ਕਾਂਗਰਸ ਜਮਾਤ ਸਿੱਖ ਕੌਮ ਦੇ ਕਾਤਲਾਂ ਨੂੰ ਮੱਧਪ੍ਰਦੇਸ਼ ਵਿਚ, ਆਗੂ ਬਣਾਕੇ ਕੀ ਸੰਦੇਸ਼ ਦੇਣਾ ਚਾਹੁੰਦੀ ਹੈ ? : ਮਾਨ

ਫ਼ਤਹਿਗੜ੍ਹ ਸਾਹਿਬ, 18 ਅਕਤੂਬਰ ( ) “ਕਾਂਗਰਸ ਜਮਾਤ ਜਿਸਨੇ 1984 ਵਿਚ ਸਿੱਖ ਕੌਮ ਦਾ ਸਮੂਹਿਕ ਕਤਲੇਆਮ ਤੇ ਨਸ਼ਲਕੁਸੀ ਕੀਤੀ ਹੈ ਅਤੇ ਰਾਜੀਵ ਗਾਂਧੀ ਦੀ ਸਰਕਾਰ ਸਮੇ ਜਿਸ ਕਮਲਨਾਥ ਨਾਮ ਦੇ ਆਗੂ ਨੇ ਦਿੱਲੀ ਵਿਚ ਸਿੱਖਾਂ ਨੂੰ ਕਤਲ ਕਰਨ ਵਾਲੀਆ ਟੋਲੀਆ, ਬਦਮਾਸਾਂ ਦੀ ਅਗਵਾਈ ਕੀਤੀ ਸੀ ਅਤੇ ਜਿਸ ਕਮਲਨਾਥ ਦੇ ਹੱਥ ਸਿੱਖ ਕੌਮ ਦੇ ਖੂਨ ਨਾਲ ਰੰਗੇ ਹੋਏ ਹਨ, ਕਾਂਗਰਸ ਜਮਾਤ ਵੱਲੋ ਉਸ ਸਿੱਖ ਕੌਮ ਦੇ ਕਾਤਲ ਨੂੰ ਮੱਧਪ੍ਰਦੇਸ਼ ਵਿਚ ਆਉਣ ਵਾਲੀਆ ਅਸੈਬਲੀ ਚੋਣਾਂ ਵਿਚ ਆਗੂ ਬਣਾਕੇ ਮਨੁੱਖਤਾ ਤੇ ਇੰਡੀਅਨ ਨਿਵਾਸੀਆ ਨੂੰ ਕਾਂਗਰਸ ਜਮਾਤ ਕੀ ਸੰਦੇਸ ਦੇਣਾ ਚਾਹੁੰਦੀ ਹੈ ਇਹ ਸਾਡੀ ਸਮਝ ਤੋ ਬਾਹਰ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੱਧਪ੍ਰਦੇਸ਼ ਵਿਚ ਆਉਣ ਵਾਲੀਆ ਅਸੈਬਲੀ ਚੋਣਾਂ ਲਈ ਸਿੱਖ ਕੌਮ ਦਾ ਕਤਲੇਆਮ ਕਰਨ ਵਾਲੇ ਕਾਂਗਰਸ ਦੇ ਆਗੂ ਕਮਲਨਾਥ ਨੂੰ ਇਸ ਸੂਬੇ ਵਿਚ ਆਗੂ ਬਣਾਏ ਜਾਣ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਕਾਂਗਰਸ ਜਮਾਤ ਨੂੰ ਇੰਡੀਅਨ ਨਿਵਾਸੀਆ ਅਤੇ ਸਿੱਖ ਕੌਮ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੇਵਲ ਕਾਂਗਰਸ ਹੀ ਨਹੀ ਬਲਕਿ ਸੈਟਰ ਵਿਚ ਹਕੂਮਤ ਕਰ ਰਹੀ ਬੀਜੇਪੀ ਦੀ ਮੋਦੀ ਮੁਤੱਸਵੀ ਜਮਾਤ ਨੇ ਸ੍ਰੀ ਕਮਲਨਾਥ ਨੂੰ ਮਦਦ ਕਰਕੇ ਬੇਸੱਕ ਮੁੱਖ ਮੰਤਰੀ ਬਣਾ ਦਿੱਤਾ ਸੀ । ਪਰ ਜਦੋ ਉਹ ਆਪਣੇ ਨਾਲ ਮੈਬਰਾਂ ਨੂੰ ਨਹੀ ਰੱਖ ਸਕੇ ਅਤੇ ਸਰਕਾਰ ਟੁੱਟ ਗਈ, ਫਿਰ ਅਜਿਹੇ ਅਸਫਲ ਆਗੂ ਨੂੰ ਕਾਂਗਰਸ ਵੱਲੋ ਜਾਂ ਬੀਜੇਪੀ ਵੱਲੋ ਵਾਰ-ਵਾਰ ਮੱਧ ਪ੍ਰਦੇਸ਼ ਵਿਚ ਸਿਆਸੀ ਤੌਰ ਤੇ ਅੱਗੇ ਲਿਆਉਣ ਪਿੱਛੇ ਕੀ ਦਲੀਲ ਰਹਿ ਜਾਂਦੀ ਹੈ ? ਜਿਸ ਇਨਸਾਨ ਨੇ ਮਨੁੱਖਤਾ ਦਾ ਸਭ ਇਨਸਾਨੀ ਕਦਰਾਂ ਕੀਮਤਾਂ ਨੂੰ ਕੁੱਚਲਕੇ ਘਾਣ ਕੀਤਾ ਹੋਵੇ, ਅਜਿਹੇ ਦਾਗੀ ਇਨਸਾਨ ਨੂੰ ਸਿਆਸਤ ਵਿਚ ਅੱਗੇ ਲਿਆਕੇ ਇਹ ਪਾਰਟੀਆ ਤੇ ਇਸ ਮੁਲਕ ਦੇ ਆਗੂ ਮੁਲਕ ਨਿਵਾਸੀਆ ਨੂੰ ਕੀ ਸੰਦੇਸ ਦੇਣਾ ਚਾਹੁੰਦੇ ਹਨ ? ਉਸ ਤੋ ਇਥੋ ਦੇ ਨਿਵਾਸੀਆ ਨੂੰ ਭਰਪੂਰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਅਜਿਹੀਆ ਪਾਰਟੀਆ ਕਦੀ ਵੀ ਇੰਡੀਆ ਵਿਚ ਅਮਨ ਚੈਨ ਅਤੇ ਜਮਹੂਰੀਅਤ ਕਦਰਾਂ ਕੀਮਤਾਂ ਕਾਇਮ ਨਹੀ ਰੱਖ ਸਕਦੀਆ । ਬਲਕਿ ਅਜਿਹੇ ਲੋਕਾਂ ਨੂੰ ਅੱਗੇ ਲਿਆਕੇ ਇਥੇ ਅਰਾਜਕਤਾ ਨੂੰ ਹੀ ਫੈਲਾਉਣਾ ਚਾਹੁੰਦੀਆ ਹਨ । ਜਿਸ ਤੋ ਮੁਲਕ ਨਿਵਾਸੀਆ ਨੂੰ ਸੁਚੇਤ ਰਹਿੰਦੇ ਹੋਏ ਆਉਣ ਵਾਲੇ ਸਮੇ ਵਿਚ ਜਦੋ ਵੀ ਮੱਧ ਪ੍ਰਦੇਸ਼ ਸੂਬੇ ਦੀ ਅਸੈਬਲੀ ਚੋਣ ਹੁੰਦੀ ਹੈ ਤਾਂ ਆਪਣੀ ਵੋਟ ਸ਼ਕਤੀ ਦੀ ਸਹੀ ਵਰਤੋ ਕਰਦੇ ਹੋਏ ਅਜਿਹੇ ਗੈਰ ਇਖਲਾਕੀ, ਗੈਰ ਇਨਸਾਨੀ, ਗੈਰ ਸਮਾਜਿਕ ਲੋਕਾਂ ਨੂੰ ਕਰਾਰੀ ਭਾਜ ਦੇਣੀ ਚਾਹੀਦੀ ਹੈ । ਤਾਂ ਕਿ ਮੁਲਕ ਨਿਵਾਸੀਆ ਵਿਚ ਇਥੋ ਦੇ ਰਾਜ ਪ੍ਰਬੰਧ ਤੇ ਸਿਆਸਤ ਨੂੰ ਲੈਕੇ ਮਨੁੱਖਤਾ ਪੱਖੀ ਤੇ ਸਮਾਜ ਪੱਖੀ ਸੰਦੇਸ ਜਾ ਸਕਣ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਕਾਂਗਰਸ ਜਮਾਤ ਜਿਸ ਨੇ ਸਿੱਖਾਂ ਉਤੇ ਬੀਤੇ ਸਮੇ ਵਿਚ ਵੱਡੇ ਜੁਲਮ ਕੀਤੇ ਹਨ, ਉਹ ਅਜਿਹੇ ਕਾਤਲ ਨੂੰ ਸਿਆਸਤ ਤੋ ਦੂਰ ਰੱਖੇਗੀ ਅਤੇ ਅਜਿਹੇ ਕਿਸੇ ਵੀ ਦਾਗੀ ਇਨਸਾਨ ਨੂੰ ਕਿਸੇ ਸੂਬੇ ਜਾਂ ਮੁਲਕ ਦਾ ਆਗੂ ਬਣਾਉਣ ਦੀ ਗੁਸਤਾਖੀ ਨਹੀ ਕੀਤੀ ਜਾਵੇਗੀ । ਇਸ ਕੀਤੇ ਗਏ ਫੈਸਲੇ ਤੇ ਮੁੜ ਵਿਚਾਰ ਕਰਕੇ ਸਿੱਖ ਮਨਾਂ ਨੂੰ ਬੀਤੇ ਸਮੇ ਵਿਚ ਪਹੁੰਚੀ ਠੇਸ ਨੂੰ ਤੇ ਜਖਮਾਂ ਨੂੰ ਹੋਰ ਡੂੰਘਾਂ ਕਰਨ ਦੀ ਗੁਸਤਾਖੀ ਨਹੀ ਕਰੇਗੀ ।

Leave a Reply

Your email address will not be published. Required fields are marked *