ਸ੍ਰੀ ਮਨੀਸ ਸਸੋਦੀਆ ਦਾ ਨਿਰੰਤਰ ਰਿਮਾਂਡ ਲੈਣ ਦੀ ਕਾਰਵਾਈ, ਹੁਕਮਰਾਨਾਂ ਤੇ ਏਜੰਸੀਆ ਦੀ ਤਾਨਾਸਾਹੀ ਸੋਚ, ਜੇਕਰ ਕੋਈ ਅਣਹੋਣੀ ਗੱਲ ਹੋ ਗਈ ਤਾਂ ਮੋਦੀ ਸਰਕਾਰ ਜਿ਼ੰਮੇਵਾਰ ਹੋਵੇਗੀ : ਮਾਨ
ਫ਼ਤਹਿਗੜ੍ਹ ਸਾਹਿਬ, 18 ਮਾਰਚ ( ) “ਦਿੱਲੀ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਮਨੀਸ ਸਸੋਦੀਆ ਜਿਨ੍ਹਾਂ ਨੂੰ ਹੁਕਮਰਾਨਾਂ ਨੇ ਜੇਲ੍ਹ ਵਿਚ ਬੰਦੀ ਬਣਾਇਆ ਹੋਇਆ ਹੈ ਅਤੇ ਜਿਨ੍ਹਾਂ ਦੀ ਪਹਿਲੇ ਜੇਲ੍ਹ ਵਿਚ ਹੀ ਸੀ.ਬੀ.ਆਈ. ਨੇ ਰਿਮਾਂਡ ਲਿਆ, ਫਿਰ ਦਿੱਲੀ ਪੁਲਿਸ ਨੇ ਅਤੇ ਉਸ ਤੋ ਬਾਅਦ ਈ.ਡੀ. ਨੇ ਇਹ ਰਿਮਾਂਡ ਲਿਆ । ਜਦੋਕਿ ਜੇਲ੍ਹ ਵਿਚ ਬੰਦੀ ਬਣਾਏ ਕਿਸੇ ਇਨਸਾਨ ਦਾ ਰਿਮਾਂਡ ਪ੍ਰਾਪਤ ਕਰਨਾ ਗੈਰ-ਕਾਨੂੰਨੀ ਕਾਰਵਾਈ ਹੈ । ਜਦੋ ਉਨ੍ਹਾਂ ਨੂੰ ਇਨ੍ਹਾਂ ਸਾਰੀਆ ਸਰਕਾਰੀ ਏਜੰਸੀਆ ਨੇ ਛਾਣਬੀਨ ਕਰ ਲਈ ਹੈ, ਤਾਂ ਹੁਣ ਹੋਰ 5 ਦਿਨਾਂ ਲਈ ਜੱਜਾਂ ਵੱਲੋ ਰਿਮਾਂਡ ਦੇਣ ਦੀ ਗੱਲ ਇਨਸਾਫ਼ ਦੇਣ ਵਾਲੀ ਸੰਸਥਾਂ ਉਤੇ ਵੱਡਾ ਪ੍ਰਸ਼ਨ ਚਿੰਨ੍ਹ ਲਗਾਉਦੀ ਹੈ ਅਤੇ ਰਿਮਾਂਡ ਦੇਣ ਵਾਲੇ ਜਸਟਿਸ ਨੂੰ ਵੀ ਜਨਤਾ ਦੀ ਕਚਹਿਰੀ ਵਿਚ ਬਹੁਤ ਹੀ ਹੈਰਾਨਗੀ ਨਾਲ ਦੇਖਿਆ ਜਾ ਰਿਹਾ ਹੈ । ਜੇਕਰ ਸ੍ਰੀ ਮਨੀਸ ਸਸੋਦੀਆ ਜੋ ਨਿਰੰਤਰ ਮਾਨਸਿਕ ਅਤੇ ਸਰੀਰਕ ਤਸੱਦਦ ਦਾ ਸਾਹਮਣਾ ਕਰ ਰਹੇ ਹਨ, ਇਸ ਦਿੱਤੇ ਜਾ ਰਹੇ ਵਾਰ-ਵਾਰ ਰਿਮਾਂਡ ਦੀ ਬਦੌਲਤ ਉਨ੍ਹਾਂ ਦਾ ਸਰੀਰਕ ਤੌਰ ਤੇ ਕੋਈ ਨੁਕਸਾਨ ਹੋ ਗਿਆ ਤਾਂ ਮੌਜੂਦਾ ਮੁਤੱਸਵੀ ਮੋਦੀ ਹਕੂਮਤ ਤੇ ਸ੍ਰੀ ਮੋਦੀ ਇਸ ਵੱਡੇ ਦੋਸ਼ ਤੋ ਨਹੀ ਬਚ ਸਕਣਗੇ ਅਤੇ ਇਨ੍ਹਾਂ ਦੀਆਂ ਅਜਿਹੀਆ ਈਰਖਾਵਾਦੀ ਕਾਰਵਾਈਆ ਸਮੁੱਚੇ ਮੁਲਕ ਦੇ ਪ੍ਰਬੰਧਕੀ ਤੇ ਸਮਾਜਿਕ ਮਾਹੌਲ ਨੂੰ ਗੰਧਲਾ ਹੀ ਕਰ ਰਹੇ ਹੋਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਹੁਕਮਰਾਨਾਂ ਅਤੇ ਉਨ੍ਹਾਂ ਦੇ ਹੱਥਾਂ ਵਿਚ ਔਜਾਰ ਬਣੀਆ ਸੀ.ਬੀ.ਆਈ, ਈ.ਡੀ ਵਰਗੀਆ ਏਜੰਸੀਆ ਵੱਲੋ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਮਨੀਸ ਸਸੋਦੀਆ ਨੂੰ ਨਿਰੰਤਰ ਲੰਮੇ ਸਮੇ ਤੋ ਮਾਨਸਿਕ ਅਤੇ ਸਰੀਰਕ ਤਸੱਦਦ ਕਰਨ ਦੀਆਂ ਈਰਖਾਵਾਦੀ ਕਾਰਵਾਈਆ ਦਾ ਸਖ਼ਤ ਨੋਟਿਸ ਲੈਦੇ ਹੋਏ ਅਤੇ ਸਖਤ ਸ਼ਬਦਾਂ ਵਿਚ ਹਕੂਮਤੀ ਵਰਤਾਰੇ ਦੀ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮੁਤੱਸਵੀ ਹੁਕਮਰਾਨਾਂ ਦੀ ਮੰਦਭਾਵਨਾ ਭਰੀ ਸੋਚ ਉਤੇ ਅਮਲ ਕਰਨ ਵਾਲੀ ਅਫਸਰਸਾਹੀ ਨੂੰ ਹੁਕਮਰਾਨਾਂ ਵੱਲੋ ਕੇਵਲ ਹਰ ਤਰ੍ਹਾਂ ਦੀ ਸਰਪ੍ਰਸਤੀ ਹੀ ਹਾਸਿਲ ਨਹੀ ਬਲਕਿ ਉਨ੍ਹਾਂ ਦੀ ਸੇਵਾਕਾਲ ਦਾ ਸਮਾਂ ਖਤਮ ਹੋਣ ਉਪਰੰਤ ਵੀ ਹੁਕਮਰਾਨਾਂ ਵੱਲੋ ਉਨ੍ਹਾਂ ਦੀ ਸੇਵਾ ਦੇ ਸਮੇ ਨੂੰ ਇਸ ਲਈ ਹੀ ਵਧਾਇਆ ਜਾ ਰਿਹਾ ਹੈ ਤਾਂ ਕਿ ਹੁਕਮਰਾਨ ਆਪਣੇ ਮਕਸਦਾਂ ਦੀ ਇਨ੍ਹਾਂ ਦੀ ਦੁਰਵਰਤੋ ਕਰਕੇ ਪੂਰਤੀ ਕਰ ਸਕਣ । ਇਹੀ ਵਜਹ ਹੈ ਕਿ ਜ਼ਾਬਰ ਅਤੇ ਜਾਲਮ ਸੋਚ ਦੇ ਮਾਲਕ ਸ੍ਰੀ ਸੰਜੇ ਕੁਮਾਰ ਮਿਸਰਾ ਡਾਈਰੈਕਟਰ ਆਫ ਇਨਫੋਰਸਮੈਂਟ ਦੇ ਕਾਰਜਕਾਲ ਦੀ ਮਿਆਦ ਹੁਕਮਰਾਨਾਂ ਵੱਲੋ ਵਧਾ ਦਿੱਤੀ ਗਈ ਹੈ । ਕਿਉਂਕਿ ਇਹ ਹੁਕਮਰਾਨਾਂ ਵੱਲੋ ਕੀਤੇ ਜਾਣ ਵਾਲੇ ਘਪਲਿਆ, ਧੋਖਿਆ ਦੀ ਗੱਲ ਨੂੰ ਉਜਾਗਰ ਕਰਨ ਵਾਲਿਆ ਦੀ ਜਾਂਚ ਕਰਦੇ ਹੋਏ ਹੇਠਲੇ ਪੱਧਰ ਤੱਕ ਤਸੱਦਦ ਅਤੇ ਮਾਨਸਿਕ ਦਬਾਅ ਪਾਉਦਾ ਹੈ । ਜਿਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਅਜਿਹੀ ਅਫਸਰਸਾਹੀ ਅਤੇ ਹੁਕਮਰਾਨ ਸੱਚ ਦੀ ਆਵਾਜ ਨੂੰ ਬੁਲੰਦ ਕਰਨ ਵਾਲਿਆ ਨੂੰ ਦਬਾਉਣ ਲਈ ਕਿੰਨੇ ਤੋ ਕਿੰਨੀ ਹੇਠਲੀ ਹੱਦ ਤੱਕ ਜਾ ਸਕਦੇ ਹਨ । ਪਰ ਅਜਿਹਾ ਅਮਲ ਕਰਕੇ ਵੀ ਇਹ ਹੁਕਮਰਾਨ ਅਤੇ ਇਨ੍ਹਾਂ ਦੀ ਜੀ-ਹਜੂਰੀ ਕਰਨ ਵਾਲੀ ਅਫਸਰਸਾਹੀ ਸੱਚ ਨੂੰ ਨਹੀ ਦਬਾਅ ਸਕਣਗੇ । ਇਹ ਤਬਦੀਲੀ ਹਰ ਕੀਮਤ ਤੇ ਮੁਲਕ ਵਿਚ ਆ ਕੇ ਰਹੇਗੀ ।
ਸ. ਮਾਨ ਨੇ ਇਸ ਗੱਲ ਤੇ ਵੀ ਗਹਿਰਾ ਦੁੱਖ ਤੇ ਹੈਰਾਨੀ ਜਾਹਰ ਕੀਤੀ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਇਨ੍ਹਾਂ ਦੀਆਂ ਕਾਰਵਾਈਆ ਨੂੰ ਦਿੱਲੀ ਅਤੇ ਪੰਜਾਬ ਵਿਚ ਅਮਲੀ ਰੂਪ ਦੇਣ ਵਾਲੇ ਰਾਜ ਸਭਾ ਮੈਬਰ ਰਾਘਵ ਚੱਢਾ ਵਰਗੇ ਸਭ ਆਪਣੀਆ ਪੂੰਛਾ ਦੁੰਮ ਵਿਚ ਦਬਾਕੇ ਸੁੱਤੇ ਪਏ ਹਨ ਅਤੇ ਸ੍ਰੀ ਸਸੋਦੀਆ ਨਾਲ ਏਜੰਸੀਆ ਅਤੇ ਹੁਕਮਰਾਨਾਂ ਵੱਲੋ ਹੇਠਲੇ ਦਰਜੇ ਦੇ ਕੀਤੇ ਜਾ ਰਹੇ ਦੁਰਵਿਹਾਰ ਵਿਰੁੱਧ ਆਵਾਜ ਨਹੀ ਕੱਢ ਰਹੇ । ਜਦੋਕਿ ਦਾਸ (ਸਿਮਰਨਜੀਤ ਸਿੰਘ ਮਾਨ) ਜੋ ਅਜਿਹੇ ਸਮਿਆਂ ਉਤੇ ਨਿਰਪੱਖਤਾ ਨਾਲ ਆਪਣੀ ਇਖਲਾਕੀ ਤੇ ਸਮਾਜਿਕ ਜਿੰਮੇਵਾਰੀ ਪੂਰਨ ਕਰਦਾ ਆ ਰਿਹਾ ਹੈ, ਉਸ ਸੰਬੰਧੀ ਰਾਘਵ ਚੱਢੇ ਵਰਗੇ ਇਸ ਗੱਲ ਤੇ ਲੱਗੇ ਰਹਿੰਦੇ ਹਨ ਕਿ ਸ. ਮਾਨ ਦੀ ਪਾਰਲੀਮੈਂਟ ਵਿਚ ਹਾਜਰੀ ਕਿੰਨੀ ਹੈ ?