ਕੈਨੇਡਾ ਦੇ ਸਿਟੀਜਨ ਸ. ਪ੍ਰਦੀਪ ਸਿੰਘ ਨਾਮ ਦੇ ਸਿੱਖ ਨੌਜ਼ਵਾਨ ਦਾ ਕਤਲ ਹੋ ਜਾਣਾ ਅਤਿ ਅਫਸੋਸਨਾਕ, ਸਿੱਖ ਨੌਜ਼ਵਾਨੀ ਕੌਮੀ ਪ੍ਰੋਗਰਾਮਾਂ ਉਤੇ ਸੰਜਮ ਵਿਚ ਰਹਿਕੇ ਹੀ ਵਿਚਰਣ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 08 ਮਾਰਚ ( ) “ਇਸ ਵਿਚ ਕੋਈ ਸ਼ੱਕ ਬਾਕੀ ਨਹੀ ਕਿ ਇੰਡੀਆ ਦੇ ਮੁਤੱਸਵੀ ਹੁਕਮਰਾਨ, ਗੋਦੀ ਮੀਡੀਆ, ਫਿਰਕੂ ਸੋਚ ਵਾਲੇ ਸਿਆਸਤਦਾਨ ਅਤੇ ਉੱਚ ਅਫਸਰਸਾਹੀ ਵੱਲੋਂ ਇਕ ਡੂੰਘੀ ਸਾਜਿਸ ਤਹਿਤ ‘ਸਰਬੱਤ ਦਾ ਭਲਾ’ ਲੋੜਨ ਵਾਲੀ ਅਤੇ ਹਰ ਤਰ੍ਹਾਂ ਦੇ ਜ਼ਬਰ ਜੁਲਮ ਅਤੇ ਬੇਇਨਸਾਫ਼ੀ ਵਿਰੁੱਧ ਦ੍ਰਿੜਤਾ ਨਾਲ ਆਪਣੀਆ ਕੌਮੀ ਪ੍ਰੰਪਰਾਵਾਂ ਉਤੇ ਪਹਿਰਾ ਦਿੰਦੀ ਹੋਈ ਜੂਝਣ ਵਾਲੀ ਸਿੱਖ ਕੌਮ ਨੂੰ ਸਮੁੱਚੇ ਇੰਡੀਆ ਅਤੇ ਦੂਸਰੀਆ ਕੌਮਾਂ ਵਿਚ ਬਦਨਾਮ ਕਰਨ, ਪੁਲਿਸ ਅਤੇ ਪੈਰਾਮਿਲਟਰੀ ਫੋਰਸਾਂ ਵੱਲੋ ਨਿਸ਼ਾਨਾਂ ਬਣਾਉਣ ਦੀਆਂ ਅਤਿ ਖ਼ਤਰਨਾਕ ਇਥੋ ਦੇ ਮਾਹੌਲ ਨੂੰ ਅਰਾਜਕਤਾ ਵੱਲ ਵਧਾਉਣ ਉਤੇ ਅਮਲ ਕਰ ਰਹੀਆ ਹਨ । ਇਨ੍ਹਾਂ ਸਭਨਾਂ ਨੇ ਸਮੂਹਿਕ ਤੌਰ ਤੇ ਸਿੱਖ ਕੌਮ ਵਿਰੁੱਧ ਨਫ਼ਰਤ ਫੈਲਾਉਣ ਅਤੇ ਉਨ੍ਹਾਂ ਨੂੰ ਬੁਰਾਈ ਵੱਜੋ ਪੇਸ਼ ਕਰਨ ਦੀਆਂ ਕਾਰਵਾਈਆ ਸੁਰੂ ਕੀਤੀਆ ਹੋਈਆ ਹਨ । ਇਹੀ ਵਜਹ ਹੈ ਕਿ ਇੰਡੀਆ ਦੇ ਵੱਖ-ਵੱਖ ਕਈ ਸੂਬਿਆਂ ਵਿਚ ਹਿਮਾਚਲ ਦੇ ਗੁਰਦੁਆਰਾ ਮਨੀਕਰਨ ਸਾਹਿਬ ਦੀ ਯਾਤਰਾ ਤੇ ਜਾਣ ਵਾਲੇ ਸਿੱਖਾਂ ਨੂੰ ਪਹਿਲੇ ਵੀ ਨਿਸ਼ਾਨਾਂ ਬਣਾਇਆ ਜਾਂਦਾ ਰਿਹਾ ਹੈ ਅਤੇ ਬੀਤੇ ਦਿਨੀ ਵੀ ਨਿਸ਼ਾਨਾਂ ਬਣਾਇਆ ਗਿਆ ਹੈ । ਪਰ ਇਸ ਗੱਲ ਤੋ ਵੀ ਇਨਕਾਰ ਨਹੀ ਕੀਤਾ ਜਾ ਸਕਦਾ ਕਿ ਸਕੂਲੀ ਅਤੇ ਕਾਲਜ ਦੇ ਛੋਟੀ ਉਮਰ ਦੀ ਨੌਜਵਾਨੀ ਜੋ ਵੱਖ-ਵੱਖ ਸਮਿਆ ਉਤੇ ਆਪਣੇ ਕੌਮੀ ਤਿਉਹਾਰਾਂ, ਪ੍ਰੋਗਰਾਮਾਂ ਵਿਚ ਸਾਮਿਲ ਹੋਣ ਲਈ ਅਤੇ ਗੁਰੂਘਰਾਂ ਨੂੰ ਨਤਮਸਤਕ ਹੋਣ ਲਈ ਗਰੁੱਪਾ ਦੇ ਰੂਪ ਵਿਚ ਇਕੱਠੇ ਹੋ ਕੇ ਜਾਂਦੇ ਹਨ । ਕਈ ਵਾਰੀ ਉਸ ਨੌਜਵਾਨੀ ਨੂੰ ਇਨ੍ਹਾਂ ਦਿਨਾਂ ਦੇ ਵੱਡੇ ਮਹੱਤਵ ਅਤੇ ਅਰਥ ਭਰਪੂਰ ਮਕਸਦ ਦੀ ਜਾਣਕਾਰੀ ਨਾ ਹੋਣ ਦੀ ਬਦੌਲਤ ਉਹ ਆਉਦੇ-ਜਾਂਦੇ ਆਪਣੇ ਮੋਟਰਸਾਈਕਲਾਂ, ਵਹੀਕਲਜ ਦੇ ਸਾਈਲੈਸਰ ਦੇ ਉੱਚੀ ਆਵਾਜ ਦੇ ਪਟਾਕੇ ਅਤੇ ਆਪਣੇ ਵਹੀਕਲਜ ਵਿਚ ਉੱਚੀ ਆਵਾਜ ਵਿਚ ਪੰਜਾਬੀ ਸੱਭਿਆਚਾਰ ਤੋ ਦੂਰ ਵਾਲੇ ਗੀਤ ਗਾਣੇ ਵਜਾਉਦੇ ਹੋਏ ਮਨਪ੍ਰਚਾਵਾਂ ਕਰਦੇ ਜਾ ਰਹੇ ਹੁੰਦੇ ਹਨ ਜਿਸ ਨਾਲ ਆਉਣ-ਜਾਣ ਵਾਲੇ ਜਾਂ ਬਸਤੀਆ ਵਿਚ ਅਜਿਹੇ ਅਮਲਾਂ ਨਾਲ ਮਨਾਂ-ਆਤਮਾਵਾ ਨੂੰ ਠੇਸ ਪਹੁੰਚਦੀ ਹੈ ਜਿਸ ਤੋ ਗੁਰੇਜ ਕਰਨਾ ਚਾਹੀਦਾ ਹੈ ਅਤੇ ਆਪਣੀ ਸਿੱਖ ਕੌਮ ਦੀ ਉੱਚੀ ਸੁੱਚੀ ਕੌਮਾਂਤਰੀ ਪੱਧਰ ਤੇ ਬਣੀ ਛਬੀ ਦੇ ਉਲਟ ਅਜਿਹਾ ਕੋਈ ਵੀ ਅਮਲ ਨਹੀ ਕਰਨਾ ਚਾਹੀਦਾ ਜਿਸ ਨਾਲ ਸਿੱਖ ਕੌਮ ਦਾ ਕਿਰਦਾਰ ਪ੍ਰਸ਼ਨਾਂ ਵਿਚ ਆਵੇ । ਜੋ ਬੀਤੇ ਦਿਨੀ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਕੈਨੇਡੀਅਨ ਨੌਜਵਾਨ ਪ੍ਰਦੀਪ ਸਿੰਘ ਉਰਫ ਪ੍ਰਿੰਸ ਵਾਸੀ ਗਾਜੀਕੋਟ ਜਿ਼ਲ੍ਹਾ ਗੁਰਦਾਸਪੁਰ ਦਾ ਕਤਲ ਹੋਇਆ ਹੈ, ਉਹ ਵੀ ਉਸ ਨੌਜਵਾਨ ਵੱਲੋ ਕੁਝ ਨੌਜਵਾਨਾਂ ਨੂੰ ਮੋਟਰਸਾਈਕਲਾਂ ਤੇ ਪਟਾਕੇ ਮਾਰਨ ਅਤੇ ਉੱਚੀ ਆਵਾਜ ਵਿਚ ਗੈਰ ਸੱਭਿਆਚਾਰ ਗੀਤ ਗਾਉਣ ਤੋ ਰੋਕਣ ਦੀ ਬੇਨਤੀ ਕਰਨ ਦੀ ਬਦੌਲਤ ਹੋਇਆ ਹੈ । ਜੋ ਅਤਿ ਅਫਸੋਸਨਾਕ ਅਤੇ ਇਕ ਸਿੱਖ ਪਰਿਵਾਰ ਦੇ ਹੋਣਹਾਰ ਨੌਜਵਾਨ ਨੂੰ ਖੋਹਣ ਦੀ ਅਤਿ ਦੁੱਖਦਾਇਕ ਕਾਰਵਾਈ ਹੋਈ ਹੈ । ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਨੂੰ ਗਹਿਰਾ ਦੁੱਖ ਹੈ । ਅਜਿਹਾ ਸਿੱਖੀ ਅਤੇ ਕੌਮੀ ਵੱਡੇ ਪ੍ਰੋਗਰਾਮਾਂ ਤੇ ਤਿਉਹਾਰਾਂ ਉਤੇ ਕੁਝ ਵੀ ਗੈਰ ਸਮਾਜਿਕ ਜਾਂ ਗੈਰ ਇਨਸਾਨੀ ਕਾਰਵਾਈ ਨਹੀ ਹੋਣੀ ਚਾਹੀਦੀ । ਜਿਸ ਤੋ ਸਿੱਖ ਕੌਮ ਨੂੰ ਸੰਜੀਦਗੀ ਨਾਲ ਸੁਚੇਤ ਰਹਿਣਾ ਚਾਹੀਦਾ ਹੈ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਿੱਖੀ ਨਿਹੰਗ ਸਿੰਘ ਦੇ ਬਾਣੇ ਵਿਚ ਕੈਨੇਡਾ ਤੋ ਆਏ ਸੰਜ਼ੀਦਾ ਸਿੱਖ ਨੌਜਵਾਨ ਪ੍ਰਦੀਪ ਸਿੰਘ ਦੀ ਹੋਈ ਦਰਦਨਾਕ ਮੌਤ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਗਹਿਰੇ ਦੁੱਖ ਦਾ ਇਜਹਾਰ ਕਰਦੇ ਹੋਏ ਅਤੇ ਜਿਸ ਪਰਿਵਾਰ ਦੇ ਇਸ ਬੱਚੇ ਦੀ ਜਾਨ ਗਈ ਹੈ, ਉਸਦੇ ਮਾਪਿਆ, ਭੈਣ-ਭਰਾਵਾਂ ਅਤੇ ਇਸ ਵਾਪਰੇ ਦੁਖਾਂਤ ਉਤੇ ਸਿੱਖ ਕੌਮ ਨੂੰ ਪਹੁੰਚੀ ਠੇਸ ਪ੍ਰਤੀ ਹਮਦਰਦੀ ਜਾਹਰ ਕਰਦੇ ਹੋਏ ਅਤੇ ਵਿਛੜੀ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਹੋਲੇ ਮਹੱਲੇ ਦੇ ਵੱਡੇ ਦਿਹਾੜੇ ਦੇ ਚੜ੍ਹਦੀ ਕਲਾਂ ਵਾਲੇ ਅਤੇ ਫ਼ਤਹਿ ਦੇ ਪ੍ਰਤੀਕ ਇਸ ਤਿਉਹਾਰ ਉਤੇ ਜੋ ਨੌਜਵਾਨ ਨਾਲ ਦੁਖਾਂਤ ਵਾਪਰਿਆ ਹੈ, ਉਸਨੂੰ ਸਮੁੱਚੀ ਸਿੱਖ ਕੌਮ ਨੂੰ ਅਤੇ ਨੌਜਵਾਨੀ ਨੂੰ ਸੰਜੀਦਗੀ ਨਾਲ ਲੈਦੇ ਹੋਏ ਅਜਿਹੇ ਸਮਿਆ ਉਤੇ ਕੌਮੀ ਪ੍ਰੰਪਰਾਵਾ, ਰਵਾਇਤਾ, ਮਨੁੱਖਤਾ ਪੱਖੀ ਸੋਚ ਅਤੇ ਕੌਮ ਤੇ ਸਮਾਜ ਦੀ ਚੜ੍ਹਦੀ ਕਲਾਂ ਅਤੇ ਫਤਹਿ ਦੇ ਮਹਾਨ ਸ਼ਬਦਾਂ ਦੀ ਗੁਰੂ ਸਾਹਿਬਾਨ ਵੱਲੋ ਸਾਨੂੰ ਪ੍ਰਦਾਨ ਕੀਤੀ ਗਈ ਸ਼ਕਤੀ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਉਦਮ ਹੋਣੇ ਚਾਹੀਦੇ ਹਨ । ਅਜਿਹਾ ਕੋਈ ਵੀ ਅਮਲ ਨਹੀ ਹੋਣਾ ਚਾਹੀਦਾ ਜਿਸ ਨਾਲ ਖ਼ਾਲਸਾ ਪੰਥ ਨੂੰ ਜਿਸਦੀ ਕੌਮਾਂਤਰੀ ਪੱਧਰ ਤੇ ਲੰਮੇ ਸਮੇ ਤੋ ਆਨ ਸਾਨ ਕਾਇਮ ਹੈ ਅਤੇ ਜੋ ਸੰਸਾਰ ਪੱਧਰ ਤੇ ਹਰ ਖੇਤਰ ਵਿਚ ਸਤਿਕਾਰੇ ਜਾਂਦੇ ਹਨ, ਉਨ੍ਹਾਂ ਪ੍ਰੰਪਰਾਵਾ ਤੇ ਰਵਾਇਤਾ ਤੇ ਕੌਮੀ ਸੋਚ ਨੂੰ ਕਿਸੇ ਤਰ੍ਹਾਂ ਦੀ ਠੇਸ ਪਹੁੰਚੇ ਅਤੇ ਸਾਡੀ ਕੌਮ ਦਾ ਕਿਸੇ ਤਰ੍ਹਾਂ ਦਾ ਜਾਨੀ, ਮਾਲੀ, ਇਖਲਾਕੀ ਅਤੇ ਸਮਾਜਿਕ ਨੁਕਸਾਨ ਹੋਣ ਦੀ ਬਦੌਲਤ ਕੌਮ ਨੂੰ ਨਮੋਸੀ ਦਾ ਸਾਹਮਣਾ ਕਰਨਾ ਪਵੇ । ਬਲਕਿ ਅਜਿਹੇ ਸਮਿਆ ਤੇ ਸਾਨੂੰ ਆਪਣੇ ਉੱਚੇ-ਸੁੱਚੇ ਇਖਲਾਕ ਨਾਲ ਸੰਬੰਧਤ ਉਦਮਾਂ ਅਤੇ ਫਰਜਾਂ ਨੂੰ ਪੂਰਨ ਕਰਦੇ ਹੋਏ ਆਪਣੀ ਕੌਮਾਂਤਰੀ ਸਾਖ ਵਿਚ ਵਾਧਾ ਕਰਨ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਜਿਸ ਮਕਸਦ, ਕੌਮੀ ਸੋਚ ਅਤੇ ਵੱਡੇ ਤਿਉਹਾਰ ਦੇ ਮਹੱਤਵ ਨੂੰ ਲੈਕੇ ਅਜਿਹੇ ਸਮਿਆ ਤੇ ਕੌਮੀ ਇਕੱਤਰਤਾਵਾ ਹੁੰਦੀਆ ਹਨ, ਉਹ ਆਪਣੇ ਮਹਾਨ ਅਸਥਾਨਾਂ ਨੂੰ ਸਹੀ ਮਾਇਨਿਆ ਵਿਚ ਨਤਮਸਤਕ ਹੋ ਕੇ ਗੁਰੂ ਸਾਹਿਬਾਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਰਧਾ ਨੂੰ ਹੋਰ ਵਧੇਰੇ ਪ੍ਰਪੱਕ ਕਰਦੇ ਹੋਏ ਉਸੇ ਸੋਚ ਤੇ ਅੱਗੇ ਵੱਧਣਾ ਜਰੂਰੀ ਹੈ ਤਾਂ ਕਿ ਅਸੀ ਗੁਰੂ ਸਾਹਿਬਾਨ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਨਸਾਨੀਅਤ ਤੇ ਮਨੁੱਖਤਾ ਪੱਖੀ ਮਕਸਦ ਨੂੰ ਸਮਝਦੇ ਅਤੇ ਪ੍ਰਚਾਰਦੇ ਹੋਏ ਆਪਣੀ ਕੌਮਾਂਤਰੀ ਸਾਂਖ ਵਿਚ ਵਾਧਾ ਵੀ ਕਰ ਸਕੀਏ ਅਤੇ ਜੋ ਵੱਖ-ਵੱਖ ਸੂਬਿਆਂ ਜਾਂ ਇਲਾਕਿਆ ਵਿਚ ਮੁਤੱਸਵੀ ਸੋਚ ਅਧੀਨ ਸਾਡੀ ਸਿੱਖ ਕੌਮ ਨੂੰ ਹੁਕਮਰਾਨ ਇਹ ਫਿਰਕੂ ਲੋਕ ਨਿਸ਼ਾਨਾਂ ਬਣਾਕੇ ਹਮਲੇ ਅਤੇ ਨੁਕਸਾਨ ਕਰਦੇ ਹਨ ਅਤੇ ਸਾਡੀ ਛਬੀ ਨੂੰ ਦਾਗੀ ਕਰਨ ਦੀ ਕੋਸਿ਼ਸ਼ ਕਰਦੇ ਹਨ, ਉਨ੍ਹਾਂ ਨੂੰ ਅਜਿਹਾ ਕਰਨ ਦਾ ਮੌਕਾ ਹੀ ਨਾ ਮਿਲ ਸਕੇ । ਭਾਵੇ ਇਹ ਹਿੰਦੂਤਵ ਤਾਕਤਾਂ ਅਤੇ ਮੁਤੱਸਵੀ ਲੋਕ ਸਾਡੇ ਵਿਚ ਕਿਸੇ ਤਰ੍ਹਾਂ ਦੀ ਇਖਲਾਕੀ, ਸਮਾਜਿਕ, ਧਾਰਮਿਕ ਤੇ ਇਨਸਾਨੀਅਤ ਕਮੀ ਨਾ ਹੋਣ ਦੀ ਬਦੌਲਤ ਵੀ ਸਾਨੂੰ ਸਮੇ-ਸਮੇ ਤੇ ਸਾਜਸੀ ਢੰਗਾਂ ਰਾਹੀ ਨਿਸ਼ਾਨਾਂ ਬਣਾਉਣ, ਸਾਡਾ ਕੌਮੀ ਕਤਲੇਆਮ ਕਰਨ ਅਤੇ ਸਾਨੂੰ ਬਦਨਾਮ ਕਰਨ ਦੇ ਮੌਕਿਆ ਤੇ ਨਹੀ ਖੁੱਝਦੇ, ਪਰ ਜਦੋ ਅਸੀ ਆਪਣੇ ਗੁਰੂ ਸਾਹਿਬਾਨ ਜੀ ਦੀ ਸੋਚ ਉਤੇ ਅਮਲ ਕਰਦੇ ਹੋਏ ਹਰ ਖੇਤਰ ਵਿਚ ਵਿਚਰਾਂਗੇ, ਤਾਂ ਹਿੰਦੂ ਕੌਮ ਵਿਚ ਵੀ ਇਨਸਾਨੀਅਤ ਪੱਖੀ ਸੋਚ ਰੱਖਣ ਵਾਲੇ ਲੋਕ ਅਤੇ ਬਾਹਰਲੇ ਮੁਲਕਾਂ ਦੇ ਹੁਕਮਰਾਨ, ਸੱਚ-ਝੂਠ, ਬਦੀ ਅਤੇ ਨੇਕੀ, ਸਹੀ ਅਤੇ ਗਲਤ ਦਾ ਨਿਰਨਾ ਕਰਕੇ ਖਾਲਸਾ ਪੰਥ ਨੂੰ ਮਦਦ ਕਰਨ ਅਤੇ ਉਸ ਸੱਚ ਨੂੰ ਹੋਰ ਤਾਕਤ ਬਖਸਣ ਤੋ ਕਦੀ ਵੀ ਪਿੱਛਾ ਨਹੀ ਹੋ ਸਕਣਗੇ ਅਤੇ ਖਾਲਸਾ ਪੰਥ ਦੀ ਹਰ ਕੀਮਤ ਤੇ ਹਰ ਖੇਤਰ ਵਿਚ ਫਤਹਿ ਹੋ ਕੇ ਰਹੇਗੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਮੁੱਚੀ ਸਿੱਖ ਕੌਮ ਵਿਸੇਸ ਤੌਰ ਤੇ ਸਾਡੀ ਨੌਜਵਾਨੀ ਅਜਿਹੇ ਮੌਕਿਆ ਤੇ ਅਤੇ ਹੋਰ ਖੇਤਰਾਂ ਵਿਚ ਵਿਚਰਦੇ ਹੋਏ ਆਪਣੇ ਉੱਚੇ-ਸੁੱਚੇ ਇਖਲਾਕ ਅਤੇ ਸੋਚ ਨੂੰ ਕਦੀ ਨਹੀ ਵਿਸਾਰਣਗੇ ਅਤੇ ਸਿੱਖ ਕੌਮ ਵਿਰੋਧੀ ਤਾਕਤਾਂ ਨੂੰ ਆਪਣੀਆ ਸਾਜਿਸਾਂ ਨੂੰ ਕਾਮਯਾਬ ਕਰਨ ਵਿਚ ਅਛੋਪਲੇ ਰੂਪ ਵਿਚ ਜਾਂ ਅਨਜਾਣਤਾ ਰੂਪ ਵਿਚ ਮਦਦ ਕਰਨ ਦੀ ਗੁਸਤਾਖੀ ਨਹੀ ਕਰਨਗੇ । ਸ. ਟਿਵਾਣਾ ਨੇ ਪਾਰਟੀ ਬਿਨ੍ਹਾਂ ਤੇ ਇਕ ਵਾਰੀ ਫਿਰ ਸ. ਪ੍ਰਦੀਪ ਸਿੰਘ ਨੌਜਵਾਨ ਦੇ ਪਰਿਵਾਰ ਦੇ ਦੁੱਖ ਵਿਚ ਸਮੂਲੀਅਤ ਕਰਦੇ ਹੋਏ ਵਿਛੜੀ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕੀਤੀ, ਉਥੇ ਸਮੂਹ ਕੌਮ ਦੇ ਵੱਖ ਵੱਖ ਸਿਆਸੀ, ਸਮਾਜਿਕ, ਧਾਰਮਿਕ ਧੜਿਆ, ਗਰੁੱਪਾਂ ਵੱਲੋ ਅਜੋਕੇ ਅਤਿ ਸੰਜੀਦਾ ਸਮੇ ਵਿਚ ਇਕ ਰੂਪ ਵਿਚ ਇਕ ਤਾਕਤ ਹੋ ਕੇ ਸਮੂਹਿਕ ਰੂਪ ਵਿਚ ਵਿਚਰਣ ਦੀ ਅਰਜੋਈ ਵੀ ਕੀਤੀ ।

Leave a Reply

Your email address will not be published. Required fields are marked *