ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਸਾਜਸੀ ਢੰਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਪੰਜਾਬ ਸਰਕਾਰ ਦੇ ਨਿਜਾਮੀ ਪ੍ਰਬੰਧ ਦੀ ਅਸਫਲਤਾਂ ਨੂੰ ਪ੍ਰਤੱਖ ਕਰਦੀ ਹੈ : ਮਾਨ
ਫੜ੍ਹੇ ਗਏ ਦੋਸ਼ੀ ਦੀ ਤਹਿ ਤੱਕ ਜਾਇਆ ਜਾਵੇ ਕਿ ਇਸ ਪਿੱਛੇ ਕਿਹੜੀਆ ਤਾਕਤਾਂ ਹਨ
ਫ਼ਤਹਿਗੜ੍ਹ ਸਾਹਿਬ, 24 ਅਪ੍ਰੈਲ ( ) “ਸੈਂਟਰ ਦੀ ਮੋਦੀ ਤੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਆਪਣੇ ਗੋਦੀ ਮੀਡੀਏ ਅਤੇ ਪੰਜਾਬ ਵਿਰੋਧੀ ਮੀਡੀਏ ਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਅਤੇ ਜ਼ਬਰ ਢਾਹੁਣ ਲਈ ਇਹ ਤਾਂ ਰੌਲਾ ਪਾਉਦੀ ਹੈ ਕਿ ਪੰਜਾਬ ਵਿਚ ਜਿਥੇ ਕਿਸੇ ਤਰ੍ਹਾਂ ਦਾ ਕੋਈ ਅਣਸੁਖਾਵਾ ਮਾਹੌਲ ਨਹੀ, ਉਸਨੂੰ ਦਹਿਸਤਗਰਦੀ ਵਾਲਾ ਇਲਾਕਾ ਕਰਾਰ ਦੇ ਕੇ ਪੰਜਾਬੀਆ ਤੇ ਸਿੱਖ ਪਰਿਵਾਰਾਂ ਤੇ ਜ਼ਬਰ ਜੁਲਮ ਢਾਹੁਣ ਲਈ ਸਾਜਿਸਾਂ ਉਤੇ ਅਮਲ ਕਰਦੀ ਹੈ । ਲੇਕਿਨ ਜਦੋ ਵੀ ਪੰਜਾਬ ਦੇ ਕਿਸੇ ਸ਼ਹਿਰ, ਪਿੰਡ ਜਾਂ ਗੁਰੂਘਰ ਵਿਚ ਸਾਡੇ ਈਸਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜਸੀ ਢੰਗ ਨਾਲ ਪੰਥ ਵਿਰੋਧੀ ਤਾਕਤਾਂ ਵੱਲੋ ਬੇਅਦਬੀ ਦੇ ਅਤਿ ਦੁੱਖਦਾਇਕ ਅਮਲ ਹੁੰਦੇ ਹਨ, ਅਜਿਹੀਆ ਕਾਰਵਾਈਆ ਨੂੰ ਰੋਕਣ ਲਈ ਕਦੀ ਵੀ ਸੁਹਿਰਦ ਦਿਖਾਈ ਨਹੀ ਦਿੰਦੀ ਬਲਕਿ ਫੜ੍ਹੇ ਜਾਣ ਵਾਲੇ ਅਜਿਹੇ ਕਿਸੇ ਵੀ ਦੋਸ਼ੀ ਨੂੰ ਅਕਸਰ ਹੀ ਸਰਕਾਰਾਂ ਤੇ ਪੁਲਿਸ ਮੈਟਲ (ਪਾਗਲ) ਕਹਿਕੇ ਕੁਝ ਸਮੇ ਬਾਅਦ ਛੱਡ ਦਿੰਦੀਆ ਹਨ ਅਤੇ ਫਿਰ ਕਿਸੇ ਨਾ ਕਿਸੇ ਸਥਾਂਨ ਤੇ ਅਜਿਹੀ ਦੁੱਖਦਾਇਕ ਘਟਨਾ ਫਿਰ ਵਾਪਰ ਜਾਂਦੀ ਹੈ । ਫਿਰ ਇਹ ਸਰਕਾਰਾਂ ਜਦੋ ਨਿਜਾਮੀ ਪ੍ਰਬੰਧ ਵਿਚ ਅਸਫਲ ਸਾਬਤ ਹੋ ਰਹੀਆ ਹਨ, ਫਿਰ ਇਨ੍ਹਾਂ ਨੂੰ ਕੀ ਅਧਿਕਾਰ ਹੈ ਕਿ ਅਜਿਹੇ ਦੋਸ਼ਪੂਰਨ ਪ੍ਰਬੰਧ ਹੋਣ ਦੇ ਬਾਵਜੂਦ ਵੀ ਸਰਕਾਰਾਂ ਅਤੇ ਸਰਕਾਰੀ ਸੰਸਥਾਵਾਂ ਉਤੇ ਰਾਜ ਪ੍ਰਬੰਧ ਕਰਦੇ ਰਹਿਣ ਅਤੇ ਆਪਣੇ ਆਪ ਨੂੰ ਲੋਕ ਸੇਵਕ ਕਹਾਉਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਲੰਮੇ ਸਮੇ ਤੋ ਸੈਂਟਰ ਤੇ ਪੰਜਾਬ ਦੀਆਂ ਸਰਕਾਰਾਂ ਵੱਲੋ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਬਿਨ੍ਹਾਂ ਵਜਹ ਬਦਨਾਮ ਕਰਨ ਅਤੇ ਆਪਣੇ ਸਿਆਸੀ ਮਕਸਦਾਂ ਦੀ ਪੂਰਤੀ ਲਈ ਅਜਿਹੀਆ ਸ਼ਰਮਨਾਕ ਕਾਰਵਾਈਆ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਬਜਾਇ ਪਾਗਲ ਕਰਾਰ ਦੇ ਕੇ ਕਾਨੂੰਨੀ ਕਾਰਵਾਈਆ ਤੋ ਫਾਰਗ ਕਰ ਦੇਣ ਅਤੇ ਆਪਣੇ ਨਿਜਾਮੀ ਪ੍ਰਬੰਧ ਦੀ ਅਸਫਲਤਾ ਦੇ ਬਾਵਜੂਦ ਵੀ ਜ਼ਬਰੀ ਰਾਜ ਭਾਗ ਕਰਨ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਗੁਰਦੁਆਰਾ ਕੋਤਵਾਲੀ ਮੋਰਿੰਡਾ ਵਿਖੇ ਹੋਈ ਦੁੱਖਦਾਇਕ ਵਰਦਾਤ ਦੇ ਦੋਸ਼ੀਆ ਨੂੰ ਸਖਤ ਤੋ ਸਖਤ ਸਜ਼ਾ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮੈਂ ਉਚੇਚੇ ਤੌਰ ਤੇ ਇਸ ਘਟਨਾ ਦੇ ਸੰਬੰਧ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਤੇ ਹੈੱਡ ਦਫਤਰ ਦੇ ਇੰਨਚਾਰਜ ਸ. ਇਕਬਾਲ ਸਿੰਘ ਟਿਵਾਣਾ ਨੂੰ ਰੋਪੜ੍ਹ ਜਿ਼ਲ੍ਹੇ ਦੀ ਡਿਪਟੀ ਕਮਿਸਨਰ ਬੀਬੀ ਪ੍ਰੀਤੀ ਯਾਦਵ ਅਤੇ ਜਿ਼ਲ੍ਹੇ ਦੇ ਐਸ.ਐਸ.ਪੀ ਸ੍ਰੀ ਵਿਵੇਕ ਸੀਲ ਸੋਨੀ ਨਾਲ ਫੌਰੀ ਸੰਪਰਕ ਕਰਨ ਅਤੇ ਇਸ ਸਿੱਖ ਕੌਮ ਦੇ ਮਨਾਂ ਨੂੰ ਅਸਹਿ ਦਰਦ ਪਹੁੰਚਾਉਣ ਵਾਲੀ ਕਾਰਵਾਈ ਦੇ ਦੋਸ਼ੀ ਵਿਰੁੱਧ ਬਣਦੀ ਕਾਰਵਾਈ ਕਰਨ ਲਈ ਆਦੇਸ਼ ਦਿੱਤੇ ਸਨ ਜਿਸ ਨੂੰ ਪ੍ਰਵਾਨ ਕਰਦੇ ਹੋਏ ਸ. ਟਿਵਾਣਾ ਨੇ ਜਿ਼ਲ੍ਹੇ ਦੇ ਐਸ.ਐਸ.ਪੀ ਸ੍ਰੀ ਵਿਵੇਕ ਸੀਲ ਸੋਨੀ ਨਾਲ ਫੋਨ ਉਤੇ ਗੰਭੀਰਤਾ ਨਾਲ ਗੱਲਬਾਤ ਕੀਤੀ ਅਤੇ ਜਿਸਦੇ ਜੁਆਬ ਵੱਜੋ ਮਿਸਟਰ ਸੋਨੀ ਨੇ ਵੀ ਉਸੇ ਗੰਭੀਰਤਾ ਨਾਲ ਇਸਨੂੰ ਲੈਦੇ ਹੋਏ ਕਿਸੇ ਕਿਸਮ ਦੀ ਕੋਈ ਢਿੱਲ੍ਹ ਜਾਂ ਅਣਗਹਿਲੀ ਨਾ ਹੋਣ ਦੀ ਗੱਲ ਕਰਦੇ ਹੋਏ ਵਿਸਵਾਸ ਦਿਵਾਇਆ ਹੈ ਕਿ ਅਜਿਹੀ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਦੇ ਦੋਸ਼ੀ ਨੂੰ ਬਖਸਿਆ ਨਹੀ ਜਾਵੇਗਾ ਅਤੇ ਨਾ ਹੀ ਇਸਦੀ ਜਾਂਚ ਨੂੰ ਕਿਸੇ ਸੱਕ ਵੱਲ ਉਂਗਲ ਕਰਨ ਦਾ ਮੌਕਾ ਦਿੱਤਾ ਜਾਵੇਗਾ ਸਿੱਖ ਕੌਮ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ । ਜਦੋਕਿ ਰੋਪੜ੍ਹ ਦੇ ਡਿਪਟੀ ਕਮਿਸਨਰ ਵੱਲੋ ਕਿਸੇ ਜਰੂਰੀ ਮੀਟਿੰਗ ਵਿਚ ਹੋਣ ਕਾਰਨ ਉਨ੍ਹਾਂ ਨਾਲ ਸੰਪਰਕ ਨਹੀ ਬਣ ਸਕਿਆ । ਲੇਕਿਨ ਸ. ਟਿਵਾਣਾ ਨੇ ਮੈਨੂੰ ਵਿਸਵਾਸ ਦਿਵਾਇਆ ਕਿ ਮੈ ਜਲਦੀ ਹੀ ਇਸ ਵਿਸੇ ਤੇ ਉਨ੍ਹਾਂ ਨਾਲ ਵੀ ਸੰਪਰਕ ਕਰ ਰਿਹਾ ਹਾਂ। ਸਿੱਖ ਕੌਮ ਦੀ ਇਹ ਸੰਜੀਦਾ ਮੰਗ ਹੈ ਕਿ ਜਦੋ ਵੀ ਅਜਿਹੀ ਕੋਈ ਘਟਨਾ ਸਾਹਮਣੇ ਆਵੇ ਤਾਂ ਪੁਲਿਸ ਤੇ ਨਿਜਾਮ ਵੱਲੋ ਕਿਸੇ ਤਰ੍ਹਾਂ ਦੀ ਪੱਖਪਾਤੀ ਕਾਰਵਾਈ ਜਾਂ ਢਿੱਲ੍ਹ ਨਹੀ ਹੋਣੀ ਚਾਹੀਦੀ । ਬਲਕਿ ਸਿੱਖ ਕੌਮ ਨੂੰ ਇਨਸਾਫ ਮਿਲਣ ਤੇ ਪ੍ਰਾਪਤ ਹੋਣ ਦੀ ਗੱਲ ਕਾਰਵਾਈ ਵਿਚ ਮਹਿਸੂਸ ਹੋਣੀ ਚਾਹੀਦੀ ਹੈ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਰੋਪੜ੍ਹ ਜਿ਼ਲ੍ਹੇ ਦੇ ਪੁਲਿਸ ਅਤੇ ਨਿਜਾਮੀ ਪ੍ਰਬੰਧ ਇਸ ਵਿਸੇ ਤੇ ਜਿੰਮੇਵਾਰੀ ਨਾਲ ਕਾਰਵਾਈ ਕਰਨਗੇ । ਸ. ਮਾਨ ਨੇ ਰੋਪੜ੍ਹ ਦੇ ਪਾਰਟੀ ਪ੍ਰਧਾਨ ਸ. ਰਣਜੀਤ ਸਿੰਘ ਸੰਤੋਖਗੜ੍ਹ ਤੇ ਸਮੁੱਚੀ ਜਥੇਬੰਦੀ ਨੂੰ ਇਸ ਹੋਈ ਦੁੱਖਦਾਇਕ ਘਟਨਾ ਸੰਬੰਧੀ ਪੂਰੀ ਚੌਕਸੀ ਤੇ ਜਿੰਮੇਵਾਰੀ ਨਾਲ ਪੈਰਵੀ ਕਰਨ ਤੇ ਦੋਸੀਆ ਨੂੰ ਸਜਾਵਾਂ ਦਿਵਾਉਣ ਦੀ ਹਦਾਇਤ ਵੀ ਕੀਤੀ ।