18 ਮਾਰਚ ਦੇ ਮਹਿਤਪੁਰ (ਜਲੰਧਰ) ਪੁਲਿਸ ਆਪ੍ਰੇਸ਼ਨ ਸਮੇਂ ਕਾਫਲੇ ਵਿਚ ਸ਼ਾਮਿਲ 79 ਬੰਦਿਆਂ ਵਿਚੋਂ 78 ਗ੍ਰਿਫ਼ਤਾਰ, ਪਰ ਭਾਈ ਅੰਮ੍ਰਿਤਪਾਲ ਸਿੰਘ ਇਕੱਲੇ ਕਿਵੇ ਬਚਕੇ ਚਲੇ ਗਏ ? : ਟਿਵਾਣਾ

ਫ਼ਤਹਿਗੜ੍ਹ ਸਾਹਿਬ, 28 ਮਾਰਚ ( ) “18 ਮਾਰਚ ਨੂੰ ਜੋ ਪੰਜਾਬ ਸਰਕਾਰ, ਸੈਂਟਰ ਸਰਕਾਰ, ਪੁਲਿਸ, ਅਰਧ ਸੈਨਿਕ ਬਲਾਂ ਅਤੇ ਖੂਫੀਆ ਏਜੰਸੀਆ ਦੀ ਸਾਂਝੀ ਰਣਨੀਤੀ ਅਧੀਨ ਜਲੰਧਰ ਦੇ ਇਲਾਕੇ ਮਹਿਤਪੁਰ ਵਿਖੇ 8 ਜਿ਼ਲ੍ਹਿਆਂ ਦੀ ਸਮੁੱਚੀ ਪੁਲਿਸ ਅਤੇ ਅਫਸਰਸਾਹੀ ਵੱਲੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਆਪ੍ਰੇਸ਼ਨ ਕੀਤਾ ਗਿਆ ਸੀ, ਜੋ ਕਿ ਕਈ ਘੰਟੇ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਗੱਡੀਆਂ ਦੇ ਕਾਫਲੇ ਦਾ ਪਿੱਛਾ ਕਰਦੇ ਹੋਏ ਕੀਤਾ ਗਿਆ । ਉਸ ਭਾਈ ਅੰਮ੍ਰਿਤਪਾਲ ਸਿੰਘ ਦੇ ਗੱਡੀਆ ਦੇ ਕਾਫਲੇ ਵਿਚ ਸਾਮਿਲ ਉਨ੍ਹਾਂ ਦੇ 78 ਸਹਿਯੋਗੀਆਂ ਨੂੰ ਇਸ ਆਪ੍ਰੇਸ਼ਨ ਰਾਹੀ ਗ੍ਰਿਫਤਾਰ ਕਰ ਲਿਆ ਗਿਆ । ਇਸ ਕਾਫਲੇ ਵਿਚ ਸਾਮਿਲ ਸਭ ਗੱਡੀਆਂ ਵੀ ਕਬਜੇ ਵਿਚ ਲੈ ਲਈਆ ਗਈਆ ਅਤੇ ਜੋ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆ ਕੋਲ 12 ਬੋਰ, 315 ਬੋਰ ਦੇ 9 ਹਥਿਆਰ ਆਪਣੀ ਨਿੱਜੀ ਸੁਰੱਖਿਆ ਲਈ ਰੱਖੇ ਹੋਏ ਸਨ, ਉਹ ਸਭ ਪੁਲਿਸ ਨੇ ਕਬਜੇ ਵਿਚ ਲੈ ਲਏ । ਜੋ ਪੁਲਿਸ ਅਤੇ ਸਰਕਾਰ ਦੇ ਆਪਣੇ ਬਿਆਨਾਂ ਤੋਂ ਸਪੱਸਟ ਰੂਪ ਵਿਚ ਸਾਹਮਣੇ ਹੈ । ਫਿਰ ਹੁਣ ਜਨਤਕ ਤੌਰ ਤੇ ਇਹ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ 79 ਵਿਚੋਂ ਜਦੋਂ 78 ਬੰਦੇ, ਸਭ ਵਹੀਕਲਜ, ਸਭ ਹਥਿਆਰ ਪੁਲਿਸ ਨੇ ਕਬਜੇ ਵਿਚ ਕਰ ਲਏ ਸਨ, ਤਾਂ 79ਵੇਂ ਭਾਈ ਅੰਮ੍ਰਿਤਪਾਲ ਸਿੰਘ ਕਿਸ ਤਰ੍ਹਾਂ ਇਕੱਲੇ ਬਚਕੇ ਨਿਕਲ ਗਏ ? ਜੇਕਰ ਰਾਤ ਦਾ ਹਨ੍ਹੇਰਾ ਹੁੰਦਾਂ ਫਿਰ ਤਾਂ ਪੁਲਿਸ ਤੇ ਮੀਡੀਏ ਵੱਲੋ ਉਨ੍ਹਾਂ ਦੇ ਭੱਜਣ ਦੀ ਗੱਲ ਨੂੰ ਕੁਝ ਹੱਦ ਤੱਕ ਮੰਨਿਆ ਜਾ ਸਕਦਾ ਸੀ ਪਰ ਚਿੱਟੇ ਦਿਨ ਦਿਹਾੜੇ ਐਡੀ ਵੱਡੀ ਫੋਰਸ ਅਤੇ ਕਾਫ਼ੀ ਸਮਾਂ ਪਹਿਲੇ ਦੋਵਾਂ ਸਰਕਾਰਾਂ ਵੱਲੋ ਬਣਾਈ ਯੋਜਨਾ ਨੂੰ ਅਮਲੀ ਰੂਪ ਦਿੰਦੇ ਹੋਏ, ਉਹ ਕਿਵੇ ਨਿਕਲ ਸਕਦੇ ਹਨ ? ਜਦੋਕਿ ਪੰਜਾਬੀ ਅਤੇ ਦੁਨੀਆ ਵਿਚ ਵੱਸਣ ਵਾਲਾ ਕੋਈ ਵੀ ਸਿੱਖ ਇਸ ਗੱਲ ਨੂੰ ਮੰਨਣ ਲਈ ਤਿਆਰ ਹੀ ਨਹੀ ਕਿ ਭਾਈ ਅੰਮ੍ਰਿਤਪਾਲ ਸਿੰਘ ਪੁਲਿਸ ਆਪ੍ਰੇਸਨ ਵਿਚੋ ਬਚਕੇ ਨਿਕਲੇ ਹੋਣ?”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੀ ਪਾਰਟੀ ਅਤੇ ਕੌਮ ਦੇ ਬਿਨ੍ਹਾਂ ਤੇ ਕੇਵਲ ਪੰਜਾਬ ਜਾਂ ਇੰਡੀਆ ਵਿਚ ਹੀ ਨਹੀ ਬਲਕਿ ਸੰਸਾਰ ਦੇ ਸਮੁੱਚੇ ਬੁੱਧੀਜੀਵੀਆਂ, ਅਜਿਹੇ ਆਪ੍ਰੇਸ਼ਨਾਂ ਦੀ ਯੋਜਨਾ ਬਣਾਉਣ ਵਾਲੇ ਵੱਖ ਵੱਖ ਮੁਲਕਾਂ ਦੀਆਂ ਹਕੂਮਤਾਂ ਦੇ ਮਾਹਿਰਾਂ, ਫੋਰਸਾਂ ਤੇ ਅਧਿਕਾਰੀਆਂ ਅਤੇ ਸੰਸਾਰ ਨਿਵਾਸੀਆ ਨੂੰ ਕਰਦੇ ਹੋਏ ਅਤੇ ਇਥੋ ਦੀਆਂ ਦੋਵੇ ਸਰਕਾਰਾਂ ਅਤੇ ਪੁਲਿਸ ਵੱਲੋ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅੱਜ ਇਸ ਦੁਖਾਂਤ ਅਤੇ ਵਰਤਾਰੇ ਨੂੰ ਵਾਪਰੇ ਹੋਏ 10 ਦਿਨ ਦਾ ਸਮਾਂ ਗੁਜਰ ਚੁੱਕਿਆ ਹੈ । 18 ਮਾਰਚ ਦੇ ਦਿਨ ਤੋ ਲੈਕੇ ਅੱਜ ਤੱਕ ਕੋਈ ਦਿਨ ਵੀ ਅਜਿਹਾ ਨਹੀ ਜਿਸ ਦਿਨ ਪੰਜਾਬ ਸਰਕਾਰ, ਪੁਲਿਸ, ਪੀਲੀ ਪੱਤਰਕਾਰੀ ਦਾ ਗੁਲਾਮ ਬਣਿਆ ਬਿਜਲਈ ਅਤੇ ਦੂਸਰਾ ਗੋਦੀ ਮੀਡੀਏ ਵੱਲੋ ਭਾਈ ਅੰਮ੍ਰਿਤਪਾਲ ਸਿੰਘ ਦੇ ਬਚਕੇ ਨਿਕਲ ਜਾਣ ਦੀ ਗੱਲ ਨੂੰ ਸੱਚ ਸਾਬਤ ਕਰਨ ਲਈ ਕਦੀ ਰੇਹੜੇ ਉਤੇ ਚਸਮਾ ਲਗਾਕੇ ਪੈਟ-ਸ਼ਰਟ ਪਾ ਕੇ, ਕਦੇ ਮੋਟਰਸਾਈਕਲ ਉਤੇ, ਕਦੀ ਪੈਦਲ ਚੱਲਦੇ ਹੋਏ ਦੀਆਂ ਵੀਡੀਓਜ ਕਲਿਪਾਂ ਨਿਰੰਤਰ ਨਾ ਦਿੱਤੀਆ ਜਾਂਦੀਆ ਆ ਰਹੀਆ ਹਨ । ਇਸ ਉਪਰੰਤ ਇਨ੍ਹਾਂ ਦੋਵੇ ਸਰਕਾਰਾਂ, ਖੂਫੀਆ ਏਜੰਸੀਆ ਵੱਲੋ ਉਸੇ ਦਿਨ ਤੋ ਰੋਜਾਨਾ ਕਦੀ ਉਹ ਹਰਿਆਣੇ ਵਿਚ ਹਨ, ਕਦੀ ਯੂ.ਪੀ, ਕਦੀ ਉਤਰਾਖੰਡ, ਕਦੀ ਦਿੱਲੀ ਫਿਰ ਕਦੀ ਮੁੜਕੇ ਪਟਿਆਲੇ ਆ ਜਾਣ ਅਤੇ ਅੱਜ ਨੇਪਾਲ ਪਹੁੰਚ ਜਾਣ ਦੀਆਂ ਖਬਰਾਂ ਤੇ ਵੀਡੀਓਜ਼ ਕਲਿਪਾਂ ਜਾਰੀ ਕਰਕੇ ਅਤੇ ਗੁੰਮਰਾਹਕੁੰਨ ਪ੍ਰਚਾਰ ਕਰਕੇ, ਭਾਈ ਅੰਮ੍ਰਿਤਪਾਲ ਸਿੰਘ ਦੀ ਸਖਸ਼ੀਅਤ ਨੂੰ ਪਿਆਰ ਕਰਨ ਵਾਲੇ ਲੱਖਾਂ ਪੰਜਾਬੀਆਂ, ਸਿੱਖਾਂ, ਹਿੰਦੂਆਂ, ਮੁਸਲਮਾਨਾਂ ਨੂੰ ਇਕ ਸੋਚੀ ਸਮਝੀ ਵਿਊਤ ਅਧੀਨ ਭੰਬਲਭੂਸੇ ਵਿਚ ਰੱਖਿਆ ਜਾ ਰਿਹਾ ਹੈ । ਜਿਸ ਦੋਵੇ ਸਰਕਾਰਾਂ, ਪੁਲਿਸ, ਖੂਫੀਆ ਏਜੰਸੀਆ ਕੋਲੋ 18 ਮਾਰਚ ਨੂੰ ਉਨ੍ਹਾਂ ਦੇ ਨਿਕਲ ਜਾਣ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਹੁਣ ਉਨ੍ਹਾਂ ਹੁਕਮਰਾਨਾਂ ਤੇ ਏਜੰਸੀਆ ਕੋਲ ਅਜਿਹੀ ਕਿਹੜੀ ਇਜਰਾਇਲੀ ਦੂਰਬੀਨ ਹੈ ਜੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਇੰਡੀਆ ਦੇ ਵੱਖ-ਵੱਖ ਸਥਾਨਾਂ ਵਿਚ ਵਿਚਰਦੇ ਹੋਏ ਰੋਜ ਦੇਖ ਰਹੇ ਹਨ ਪਰ ਗ੍ਰਿਫਤਾਰੀ ਨਹੀ ਹੋ ਰਹੀ ? ਇਸ ਵਰਤਾਰੇ ਤੋ ਖੁਦ-ਬ-ਖੁਦ ਪ੍ਰਤੱਖ ਹੋ ਜਾਂਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ 18 ਮਾਰਚ ਤੋ ਹੀ ਇਨ੍ਹਾਂ ਹਕੂਮਤਾਂ ਤੇ ਏਜੰਸੀਆਂ ਦੀ ਗ੍ਰਿਫਤ ਵਿਚ ਹੈ ਲੇਕਿਨ ਉਨ੍ਹਾਂ ਦੇ ਅਤੇ ਸਿੱਖ ਕੌਮ ਦੇ ਉੱਚੇ-ਸੁੱਚੇ ਮਨੁੱਖਤਾ ਤੇ ਇਨਸਾਨੀਅਤ ਪੱਖੀ ਕਿਰਦਾਰ ਨੂੰ ਦਾਗੀ ਕਰਨ ਲਈ ਹੁਕਮਰਾਨ, ਏਜੰਸੀਆ, ਗੋਦੀ ਮੀਡੀਆ ਤੇ ਪੀਲੀ ਪੱਤਰਕਾਰੀ ਕਰਨ ਵਾਲੇ ਟੀਵੀ ਚੈਨਲਾਂ ਵੱਲੋ ਗੁੰਮਰਾਹਕੁੰਨ ਪ੍ਰਚਾਰ ਕਰਕੇ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਬਦਨਾਮ ਕਰਨ ਅਤੇ ਫਿਰ ਜ਼ਬਰ ਜੁਲਮ ਢਾਹੁਣ ਲਈ ਨਿਸ਼ਾਨਾਂ ਬਣਾਉਣ ਦੀ ਸਾਜਿਸ ਨੂੰ ਪੂਰਨ ਕਰਨ ਹਿੱਤ ਕੀਤਾ ਜਾ ਰਿਹਾ ਹੈ । ਹੁਣ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਕਿੱਥੇ ਹਨ ਅਤੇ ਕਿਸ ਸਥਿਤੀ ਵਿਚ ਹਨ ? ਇਸਦਾ ਸਹੀ ਜੁਆਬ ਇਸ ਸਾਰੇ ਵਾਪਰੇ ਦੁਖਾਂਤ ਅਤੇ ਵਰਤਾਰੇ ਵਿਚੋ ਨਿਕਲਦਾ ਹੈ ਕਿ ਜਾਂ ਤਾਂ ਇਨ੍ਹਾਂ ਏਜੰਸੀਆਂ ਤੇ ਹੁਕਮਰਾਨਾਂ ਨੇ ਉਨ੍ਹਾਂ ਨਾਲ ਕੋਈ ਮਾੜਾ ਭਾਣਾ ਵਰਤਾਅ ਦਿੱਤਾ ਹੈ ਜਾਂ ਫਿਰ ਜਾਣਬੁੱਝ ਕੇ ਉਨ੍ਹਾਂ ਦੇ ਭੱਜ ਜਾਣ ਦਾ ਭੇਦ ਰੱਖਕੇ ਇਹ ਹੁਕਮਰਾਨ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਕਿਸੇ ਹੋਰ ਡੂੰਘੀ ਸਾਜਿਸ ਤੇ ਅਮਲ ਕਰਨ ਦੀ ਵੱਡੀ ਤਿਆਰੀ ਕਰ ਰਹੇ ਹਨ ਅਤੇ ਫਿਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਿਸੇ ਵੀ ਨੇਪਾਲ, ਉਤਰਾਖੰਡ ਜਾਂ ਯੂਪੀ ਵਰਗੇ ਜੰਗਲਾਂ ਵਿਚ ਝੂਠਾ ਪੁਲਿਸ ਮੁਕਾਬਲਾ ਦਿਖਾਕੇ ਉਨ੍ਹਾਂ ਦਾ ਅਤੇ ਸਿੱਖ ਕੌਮ ਦੀ ਕਿਰਦਾਰਕੁਸੀ ਕਰਨ ਵਿਚ ਕਾਮਯਾਬ ਹੋ ਜਾਣ । ਜਿਸ ਤੋ ਸਮੁੱਚੇ ਪੰਜਾਬੀਆਂ, ਸਿੱਖ ਕੌਮ ਸਭ ਵਰਗਾਂ ਮੁਸਲਿਮ ਸੂਝਵਾਨ ਹਿੰਦੂ, ਇਸਾਈਆ, ਰੰਘਰੇਟਿਆ, ਕਬੀਲਿਆ, ਵਿਸੇਸ ਤੌਰ ਤੇ ਪੰਜਾਬ ਦੇ ਸਰਹੱਦੀ ਸੂਬੇ ਅਤੇ ਸਮੁੱਚੇ ਇੰਡੀਆ ਦਾ ਅਮਨ ਚੈਨ ਚਾਹੁੰਣ ਵਾਲਿਆ ਨੂੰ ਸੁਚੇਤ ਵੀ ਰਹਿਣਾ ਪਵੇਗਾ ਅਤੇ ਦ੍ਰਿੜਤਾ ਨਾਲ ਸੱਚ ਹੱਕ ਦੀ ਆਵਾਜ ਉਤੇ ਪਹਿਰਾ ਦਿੰਦੇ ਹੋਏ ਹੁਕਮਰਾਨਾਂ ਅਤੇ ਖੂਫੀਆ ਏਜੰਸੀਆ ਦੀਆਂ ਮਨੁੱਖਤਾ ਵਿਰੋਧੀ ਸਾਜਿਸਾਂ ਤੇ ਮਨਸੂਬਿਆਂ ਨੂੰ ਅਸਫਲ ਬਣਾਉਣ ਲਈ ਸਮੂਹਿਕ ਤੌਰ ਤੇ ਜਿੰਮੇਵਾਰੀ ਵੀ ਨਿਭਾਉਣੀ ਪਵੇਗੀ । 

ਸਿੱਖ ਕੌਮ ਦਾ ਕਿਸੇ ਵੀ ਕੌਮ, ਵਰਗ, ਧਰਮ, ਕਬੀਲੇ ਆਦਿ ਨਾਲ ਕੋਈ ਰਤੀਭਰ ਵੀ ਵੈਰ ਵਿਰੋਧ ਨਹੀ, ਸਿੱਖ ਕੌਮ ਤਾਂ ਆਪਣੇ ਗੁਰੂ ਸਾਹਿਬਾਨ ਜੀ ਦੀ ਦਰਸਾਈ ਮਨੁੱਖਤਾ ਪੱਖੀ ਸੋਚ ਉਤੇ ਅਮਲ ਕਰਦੀ ਹੋਈ, ਆਪਣੇ ਆਪ ਨੂੰ ਉਨ੍ਹਾਂ ਵੱਲੋ ਬਣਾਏ ਨਿਯਮਾਂ, ਅਸੂਲਾਂ ਦੇ ਪੈਰੋਕਾਰ ਮੰਨਦੀ ਹੋਈ ਬਿਨ੍ਹਾਂ ਕਿਸੇ ਤਰ੍ਹਾਂ ਦੇ ਭੇਦਭਾਵ ਤੋ ਸਮੁੱਚੀ ਮਨੁੱਖਤਾ ਦੀ ਭਲਾਈ ਲਈ, ਕੇਵਲ ਪੰਜਾਬ ਇੰਡੀਆ ਦੀ ਹੀ ਨਹੀ ਬਲਕਿ ਸਮੁੱਚੇ ਸੰਸਾਰ ਦੇ ਅਮਨ ਚੈਨ ਨੂੰ ਕਾਇਮ ਰੱਖਣ ਦੀ ਕਾਇਲ ਹੈ । ਇਸ ਲਈ ਅਜਿਹੇ ਸਮੇ ਜੋ ਸਾਡੇ ਕੁਝ ਕੁ ਪ੍ਰਤੀਸ਼ਤ ਹਿੰਦੂ ਵੀਰ ਤੇ ਆਗੂ, ਫਿਰਕੂ ਵਹਿਣ ਵਿਚ ਗ੍ਰਸਤ ਹੋ ਕੇ ਚੁੱਪ ਹਨ, ਜਾਂ ਹਕੂਮਤੀ ਪੰਜਾਬ ਤੇ ਸਿੱਖ ਕੌਮ ਵਿਰੋਧੀ ਸਾਜਿਸ ਦਾ ਜਾਣੇ ਜਾ ਅਣਜਾਣੇ ਰੂਪ ਵਿਚ ਹਿੱਸਾ ਬਣਕੇ ਇਸ ਹੋਏ ਗੈਰ ਕਾਨੂੰਨੀ ਤੇ ਅਣਮਨੁੱਖੀ ਅਮਲ ਦੀ ਹਾਮੀ ਭਰ ਰਹੇ ਹਨ, ਉਨ੍ਹਾਂ ਨੂੰ ਸਮੁੱਚੀ ਮਨੁੱਖਤਾ ਤੇ ਇਨਸਾਨੀਅਤ ਕਦਰਾਂ-ਕੀਮਤਾਂ ਦੇ ਬਿਨ੍ਹਾਂ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਵੱਲੋ ਇਹ ਗੰਭੀਰ ਅਪੀਲ ਹੈ ਕਿ ਉਹ ਇਸ ਫਿਰਕੂ ਵਹਿਣ ਵਿਚੋ ਨਿਕਲਕੇ ਆਪਣੇ ਇਨਸਾਨੀ ਫਰਜਾਂ ਦੀ ਪੂਰਤੀ ਕਰਦੇ ਹੋਏ ਇਸ ਜ਼ਬਰ ਜੁਲਮ ਦੀ ਚੱਲੀ ਹਕੂਮਤੀ ਹਨ੍ਹੇਰੀ ਵਿਰੁੱਧ ਆਵਾਜ ਬੁਲੰਦ ਕਰਨ ਦੇ ਫਰਜ ਨਿਭਾਉਣ ਤਾਂ ਕਿ ਕਿਸੇ ਵੀ ਮਾਂ ਦਾ ਕੋਈ ਪੁੱਤ, ਭੈਣ ਦਾ ਕੋਈ ਭਰਾ ਕਿਸੇ ਬੀਬੀ ਦਾ ਸੁਹਾਗ ਜਾਂ ਕਿਸੇ ਇਨਸਾਨੀ ਸਰੀਰ ਦਾ ਅਜਾਈ ਖੂਨ ਨਾ ਵਹਿ ਸਕੇ ਅਤੇ ਅਸੀ ਸਭ ਉਸ ਅਕਾਲ ਪੁਰਖ, ਖੁਦਾ, ਰਾਮ, ਅੱਲਾ, ਰਹੀਮ ਵਿਚ ਵਿਸਵਾਸ ਰੱਖਦੇ ਹੋਏ ਸਮੁੱਚੀ ਮਨੁੱਖਤਾ ਦੀ ਇਕ ਦੂਸਰੇ ਦੇ ਸਹਿਯੋਗ ਨਾਲ ਬਿਹਤਰੀ ਕਰਨ ਵਿਚ ਯੋਗਦਾਨ ਪਾਉਦੇ ਰਹੀਏ ਅਤੇ ਸਭ ਪਾਸੇ ਅਮਨ ਚੈਨ ਕਾਇਮ ਹੋ ਸਕੇ ।

Leave a Reply

Your email address will not be published. Required fields are marked *