ਜਿਨ੍ਹਾਂ ਨੇ ਕੌਮੀ ਸਿਧਾਤਾਂ ਦਾ ਘਾਣ ਤੇ ਕਤਲੇਆਮ ਕਰਵਾਇਆ ਹੋਵੇ, ਉਨ੍ਹਾਂ ਦੀ ਚੋਰ ਦਰਵਾਜਿਓ ਸਰਪ੍ਰਸਤੀ ਅਧੀਨ ‘ਸਰਬੱਤ ਖ਼ਾਲਸਾ’ ਨਹੀ ਹੋਣਾ ਚਾਹੀਦਾ : ਅੰਮ੍ਰਿਤਸਰ ਦਲ

ਫ਼ਤਹਿਗੜ੍ਹ ਸਾਹਿਬ, 30 ਮਾਰਚ ( ) “ਸਭ ਤੋਂ ਪਹਿਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਗੱਲ ਲਈ ਉਸ ਅਕਾਲ ਪੁਰਖ ਦਾ ਸੁਕਰਾਨਾ ਕਰਦਾ ਹੈ, ਕਿ ਸਾਡੀ ਕੌਮ ਦੀ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਨੌਜਵਾਨ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਸਮੁੱਚੇ ਖ਼ਾਲਸਾ ਪੰਥ ਅਤੇ ਸਿੱਖ ਸੰਗਤ ਦੀਆਂ ਅਰਦਾਸਾਂ ਤੇ ਭਾਵਨਾਵਾ ਸਦਕਾ ਸਰੀਰਕ ਅਤੇ ਮਾਨਸਿਕ ਤੌਰ ਤੇ ਸਹੀ ਸਲਾਮਤ ਤੇ ਪੂਰਨ ਚੜ੍ਹਦੀ ਕਲਾਂ ਵਿਚ ਹਨ । ਗੁਰੂ ਸਾਹਿਬਾਨ ਨੇ ਇਸ ਅਤਿ ਕਠਿਨ ਇਮਤਿਹਾਨ ਵਿਚੋਂ ਉਨ੍ਹਾਂ ਨੂੰ ਆਪ ਅੰਗ ਸੰਗ ਰਹਿੰਦੇ ਹੋਏ ਉਨ੍ਹਾਂ ਦੀ ਹਿਫਾਜਤ ਕੀਤੀ ਹੈ । ਅਸੀ ਜਿਥੇ ਉਨ੍ਹਾਂ ਦੀ ਚੜ੍ਹਦੀ ਕਲਾਂ ਲਈ ਅਰਦਾਸ ਕਰਦੇ ਹਾਂ, ਉਥੇ ਉਨ੍ਹਾਂ ਵੱਲੋ ਕੀਤੇ ਜਾਣ ਵਾਲੇ ਪੰਥਕ ਕਾਰਜਾਂ ਦੀਆਂ ਜਿੰਮੇਵਾਰੀਆ ਦ੍ਰਿੜਤਾ ਨਾਲ ਨਿਭਾਉਣ ਲਈ ਧੰਨਵਾਦ ਵੀ ਕਰਦੇ ਹਾਂ । ਜੋ ਬੀਤੇ ਕੱਲ੍ਹ ਅਤੇ ਅੱਜ ਗੋਦੀ ਮੀਡੀਆ, ਪੀਲੀ ਪੱਤਰਕਾਰੀ ਕਰਨ ਵਾਲੇ ਜਰਨਲਿਸਟਾਂ, ਟੀਵੀ ਚੈਨਲਾਂ ਆਦਿ ਉਤੇ ਸੈਟਰ ਦੀਆਂ ਏਜੰਸੀਆ ਦਾ ਗੁਲਾਮ ਬਣਕੇ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਪੁਲਿਸ ਜਾਂ ਸਰਕਾਰ ਅੱਗੇ ਸ਼ਰਤਾਂ ਉਤੇ ਅਧਾਰਿਤ ਗ੍ਰਿਫਤਾਰੀ ਦੇਣ ਦੀ ਕੌਮ ਵਿਰੋਧੀ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸ ਵਿਚ ਕੋਈ ਰਤੀਭਰ ਵੀ ਸੱਚਾਈ ਨਹੀ ਹੈ । ਅਜਿਹਾ ਕੇਵਲ ਭਾਈ ਅੰਮ੍ਰਿਤਪਾਲ ਸਿੰਘ ਦੀ ਸਖਸ਼ੀਅਤ ਅਤੇ ਸਿੱਖ ਕੌਮ ਦੇ ਉੱਚੇ-ਸੁੱਚੇ ਮਨੁੱਖਤਾਪੱਖੀ ਸਰਬੱਤ ਦੇ ਭਲੇ ਵਾਲੇ ਕਿਰਦਾਰ ਦੀ ਕਿਰਦਾਰਕੁਸੀ ਕਰਨ ਦੀ ਹੁਕਮਰਾਨਾਂ ਤੇ ਪ੍ਰੈਸ ਦੀ ਸਾਂਝੀ ਸਾਜਿਸ ਹੈ । ਜਿਸਦੀ ਅਸੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਜਿਹਾ ਪ੍ਰਚਾਰ ਕਰਨ ਵਾਲੇ ਮੀਡੀਏ ਤੇ ਪੱਤਰਕਾਰਾਂ ਨੂੰ ਖਬਰਦਾਰ ਕਰਦੇ ਹਾਂ ਕਿ ਉਹ ਸਮੁੱਚੀ ਮਨੁੱਖਤਾ ਦੀ ਬਿਹਤਰੀ ਚਾਹੁੰਣ ਵਾਲੀ ਕੌਮ ਦੇ ਕਿਰਦਾਰ ਨੂੰ ਦਾਗੀ ਕਰਕੇ ਮੁਕਾਰਤਾ ਨਾਲ ਭਰੇ ਹੁਕਮਰਾਨਾਂ ਦੀ ਸਿੱਖ ਅਤੇ ਪੰਜਾਬ ਵਿਰੋਧੀ ਸਾਜਿਸ ਦਾ ਹਿੱਸਾ ਨਾ ਬਣਨ ਤਾਂ ਅੱਛਾ ਹੋਵੇਗਾ । ਦੂਸਰਾ ਜਿਨ੍ਹਾਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਏ ਲੰਮੇ ਸਮੇ ਤੋ ਹਿੰਦੂਤਵ ਹੁਕਮਰਾਨਾਂ ਦੇ ਗੁਲਾਮ ਬਣਕੇ ਸਿੱਖ ਕੌਮ ਦੇ ਮਹਾਨ ਸਿਧਾਤਾਂ, ਮਰਿਯਾਦਾਵਾਂ ਦਾ ਘਾਣ ਕਰਨ ਦੇ ਨਾਲ-ਨਾਲ ਸਿੱਖ ਕੌਮ ਦਾ ਕਤਲੇਆਮ ਕਰਵਾਉਦੇ ਆ ਰਹੇ ਹਨ । ਇਨ੍ਹਾਂ ਨੇ ਸਿਰਸੇਵਾਲੇ ਨੂੰ ਦਿੱਤੀ ਗਈ ਮੁਆਫ਼ੀ ਨੂੰ ਸਹੀ ਸਾਬਤ ਕਰਨ ਲਈ ਸਿੱਖ ਕੌਮ ਦੇ ਐਸ.ਜੀ.ਪੀ.ਸੀ ਦੇ ਖਜਾਨੇ ਵਿਚੋਂ 92 ਲੱਖ ਰੁਪਏ ਦੀ ਰਕਮ ਇਸਤਿਹਾਰਬਾਜੀ ਤੇ ਖਰਚ ਕਰਕੇ ਕੌਮੀ ਖਜਾਨੇ ਦੀ ਦੁਰਵਰਤੋਂ ਕੀਤੀ ਹੋਵੇ, ਜਿਨ੍ਹਾਂ ਦੀਆਂ ਸਰਕਾਰਾਂ ਅਤੇ ਐਸ.ਜੀ.ਪੀ.ਸੀ ਦੇ ਪ੍ਰਬੰਧ ਉਤੇ ਕੰਟਰੋਲ ਹੋਣ ਦੇ ਬਾਵਜੂਦ ਮੀਰੀ-ਪੀਰੀ ਦੀਆਂ ਦੋਵੇ ਸ਼ਕਤੀਆਂ ਦੀ ਵੱਡੇ ਪੱਧਰ ਉਤੇ ਦੁਰਵਰਤੋ ਹੁੰਦੀ ਆਈ ਹੈ, ਜਿਨ੍ਹਾਂ ਨੇ 2015 ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਕੋਟਕਪੂਰਾ ਵਿਖੇ ਹੋਏ ਅਪਮਾਨ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਬਜਾਇ ਸਰਪ੍ਰਸਤੀ ਕਰਦੇ ਹੋਏ ਬਚਾਇਆ ਜਾਂਦਾ ਆ ਰਿਹਾ ਹੈ । ਜਿਨ੍ਹਾਂ ਨੇ ਬਹਿਬਲ ਕਲਾਂ ਵਿਖੇ ਰੋਸ਼ ਵਿਖਾਵਾ ਕਰ ਰਹੇ ਸਿੱਖਾਂ ਉਤੇ ਗੋਲੀ ਦੇ ਹੁਕਮ ਕਰਕੇ ਸਾਡੇ ਨੌਜਵਾਨ ਸ਼ਹੀਦ ਭਾਈ ਗੁਰਜੀਤ ਸਿੰਘ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕਰਵਾਇਆ ਹੋਵੇ, ਸਿੱਖਾਂ ਨੂੰ ਜਖ਼ਮੀ ਕੀਤਾ ਹੋਵੇ । ਫਿਰ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਵਾਲੇ ਸਿਰਸੇਵਾਲੇ ਬਲਾਤਕਾਰੀ ਤੇ ਕਾਤਲ ਸਾਧ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋ ਕਰਕੇ ਮੁਆਫ਼ ਕਰਵਾਉਦੇ ਹੋਏ ਮੀਰੀ-ਪੀਰੀ ਦੇ ਸਿਧਾਂਤ ਦਾ ਘਾਣ ਕਰਵਾਇਆ ਹੋਵੇ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਨੂੰ ਸਾਜਿਸ ਤਹਿਤ ਗਾਇਬ ਕਰਕੇ ਅਪਮਾਨ ਕਰਵਾਇਆ ਹੋਵੇ ਕਿਸੇ ਤਰ੍ਹਾਂ ਦੀ ਐਫ.ਆਈ.ਆਰ. ਵੀ ਦਰਜ ਨਾ ਹੋਣ ਦਿੱਤੀ ਹੋਵੇ । ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਉਣ ਦੀ ਸਹਿਮਤੀ ਦਿੱਤੀ ਹੋਵੇ, ਸਿੱਖ ਨੌਜ਼ਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਸ਼ਹੀਦ ਕਰਵਾਉਣ ਤੇ ਸੈਟਰ ਦੀਆਂ ਪੰਜਾਬ ਤੇ ਸਿੱਖ ਵਿਰੋਧੀ ਸਾਜਿਸਾਂ ਦਾ ਹਿੱਸਾ ਬਣੇ ਹੋਣ, ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਬੀਤੇ 12 ਸਾਲਾਂ ਤੋਂ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਹੀ ਨਾ ਹੋਣ ਦਿੱਤੀਆ ਹੋਣ । ਜਿਨ੍ਹਾਂ ਨੇ ਦਿੱਲੀ ਵਿਖੇ ਲੱਗੇ ਕਿਸਾਨ ਮੋਰਚੇ ਦੌਰਾਨ ਸ਼ਹੀਦ ਹੋਏ 700 ਕਿਸਾਨਾਂ ਦੀਆਂ ਸ਼ਹੀਦੀਆਂ ਨੂੰ ਨਜਰ ਅੰਦਾਜ ਕਰਕੇ ਮੋਦੀ ਸਰਕਾਰ ਦਾ ਸਾਥ ਦਿੱਤਾ ਹੋਵੇ, ਜਿਨ੍ਹਾਂ ਨੇ ਪੰਜਾਬ ਦੇ ਕੀਮਤੀ ਪਾਣੀਆ, ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸ ਅਤੇ ਪੰਜਾਬੀ ਬੋਲਦੇ ਇਲਾਕਿਆ ਨੂੰ ਸੈਟਰ ਦੇ ਸਪੁਰਦ ਕਰਨ ਲਈ ਪੰਜਾਬ ਸੂਬੇ ਨਾਲ ਬੇਇਨਸਾਫ਼ੀਆਂ ਕਰਨ ਲਈ ਦੁਸ਼ਮਣਾਂ ਦਾ ਸਾਥ ਦਿੱਤਾ ਹੋਵੇ । ਜਿਨ੍ਹਾਂ ਦੇ ਬੰਦ ਲਿਫਾਫਿਆ ਵਿਚੋਂ ਗੈਰ ਜਮਹੂਰੀਅਤ ਢੰਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀ ਮਹਾਨ ਕੌਮੀ ਸੰਸਥਾਂ ਦੇ ਜਥੇਦਾਰ, ਦੂਸਰੇ ਤਖ਼ਤਾਂ ਦੇ ਜਥੇਦਾਰ, ਐਸ.ਜੀ.ਪੀ.ਸੀ ਦੇ ਪ੍ਰਧਾਨ ਅਤੇ ਅੰਤਰਿੰਗ ਕਮੇਟੀ ਮੈਬਰਾਂ ਦੀ ਸੂਚੀ ਨਿਕਲਣ ਦੇ ਕੌਮ ਵਿਰੋਧੀ ਫੈਸਲੇ ਹੁੰਦੇ ਆ ਰਹੇ ਹੋਣ ਅਤੇ ਜੋ ਧਿਰ ਅਤੇ ਆਗੂ ਸਿੱਖ ਕੌਮ ਵਿਰੋਧੀ ਦੁਖਾਂਤ ਲਈ ਸਿੱਧੇ ਤੌਰ ਤੇ ਜਿੰਮੇਵਾਰ ਹੋਣ, ਅਤੇ ਜੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਸ਼ਹੀਦੀ ਤੋਂ ਪਹਿਲੇ ਕਹੇ ਬਚਨਾਂ ਤੋਂ ਭੱਜ ਚੁੱਕੇ ਹੋਣ, ਉਨ੍ਹਾਂ ਦੀ ਚੋਰ ਦਰਵਾਜਿਓ ਸਰਪ੍ਰਸਤੀ ਹੋਣ ਵਾਲੀ ਕਿਸੇ ਪ੍ਰਕਿਰਿਆ ਰਾਹੀ ਸਰਬੱਤ ਖ਼ਾਲਸਾ ਹੋਣ ਦੇ ਨਤੀਜੇ ਅਤੇ ਫੈਸਲੇ ਕਤਈ ਵੀ ਖ਼ਾਲਸਾ ਪੰਥ ਦੇ ਹੱਕ ਵਿਚ ਨਹੀ ਹੋ ਸਕਦੇ । ਹੋਣ ਵਾਲੇ ਕਿਸੇ ਵੀ ਸਰਬੱਤ ਖ਼ਾਲਸਾ ਦਾ ਪ੍ਰਬੰਧ ਨਿਰਪੱਖਤਾ, ਕੌਮੀ ਦ੍ਰਿੜਤਾ ਵਾਲੀਆਂ ਸਖਸ਼ੀਅਤਾਂ ਰਾਹੀਂ ‘ਸਰਬੱਤ ਖ਼ਾਲਸਾ’ ਦੇ ਮਹੱਤਵ ਨੂੰ ਮੁੱਖ ਰੱਖਕੇ ਮਰਿਯਾਦਾਵਾਂ ਤੇ ਪਹਿਰਾ ਦਿੰਦੇ ਹੋਏ ਸਰਬਸੰਮਤੀ ਨਾਲ ਹੋਵੇ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਾਈ ਅੰਮ੍ਰਿਤਪਾਲ ਸਿੰਘ ਨੂੰ ਸਮੁੱਚੀ ਕੌਮ ਦੀ ਬਿਹਤਰੀ, ਏਕਤਾ ਦੇ ਮਿਸਨ ਨੂੰ ਮੁੱਖ ਰੱਖਕੇ ਨਿਮਰਤਾ ਨਾਲ ਸੰਜ਼ੀਦਗੀ ਭਰੀ ਅਪੀਲ ਕਰਦਾ ਹੈ ਕਿ ਉਹ ਅਜਿਹੀ ਪ੍ਰਕਿਰਿਆ ਨੂੰ ਪੂਰਨ ਕਰਨ ਨੂੰ ਯਕੀਨੀ ਬਣਾਉਣ ।”

ਇਹ ਜਾਣਕਾਰੀ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪੀ.ਏ.ਸੀ (ਰਾਜਸੀ ਮਾਮਲਿਆ ਦੀ ਕਮੇਟੀ) ਦੇ ਮੈਬਰਾਂ ਦੀ ਹੰਗਾਮੀ ਤੌਰ ਤੇ ਪਾਰਟੀ ਦੇ ਮੁੱਖ ਦਫਤਰ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਮੌਜੂਦਾ ਹਾਲਾਤਾਂ ਉਤੇ ਦੀਰਘ ਵਿਚਾਰਾਂ ਕਰਨ ਉਪਰੰਤ ਸਰਬਸੰਮਤੀ ਨਾਲ ਹੋਏ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਨੇ ਮੀਟਿੰਗ ਦੇ ਫੈਸਲਿਆ ਤੋਂ ਜਾਣੂ ਕਰਵਾਉਦੇ ਹੋਏ ਦਿੱਤੀ । ਪਾਰਟੀ ਦੀ ਇਸ ਮੀਟਿੰਗ ਵਿਚ ਹੋਰ ਹੋਈਆ ਵਿਚਾਰਾਂ ਤੋਂ ਜਾਣੂ ਕਰਵਾਉਦੇ ਹੋਏ ਪਾਰਟੀ ਨੇ ਕਿਹਾ ਕਿ 10 ਨਵੰਬਰ 2015 ਨੂੰ ਅੰਮ੍ਰਿਤਸਰ ਦੀ ਚੱਬੇ ਦੀ ਧਰਤੀ ਉਤੇ ਹੋਏ ਸਰਬੱਤ ਖ਼ਾਲਸਾ ਜਿਸ ਵਿਚ 11 ਕੌਮੀ ਫੈਸਲੇ ਸਰਬਸੰਮਤੀ ਨਾਲ ਹਾਜਰੀਨ 7 ਲੱਖ ਸਿੱਖਾਂ ਵੱਲੋਂ ਜੈਕਾਰੇ ਬੁਲਾਉਦੇ ਹੋਏ ਪਾਸ ਕੀਤੇ ਸਨ, ਸਰਬੱਤ ਖ਼ਾਲਸਾ ਦੇ ਪ੍ਰਬੰਧਕਾਂ ਨੂੰ ਬੀਜੇਪੀ-ਆਰ.ਐਸ.ਐਸ ਅਤੇ ਕਾਂਗਰਸ ਦੇ ਮੁਤੱਸਵੀ ਆਗੂਆ ਦੇ ਆਦੇਸ਼ਾਂ ਉਤੇ ਉਸ ਸਮੇ ਦੀ ਬਾਦਲ ਸਰਕਾਰ ਨੇ ਅਰਧ ਸੈਨਿਕ ਬਲ, ਫ਼ੌਜ ਲਗਵਾਕੇ ਰੋਕਣ ਦੀ ਕੋਸਿ਼ਸ਼ ਕਰਨ ਦੇ ਬਾਵਜੂਦ ਵੀ 7 ਲੱਖ ਦੇ ਕਰੀਬ ਸਿੱਖ ਸੰਗਤਾਂ ਨੇ ਹਿੱਸਾ ਲਿਆ ਸੀ । ਸਰਬੱਤ ਖ਼ਾਲਸਾ ਦੀ ਰਾਤ ਨੂੰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਉਨ੍ਹਾਂ ਦੇ ਅੰਮ੍ਰਿਤਸਰ ਵਿਖੇ ਫਲੈਟ ਵਿਚੋਂ ਰਾਤ ਨੂੰ ਤੜਕੇ 2 ਵਜੇ ਦੇ ਕਰੀਬ ਭਾਰੀ ਪੁਲਿਸ ਫੋਰਸ ਨੇ ਉਨ੍ਹਾਂ ਨੂੰ ਫਲੈਟ ਦੀ ਦੂਜੀ ਮੰਜਿਲ ਤੋਂ ਘਸੀਟਕੇ ਨੀਚੇ ਲਿਆਕੇ ਜੀਪ ਵਿਚ ਅਪਮਾਨਜਨਕ ਢੰਗ ਨਾਲ ਸੁੱਟਕੇ ਥਾਣੇ ਵਿਚ ਬੰਦੀ ਬਣਾਇਆ ਸੀ, ਇਸ ਤੋ ਇਲਾਵਾ ਸਾਡੇ ਜਰਨਲ ਸਕੱਤਰ ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਤੇ ਉਸਦੇ ਘਰ ਨੂੰ ਘੇਰਕੇ ਉਨ੍ਹਾਂ ਉਤੇ ਲੱਕੜਾਂ ਚੋਰੀ ਕਰਨ ਅਤੇ ਦੇਸ਼ਧ੍ਰੋਹੀ ਦੇ ਕੇਸ ਦਰਜ ਕਰਦੇ ਹੋਏ ਗ੍ਰਿਫਤਾਰ ਕਰ ਲਿਆ ਸੀ । ਇਸ ਤੋ ਇਲਾਵਾ ਭਾਈ ਧਿਆਨ ਸਿੰਘ ਮੰਡ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗੁਰਦੀਪ ਸਿੰਘ ਬਠਿੰਡਾ, ਭਾਈ ਮੋਹਕਮ ਸਿੰਘ ਵਰਗੇ ਸਿਰਕੱਢ ਆਗੂਆਂ ਨੂੰ ਜ਼ਬਰੀ ਗ੍ਰਿਫਤਾਰ ਕੀਤਾ ਗਿਆ ਸੀ । ਪ੍ਰੋ ਮਹਿੰਦਰਪਾਲ ਸਿੰਘ ਜਰਨਲ ਸਕੱਤਰ ਨੂੰ ਵੀ ਫੋਰਸ ਲਗਾਕੇ ਘੇਰਿਆ ਗਿਆ ਬੇਸੱਕ ਉਤੇ ਬਚਕੇ ਨਿਕਲ ਗਏ। ਸਾਡੀ ਪਾਰਟੀ ਦੇ ਵੱਡੀ ਗਿਣਤੀ ਵਿਚ ਜਿਲ੍ਹਾ ਪ੍ਰਧਾਨਾਂ ਅਤੇ ਅਹੁਦੇਦਾਰਾਂ ਨੂੰ ਉਸੇ ਤਰ੍ਹਾਂ ਜ਼ਬਰ ਜੁਲਮ ਢਾਹੁੰਦੇ ਹੋਏ ਜ਼ਲੀਲ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ ਜਿਵੇ ਅੱਜ ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ, ਸਿੱਖ ਜਥੇਬੰਦੀਆਂ ਤੇ ਹੋਰ ਆਮ ਸਿੱਖਾਂ ਉਤੇ ਬੀਜੇਪੀ-ਆਰ.ਐਸ.ਐਸ ਦੀ ਗੁਲਾਮ ਬਣੀ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਸਰਕਾਰ ਨੇ ਦਮਨਕਾਰੀ ਨੀਤੀਆ ਅਧੀਨ ਜ਼ਬਰ ਸੁਰੂ ਕੀਤਾ ਹੋਇਆ ਹੈ । ਫਿਰ 2016 ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਰਬੱਤ ਖ਼ਾਲਸਾ ਬਾਦਲਾਂ ਨੇ ਨਹੀ ਹੋਣ ਦਿੱਤਾ ਅਤੇ ਅਸੀ ਰਾਜਸਥਾਂਨ ਦੇ ਬੁੱਢਾ ਜੌੜ੍ਹ ਵਿਖੇ ਇਕੱਤਰ ਹੋ ਕੇ ਵਿਚਾਰਾਂ ਕੀਤੀਆ ਸਨ, ਇਸ ਉਪਰੰਤ 8 ਦਸੰਬਰ 2016 ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਇਕੱਠ ਹੋਇਆ ਜਿਸ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਵਿਚੋਂ ਛੇਕਣ ਦਾ ਮਤਾ ਅਤੇ ਖ਼ਾਲਿਸਤਾਨ ਦੇ ਮਤੇ ਨੂੰ ਪ੍ਰਵਾਨਗੀ ਦਿੱਤੀ ਗਈ। ਸਿਮਰਨਜੀਤ ਸਿੰਘ ਮਾਨ ਤੇ ਸਾਰੇ ਤਖਤਾਂ ਦੇ ਜਥੇਦਾਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਜੇਕਰ ਭਾਈ ਅੰਮ੍ਰਿਤਪਾਲ ਸਿੰਘ ਕੌਮ ਨੂੰ 14 ਅਪ੍ਰੈਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਪਹਿਲੋ ਹੀ ਐਲਾਨੇ ਗਏ ਵਿਸਾਖੀ ਦੇ ਪੰਥਕ ਇਕੱਠ ਵਿਚ ਸਮੁੱਚੀਆਂ ਧਾਰਮਿਕ ਤੇ ਰਾਜਸੀ ਜਥੇਬੰਦੀਆਂ ਅਤੇ ਸਮੁੱਚੀ ਸਿੱਖ ਕੌਮ ਪਹੁੰਚਕੇ ਸਮੂਹਿਕ ਅਤੇ ਸਹਿਜਤਾ ਨਾਲ ਵਿਚਾਰਾਂ ਕਰਦੇ ਹੋਏ ਸਰਬਸੰਮਤੀ ਨਾਲ ਅਗਲੇ ਵੱਡੇ ਕੌਮੀ ਫੈਸਲੇ ਲੈਣ ਲਈ ਅਤੇ ਮਿੱਥੇ ਕੌਮੀ ਨਿਸ਼ਾਨੇ ਲਈ ਅੱਗੇ ਵੱਧਣ ਅਤੇ ਕੌਮ ਉਤੇ ਹੋ ਰਹੇ ਹਕੂਮਤੀ ਜ਼ਬਰ ਨੂੰ ਰੋਕਣ ਲਈ ਉਦਮ ਹੋ ਸਕੇ ਅਤੇ ਇਸ ਵਿਸਾਖੀ ਦੇ ਦਿਹਾੜੇ ਦੇ ਇਕੱਠ ਵਿਚ ਹੋਣ ਵਾਲੇ ਸਰਬੱਤ ਖ਼ਾਲਸੇ ਦੇ ਏਜੰਡੇ ਦੇ ਸਮੁੱਚੇ ਗੰਭੀਰ ਮੁੱਦਿਆ ਉਤੇ ਸਭ ਜਥੇਬੰਦੀਆਂ ਦੇ ਆਗੂਆਂ ਨਾਲ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਦੇ ਹੋਏ ਸਰਬੱਤ ਖ਼ਾਲਸਾ ਦੀ ਤਰੀਕ ਮਿੱਥਣ ਅਤੇ ਅਗਲੀ ਕੌਮੀ ਰਣਨੀਤੀ ਬਣਾਉਣ ਲਈ ਵਿਚਾਰਾਂ ਕਰ ਸਕੀਏ ਤਾਂ ਇਹ ਸਮੁੱਚੀ ਕੌਮ ਲਈ ਅਤੇ ਆਪ ਜੀ (ਭਾਈ ਅੰਮ੍ਰਿਤਪਾਲ ਸਿੰਘ) ਦੇ ਮਨ-ਆਤਮਾ ਵਿਚ ਕੌਮ ਪ੍ਰਤੀ ਉੱਠ ਰਹੇ ਵਲਵਲਿਆਂ ਤੇ ਸੋਚ ਨੂੰ ਪੂਰਨ ਕਰਨ ਵਿਚ ਬਹੁਤ ਵੱਡੀ ਕਾਮਯਾਬੀ ਮਿਲਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਅਜਿਹਾ ਉੱਦਮ ਕਰਨ ਨਾਲ ਜਿਥੇ ਸੰਜ਼ੀਦਗੀ ਨਾਲ ਦੂਰ ਅੰਦੇਸ਼ੀ ਵਾਲੇ ਫੈਸਲੇ ਹੋ ਸਕਣਗੇ, ਉਥੇ ਕੌਮ ਇਕ ਤਾਕਤ ਹੋ ਕੇ ਇਕ ਪਲੇਟਫਾਰਮ ਤੇ ਖਲੋਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਦ੍ਰਿੜਤਾ ਨਾਲ ਮੰਜਿ਼ਲ ਵੱਲ ਵੱਧ ਸਕੇਗੀ ।

ਅੱਜ ਦੀ ਮੀਟਿੰਗ ਵਿਚ ਹਾਜਰੀਨ ਸਮੁੱਚੇ ਪਾਰਟੀ ਦੀ ਰਾਜਸੀ ਮਾਮਲਿਆ ਦੀ ਕਮੇਟੀ ਦੇ ਮੈਬਰਾਂ ਨੇ ਸਰਬਸੰਮਤੀ ਨਾਲ ਮੌਜੂਦਾ ਪੰਜਾਬ ਵਿਚ ਕਾਬਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋ ਸਿੱਖ ਕੌਮ ਦੀ ਸਰਬਉੱਚ ਸੰਸਥਾਂ ਸ੍ਰੀ ਅਕਾਲ ਤਖ਼ਤ ਸਾਹਿਬ, ਜੋ ਉਸ ਅਕਾਲ ਪੁਰਖ ਦਾ ਤਖਤ ਹੈ, ਜਿਥੋ ਔਖੇ ਤੋ ਔਖੇ ਸਮੇ ਸੰਕਟ ਦੀ ਘੜੀ ਵਿਚ ਸਿੱਖ ਕੌਮ ਅਟੁੱਟ ਵਿਸਵਾਸ ਰੱਖਦੇ ਹੋਏ ਅਗਵਾਈ ਲੈਦੀ ਹੈ ਅਤੇ ਉਥੇ ਹੋਣ ਵਾਲੇ ਸਰਬਸੰਮਤੀ ਦੇ ਫੈਸਲਿਆ ਨੂੰ ਆਪਣੀ ਜਾਨ ਤੋ ਵੀ ਪਿਆਰੀ ਸਮਝਕੇ ਪੂਰਨ ਕਰਦੀ ਹੈ, ਉਸ ਮਹਾਨ ਸੰਸਥਾਂ ਸੰਬੰਧੀ ਸ. ਭਗਵੰਤ ਸਿੰਘ ਮਾਨ ਵੱਲੋ ਕੀਤੇ ਗਏ ਹਮਲੇ ਅਤੇ ਅਪਮਾਨਜਨਕ ਢੰਗ ਰਾਹੀ ਕੀਤੀ ਦਿਸ਼ਾਹੀਣ ਬਿਆਨਬਾਜੀ ਵਿਰੁੱਧ ਸਖਤ ਨੋਟਿਸ ਲੇਦੇ ਹੋਏ ਸਪੱਸਟ ਸ਼ਬਦਾਂ ਵਿਚ ਤਾੜਨਾ ਕੀਤੀ ਕਿ ਪਹਿਲੇ ਵੀ ਕਾਂਗਰਸ ਅਤੇ ਬੀਜੇਪੀ ਸਰਕਾਰਾਂ ਦੇ ਹੱਥਠੋਕੇ ਬਣੇ ਜਦੋ ਅਜਿਹੀ ਗੁਸਤਾਖੀ ਕਰਦੇ ਰਹੇ ਹਨ, ਤਾਂ ਉਨ੍ਹਾਂ ਨੂੰ ਸਿੱਖ ਕੌਮ ਨੇ ਆਪਣੀਆ ਰਵਾਇਤਾ ਅਨੁਸਾਰ ਜੁਆਬ ਵੀ ਦਿੱਤਾ ਹੈ ਅਤੇ ਸਬਕ ਵੀ ਸਿਖਾਇਆ ਹੈ । ਅਜਿਹੀ ਸ੍ਰੀ ਅਕਾਲ ਤਖਤ ਸਾਹਿਬ ਉਤੇ ਕਿਸੇ ਵੀ ਹੁਕਮਰਾਨ ਵੱਲੋ ਕੀਤੀ ਜਾਣ ਵਾਲੀ ਬਿਆਨਬਾਜੀ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਕਤਈ ਬਰਦਾਸਤ ਨਹੀ ਕਰੇਗੀ ਅਤੇ ਇਸ ਹੋਈ ਬਜਰ ਗੁਸਤਾਖੀ ਲਈ ਸ. ਭਗਵੰਤ ਸਿੰਘ ਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਕੌਮ ਤੋ ਫੌਰੀ ਮੁਆਫੀ ਮੰਗਣ ਵਰਨਾ ਸਿੱਖ ਕੌਮ ਦੀ ਨਜਰ ਵਿਚ ਉਹ ਦੋਸ਼ੀ ਰਹਿਣਗੇ, ਭਾਵੇ ਉਹ ਚੀਫ ਮਨਿਸਟਰ ਦੇ ਸਥਾਂਨ ਤੇ ਵਜੀਰ-ਏ-ਆਜਮ ਕਿਉਂ ਨਾ ਬਣ ਜਾਣ । 

ਅੱਜ ਦੀ ਹੰਗਾਮੀ ਮੀਟਿੰਗ ਵਿਚ ਸਮੂਲੀਅਤ ਕਰਨ ਵਾਲੇ ਮੈਬਰਾਂ ਵਿਚ ਮੁਹੰਮਦ ਫੁਰਕਾਨ ਕੁਰੈਸੀ ਮੀਤ ਪ੍ਰਧਾਨ, ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਜਸਕਰਨ ਸਿੰਘ ਕਾਹਨਸਿੰਘਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਕੁਲਦੀਪ ਸਿੰਘ ਭਾਗੋਵਾਲ (ਜਰਨਲ ਸਕੱਤਰ), ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਅੰਮ੍ਰਿਤਪਾਲ ਸਿੰਘ ਛੰਦੜਾ ਯੂਥ ਪ੍ਰਧਾਨ, ਗੁਰਜੰਟ ਸਿੰਘ ਕੱਟੂ, ਉਪਕਾਰ ਸਿੰਘ ਸੰਧੂ, ਹਰਭਜਨ ਸਿੰਘ ਕਸਮੀਰੀ, ਬਹਾਦਰ ਸਿੰਘ ਭਸੌੜ, ਜਸਵੰਤ ਸਿੰਘ ਚੀਮਾਂ, ਨਵਨੀਤ ਕੁਮਾਰ ਗੋਪੀ (ਸਾਰੇ ਪੀ.ਏ.ਸੀ. ਮੈਬਰ) ਨੇ ਸਮੂਲੀਅਤ ਕੀਤੀ ।

Leave a Reply

Your email address will not be published. Required fields are marked *