ਪੰਜਾਬ ਦੇ ਕੀਮਤੀ ਪਾਣੀਆ ਉਤੇ ਫਿਰ ਤੋਂ ਡਾਕਾ ਮਾਰਨ ਦੀ ਸਾਜਿਸ ਪ੍ਰਤੀ ਪੰਜਾਬੀ ਅਤੇ ਸਿੱਖ ਕੌਮ ਸੁਚੇਤ ਰਹਿਣ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 05 ਮਈ ( ) “ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ । ਇਥੋ ਦੀ ਸਮੁੱਚੀ ਮਾਲੀ ਹਾਲਤ ਖੇਤੀ ਉਤੇ ਹੀ ਨਿਰਭਰ ਕਰਦੀ ਹੈ ਅਤੇ ਖੇਤੀ ਪੈਦਾਵਾਰ ਨਹਿਰਾਂ, ਦਰਿਆਵਾਂ ਦੇ ਪਾਣੀਆ ਦੀ ਸਿੰਚਾਈ ਉਤੇ ਨਿਰਭਰ ਕਰਦੀ ਹੈ । ਜਦੋ ਪੰਜਾਬ ਵਿਚ ਪਾਣੀ ਦੀ ਸਤ੍ਹਾ ਬਹੁਤ ਥੱਲ੍ਹੇ ਚਲੀ ਗਈ ਹੈ ਅਤੇ ਪ੍ਰਦੂਸਿਤ ਹੋਇਆ ਪਾਣੀ ਫ਼ਸਲਾਂ ਦੀ ਪੈਦਾਵਾਰ ਲਈ ਅਤੇ ਇਨਸਾਨਾਂ ਦੀ ਜਿੰਦਗਾਨੀਆਂ ਲਈ ਵੱਡਾ ਖਤਰਾਂ ਬਣਦਾ ਜਾ ਰਿਹਾ ਹੈ । ਉਸ ਸਮੇ ਭਾਖੜਾ ਡੈਮ ਤੋ ਨਦੀਆ-ਦਰਿਆਵਾ ਰਾਹੀ ਪੰਜਾਬ ਸੂਬੇ ਦੀ ਖੇਤੀ ਦੀ ਸਿੰਚਾਈ ਲਈ ਆ ਰਿਹਾ ਪਾਣੀ ਹੀ ਇਕੋ ਇਕ ਸਾਡੀਆ ਫਸਲਾਂ ਦੀ ਸਿੰਚਾਈ ਦਾ ਵੱਡਾ ਸ੍ਰੋਤ ਰਹਿ ਜਾਂਦਾ ਹੈ । ਬੀਤੇ ਲੰਮੇ ਸਮੇ ਤੋ ਕਾਂਗਰਸ, ਬੀਜੇਪੀ, ਆਰ.ਐਸ.ਐਸ ਅਤੇ ਸੈਟਰ ਵਿਚ ਰਾਜ ਕਰਨ ਵਾਲੀਆ ਹੋਰ ਜਮਾਤਾਂ ਵੱਲੋ ਪੰਜਾਬ ਦੇ ਕੀਮਤੀ ਪਾਣੀਆ ਅਤੇ ਹੈੱਡਵਰਕਸਾਂ ਤੋ ਪੈਦਾ ਹੋਣ ਵਾਲੀ ਬਿਜਲੀ ਨੂੰ ਸੈਟਰ ਸਰਕਾਰ ਅਤੇ ਦੂਸਰੇ ਸੂਬੇ ਦੀਆਂ ਸਰਕਾਰਾਂ ਨਿਰੰਤਰ ਜ਼ਬਰੀ ਖੋਹਣ ਦੇ ਅਮਲ ਕਰਦੀਆ ਆ ਰਹੀਆ ਹਨ ਜੋ ਕਿ ਪੰਜਾਬ ਸੂਬੇ ਅਤੇ ਪੰਜਾਬੀਆਂ ਨਾਲ ਬਹੁਤ ਵੱਡਾ ਧ੍ਰੋਹ ਹੈ । ਕਿਉਂਕਿ ਖੇਤੀ ਉਤਪਾਦਾਂ ਦੇ ਪਾਲਣ ਲਈ ਪਾਣੀ ਦੀ ਬਹੁਤ ਸਖਤ ਲੋੜ ਹੈ । ਸਹੀ ਮਾਤਰਾ ਵਿਚ ਲੋੜੀਦਾ ਪਾਣੀ ਨਾ ਮਿਲਣ, ਖੇਤੀ ਉਤਪਾਦਾਂ ਦੀ ਲਾਗਤ ਕੀਮਤ ਵੱਧ ਜਾਣ ਕਾਰਨ ਪਹਿਲੋ ਹੀ ਜਿੰਮੀਦਾਰ ਅਤੇ ਖੇਤ ਮਜਦੂਰਾਂ ਦੀ ਮਾਲੀ ਹਾਲਤ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ । ਇਥੋ ਤੱਕ ਲੰਮੇ ਸਮੇ ਤੋ ਪੰਜਾਬ ਦੇ ਪਾਣੀਆ ਨੂੰ ਜ਼ਬਰੀ ਖੋਹਣ ਦੀ ਬਦੌਲਤ, ਦੂਸਰਾ ਇਸ ਖੋਹੇ ਜਾਣ ਵਾਲੇ ਪਾਣੀਆ ਦੀ ਰਿਅਲਟੀ ਕੀਮਤ ਜੋ 16 ਹਜਾਰ ਕਰੋੜ ਰੁਪਏ ਬਣਦੀ ਹੈ, ਉਹ ਹਰਿਆਣਾ, ਰਾਜਸਥਾਂਨ, ਦਿੱਲੀ ਵੱਲੋ ਪੰਜਾਬ ਨੂੰ ਭੁਗਤਾਨ ਨਾ ਹੋਣ ਕਰਕੇ ਪੰਜਾਬੀਆ ਉਤੇ ਨਿਰੰਤਰ ਜ਼ਬਰ ਹੁੰਦਾ ਆ ਰਿਹਾ ਹੈ । ਦੂਸਰਾ ਲੋੜੀਦੇ ਪਾਣੀ ਦੀ ਸਪਲਾਈ ਨਾ ਮਿਲਣ ਦੀ ਬਦੌਲਤ ਕਿਸਾਨ ਅਤੇ ਖੇਤ-ਮਜਦੂਰ ਵਰਗ ਕਰਜਿਆ ਦੇ ਬੋਝ ਥੱਲ੍ਹੇ ਦੱਬਦਾ ਆ ਰਿਹਾ ਹੈ । ਦੋਵੇ ਪਾਸੇ ਪੰਜਾਬ ਸੂਬੇ ਨਾਲ ਨਿਰੰਤਰ ਵਿਤਕਰੇ ਹੁੰਦੇ ਆ ਰਹੇ ਹਨ । ਫਿਰ ਫ਼ਸਲਾਂ ਦੀ ਵਿਕਰੀ ਅਤੇ ਸਹੀ ਕੀਮਤ ਪ੍ਰਾਪਤ ਹੋਣ ਲਈ ਪਾਕਿਸਤਾਨ ਨਾਲ ਲੱਗਦੀਆ ਸਰਹੱਦਾਂ ਨੂੰ ਵਪਾਰ ਲਈ ਨਾ ਖੋਲ੍ਹਕੇ ਇਕ ਸਾਜਿਸ ਤਹਿਤ ਪੰਜਾਬ ਦੇ ਮਾਲੀ ਹਾਲਤ ਨੂੰ ਸੱਟ ਮਾਰੀ ਜਾ ਰਹੀ ਹੈ । ਜੋ ਕਿ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਹੁਕਮਰਾਨਾਂ ਦੀ ਘਸਿਆਰੇ ਬਣਾਉਣ ਦੀ ਡੂੰਘੀ ਸਾਜਿਸ ਹੈ । ਜਿਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਉਹ ਥੋੜੀ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੀ ਸਰਪ੍ਰਸਤੀ ਰਾਹੀ, ਹਿਮਾਚਲ, ਹਰਿਆਣਾ ਦੀਆਂ ਸਰਕਾਰਾਂ ਦੇ ਸਾਂਝੇ ਫੈਸਲੇ ਰਾਹੀ ਭਾਖੜਾ ਡੈਮ ਤੋਂ ਸਿੱਧਾ ਪੰਜਾਬ ਦੇ ਕੀਮਤੀ ਪਾਣੀਆ ਉਤੇ ਫਿਰ ਤੋ ਡਾਕਾ ਮਾਰਨ ਅਤੇ ਪੰਜਾਬੀਆਂ ਨੂੰ ਘਸਿਆਰਾ ਬਣਾਉਣ ਦੀ ਖ਼ਤਰਨਾਕ ਸਾਜਿਸ ਤੋ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਸੁਚੇਤ ਕਰਦੇ ਹੋਏ ਅਤੇ ਸਮੂਹਿਕ ਤੌਰ ਤੇ ਇਸ ਗੰਭੀਰ ਵਿਸੇ ਉਥੇ ਫੈਸਲਾਕੁੰਨ ਸੰਘਰਸ਼ ਵਿੱਢਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਣ ਹਿਮਾਚਲ ਅਤੇ ਹਰਿਆਣਾ ਦੇ ਆਪਸੀ ਸਮਝੋਤੇ ਰਾਹੀ ਭਾਖੜਾ ਡੈਮ ਤੋ ਜੋ ਪੰਜਾਬੀਆਂ ਨੇ ਐਸ.ਵਾਈ.ਐਲ. ਨਹਿਰ ਰਾਹੀ ਆਪਣਾ ਕੀਮਤੀ ਪਾਣੀ ਜ਼ਬਰੀ ਲੁੱਟਣ ਦੀ ਇਜਾਜਤ ਨਹੀ ਦਿੱਤੀ, ਉਸਨੂੰ ਹੁਣ ਪਹਾੜੀ ਰਸਤੇ ਨਾਲਾਗੜ੍ਹ, ਬੱਦੀ, ਪਜੌਰ, ਟਾਗਰੀ ਅਤੇ ਜਨਸੂਹੀ ਪ੍ਰੋਜੈਕਟ ਰਾਹੀ ਵੱਡੀਆ ਪਾਇਪਾਂ ਪਾ ਕੇ ਭਾਖੜਾ ਡੈਮ ਤੋ ਪਾਣੀ ਜ਼ਬਰੀ ਖੋਹਣ ਦੀ ਸਾਜਿਸ ਨੂੰ ਅਮਲੀ ਰੂਪ ਦੇਣ ਦੀ ਕੋਸਿ਼ਸ਼ ਹੋ ਰਹੀ ਹੈ । ਇਸ ਪ੍ਰੋਜੈਕਟ ਉਤੇ 6700 ਕਰੋੜ ਰੁਪਏ ਦਾ ਖਰਚਾ ਹੋਣਾ ਹੈ । ਜੇਕਰ ਸੈਟਰ ਦੀ ਸਰਪ੍ਰਸਤੀ ਰਾਹੀ ਹਰਿਆਣਾ, ਹਿਮਾਚਲ ਇਸ ਸਾਜਿਸ ਨੂੰ ਨੇਪਰੇ ਚਾੜਨ ਵਿਚ ਕਾਮਯਾਬ ਹੋ ਗਏ ਤਾਂ ਪੰਜਾਬ ਦੀ ਧਰਤੀ ਹੀ ਕੇਵਲ ਮਾਰੂਥਲ ਨਹੀ ਬਣ ਜਾਵੇਗੀ ਬਲਕਿ ਜੋ ਅੱਜ ਪੰਜਾਬੀ ਅਤੇ ਸਿੱਖ ਕੌਮ ਮਾਲੀ ਤੌਰ ਤੇ ਮਜਬੂਤ ਹੈ, ਉਸਨੂੰ ਵੀ ਇਹ ਹੁਕਮਰਾਨ ਡੂੰਘੀ ਸੱਟ ਮਾਰਨ ਵਿਚ ਕਾਮਯਾਬ ਹੋ ਜਾਣਗੇ । ਮੋਦੀ ਹਕੂਮਤ ਤਾਂ ਪਹਿਲੋ ਹੀ ਪੰਜਾਬ ਸੂਬੇ, ਪੰਜਾਬੀਆਂ, ਸਿੱਖ ਕੌਮ ਨੂੰ ਮਾਲੀ ਤੌਰ ਤੇ ਹਰ ਖੇਤਰ ਵਿਚ ਕੰਮਜੋਰ ਕਰਨ ਉਤੇ ਲੱਗੀ ਹੋਈ ਹੈ । ਇਸਦੇ ਨਾਲ ਹੀ ਸੈਟਰ ਦਾ ਐਨ.ਸੀ.ਈ.ਆਰ.ਟੀ. ਵਿਭਾਗ ਜਿਸ ਰਾਹੀ ਸਮੁੱਚੇ ਇੰਡੀਆ ਦੇ ਪੜ੍ਹਨ ਵਾਲੇ ਬੱਚਿਆ ਦੇ ਕਿਤਾਬੀ ਸਿਲੇਬਲ ਨਿਯਤ ਹੁੰਦੇ ਹਨ, ਉਸ ਰਾਹੀ ਕਿਤਾਬਾਂ ਵਿਚ ਸਿੱਖ ਇਤਿਹਾਸ ਨੂੰ ਤਰੋੜ-ਮਰੋੜਕੇ ਸਾਡੇ ਮਹਾਨ ਸੱਭਿਆਚਾਰ, ਵਿਰਸੇ-ਵਿਰਾਸਤ, ਤਹਿਜੀਬ, ਸਲੀਕੇ ਨੂੰ ਡੂੰਘੀ ਸੱਟ ਮਾਰਨ ਦੇ ਅਮਲ ਕੀਤੇ ਜਾ ਰਹੇ ਹਨ । ਇਸ ਲਈ ਜੇਕਰ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਇਸ ਸਾਜਿਸ ਨੂੰ ਸਮੇ ਨਾਲ ਸਮਝਦੇ ਹੋਏ ਸਮੂਹਿਕ ਤੌਰ ਤੇ ਕੋਈ ਅਮਲ ਨਾ ਕਰ ਸਕੇ ਤਾਂ ਬਹੁਤ ਦੇਰ ਹੋ ਜਾਵੇਗੀ ਅਤੇ ਇਹ ਹੁਕਮਰਾਨ ਪੰਜਾਬੀਆਂ ਨੂੰ ਭਿਖਾਰੀ ਬਣਾ ਦੇਣਗੇ ।
ਇਸ ਲਈ ਪੰਜਾਬ ਦੇ ਮਾਲੀ ਹਾਲਤ ਨੂੰ ਪ੍ਰਭਾਵਿਤ ਕਰਨ ਵਾਲੇ ਇਨ੍ਹਾਂ ਹੱਕਾਂ ਉਤੇ ਸੈਟਰ, ਹਿਮਾਚਲ, ਹਰਿਆਣਾ ਸਾਜਸੀ ਢੰਗ ਨਾਲ ਕੋਈ ਡਾਕਾ ਮਾਰੇ ਉਸ ਤੋ ਪਹਿਲੇ ਸਮੁੱਚੇ ਪੰਜਾਬੀਆਂ ਨੂੰ ਆਪਣਾ ਇਖਲਾਕੀ ਅਤੇ ਪੰਜਾਬ ਸੂਬੇ ਪ੍ਰਤੀ ਸੰਜ਼ੀਦਾ ਤੌਰ ਤੇ ਆਪਣੀ ਜਿੰਮੇਵਾਰੀ ਪੂਰਨ ਕਰਦੇ ਹੋਏ ਇਸ ਰਚੀ ਜਾ ਰਹੀ ਸਾਜਿਸ ਨੂੰ ਅਸਫਲ ਬਣਾਉਣ ਲਈ ਕੇਵਲ ਕੋਈ ਦੂਰਅੰਦੇਸ਼ੀ ਨਾਲ ਯੋਜਨਾ ਹੀ ਨਹੀ ਬਣਾਉਣੀ ਪਵੇਗੀ ਬਲਕਿ ਇਕ ਵੱਡੇ ਸਫਲਤਾਪੂਰਵਕ ਸੰਘਰਸ਼ ਵੀ ਵਿੱਢਣਾ ਪਵੇਗਾ । ਤਾਂ ਕਿ ਬੀਜੇਪੀ-ਆਰ.ਐਸ.ਐਸ, ਕਾਂਗਰਸ ਅਤੇ ਹੋਰ ਪੰਜਾਬ ਵਿਰੋਧੀ ਤਾਕਤਾਂ ਪੰਜਾਬ ਸੂਬੇ ਤੇ ਪੰਜਾਬੀਆਂ ਨੂੰ ਘਸਿਆਰਾ ਬਣਾਉਣ ਦੀ ਆਪਣੀ ਸਾਜਿਸ ਵਿਚ ਕਾਮਯਾਬ ਨਾ ਹੋ ਸਕਣ ਅਤੇ ਸਾਡੇ ਕੀਮਤੀ ਪਾਣੀਆ ਨੂੰ ਪਹਾੜੀ ਰਸਤੇ ਤੋਂ ਖੋਹਕੇ ਸਾਡੇ ਨਾਲ ਬੇਇਨਸਾਫੀ ਨਾ ਕਰ ਸਕਣ । ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਸੂਬੇ ਨਾਲ ਸੰਬੰਧਤ ਵੱਖੋ-ਵੱਖ ਸਿਆਸੀ ਪਾਰਟੀਆ ਨਾਲ ਸੰਬੰਧਤ ਸਭ ਸੁਹਿਰਦ ਆਗੂ ਅਤੇ ਸਿਆਸਤਦਾਨ ਇਸ ਗੰਭੀਰ ਵਿਸੇ ਤੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਛੋਟੇ ਮੋਟੇ ਵਖਰੇਵਿਆ ਤੋ ਉਪਰ ਉੱਠਕੇ ਇਕੱਠੇ ਹੋਣਗੇ ਤੇ ਸੈਟਰ ਦੀ ਇਸ ਸਾਜਿਸ ਨੂੰ ਅਸਫਲ ਬਣਾਉਣ ਦੀ ਜਿੰਮੇਵਾਰੀ ਨਿਭਾਉਣਗੇ । ਇਸ ਵਿਸ਼ੇ ਤੇ ਹਿਮਾਚਲ ਦੀ ਕਾਂਗਰਸ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪੰਜਾਬੀਆ ਨੂੰ ਆਪਣੀ ਸਥਿਤੀ ਸਪੱਸਟ ਕਰੇ ਕਿ ਉਹ ਇਸ ਸੰਜ਼ੀਦਾ ਮੁੱਦੇ ਉਤੇ ਕੀ ਸਟੈਂਡ ਲੈ ਰਹੇ ਹਨ ?