ਮੌਜੂਦਾ ਚੀਫ਼ ਮਨਿਸਟਰ ਸ. ਭਗਵੰਤ ਮਾਨ ਵੱਲੋਂ ਸਾਬਕਾ ਚੀਫ਼ ਮਨਿਸਟਰ ਸ. ਚਰਨਜੀਤ ਸਿੰਘ ਚੰਨੀ ਨੂੰ ਬੇਇੱਜ਼ਤ ਕਰਨ ਦੀਆਂ ਕਾਰਵਾਈਆ ਨਿੰਦਣਯੋਗ : ਮਾਨ

ਫ਼ਤਹਿਗੜ੍ਹ ਸਾਹਿਬ, 27 ਮਈ ( ) “ਸ੍ਰੀ ਭਗਵੰਤ ਮਾਨ ਜੋ ਇਸ ਸਮੇਂ ਪੰਜਾਬ ਦੇ ਚੀਫ਼ ਮਨਿਸਟਰ ਹਨ ਉਨ੍ਹਾਂ ਨੂੰ ਸ. ਚਰਨਜੀਤ ਸਿੰਘ ਚੰਨੀ ਸਾਬਕਾ ਚੀਫ਼ ਮਨਿਸਟਰ ਪੰਜਾਬ ਨੂੰ ਨਿਸ਼ਾਨਾਂ ਬਣਾਕੇ ਅਜਿਹੀ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਜਾਂ ਕਿਰਦਾਰਕੁਸ਼ੀ ਨਹੀ ਕਰਨੀ ਚਾਹੀਦੀ ਜਿਸ ਨਾਲ ਇਕ ਦ੍ਰਿੜ ਇਰਾਦੇ ਵਾਲੇ ਉਸ ਚੀਫ਼ ਮਨਿਸਟਰ ਜਿਸਨੇ ਬਰਗਾੜੀ ਕਾਂਡ ਦੇ ਮੁੱਖ ਦੋਸ਼ੀ ਅਤੇ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਹਵਾਲਾਤ ਵਿਚ ਬੰਦ ਕਰਨ ਦੀ ਜੁਰਅਤ ਕਰਦੇ ਹੋਏ ਆਪਣੇ ਸਿੱਖ ਹੋਣ ਦਾ ਸਹੀ ਸਬੂਤ ਦਿੱਤਾ ਸੀ । ਜਦੋਕਿ 2015 ਤੋਂ ਲੈਕੇ ਅੱਜ ਤੱਕ ਪੰਜਾਬ ਦੇ ਰਹਿ ਚੁੱਕੇ ਚੀਫ਼ ਮਨਿਸਟਰਾਂ ਵਿਚੋਂ ਕਿਸੇ ਵੀ ਚੀਫ਼ ਮਨਿਸਟਰ ਨੇ ਅਜਿਹਾ ਜੁਰਅਤ ਵਾਲਾ ਕੰਮ ਜਾਂ ਜਿੰਮੇਵਾਰੀ ਪੂਰਨ ਨਹੀ ਕੀਤੀ । ਫਿਰ ਸ. ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਦੀ ਉਸ ਇਤਿਹਾਸਿਕ ਧਰਤੀ ਦੀ ਪੈਦਾਇਸ ਹਨ, ਜਿਥੋ ਗੁਰੂ ਸਾਹਿਬ ਨੇ ਹਰ ਤਰ੍ਹਾਂ ਦੇ ਜ਼ਬਰ ਜੁਲਮ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ ਸਿੱਖ ਕੌਮ ਨੂੰ ਦੁਸ਼ਮਣਾਂ ਨਾਲ ਜੰਗ ਕਰਨ ਅਤੇ ਫ਼ਤਹਿ ਪ੍ਰਾਪਤ ਕਰਨ ਦਾ ਵੱਡਮੁੱਲਾ ਸੰਦੇਸ਼ ਦਿੱਤਾ ਹੈ । ਇਥੋ ਹੀ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਨੇ ਮੁਗਲਾਂ ਨੂੰ ਕਰਾਰੀ ਹਾਰ ਦੇ ਕੇ ਸ਼ਹੀਦੀਆਂ ਪ੍ਰਾਪਤ ਕੀਤੀਆ ਅਤੇ ਸਿੱਖ ਕੌਮ ਨੂੰ ਸੱਚ-ਹੱਕ ਉਤੇ ਆਖਰੀ ਸਵਾਸ ਤੱਕ ਪਹਿਰਾ ਦੇਣ ਦੀ ਪ੍ਰੇਰਣਾ ਦਿੱਤੀ । ਉਨ੍ਹਾਂ ਕਿਹਾ ਕਿ ਸ. ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਦੇ ਐਮ.ਐਲ.ਏ. ਵੀ ਰਹੇ ਹੋ । ਦੂਸਰਾ ਉਨ੍ਹਾਂ ਵਿਚ ਗੁਰਸਿੱਖੀ ਵਾਲੇ ਉਹ ਗੁਣ ਹਨ ਜੋ ਉਨ੍ਹਾਂ ਨੇ 111 ਦਿਨਾਂ ਦੀ ਆਪਣੀ ਸਰਕਾਰ ਵਿਚ ਅਜਿਹੇ ਦ੍ਰਿੜਤਾ ਨਾਲ ਕੰਮ ਕੀਤੇ ਜੋ ਐਨੇ ਥੋੜ੍ਹੇ ਸਮੇਂ ਵਿਚ ਕੋਈ ਨਹੀ ਕਰ ਸਕਦਾ । ਇਕ ਚੀਫ਼ ਮਨਿਸਟਰ ਵੱਲੋਂ ਕਿਸੇ ਦੂਸਰੇ ਸਾਬਕਾ ਚੀਫ਼ ਮਨਿਸਟਰ ਦੀ ਮੰਦਭਾਵਨਾ ਅਧੀਨ ਕਿਰਦਾਰਕੁਸ਼ੀ ਕਰਨਾ ਨਾ ਤਾਂ ਸੋਭਾ ਦਿੰਦਾ ਹੈ ਅਤੇ ਨਾ ਹੀ ਸਾਡੇ ਪੰਜਾਬ ਸੂਬੇ ਅਤੇ ਸਿੱਖ ਕੌਮ ਦਾ ਇਖਲਾਕ ਇਸ ਗੱਲ ਦੀ ਇਜਾਜਤ ਦਿੰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਮੌਜੂਦਾ ਚੀਫ਼ ਮਨਿਸਟਰ ਸ੍ਰੀ ਭਗਵੰਤ ਮਾਨ ਵੱਲੋਂ ਸਾਬਕਾ ਚੀਫ਼ ਮਨਿਸਟਰ ਸ. ਚਰਨਜੀਤ ਸਿੰਘ ਚੰਨੀ ਵਿਰੁੱਧ ਮੰਦਭਾਵਨਾ ਅਧੀਨ ਕੀਤੀ ਜਾ ਰਹੀ ਹੇਠਲੇ ਦਰਜੇ ਦੀ ਬਿਆਨਬਾਜ਼ੀ ਅਤੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਨੂੰ ਨਿਸ਼ਾਨਾਂ ਬਣਾਉਣ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਸ. ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਨੂੰ ਅਜਿਹੀਆ ਹਕੂਮਤੀ ਗਿੱਦੜ ਧਮਕੀਆ ਤੋਂ ਕਿਸੇ ਤਰ੍ਹਾਂ ਦਾ ਭੈ ਨਾ ਰੱਖਣ ਦੀ ਸਲਾਹ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਜੇਪੀ-ਆਰ.ਐਸ.ਐਸ ਆਦਿ ਹਿੰਦੂਤਵ ਤਾਕਤਾਂ ਨਾਲ ਆਮ ਆਦਮੀ ਪਾਰਟੀ ਅਤੇ ਉਸਦੇ ਅਹੁਦੇਦਾਰ ਬੀ-ਟੀਮ ਬਣਕੇ ਕਿਵੇ ਵਿਚਰਦੇ ਆ ਰਹੇ ਹਨ, ਇਹ ਇਸ ਗੱਲ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਜਦੋਂ ਪੰਜਾਬ ਸੂਬੇ ਵਿਚ ਸਭ ਕੁਝ ਜ਼ਮਹੂਰੀਅਤ ਅਤੇ ਅਮਨਮਈ ਲੀਹਾਂ ਤੇ ਚੱਲ ਰਿਹਾ ਹੈ, ਤਾਂ ਉਸ ਸਮੇਂ ਸ੍ਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਵੱਲੋਂ ਸੈਂਟਰ ਦੀ ਮੋਦੀ ਹਕੂਮਤ ਤੋਂ ਕੇਵਲ ਅਰਧ ਸੈਨਿਕ ਬਲਾਂ ਦੀਆਂ ਪੰਜਾਬ ਲਈ 19 ਕੰਪਨੀਆਂ ਹੀ ਨਹੀ ਮੰਗੀਆ ਗਈਆ ਬਲਕਿ ਸੈਂਟਰ ਦੇ ਮੁਤੱਸਵੀ ਹੁਕਮਰਾਨਾਂ ਦੀ ਸਾਜਿਸ ਨੂੰ ਪੂਰਨ ਕਰਦੇ ਹੋਏ ਬਿਨ੍ਹਾਂ ਵਜਹ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀ ਜੋ ਪੰਜਾਬ ਵਿਚ ਕੇਵਲ ਅੰਮ੍ਰਿਤ ਸੰਚਾਰ ਅਤੇ ਨਸਿ਼ਆਂ ਦੇ ਸੇਵਨ ਨੂੰ ਨੌਜ਼ਵਾਨੀ ਵਿਚੋਂ ਖ਼ਤਮ ਕਰਨ ਉਤੇ ਵੱਡਾ ਉੱਦਮ ਕਰ ਰਹੇ ਸਨ, ਉਨ੍ਹਾਂ ਨੂੰ ਸੈਂਟਰ ਦੀ ਮੋਦੀ ਹਕੂਮਤ ਅਤੇ ਪੰਜਾਬ ਦੀ ਭਗਵੰਤ ਮਾਨ ਹਕੂਮਤ ਨੇ ਆਪਣੇ ਸਿਆਸੀ ਮਕਸਦਾਂ ਦੀ ਪੂਰਤੀ ਲਈ ਬਿਨ੍ਹਾਂ ਵਜਹ ਨਿਸ਼ਾਨਾਂ ਬਣਾਕੇ 18 ਮਾਰਚ 2023 ਤੋਂ ਲੈਕੇ ਡੇਢ ਮਹੀਨੇ ਤੱਕ ਪੰਜਾਬ ਦਾ ਮਾਹੌਲ ਅਜਿਹਾ ਸਿਰਜਿਆ ਗਿਆ ਜਿਸ ਨਾਲ ਇਥੋ ਦੇ ਨਿਵਾਸੀ, ਪੰਜਾਬੀ, ਸਿੱਖ ਕੌਮ ਉਤੇ ਗੈਰ ਕਾਨੂੰਨੀ ਢੰਗ ਰਾਹੀ ਜ਼ਬਰ ਜੁਲਮ ਢਾਹਿਆ ਗਿਆ । ਸਿੱਖ ਕੌਮ ਨੂੰ ਬਦਨਾਮ ਕੀਤਾ ਗਿਆ । ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਜਿਨ੍ਹਾਂ ਨੇ ਕੋਈ ਵੀ ਗੈਰ ਕਾਨੂੰਨੀ ਅਮਲ ਨਹੀ ਕੀਤਾ, ਉਨ੍ਹਾਂ ਉਤੇ ਮੰਦਭਾਵਨਾ ਅਧੀਨ ਐਨ.ਐਸ.ਏ. ਦੇ ਕੇਸ ਰਜਿਸਟਰਡ ਕਰਕੇ ਸ੍ਰੀ ਭਗਵੰਤ ਮਾਨ ਦੀ ਪ੍ਰਵਾਨਗੀ ਨਾਲ ਹੀ ਅਸਾਮ ਵਰਗੇ ਦੂਰ-ਦੁਰਾਡੇ ਸੂਬੇ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦੀ ਬਣਾਉਣ ਦੀ ਸਾਜਿ਼ਸ ਰਚੀ ਗਈ ।

ਉਨ੍ਹਾਂ ਸ. ਚਰਨਜੀਤ ਸਿੰਘ ਚੰਨੀ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਦ੍ਰਿੜਤਾ ਨਾਲ ਭੈ ਤੋਂ ਦੂਰ ਰਹਿੰਦੇ ਹੋਏ ਇਨ੍ਹਾਂ ਮੁਤੱਸਵੀ ਤਾਕਤਾਂ ਦੀਆਂ ਸਾਜਿ਼ਸਾਂ ਨੂੰ ਸਫ਼ਲ ਬਣਾਉਣ ਲਈ ਦ੍ਰਿੜਤਾਂ ਨਾਲ ਟਾਕਰਾ ਕਰਨ, ਭਾਵੇਕਿ ਅਜਿਹੀਆ ਸਭ ਤਾਕਤਾਂ ਆਪਣੇ ਸਿਆਸੀ ਮਕਸਦਾਂ ਦੀ ਪੂਰਤੀ ਲਈ ਵਿਰੋਧੀਆਂ ਨੂੰ ਇਸ ਤਰ੍ਹਾਂ ਡਰਾਉਣ, ਧਮਕਾਉਣ ਵਿਚ ਯਕੀਨ ਰੱਖਦੇ ਹਨ । ਪਰ ਅਜਿਹੇ ਲੋਕ ਕਦੀ ਵੀ ਨਾ ਬੀਤੇ ਸਮੇਂ ਵਿਚ ਪੰਜਾਬ ਤੇ ਸਿੱਖ ਕੌਮ ਵਿਰੋਧੀ ਮਕਸਦਾਂ ਵਿਚ ਕਾਮਯਾਬ ਹੋਏ ਹਨ ਅਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਹੋ ਸਕਣਗੇ । ਕਿਉਂਕਿ ਸ. ਚੰਨੀ ਗੁਰੂ ਦੇ ਸਿੱਖ ਹਨ ਅਤੇ ਗੁਰੂ ਦਾ ਸਿੱਖ ਅਜਿਹੀਆਂ ਤਾਕਤਾਂ ਅੱਗੇ ਕਦੇ ਵੀ ਗੋਡੇ ਨਹੀ ਟੇਕਦੇ ਬਲਕਿ ਸਮਾਂ ਆਉਣ ਤੇ ਢਾਈ ਫੱਟ ਦੀ ਲੜਾਈ ਨੀਤੀ ਅਧੀਨ ਅਜਿਹਾ ਫੱਟ ਮਾਰਦੇ ਹਨ ਜਿਸ ਨਾਲ ਦੁਸ਼ਮਣ ਚਿੱਤ ਹੋ ਜਾਵੇ ਅਤੇ ਉਹ ਉੱਠਣ ਦੇ ਕਾਬਲ ਹੀ ਨਾ ਰਹੇ । ਸ. ਮਾਨ ਨੇ ਸ. ਚੰਨੀ ਨੂੰ ਮਸਵਰਾ ਦਿੰਦੇ ਹੋਏ ਕਿਹਾ ਕਿ ਉਹ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਤੇ ਜਾ ਕੇ ਅਰਦਾਸ ਕਰਨ ਕਿ ਇਸ ਲੜਾਈ ਲਈ ਉਨ੍ਹਾਂ ਨੂੰ ਦ੍ਰਿੜਤਾ ਅਤੇ ਸ਼ਖਤੀ ਦੀ ਬਖਸਿ਼ਸ਼ ਕਰਨ ਕਿ ਇਨ੍ਹਾਂ ਪੰਜਾਬ ਤੇ ਸਿੱਖ ਕੌਮ ਵਿਰੋਧੀ ਤਾਕਤਾਂ ਨਾਲ ਲੜਨ ਦੀ ਅਗਵਾਈ ਕਰਦੇ ਹੋਏ ਉਨ੍ਹਾਂ ਦੇ ਬਰਾਬਰ ਹਿੱਕ ਡਾਹਕੇ ਖੜ੍ਹੇ ਹੋ ਸਕਣ ਅਤੇ ਫ਼ਤਹਿ ਪ੍ਰਾਪਤ ਕਰ ਸਕਣ । ਗੁਰੂ ਮਹਾਰਾਜ ਉਨ੍ਹਾਂ ਨੂੰ ਅਵੱਸ ਫਤਹਿ ਬਖਸਿ਼ਸ਼ ਕਰਨਗੇ । ਉਸ ਨੀਤੀ ਨੂੰ ਅਪਣਾਉਦੇ ਹੋਏ ਅਜਿਹੀਆ ਤਾਕਤਾਂ ਵਿਰੁੱਧ ਆਪਣੀ ਲੜਾਈ ਬਾਦਲੀਲ ਢੰਗ ਨਾਲ ਜਾਰੀ ਰੱਖਣ । ਸੈਂਟਰ ਅਤੇ ਪੰਜਾਬ ਵਿਰੋਧੀ ਤਾਕਤਾਂ ਸਮੇਂ-ਸਮੇਂ ਤੇ ਅਜਿਹੀਆਂ ਸਾਜਿਸਾਂ ਰਚਦੀਆਂ ਆਈਆ ਹਨ ਪਰ ਫ਼ਤਹਿ ਹਮੇਸ਼ਾਂ ਪੰਜਾਬੀਆਂ ਅਤੇ ਗੁਰੂ ਦੇ ਸਿੱਖਾਂ ਦੀ ਹੁੰਦੀ ਆਈ ਹੈ । ਪੰਜਾਬ ਸਰਕਾਰ ਦੀ ਇਸ ਗੈਰ-ਇਖ਼ਲਾਕੀ ਲੜਾਈ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ. ਚਰਨਜੀਤ ਸਿੰਘ ਚੰਨੀ ਦੀ ਦ੍ਰਿੜਤਾ ਤੇ ਇਮਾਨਦਾਰੀ ਵਾਲੀ ਸਖ਼ਸੀਅਤ ਨਾਲ ਹੈ । 

Leave a Reply

Your email address will not be published. Required fields are marked *