ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆ ਦੇ ਕਾਤਲ ਨੂੰ ਐਸ.ਐਸ.ਪੀ ਸ. ਭੁੱਲਰ ਵੱਲੋ ਗ੍ਰਿਫ਼ਤਾਰ ਕਰਨ ਦੇ ਅਮਲ ਸਲਾਘਾਯੋਗ : ਮਾਨ
ਫ਼ਤਹਿਗੜ੍ਹ ਸਾਹਿਬ, 05 ਮਈ ( ) “ਬੀਤੇ ਕੁਝ ਸਮੇਂ ਤੋਂ ਪੰਜਾਬ ਵਿਚ ਗੈਂਗਸਟਰਾ ਦੀਆਂ ਆਪਣੀਆ ਦੁਸ਼ਮਣੀਆਂ ਅਤੇ ਗੁੱਝੇ ਸਿਆਸੀ ਮਕਸਦਾਂ ਦੇ ਅਧੀਨ ਪੰਜਾਬ ਵਿਚ ਖਿਡਾਰੀਆਂ ਅਤੇ ਹੋਰਨਾਂ ਨੂੰ ਬਿਨ੍ਹਾਂ ਵਜਹ ਗੋਲੀ ਦਾ ਨਿਸ਼ਾਨਾਂ ਬਣਾਕੇ ਇਨਸਾਨੀਅਤ ਦਾ ਘਾਣ ਹੁੰਦਾ ਆ ਰਿਹਾ ਹੈ । ਜਿਸ ਵਿਚ ਸਰਕਾਰ ਅਤੇ ਪੰਜਾਬ ਪੁਲਿਸ ਦੀ ਇਹ ਵੱਡੀ ਇਖਲਾਕੀ ਤੇ ਕਾਨੂੰਨੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਪੰਜਾਬ ਵਿਚ ਹੋਣ ਵਾਲੇ ਅਜਿਹੇ ਗੈਰ ਇਨਸਾਨੀ ਅਮਲਾਂ ਨੂੰ ਸਖਤੀ ਨਾਲ ਰੋਕਣ ਲਈ ਇਸ ਦਿਸ਼ਾ ਵੱਲ ਸੁਹਿਰਦਤਾ ਭਰੇ ਉੱਦਮ ਕਰਨ ਅਤੇ ਅਜਿਹੀਆ ਕਾਰਵਾਈਆ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜਾਵਾਂ ਦਿਵਾਉਣ ਤਾਂ ਕਿ ਇਹ ਗੈਗਸਟਰ ਅਤੇ ਸਿਆਸਤਦਾਨਾਂ ਦੇ ਕਰਿੰਦੇ ਬਣੇ ਲੋਕ ਪੰਜਾਬ ਦੇ ਅਮਨਮਈ ਮਾਹੌਲ ਨੂੰ ਕਿਸੇ ਤਰ੍ਹਾਂ ਵੀ ਵਿਸਫੋਟਕ ਬਣਾਉਣ ਵਿਚ ਕਾਮਯਾਬ ਨਾ ਹੋ ਸਕਣ । ਕੁਝ ਸਮਾਂ ਪਹਿਲੇ ਜੋ ਹੋਣਹਾਰ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆ ਦਾ ਖੇਡ ਮੈਦਾਨ ਵਿਚ ਹੀ ਕੁਝ ਗੈਗਸਟਰਾਂ ਨੇ ਕਤਲ ਕਰ ਦਿੱਤਾ ਸੀ, ਜੋ ਕਿ ਬਹੁਤ ਹੀ ਦੁੱਖਦਾਇਕ ਸੀ, ਪਰ ਉਸ ਸਮੇ ਤੋ ਅੱਜ ਤੱਕ ਕਾਤਲਾਂ ਦੀ ਗ੍ਰਿਫਤਾਰੀ ਨਹੀ ਸੀ ਹੋ ਸਕੀ । 2 ਦਿਨ ਪਹਿਲੇ ਜਦੋ ਮੈਂ ਆਪਣੇ ਜਲੰਧਰ ਲੋਕ ਸਭਾ ਹਲਕੇ ਦੇ ਪਾਰਟੀ ਉਮੀਦਵਾਰ ਸ. ਗੁਰਜੰਟ ਸਿੰਘ ਕੱਟੂ ਦੇ ਹੱਕ ਵਿਚ ਪ੍ਰਚਾਰ ਕਰਦੇ ਹੋਏ ਸੰਦੀਪ ਸਿੰਘ ਦੇ ਪਿੰਡ ਨੰਗਲ ਅੰਬੀਆ ਵਿਖੇ ਇਕੱਠ ਨੂੰ ਸੁਬੋਧਨ ਕਰ ਰਿਹਾ ਸੀ ਤਾਂ ਮੈ ਉਚੇਚੇ ਤੌਰ ਤੇ ਸੰਦੀਪ ਸਿੰਘ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਅਤੇ ਪੰਜਾਬ ਵਿਚ ਅਜਿਹੀਆ ਹੋ ਰਹੀਆ ਘਟਨਾਵਾ ਨੂੰ ਰੋਕਣ ਲਈ ਸਰਕਾਰ ਤੇ ਪੁਲਿਸ ਨੂੰ ਜੋਰਦਾਰ ਗੁਜਾਰਿਸ ਕੀਤੀ ਸੀ । ਇਹ ਵੱਡੀ ਜਿੰਮੇਵਾਰੀ ਵਾਲੀ ਗੱਲ ਹੋਈ ਹੈ ਕਿ ਜਲੰਧਰ ਦਿਹਾਤੀ ਦੇ ਐਸ.ਐਸ.ਪੀ ਸ. ਮੁਖਵਿੰਦਰ ਸਿੰਘ ਭੁੱਲਰ ਨੇ ਸਾਡੇ ਵੱਲੋ ਕੀਤੀ ਗੱਲ ਨੂੰ ਵਜਨ ਦਿੰਦੇ ਹੋਏ 2 ਦਿਨਾਂ ਵਿਚ ਹੀ ਸੰਦੀਪ ਸਿੰਘ ਦੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ । ਜਿਸਦੀ ਅਸੀ ਜਿਥੇ ਜੋਰਦਾਰ ਸਲਾਘਾ ਕਰਦੇ ਹਾਂ, ਉਥੇ ਪੰਜਾਬ ਵਿਚ ਹੋਰ ਸਥਾਨਾਂ ਉਤੇ ਹੋਈਆ ਅਜਿਹੀਆ ਘਟਨਾਵਾ ਦੇ ਦੋਸ਼ੀਆ ਨੂੰ ਵੀ ਇਸੇ ਜਿੰਮੇਵਾਰੀ ਨਾਲ ਗ੍ਰਿਫਤਾਰ ਕਰਨ ਤੇ ਕਾਨੂੰਨ ਅਨੁਸਾਰ ਸਜਾਵਾਂ ਦਿਵਾਉਣ ਦੀ ਮੰਗ ਕਰਦੇ ਹਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਲੰਧਰ ਹਲਕੇ ਦੇ ਚੋਣ ਪ੍ਰਚਾਰ ਦੌਰਾਨ ਨੰਗਲ ਅੰਬੀਆ ਵਿਖੇ ਇਕ ਭਰਵੇ ਚੋਣ ਇਕੱਠ ਨੂੰ ਸੁਬੋਧਨ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਆਪਣੀ ਤਕਰੀਰ ਜਾਰੀ ਰੱਖਦੇ ਹੋਏ ਕਿਹਾ ਕਿ ਕੇਵਲ ਪੰਜਾਬ ਵਿਚ ਹੀ ਨਹੀ ਕਿਸੇ ਵੀ ਹਿੱਸੇ ਵਿਚ ਕੋਈ ਵੀ ਨਿਰਦੋਸ਼ ਕਿਸੇ ਵੀ ਗੈਗਸਟਰ, ਅਪਰਾਧੀਆ ਜਾਂ ਸਰਕਾਰੀ ਦਹਿਸਤਗਰਦੀ ਦੀਆਂ ਗੋਲੀਆ ਜਾਂ ਜ਼ਬਰ ਜੁਲਮ ਦਾ ਨਿਸਾਨਾਂ ਨਹੀ ਬਣਨਾ ਚਾਹੀਦਾ । ਕਾਨੂੰਨੀ ਵਿਵਸਥਾਂ ਦੇ ਨਾਲ-ਨਾਲ ਸਮਾਜਿਕ ਮਾਹੌਲ ਵੀ ਸੁਖਾਵਾ ਰਹਿਣਾ ਚਾਹੀਦਾ ਹੈ । ਅਜਿਹਾ ਤਦ ਹੀ ਹੋ ਸਕੇਗਾ ਜੇਕਰ ਸਰਕਾਰ ਵਿਚ ਸਾਮਿਲ ਵਜੀਰ, ਅਫਸਰਾਨ ਅਤੇ ਪੁਲਿਸ ਅਧਿਕਾਰੀ ਆਪੋ ਆਪਣੇ ਅਹੁਦਿਆ ਤੇ ਜਿੰਮੇਵਾਰੀਆ ਨੂੰ ਸਮਝਦੇ ਹੋਏ ਜਿਥੇ ਕਿਤੇ ਵੀ ਗੈਰ ਕਾਨੂੰਨੀ ਜਾਂ ਗੈਰ ਸਮਾਜਿਕ ਅਮਲ ਹੋਵੇ ਇਹ ਸਭ ਫੌਰੀ ਹਰਕਤ ਵਿਚ ਆਉਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਤੋ ਸਖਤ ਸਜਾਵਾਂ ਦਿਵਾਉਣ ਦੀ ਜਿੰਮੇਵਾਰੀ ਨਿਭਾਉਦੇ ਰਹਿਣ । ਉਨ੍ਹਾਂ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਉਚੇਚੇ ਤੌਰ ਤੇ ਸੁਬੋਧਤ ਹੁੰਦੇ ਹੋਏ ਕਿਹਾ ਕਿ ਕਾਕਾ ਸੰਦੀਪ ਸਿੰਘ ਨੰਗਲ ਅੰਬੀਆ ਜੋ ਇਸ ਸਮੇ ਇਸ ਦੁਨੀਆ ਵਿਚ ਨਹੀ ਹੈ ਉਸਦੇ ਮਾਤਾ-ਪਿਤਾ, ਪਤਨੀ ਅਤੇ ਬੱਚੇ ਇਸ ਸਮੇ ਬਰਤਾਨੀਆ ਦੀ ਧਰਤੀ ਤੇ ਹਨ । ਇਨ੍ਹਾਂ ਦੋਵਾਂ ਸਰਕਾਰਾਂ ਨੂੰ ਆਪਣੀ ਇਖਲਾਕੀ ਅਤੇ ਨਾਗਰਿਕਾਂ ਪ੍ਰਤੀ ਜਿੰਮੇਵਾਰੀ ਨੂੰ ਸਮਝਦੇ ਹੋਏ ਬਰਤਾਨੀਆ ਦੀ ਸਰਕਾਰ ਨੂੰ ਉਚੇਚੇ ਤੌਰ ਤੇ ਗੰਭੀਰਤਾ ਨਾਲ ਪੱਤਰ ਲਿਖਦੇ ਹੋਏ ਨੰਗਲ ਅੰਬੀਆ ਦੇ ਪਰਿਵਾਰਿਕ ਮੈਬਰਾਂ ਦੀ ਹਿਫਾਜਤ ਲਈ ਪ੍ਰਬੰਧ ਕਰਨ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ । ਕਿਉਂਕਿ ਇਨ੍ਹਾਂ ਗੈਗਸਟਰਾਂ ਦੇ ਮੈਬਰ ਇਨ੍ਹਾਂ ਮੁਲਕਾਂ ਵਿਚ ਵੀ ਸਰਗਰਮ ਹਨ । ਕਿਤੇ ਉਹ ਫਿਰ ਇਨ੍ਹਾਂ ਦੇ ਨਿਰਦੋਸ਼ ਬੱਚਿਆਂ ਤੇ ਪਰਿਵਾਰਿਕ ਮੈਬਰਾਂ ਨੂੰ ਨਿਸ਼ਾਨਾਂ ਨਾ ਬਣਾ ਦੇਣ । ਉਨ੍ਹਾਂ ਕਿਹਾ ਕਿ ਸ. ਮੁਖਵਿੰਦਰ ਸਿੰਘ ਭੁੱਲਰ ਵੱਲੋ ਨਿਭਾਈ ਵੱਡੀ ਜਿੰਮੇਵਾਰੀ ਦੀ ਬਦੌਲਤ ਜੋ ਜਲੰਧਰ ਇਲਾਕੇ ਵਿਚ ਕਬੱਡੀ ਦੀਆਂ ਅਕੈਡਮੀਆ ਸਨ ਅਤੇ ਜਿਨ੍ਹਾਂ ਵਿਚ ਨੌਜਵਾਨੀ ਆਪਣੇ ਸਰੀਰਕ ਕਸਰਤਾਂ ਕਰਨ ਅਤੇ ਆਪਣੀ ਕਬੱਡੀ ਦੀਆਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਜਾਂਦੇ ਸਨ ਉਨ੍ਹਾਂ ਦੇ ਮਨਾਂ ਵਿਚ ਸੰਦੀਪ ਸਿੰਘ ਦੀ ਮੌਤ ਤੋ ਬਾਅਦ ਡਰ ਪੈ ਗਿਆ ਸੀ । ਜੋ ਹੁਣ ਫਿਰ ਉਸੇ ਉਤਸਾਹ ਨਾਲ ਜਾਣ ਲੱਗ ਪਏ ਹਨ ਜੋ ਇਕ ਚੰਗਾ ਉੱਦਮ ਹੋਇਆ ਹੈ । ਖੇਡਾਂ ਲਈ ਨੌਜਵਾਨੀ ਨੂੰ ਇਸੇ ਤਰ੍ਹਾਂ ਉਤਸਾਹਿਤ ਕਰਨਾ ਸਰਕਾਰਾਂ ਅਤੇ ਪੰਜਾਬ ਦੇ ਜਿੰਮੇਵਾਰ ਸੱਜਣਾਂ ਦਾ ਫਰਜ ਬਣ ਜਾਂਦਾ ਹੈ ।