੇ ਰੱਖੇਗਾ ਵੀ ਜਾਂ ਨਹੀ । ਲੇਕਿਨ ਮੁਲਕ ਦੇ ਉੱਚੇ ਸਿਆਸੀ ਅਹੁਦਿਆ ਦੀ ਖੁਸੀ ਪ੍ਰਾਪਤ ਕਰਨ ਦੇ ਸਵਾਰਥ ਹਿੱਤ ਐਸ.ਜੀ.ਪੀ.ਸੀ ਦੇ ਅਧਿਕਾਰੀ ਤੇ ਅਹੁਦੇਦਾਰ ਅਜਿਹਾ ਕਰਦੇ ਆ ਰਹੇ ਹਨ । ਜਦੋਕਿ ਚੱਲਦੀ ਆ ਰਹੀ ਇਸ ਮਾੜੀ ਰਵਾਇਤ ਸਿੱਖ ਕੌਮ ਦੀ ਆਨ ਸਾਨ ਨੂੰ ਹੋਰ ਰੁਸਨਾਉਣ ਦੀ ਬਜਾਇ ਘਟਾਉਣ ਵਾਲੀ ਹੈ । ਕਿਉਂਕਿ ਸ੍ਰੀ ਦਰਬਾਰ ਸਾਹਿਬ ਪਹੁੰਚੇ ਉਨ੍ਹਾਂ ਹਿੰਦੂਤਵ ਆਗੂਆ ਜਿਨ੍ਹਾਂ ਦਾ ਸਿੱਖ ਧਰਮ ਜਾਂ ਸਿੱਖ ਕੌਮ ਵਿਚ ਕੋਈ ਵਿਸਵਾਸ ਹੀ ਨਾ ਹੋਵੇ, ਉਨ੍ਹਾਂ ਨੂੰ ਅਜਿਹੇ ਤੋਹਫੇ ਭੇਟ ਕਰਨ ਦੀ ਚੱਲਦੀ ਆ ਰਹੀ ਰਵਾਇਤ ਰਾਹੀ ਅਸੀ ਖੁਦ ਹੀ ਆਪਣੇ ਸਿੱਖ ਧਰਮ ਦਾ ਨਿਰਾਦਰ ਕਰਵਾਉਣ ਦੇ ਭਾਗੀ ਨਹੀ ਬਣ ਰਹੇ ਅਤੇ ਗੁਰੂ ਨਜਰ ਵਿਚ ਦੋਸ਼ੀ ਨਹੀ ਬਣ ਰਹੇ ?”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਵੱਲੋ ਪਹਿਲੀ ਵਾਰ ਇੰਡੀਆ ਦਾ ਵਜੀਰ ਏ ਆਜਮ ਬਣਨ ਉਤੇ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਣ ਤੇ ਐਸ.ਜੀ.ਪੀ.ਸੀ ਦੇ ਅਧਿਕਾਰੀਆ ਵੱਲੋ ਸਤਿਕਾਰ ਸਹਿਤ ਉਨ੍ਹਾਂ ਨੂੰ ਭੇਟ ਕੀਤੇ ਗਏ ਸ੍ਰੀ ਦਰਬਾਰ ਸਾਹਿਬ ਦੇ ਕੀਮਤੀ ਮਾਡਲ ਦੀ ਨਿਲਾਮੀ ਕੀਤੇ ਜਾਣ ਦੀਆਂ ਖਬਰਾਂ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਅਤੇ ਇਸ ਵਰਤਾਰੇ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਤੋਹਫਾ ਦੇਣ ਵਾਲੇ ਅਧਿਕਾਰੀਆ ਅਤੇ ਪ੍ਰਾਪਤ ਕਰਨ ਵਾਲਿਆ ਵੱਲੋ ਨਿਰਾਦਰ ਕਰਨ ਦੇ ਅਸਹਿ ਵਰਤਾਰੇ ਲਈ ਦੋਵਾਂ ਨੂੰ ਸਿੱਖ ਕੌਮ ਵੱਲੋ ਲਾਹਨਤਾ ਪਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਿਨ੍ਹਾਂ ਕਿਸੇ ਦੇ ਕਿਰਦਾਰ ਨੂੰ ਘੋਖਿਆ ਜਾਂ ਉਸ ਦਾ ਸਿੱਖ ਧਰਮ ਤੇ ਸਿੱਖ ਕੌਮ ਵਿਚ ਵਿਸਵਾਸ ਨੂੰ ਜਾਣਿਆ ਸ੍ਰੀ ਦਰਬਾਰ ਸਾਹਿਬ ਦੇ ਮਹਾਨ ਅਸਥਾਂਨ ਤੋ ਇਸ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਭੇਟ ਕਰਨ ਦੀ ਤੋਹੀਨ ਪੂਰਵਕ ਕਾਰਵਾਈ ਨੂੰ ਤੁਰੰਤ ਖਤਮ ਕਰਨ ਅਤੇ ਵੱਡੇ ਅਹੁਦਿਆ ਤੋ ਖੁਸੀ ਪ੍ਰਾਪਤ ਕਰਨ ਦੀ ਮਾੜੀ ਰਵਾਇਤ ਦੀ ਨਿੰਦਾ ਕਰਦੇ ਹੋਏ ਕਿਹਾ ਕਿਉਂਕਿ ਸ੍ਰੀ ਦਰਬਾਰ ਸਾਹਿਬ ਤੋ ਅਜਿਹੇ ਤੋਹਫੇ ਭੇਟ ਕਰਨ ਦਾ ਮਤਲਬ ਇਹ ਨਹੀ ਕਿ ਕੋਈ ਐਸ.ਜੀ.ਪੀ.ਸੀ ਅਧਿਕਾਰੀ ਇਹ ਭੇਟ ਕਰ ਰਿਹਾ ਹੈ । ਬਲਕਿ ਅਜਿਹਾ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਸਤਿਕਾਰ ਦੇਣ ਦੀ ਰਵਾਇਤ ਵੱਜੋ ਕੀਤਾ ਜਾਂਦਾ ਹੈ । ਜੇਕਰ ਤੋਹਫਾ ਪ੍ਰਾਪਤ ਕਰਨ ਵਾਲਾ ਅਜਿਹੇ ਕੌਮ ਵੱਲੋ ਦਿੱਤੇ ਜਾਣ ਵਾਲੇ ਕਿਸੇ ਤੋਹਫੇ ਦੀ ਆਖਰੀ ਸਵਾਸਾਂ ਤੱਕ ਸੰਭਾਲ ਤੇ ਸਤਿਕਾਰ ਹੀ ਨਹੀ ਕਰ ਸਕਦਾ ਜਾਂ ਦਿੱਤੇ ਜਾਣ ਵਾਲੇ ਉਸ ਤੋਹਫੇ ਦੀ ਜਨਤਕ ਤੌਰ ਤੇ ਨਿਲਾਮੀ ਕਰਦਾ ਹੈ, ਇਹ ਤਾਂ ਸਮੁੱਚੀ ਸਿੱਖ ਕੌਮ ਤੇ ਸਾਡੇ ਸਰਬਉੱਚ ਅਸਥਾਂਨ ਸ੍ਰੀ ਹਰਿਮੰਦਰ ਸਾਹਿਬ ਦੀ ਤੋਹੀਨ ਕਰਨ ਵਾਲੀ ਹਰ ਸਿੱਖ ਮਨ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀ ਸ਼ਰਮਨਾਕ ਕਾਰਵਾਈ ਹੈ । ਉਨ੍ਹਾਂ ਇਕ ਹੋਰ ਉਦਾਹਰਣ ਦਿੰਦੇ ਹੋਏ ਕਿਹਾ ਕਿ ਜਦੋ ਸ੍ਰੀ ਮੁਰਾਰਜੀ ਦੁਸਾਈ ਵਜੀਰ ਏ ਆਜਮ ਇੰਡੀਆ ਸਨ, ਤਾਂ ਉਹ ਆਪਣੀ ਵਿਜਾਰਤ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਦਰਸਨ ਕਰਨ ਲਈ ਆਏ । ਜਦੋ ਉਨ੍ਹਾਂ ਨੂੰ ਗੁਰੂ ਮਰਿਯਾਦਾ ਤੇ ਸਿੱਖੀ ਰਵਾਇਤਾ ਅਨੁਸਾਰ ਪ੍ਰਸਾਦਿ ਦਿੱਤਾ ਗਿਆ ਤਾਂ ਉਨ੍ਹਾਂ ਨੇ ਉਸ ਗੁਰੂ ਦੇ ਪ੍ਰਸਾਦਿ (ਕਿਰਪਾ) ਨੂੰ ਲੈਣ ਤੋ ਇਨਕਾਰ ਕਰਦੇ ਹੋਏ ਕਿਹਾ ਕਿ ਇਸ ਨੂੰ ਮੇਰੇ ਸਿਰ ਉਤੇ ਮਲ ਦਿਓ । ਜੇਕਰ ਅਜਿਹੇ ਉੱਚ ਸਿਆਸਤਦਾਨਾਂ ਦੀਆਂ ਖੁਸੀਆ ਪ੍ਰਾਪਤ ਕਰਨ ਲਈ ਐਸ.ਜੀ.ਪੀ.ਸੀ ਦੇ ਅਧਿਕਾਰੀ ਜਾਂ ਸਿੱਖ ਸਿਆਸਤਦਾਨ ਅਜਿਹੇ ਤੋਹਫੇ ਕੌਮ ਵੱਲੋ ਭੇਟ ਕਰਦੇ ਹਨ, ਤਾਂ ਉਹ ਸਿੱਖ ਕੌਮ ਤੇ ਸਿੱਖੀ ਰਵਾਇਤਾ ਦਾ ਅਪਮਾਨ ਕਰਵਾਉਣ ਤੇ ਕਰਨ ਲਈ ਸਿੱਧੇ ਤੌਰ ਤੇ ਦੋਸ਼ੀ ਹਨ ਅਤੇ ਸਮੁੱਚੀ ਸਿੱਖ ਕੌਮ ਦੇ ਮਨ ਆਤਮਾਵਾ ਨੂੰ ਜਖਮੀ ਕਰਨ ਦੇ ਭਾਗੀ ਹਨ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਪ੍ਰੈਸ ਰੀਲੀਜ ਰਾਹੀ ਐਸ.ਜੀ.ਪੀ.ਸੀ ਦੇ ਜਿੰਮੇਵਾਰ ਅਧਿਕਾਰੀਆ ਅਤੇ ਸਵਾਰਥੀ ਮਕਸਦਾਂ ਦੀ ਪੂਰਤੀ ਲਈ ਅਜਿਹਾ ਦੁੱਖਦਾਇਕ ਅਮਲ ਕਰਨ ਤੇ ਆਦੇਸ ਕਰਨ ਵਾਲੇ ਸਿਆਸਤਦਾਨਾਂ ਨੂੰ ਸਿੱਖ ਕੌਮ ਦੀ ਵੱਡਮੁੱਲੀ ਮਨੁੱਖਤਾ ਪੱਖੀ ਮਹਾਨਤਾ ਅਤੇ ਨਿਰਪੱਖ ਸੋਚ ਦੇ ਬਿਨ੍ਹਾਂ ਤੇ ਇਹ ਜੋਰਦਾਰ ਅਪੀਲ ਵੀ ਕਰਨੀ ਚਾਹੇਗਾ ਤੇ ਖਬਰਦਾਰ ਵੀ ਕਰਨਾ ਚਾਹਵਾਂਗੇ ਕਿ ਕੱਟੜਵਾਦੀ ਹਿੰਦੂਤਵ ਸੋਚ ਵਾਲੇ ਜਾਂ ਹੋਰ ਆਗੂਆ ਨੂੰ ਸ੍ਰੀ ਦਰਬਾਰ ਸਾਹਿਬ ਪਹੁੰਚਣ ਉਤੇ ਅਜਿਹੇ ਕੌਮ ਦੇ ਬਿਨ੍ਹਾਂ ਤੇ ਤੋਹਫੇ ਦੇਣ ਦੇ ਦੁੱਖਦਾਇਕ ਵਰਤਾਰੇ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਸਿੱਖ ਕੌਮ ਦੀ ਕਿਸੇ ਵੀ ਪ੍ਰਚੱਲਿਤ ਮਹਾਨ ਰਵਾਇਤ, ਮਰਿਯਾਦਾਵਾ ਅਤੇ ਉਸ ਮਹਾਨ ਅਸਥਾਂਨ ਦੇ ਸਤਿਕਾਰ ਮਾਣ ਨੂੰ ਠੇਸ ਪਹੁੰਚਾਉਣ ਦੀ ਕਿਸੇ ਵੀ ਪ੍ਰਬੰਧਕ ਜਾਂ ਅਹੁਦੇਦਾਰ ਨੂੰ ਇਜਾਜਤ ਨਹੀ ਹੋਣੀ ਚਾਹੀਦੀ । ਅਜਿਹਾ ਪ੍ਰਬੰਧ ਪੂਰੀ ਗੰਭੀਰਤਾ ਨਾਲ ਕੀਤਾ ਜਾਵੇ । ਸ. ਟਿਵਾਣਾ ਨੇ ਸਮੁੱਚੀ ਸਿੱਖ ਕੌਮ ਨੂੰ ਵੀ ਇਹ ਗੰਭੀਰਤਾ ਭਰੀ ਅਪੀਲ ਕੀਤੀ ਕਿ ਬੀਤੇ ਲੰਮੇ ਸਮੇ ਤੋ ਸਾਡੇ ਇਸ ਮਹਾਨ ਇਤਿਹਾਸਿਕ ਸਥਾਂਨ ਸ੍ਰੀ ਦਰਬਾਰ ਸਾਹਿਬ ਅਤੇ ਐਸ.ਜੀ.ਪੀ.ਸੀ ਦੇ ਅਧਿਕਾਰੀਆ ਵੱਲੋ ਸਮੁੱਚੀ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲੀਆ ਤੇ ਕੌਮਾਂਤਰੀ ਪੱਧਰ ਤੇ ਤੋਹੀਨ ਕਰਵਾਉਣ ਵਾਲੀਆ ਕਾਰਵਾਈਆ ਹੁੰਦੀਆ ਆ ਰਹੀਆ ਹਨ । ਇਸ ਲਈ ਸਿੱਖ ਸੰਗਤ ਤੇ ਸਿੱਖ ਕੌਮ ਦਾ ਇਹ ਇਖਲਾਕੀ ਫਰਜ ਬਣ ਜਾਂਦਾ ਹੈ ਕਿ ਜਦੋ ਵੀ ਆਉਣ ਵਾਲੇ ਥੋੜੇ ਸਮੇ ਵਿਚ ਸ੍ਰੀ ਦਰਬਾਰ ਸਾਹਿਬ ਤੇ ਐਸ.ਜੀ.ਪੀ.ਸੀ ਅਧੀਨ ਗੁਰੂਘਰਾਂ ਦੇ ਸੁਚਾਰੂ ਪ੍ਰਬੰਧ ਲਈ ਜਰਨਲ ਚੋਣਾਂ ਦਾ ਐਲਾਨ ਹੋਵੇ ਤਾਂ ਸਿੱਖ ਕੌਮ ਬਿਨ੍ਹਾਂ ਕਿਸੇ ਪੱਖਪਾਤ ਤੋ ਅਜਿਹੀਆ ਦ੍ਰਿੜ, ਨਿਰਪੱਖ, ਸਿੱਖ ਧਰਮ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬ ਨੂੰ ਸਮਰਪਿਤ ਸਿੱਖੀ ਮਰਿਯਾਦਾਵਾ ਤੇ ਪਹਿਰਾ ਦੇਣ ਵਾਲੀਆ ਸਤਿਕਾਰਿਤ ਸਖਸੀਅਤਾਂ ਨੂੰ ਆਪਣੀਆ ਕੌਮੀ ਵੋਟਾਂ ਰਾਹੀ ਜਿਤਾਕੇ ਪ੍ਰਬੰਧ ਵਿਚ ਹਿੱਸੇਦਾਰ ਬਣਾਉਣ ਦੇ ਕੌਮੀ ਫਰਜ ਨਿਭਾਉਣ ਤਾਂ ਕਿ ਗੁਰੂਘਰਾਂ ਦੇ ਪ੍ਰਬੰਧ ਵਿਚ ਆਈਆ ਖਾਮੀਆ ਅਤੇ ਸਿੱਖ ਸਿਆਸਤ ਵਿਚ ਬਹੁਤ ਵੱਡੀ ਆਈ ਗਿਰਾਵਟ ਨੂੰ ਆਪ ਸਭ ਸਮੁੱਚੀ ਸਿੱਖ ਕੌਮ ਸਮੂਹਿਕ ਤੌਰ ਤੇ ਖਤਮ ਕਰਨ ਦੀ ਜਿੰਮੇਵਾਰੀ ਨਿਭਾਅ ਸਕੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਹਰ ਸਿੱਖ ਜੋ ਜਰਨਲ ਚੋਣਾਂ ਲਈ ਵੋਟਾਂ ਬਣਵਾ ਰਿਹਾ ਹੈ, ਉਹ ਸੁਚੇਤ ਹੋ ਕੇ ਆਪਣੀ ਵੋਟ ਵੀ ਬਣਵਾਏਗਾ ਅਤੇ ਉਸ ਵੋਟ ਦੀ ਸੁਚੱਜੀ ਵਰਤੋ ਕਰਦੇ ਹੋਏ ਉੱਚੇ ਸੁੱਚੇ ਇਖਲਾਕ ਵਾਲੇ ਸਿੱਖ ਉਮੀਦਵਾਰਾਂ ਨੂੰ ਹੀ ਇਸ ਪ੍ਰਬੰਧ ਵਿਚ ਜਿਤਾਕੇ ਆਪਣੀ ਕੌਮੀ ਜਿੰਮੇਵਾਰੀ ਨੂੰ ਪੂਰਨ ਕਰਨਗੇ ।