ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਗੁਨਾਹ ਜਾਂ ਅਪਰਾਧ ਨਹੀ ਕੀਤਾ, ਲੇਕਿਨ ਸੈਂਟਰ ਤੇ ਪੰਜਾਬ ਦੀਆਂ ਸਰਕਾਰਾਂ ਨੇ ਸਿਆਸੀ ਸਵਾਰਥਾਂ ਹਿੱਤ ਹੀ ਅਜਿਹਾ ਮਾਹੌਲ ਸਿਰਜਿਆ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 24 ਅਪ੍ਰੈਲ ( ) “ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਵੱਲੋ ਸਰਬੱਤ ਦੇ ਭਲੇ ਦੇ ਗੁਰੂ ਆਸੇ ਅਨੁਸਾਰ ‘ਅੰਮ੍ਰਿਤ ਸੰਚਾਰ’ ਕਰਨ ਅਤੇ ਨੌਜਵਾਨੀ ਨੂੰ ਨਸਿ਼ਆਂ ਦੇ ਸੇਵਨ ਤੋ ਦੂਰ ਕਰਨ ਦੀ ਕੌਮੀ, ਸਮਾਜਿਕ, ਇਖਲਾਕੀ ਜਿੰਮੇਵਾਰੀ ਨਿਭਾਈ ਜਾ ਰਹੀ ਸੀ । ਜੋ ਕਿਸੇ ਤਰ੍ਹਾਂ ਵੀ ਅਪਰਾਧ ਜਾਂ ਗੁਨਾਹ ਨਹੀ । ਬਲਕਿ ਲੋਕਾਈ ਨੂੰ ਉੱਚੇ-ਸੁੱਚੇ ਕਿਰਦਾਰ ਵਾਲਾ ਜੀਵਨ ਬਤੀਤ ਕਰਨ ਲਈ ਪ੍ਰੇਰਿਆ ਜਾ ਰਿਹਾ ਸੀ । ਕਿਉਂਕਿ ਉਨ੍ਹਾਂ ਵੱਲੋ ਕੀਤੇ ਜਾਣ ਵਾਲੇ ਇਨ੍ਹਾਂ ਦੋਵਾਂ ਉਦਮਾਂ ਦੀ ਬਦੌਲਤ ਉਨ੍ਹਾਂ ਦੀ ਸਖਸੀਅਤ ਦਾ ਵੱਡਾ ਸਤਿਕਾਰ ਸਭ ਵਰਗਾਂ ਵਿਚ ਕਾਇਮ ਹੋ ਚੁੱਕਿਆ ਸੀ । ਜੋ ਸੈਟਰ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਬਿਲਕੁਲ ਨਹੀ ਸੀ ਭਾਉਦਾ । ਇਹੀ ਵਜਹ ਹੈ ਕਿ ਮੋਦੀ ਹਕੂਮਤ ਤੇ ਪੰਜਾਬ ਸਰਕਾਰ ਨੂੰ ਇੰਝ ਜਾਪਿਆ ਕਿ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਹੋਰ ਲੰਮਾਂ ਸਮਾਂ ਇਹ ਸਮਾਜ ਪੱਖੀ ਕਾਰਜ ਕਰਦਾ ਰਿਹਾ ਤਾਂ ਪੰਜਾਬ ਸੂਬੇ ਵਿਚ ਬਹੁਤ ਵੱਡੀ ਗਿਣਤੀ ਵਿਚ ਨਿਵਾਸੀ ਉਸਦੇ ਪੈਰੋਕਾਰ ਬਣ ਜਾਣਗੇ । ਉਨ੍ਹਾਂ ਦੇ ਸਭ ਵਰਗਾਂ ਵਿਚ ਵੱਧਦੇ ਜਾ ਰਹੇ ਸਤਿਕਾਰ ਨੂੰ ਨੁਕਸਾਨ ਪਹੁੰਚਾਉਣ ਲਈ, ਪੰਜਾਬ ਦੀ ਜਲੰਧਰ ਦੀ ਜਿਮਨੀ ਚੋਣ ਅਤੇ ਆਉਣ ਵਾਲੀਆ 2024 ਦੀਆਂ ਲੋਕ ਸਭਾ ਚੋਣਾਂ ਦੇ ਮਾਹੌਲ ਨੂੰ ਹੁਕਮਰਾਨਾਂ ਵੱਲੋ ਆਪਣੇ ਪੱਖ ਵਿਚ ਕਰਨ ਲਈ ਹੀ ਸਾਂਝੇ ਤੌਰ ਤੇ ਦੋਵੇ ਸਰਕਾਰਾਂ ਵੱਲੋ ਸਾਜਿਸ ਰਚੀ ਕਿ ਕਿਉਂ ਨਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਪੰਜਾਬ ਸੂਬੇ ਤੇ ਇੰਡੀਆ ਵਿਚ ਅਜਿਹਾ ਮਾਹੌਲ ਸਿਰਜ ਦਿੱਤਾ ਜਾਵੇ ਜਿਸ ਨਾਲ ਮਰਹੂਮ ਇੰਦਰਾ ਗਾਂਧੀ ਦੀ ਤਰ੍ਹਾਂ ਸਮੁੱਚੇ ਇੰਡੀਆ ਨਿਵਾਸੀਆ ਦੇ ਮਨ ਆਤਮਾ ਵਿਚ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨੂੰ ਲੈਕੇ ਦਹਿਸਤ ਦਾ ਮਾਹੌਲ ਪੈਦਾ ਕਰਕੇ, ਗੋਦੀ ਮੀਡੀਏ ਅਤੇ ਸਿੱਖ ਵਿਰੋਧੀ ਪ੍ਰੈਸ ਦੀ ਇਸ ਮਕਸਦ ਦੀ ਪ੍ਰਾਪਤੀ ਲਈ ਦੁਰਵਰਤੋ ਕੀਤੀ ਗਈ । ਜਦੋਕਿ ਪੰਜਾਬ ਵਿਚ ਕਿਸੇ ਇਕ ਮਾਸੂਮ ਕੀੜੀ ਦੀ ਵੀ ਕੋਈ ਹੱਤਿਆ ਨਹੀ ਹੋਈ, ਕੋਈ ਦੰਗਾ ਫਸਾਦ ਨਹੀ ਹੋਇਆ, ਕਿਸੇ ਤਰ੍ਹਾਂ ਦੀ ਨਫਰਤ ਦੀ ਗੱਲ ਨਹੀ ਹੋਈ । ਇਸ ਬਿਰਤਾਤ ਨੂੰ ਸਿਰਜਣ ਲਈ ਭਾਈ ਅੰਮ੍ਰਿਤਪਾਲ ਸਿੰਘ ਦੀ ਸਖਸੀਅਤ ਅਤੇ ਸਮੁੱਚੀ ਸਿੱਖ ਨੌਜਵਾਨੀ ਨੂੰ ਬਿਨ੍ਹਾਂ ਵਜਹ ਨਿਸ਼ਾਨਾਂ ਬਣਾਇਆ ਗਿਆ । ਜਿਸਦੀ ਪ੍ਰਤੱਖ ਸੱਚਾਈ ਅੱਜ 36 ਦਿਨਾਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਵੱਲੋ ਕੀਤੇ ਗਏ ਆਤਮ ਸਮਰਪਨ ਨੇ ਸਪੱਸਟ ਕਰ ਦਿੱਤੀ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਟਰ ਦੀ ਮੋਦੀ ਹਕੂਮਤ ਅਤੇ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਹਕੂਮਤ, ਜਿਸ ਪਾਰਟੀ ਨੂੰ ਬੀਜੇਪੀ-ਆਰ.ਐਸ.ਐਸ ਦੀ ਬੀ-ਟੀਮ ਗਰਦਾਨੀ ਜਾ ਚੁੱਕੀ ਹੈ, ਵੱਲੋ ਸਾਂਝੇ ਤੌਰ ਤੇ ਆਪਣੇ ਸਿਆਸੀ ਮਕਸਦਾਂ ਦੀ ਪੂਰਤੀ ਲਈ ਭਾਈ ਅੰਮ੍ਰਿਤਪਾਲ ਸਿੰਘ, ਪੰਜਾਬ ਸੂਬੇ, ਪੰਜਾਬੀਆ ਅਤੇ ਸਿੱਖ ਕੋਮ ਨੂੰ ਸਮੁੱਚੇ ਇੰਡੀਆ ਤੇ ਸੰਸਾਰ ਵਿਚ ਬਦਨਾਮ ਕਰਨ ਦੀ ਬਣਾਈ ਗਈ ਅਸਫਲ ਸਾਜਿਸ ਤੋ ਜਾਣੂ ਕਰਵਾਉਦੇ ਹੋਏ ਅਤੇ ਹੁਣ ਪੰਜਾਬ ਵਿਚ ਲਗਾਈਆ ਗਈਆ ਵਾਧੂ ਫੋਰਸਾਂ ਨੂੰ ਵਾਪਸ ਬੁਲਾਉਣ ਅਤੇ ਪੰਜਾਬ ਦੀ ਨੌਜਵਾਨੀ ਤੇ ਪਰਿਵਾਰਾਂ ਨੂੰ ਤੰਗ ਕਰਨ ਤੋ ਤੁਰੰਤ ਤੋਬਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਣ ਜਦੋ ਸੈਟਰ ਦੀਆਂ ਏਜੰਸੀਆ, ਦੋਵੇ ਸਰਕਾਰਾਂ, ਅਰਧ ਸੈਨਿਕ ਬਲ ਅਤੇ ਪੁਲਿਸ ਭਾਈ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋ ਗਈਆ ਅਤੇ ਇਨ੍ਹਾਂ ਦੇ ਨਿਜਾਮੀ ਪ੍ਰਬੰਧ ਦੀ ਸੰਸਾਰ ਵਿਚ ਬਦਨਾਮੀ ਹੋਈ ਤਾਂ ਭਾਈ ਅੰਮ੍ਰਿਤਪਾਲ ਸਿੰਘ ਵੱਲੋ ਰੋਡੇ (ਮੋਗਾ) ਦੇ ਗੁਰੂਘਰ ਵਿਚ ਪਹੁੰਚਕੇ ਆਪਣੀਆ ਰਹੁਰੀਤੀਆ ਅਨੁਸਾਰ ਖੁਦ ਗ੍ਰਿਫਤਾਰੀ ਦੇਣ ਲਈ ਆਤਮ ਸਮਰਪਨ ਕੀਤਾ ਗਿਆ ਤਾਂ ਭਗਵੰਤ ਸਿੰਘ ਮਾਨ ਸਰਕਾਰ, ਪੰਜਾਬ ਪੁਲਿਸ ਇਸ ਹੋਏ ਆਤਮ ਸਮਰਪਨ ਦੇ ਵਰਤਾਰੇ ਨੂੰ ਗ੍ਰਿਫਤਾਰ ਕਰਨ ਦੀ ਬਿਆਨਬਾਜੀ ਕਰਕੇ ਆਪਣੀ ਸਫਲਤਾਂ ਦੇ ਝੂਠੇ ਸੋਹਲੇ ਗਾਉਣ ਲੱਗ ਪਏ । ਇਹ 36 ਦਿਨਾਂ ਤੱਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਕਿੱਥੇ ਸੀ ?
ਉਨ੍ਹਾਂ ਕਿਹਾ ਕਿ ਜਿਸ ਭਾਈ ਅੰਮ੍ਰਿਤਪਾਲ ਸਿੰਘ, ਉਨ੍ਹਾਂ ਦੇ ਸਾਥੀਆ, ਪੰਜਾਬੀਆਂ ਤੇ ਸਿੱਖ ਕੌਮ ਦਾ ਕੋਈ ਰਤੀਭਰ ਵੀ ਅਪਰਾਧ ਜਾਂ ਗੁਨਾਹ ਨਹੀ ਸੀ ਉਨ੍ਹਾਂ ਨੂੰ ਨਿਸਾਨਾਂ ਬਣਾਕੇ ਪੁਲਿਸ ਅਤੇ ਅਰਧ ਸੈਨਿਕ ਬਲ ਪੰਜਾਬ ਵਿਚ ਸਭ ਵਿਧਾਨਿਕ ਲੀਹਾਂ ਅਤੇ ਇਨਸਾਨੀ ਕਦਰਾਂ-ਕੀਮਤਾਂ ਨੂੰ ਕੁੱਚਲਕੇ ਹਰਲ-ਹਰਲ ਕਰਦੇ ਹੀ ਨਹੀ ਸਨ ਫਿਰ ਰਹੇ ਬਲਕਿ 15-16 ਸਾਲ ਦੀ ਅੰਮ੍ਰਿਤਧਾਰੀ ਸਿੱਖ ਨੌਜਵਾਨੀ ਜੋ ਸਿੱਖੀ ਬਾਣੇ ਵਿਚ ਵਿਚਰ ਰਹੀ ਹੈ, ਉਨ੍ਹਾਂ ਦੇ ਸਮੁੱਚੇ ਪਰਿਵਾਰਾਂ ਨੂੰ ਇਕ ਮਹੀਨੇ ਤੋ ਬਿਨ੍ਹਾਂ ਵਜਹ ਦਹਿਸਤ ਪਾ ਕੇ, ਥਾਂ-ਥਾਂ ਤੇ ਬੀਬੀਆ ਨਾਲ ਦੁਰਵਿਹਾਰ ਕਰਦੇ ਰਹੇ ਹਨ। ਜੋ ਸੈਟਰ ਤੇ ਪੰਜਾਬ ਸਰਕਾਰ ਦੀ ਸਾਂਝੀ ਸਾਜਿਸ ਦੀਆਂ ਕਾਰਵਾਈਆ ਹਨ । ਜਦੋ ਭਾਈ ਅੰਮ੍ਰਿਤਪਾਲ ਸਿੰਘ ਨੇ ਗ੍ਰਿਫਤਾਰੀ ਦੇ ਦਿੱਤੀ ਹੈ ਤਾਂ ਸੈਟਰ ਸਰਕਾਰ ਵੱਲੋ ਪੰਜਾਬ ਵਿਚ ਦਹਿਸਤ ਪੈਦਾ ਕਰਨ ਲਈ, ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਭੇਜੀਆ ਗਈਆ ਅਰਧ ਸੈਨਿਕ ਬਲਾਂ ਦੀਆਂ 19 ਕੰਪਨੀਆ ਤੁਰੰਤ ਵਾਪਸ ਬੁਲਾਈਆ ਜਾਣ, ਸਿੱਖ ਨੌਜਵਾਨੀ ਅਤੇ ਪਰਿਵਾਰਾਂ ਉਤੇ ਗੈਰ ਇਨਸਾਨੀ, ਗੈਰ ਵਿਧਾਨਿਕ ਢੰਗ ਰਾਹੀ ਚੱਲਦਾ ਆ ਰਿਹਾ ਮਾਨਸਿਕ ਤੇ ਸਰੀਰਕ ਤਸੱਦਦ ਫੌਰੀ ਬੰਦ ਕੀਤਾ ਜਾਵੇ । ਜਿਨ੍ਹਾਂ ਪੁਲਿਸ ਅਧਿਕਾਰੀਆ ਅਤੇ ਸਰਕਾਰੀ ਏਜੰਸੀਆ ਦੇ ਹੁਕਮਾਂ ਉਤੇ 37 ਦਿਨਾਂ ਤੱਕ ਪੰਜਾਬ ਦੇ ਅਮਨਮਈ ਤੇ ਜਮਹੂਰੀਅਤਮਈ ਮਾਹੌਲ ਨੂੰ ਗੰਧਲਾ ਕੀਤਾ, ਉਸ ਲਈ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਜਨਤਕ ਤੌਰ ਤੇ ਮੁਆਫੀ ਮੰਗਕੇ, ਭਾਈ ਅੰਮ੍ਰਿਤਪਾਲ ਸਿੰਘ, ਵਾਰਿਸ ਪੰਜਾਬ ਦੀ ਜਥੇਬੰਦੀ ਅਤੇ ਉਨ੍ਹਾਂ ਦੇ ਸਾਥੀਆ ਉਤੇ ਮੰਦਭਾਵਨਾ ਅਧੀਨ ਲਗਾਈ ਗਈ ਐਨ.ਐਸ.ਏ. ਨੂੰ ਵਾਪਸ ਕਰਕੇ ਸਾਜਸੀ ਢੰਗ ਨਾਲ ਪੈਦਾ ਕੀਤੀ ਗਈ ਨਫਰਤੀ ਮਾਹੌਲ ਦਾ ਅੰਤ ਕੀਤਾ ਜਾਵੇ ਅਤੇ ਇਨ੍ਹਾਂ ਡਿਬੜੂਗੜ੍ਹ ਭੇਜੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਲਿਆਕੇ ਇਥੋ ਦੇ ਮਾਹੌਲ ਨੂੰ ਪਹਿਲੇ ਦੀ ਤਰ੍ਹਾਂ ਖੁਸਗਵਾਰ ਬਣਾਉਣ ਲਈ ਸੁਹਿਰਦਤਾ ਨਾਲ ਭੂਮਿਕਾ ਨਿਭਾਈ ਜਾਣੀ ਚਾਹੀਦੀ ਹੈ ਨਾ ਕਿ ਆਪਣੇ ਸਿਆਸੀ ਨਫਰਤ ਭਰੇ ਮਕਸਦਾਂ ਦੀ ਪੂਰਤੀ ਲਈ ਇੰਡੀਆ ਦੀ ਇੱਜਤ-ਮਾਣ ਅਤੇ ਸਰਹੱਦਾਂ ਦੀ ਰਾਖੀ ਲਈ 80% ਕੁਰਬਾਨੀਆ ਦੇਣ ਵਾਲੀ ਸਿੱਖ ਕੌਮ ਤੇ ਪੰਜਾਬੀਆ ਨੂੰ ਬਦਨਾਮ ਕਰਨ ਦੀ ਗੈਰ ਸਿਧਾਤਿਕ ਗੁਸਤਾਖੀ ਕੀਤੀ ਜਾਣੀ ਚਾਹੀਦੀ ਹੈ ।