ਇੰਡੀਆ ਦੇ ਵਿਦੇਸ਼ ਵਜ਼ੀਰ ਜੈਸੰਕਰ ਵੱਲੋਂ ਬਰਤਾਨੀਆ ਜਾ ਕੇ ਸਿੱਖ ਕੌਮ ਪ੍ਰਤੀ ਗੁੰਮਰਾਹਕੁੰਨ ਪ੍ਰਚਾਰ ਕਰਨਾ ਮੁਤੱਸਵੀ ਹੁਕਮਰਾਨਾਂ ਦੀ ਸਾਜਿਸ ਦਾ ਹਿੱਸਾ : ਮਾਨ
ਫ਼ਤਹਿਗੜ੍ਹ ਸਾਹਿਬ, 30 ਮਈ ( ) “ਇੰਡੀਆ ਦੀ ਮੁਤੱਸਵੀ ਮੋਦੀ ਹਕੂਮਤ ਜਿਸਦੇ ਵੱਲੋ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਉਤੇ ਹੋ ਰਹੇ ਹਕੂਮਤੀ ਜ਼ਬਰ, ਮਨੁੱਖੀ ਅਧਿਕਾਰਾਂ ਦੇ ਉਲੰਘਣ, ਕਾਲੇ ਕਾਨੂੰਨਾਂ ਦੀ ਦੁਰਵਰਤੋ ਕਰਕੇ ਹੋ ਰਿਹਾ ਜ਼ਬਰ ਅਤੇ ਘੱਟ ਗਿਣਤੀ ਕੌਮਾਂ ਨੂੰ ਵਿਧਾਨਿਕ ਹੱਕਾਂ ਤੋ ਵਾਂਝੇ ਰੱਖਣ, ਐਸ.ਜੀ.ਪੀ.ਸੀ. ਦੀ ਬੀਤੇ 12 ਸਾਲਾਂ ਤੋ ਜਮਹੂਰੀ ਚੋਣ ਨਾ ਕਰਵਾਉਣ ਦੀ ਬਦੌਲਤ ਹੀ ਬਾਹਰਲੇ ਮੁਲਕਾਂ ਵਿਚ ਇੰਡੀਆ ਦੀ ਸਾਂਖ ਵਿਚ ਕਮੀ ਆਈ ਹੈ । ਜੋ ਇੰਡੀਆ ਦੇ ਵਿਦੇਸ਼ ਵਜ਼ੀਰ ਸ੍ਰੀ ਜੈਸੰਕਰ ਜੋ ਇਨ੍ਹੀ ਦਿਨੀ ਬਰਤਾਨੀਆ ਦੌਰੇ ਤੇ ਹਨ, ਉਥੇ ਜਾ ਕੇ ਸਿੱਖ ਕੌਮ ਪ੍ਰਤੀ ਨਫ਼ਰਤ ਭਰਿਆ ਪ੍ਰਚਾਰ ਕਰ ਰਹੇ ਹਨ ਕਿ ਬਰਤਾਨੀਆ ਵਿਚ ਸਿੱਖ ਇੰਡੀਆ ਸਰਕਾਰ ਵਿਰੁੱਧ ਸਾਜਿਸਾਂ ਕਰ ਰਹੇ ਹਨ, ਇਹ ਬਿਲਕੁਲ ਗੁੰਮਰਾਹਕੁੰਨ ਪ੍ਰਚਾਰ ਹੈ ਜਦੋਕਿ ਜੇਕਰ ਬਾਹਰਲੇ ਸਿੱਖਾਂ ਵਿਚ ਅੱਜ ਇੰਡੀਆ ਦੇ ਮੁਤੱਸਵੀ ਹੁਕਮਰਾਨਾਂ ਪ੍ਰਤੀ ਰੋਹ ਤੇ ਗੁੱਸਾ ਹੈ, ਉਹ ਇਨ੍ਹਾਂ ਦੀਆਂ ਇੰਡੀਆ ਅਤੇ ਪੰਜਾਬ ਵਿਚ ਅਪਣਾਈਆ ਜਾ ਰਹੀਆ ਗੈਰ ਇਨਸਾਨੀ, ਗੈਰ ਕਾਨੂੰਨੀ, ਅਣਮਨੁੱਖੀ ਕਾਰਵਾਈਆ ਦੀ ਬਦੌਲਤ ਹੈ ਨਾ ਕਿ ਕਿਸੇ ਤਰ੍ਹਾਂ ਦਾ ਵੱਖਵਾਦ, ਅੱਤਵਾਦ ਜਿਸਦਾ ਇਹ ਪ੍ਰਚਾਰ ਕਰਦੇ ਹਨ, ਅਜਿਹੀ ਕੋਈ ਗੱਲ ਨਹੀ । ਆਪਣੇ ਅੰਦਰੂਨੀ ਪ੍ਰਬੰਧ ਦੇ ਦਿਸ਼ਾਹੀਣ ਨੀਤੀਆ ਦੇ ਨਿਜਾਮ ਦੇ ਕਾਰਨ ਕੇਵਲ ਪੰਜਾਬ ਵਿਚ ਹੀ ਨਹੀ ਸਮੁੱਚੇ ਇੰਡੀਆ ਵਿਚ ਪੈਦਾ ਹੋ ਚੁੱਕੀਆ ਕੰਮਜੋਰੀਆਂ ਨੂੰ ਛੁਪਾਉਣ ਲਈ ਕੌਮਾਂਤਰੀ ਪੱਧਰ ਤੇ ਵਿਸ਼ੇਸ਼ ਤੌਰ ਤੇ ਬਰਤਾਨੀਆ ਵਿਚ ਸਿੱਖ ਕੌਮ ਦਾ ਨਾਮ ਲੈਕੇ ਪਰਦਾ ਪਾਉਣ ਦੀਆਂ ਅਸਫਲ ਕੋਸਿ਼ਸ਼ਾਂ ਕੀਤੀਆ ਜਾ ਰਹੀਆ ਹਨ ਜਦੋਕਿ ਹੁਕਮਰਾਨਾਂ ਨੂੰ ਚਾਹੀਦਾ ਹੈ ਕਿ ਉਹ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦੇ ਜ਼ਬਰੀ ਕੁੱਚਲੇ ਜਾ ਰਹੇ ਵਿਧਾਨਿਕ, ਸਮਾਜਿਕ, ਮਾਲੀ ਹੱਕਾਂ ਨੂੰ ਪ੍ਰਦਾਨ ਕਰਨ ਜਮਹੂਰੀ ਤੇ ਅਮਨਮਈ ਲੀਹਾਂ ਉਤੇ ਪਹਿਰਾ ਦੇਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਵਿਦੇਸ਼ ਵਜ਼ੀਰ ਸ੍ਰੀ ਜੈਸੰਕਰ ਵੱਲੋ ਆਪਣੇ ਬਰਤਾਨੀਆ ਦੌਰੇ ਦੌਰਾਨ ਆਪਣੀਆ ਅੰਦਰੂਨੀ ਪ੍ਰਬੰਧਕੀ ਕੰਮਜੋਰੀਆਂ ਨੂੰ ਛੁਪਾਉਣ ਹਿੱਤ ਸਿੱਖ ਕੌਮ ਪ੍ਰਤੀ ਵੱਖਵਾਦੀ, ਅੱਤਵਾਦੀ, ਬਾਗੀ ਆਦਿ ਘੜੇ-ਘੜਾਏ ਬਦਨਾਮਨੁਮਾ ਨਾਮ ਦੇਣ ਦਾ ਪ੍ਰਚਾਰ ਕਰਨ ਦੀ ਸਿੱਖ ਕੌਮ ਵਿਰੋਧੀ ਇੰਡੀਅਨ ਨੀਤੀ ਤੋ ਬਰਤਾਨੀਆ ਦੇ ਹੁਕਮਰਾਨਾਂ ਅਤੇ ਸਮੁੱਚੇ ਸੰਸਾਰ ਨਿਵਾਸੀਆਂ ਨੂੰ ਜਾਣਕਾਰੀ ਦਿੰਦੇ ਹੋਏ ਅਤੇ ਇਨ੍ਹਾਂ ਦੀਆਂ ਸਾਤਰ ਸਾਜਿਸਾਂ ਤੋ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇੰਡੀਆ ਦੇ ਮੁਕਾਰਤਾ ਭਰੇ ਚਿਹਰੇ ਦਾ ਵਰਣਨ ਕਰਦੇ ਹੋਏ ਕਿਹਾ ਕਿ ਜਦੋ ਇੰਡੀਆ ਆਜਾਦ ਨਹੀ ਸੀ ਤਾਂ ਉਸ ਸਮੇ ਸ੍ਰੀ ਕ੍ਰਿਸਨਾ ਮੈਨਨ ਜੋ ਉਸ ਸਮੇਂ ਇੰਡੀਆ ਦੇ ਰੱਖਿਆ ਵਜੀਰ ਸਨ, ਉਹ ਵੀ ਬਰਤਾਨੀਆ ਜਾ ਕੇ ਬਰਤਾਨੀਆ ਦੇ ਖਿਲਾਫ਼ ਕਾਰਵਾਈਆ ਕਰਦੇ ਰਹੇ ਹਨ । ਇਸੇ ਤਰ੍ਹਾਂ ਸੁਭਾਸ ਚੰਦਰ ਬੋਸ ਜਿਸਨੂੰ ਨਹਿਰੂ ਅਤੇ ਗਾਂਧੀ ਨੇ ਸਰਪ੍ਰਸਤੀ ਦਿੱਤੀ ਸੀ, ਉਸਨੇ ਬਗਾਵਤ ਕਰਕੇ ਹਿਟਲਰ, ਮੋਸੋਲੀਨੀ ਅਤੇ ਜਪਾਨ ਦੇ ਤੋਜੋ ਨਾਲ ਸਮਝੌਤਾ ਕਰ ਲਿਆ ਸੀ । ਜਦੋਕਿ ਸੁਭਾਸ ਚੰਦਰ ਬੋਸ ਨਾਲ ਅੰਗਰੇਜ਼ਾਂ ਵਿਰੁੱਧ ਲੜਾਈ ਲੜਨ ਵਾਲੇ ਕਾਲੇਪਾਣੀ ਦੀ ਸਜ਼ਾ ਭੁਗਤ ਰਹੇ ਅਨੇਕ ਸਿੱਖ ਉਥੇ ਕੈਦੀ ਸਨ । ਇਹ ਇਲਾਕਾ ਜਪਾਨ ਨੇ ਕਬਜਾ ਕਰ ਲਿਆ ਸੀ । ਸੁਭਾਸ ਚੰਦਰ ਬੋਸ ਜਪਾਨੀਆ ਨਾਲ ਸੀ, ਫਿਰ ਸੁਭਾਸ ਚੰਦਰ ਬੋਸ ਨੇ ਆਪਣੇ ਨਾਲ ਸੰਘਰਸ਼ ਕਰਨ ਵਾਲੇ ਅਤੇ ਲੜਾਈ ਲੜਨ ਵਾਲੇ ਉਨ੍ਹਾਂ ਕਾਲੇਪਾਣੀ ਦੇ ਬੰਦੀਆਂ ਨੂੰ ਜਪਾਨੀਆਂ ਤੋ ਰਿਹਾਅ ਕਿਉਂ ਨਾ ਕਰਵਾਇਆ ?
ਉਨ੍ਹਾਂ ਇਨ੍ਹਾਂ ਮੁਤੱਸਵੀ ਫਿਰਕੂ ਹੁਕਮਰਾਨਾਂ ਦੇ ਜ਼ਬਰ ਦਾ ਵਰਣਨ ਕਰਦੇ ਹੋਏ ਕਿਹਾ ਕਿ ਮੈਨੂੰ ਬਤੌਰ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਡਿਪਲੋਮੈਟਿਕ ਪਾਸਪੋਰਟ ਇੰਡੀਆ ਸਰਕਾਰ ਤੋ ਜਾਰੀ ਹੋਇਆ ਹੈ, ਲੇਕਿਨ ਦੁੱਖ ਅਤੇ ਅਫਸੋਸ ਹੈ ਨਾ ਤਾਂ ਮੈਨੂੰ ਅਮਰੀਕਾ, ਕੈਨੇਡਾ ਆਦਿ ਮੁਲਕਾਂ ਵਿਚ ਜਾਣ ਦਿੰਦੇ ਹਨ ਅਤੇ ਨਾ ਹੀ ਇੰਡੀਆ ਦੇ ਸੂਬੇ ਜੰਮੂ-ਕਸ਼ਮੀਰ ਵਿਚ ਜਾਣ ਦਿੰਦੇ ਹਨ । ਜਦੋ ਵੀ ਮੈਂ ਕਸ਼ਮੀਰੀਆਂ ਉਤੇ ਹੋ ਰਹੇ ਜ਼ਬਰ ਜੁਲਮ ਦੀ ਸਾਰ ਲੈਣ ਲਈ 14 ਨਵੰਬਰ 2022 ਅਤੇ 21 ਨਵੰਬਰ 2022 ਨੂੰ ਗਿਆ, ਉਥੇ ਹੁਕਮਰਾਨਾਂ ਅਤੇ ਫ਼ੌਜ ਵੱਲੋ ਕੀਤੇ ਜਾ ਰਹੇ ਗੈਰ ਕਾਨੂੰਨੀ ਅਮਲਾਂ ਦੀ ਸਮਿਖਿਆ ਕਰਨ ਲਈ ਕਸ਼ਮੀਰੀਆਂ ਨੂੰ ਉਨ੍ਹਾਂ ਦੇ ਸੱਦੇ ਉਤੇ ਮਿਲਣ ਲਈ ਜਾਂਦਾ ਹਾਂ ਤਾਂ ਮੈਨੂੰ ਜੰਮੂ ਦੇ ਬਾਰਡਰ ਉਤੇ ਹੀ ਜ਼ਬਰੀ ਫੌਰਸਾਂ ਵੱਲੋ ਰੋਕ ਦਿੱਤਾ ਜਾਂਦਾ ਹੈ। ਇਥੋ ਤੱਕ ਜੰਮੂ ਕਸਮੀਰ ਦੀ ਹਾਈਕੋਰਟ ਵਿਚ ਇਸ ਵਧੀਕੀ ਸੰਬੰਧੀ ਪਟੀਸਨ ਪਾਉਣ ਉਤੇ ਵੀ ਜੰਮੂ ਕਸਮੀਰ ਦੀ ਹਾਈਕੋਰਟ ਵੀ ਇਸ ਮੇਰੇ ਵਿਧਾਨਿਕ ਹੱਕ ਤੇ ਵਿਸੇ ਉਤੇ ਸੂਔਮੋਟੋ ਦਾ ਐਕਸਨ ਕਰਕੇ ਇਨਸਾਫ਼ ਦੇਣ ਤੋ ਭੱਜ ਜਾਂਦੀ ਹੈ । ਫਿਰ ਹੁਕਮਰਾਨਾਂ ਅਤੇ ਇੰਡੀਆ ਦੇ ਵਜ਼ੀਰਾਂ, ਫਿਰਕੂ ਸਿਆਸਤਦਾਨਾਂ ਵੱਲੋ ਦੂਸਰੇ ਮੁਲਕਾਂ ਵਿਚ ਜਾ ਕੇ ਇੰਡੀਅਨ ਜ਼ਬਰ ਦਾ ਸਾਹਮਣਾ ਕਰ ਰਹੀ ਸਿੱਖ ਕੌਮ ਨੂੰ ਅੱਤਵਾਦ ਜਾਂ ਵੱਖਵਾਦ ਦਾ ਨਾਮ ਦੇ ਕੇ ਗੁੰਮਰਾਹਕੁੰਨ ਪ੍ਰਚਾਰ ਕਰਨ ਦੀ ਕੀ ਦਲੀਲ ਰਹਿ ਜਾਂਦੀ ਹੈ ?