ਇਰਾਕ ਤੇ ਇੰਡੀਆ ਦੇ ਅੱਛੇ ਸੰਬੰਧ ਹਨ, ਫਿਰ ਆਈ.ਐਸ.ਆਈ.ਐਸ. ਸਿੱਖਾਂ ਉਤੇ ਹਮਲੇ ਕਿਉਂ ਕਰ ਰਹੀ ਹੈ, ਸਾਨੂੰ ਦੱਸਿਆ ਜਾਵੇ ? : ਮਾਨ

ਫ਼ਤਹਿਗੜ੍ਹ ਸਾਹਿਬ, 02 ਫਰਵਰੀ ( ) “ਜਦੋਂ ਬੀਤੇ ਸਮੇਂ ਵਿਚ ਆਇਲ ਫਾਰ ਫੂਡ ਦੇ ਇੰਡੀਆ ਅਤੇ ਇਰਾਕ ਦੇ ਹੋਏ ਗੁਪਤ ਸਮਝੋਤੇ ਸਮੇਂ ਬਹੁਤ ਵੱਡਾ ਘਪਲਾ ਹੋਇਆ ਸੀ, ਉਸਦੀ ਲੰਮੇ ਸਮੇ ਤੋ ਕੋਈ ਤਫਤੀਸ ਤੇ ਜਾਂਚ ਨਹੀ ਕਰਵਾਈ ਜਾ ਰਹੀ ਅਤੇ ਸੱਚ ਨੂੰ ਸਾਹਮਣੇ ਲਿਆਉਣ ਤੋ ਰੋਕਿਆ ਜਾ ਰਿਹਾ ਹੈ । ਉਸ ਸਮੇ ਤੋ ਹੀ ਇਰਾਕ ਤੇ ਇੰਡੀਆ ਦੇ ਸੰਬੰਧ ਨਿਰੰਤਰ ਅੱਛੇ ਹਨ, ਦੋਵਾਂ ਦੀ ਹਰ ਪੱਖੋ ਡੂੰਘੀ ਗਾਂਠ-ਸਾਂਠ ਹੈ । ਇਨ੍ਹਾਂ ਸੰਬੰਧਾਂ ਦੇ ਬਾਵਜੂਦ ਇਰਾਕ ਵਿਚ ਸਦਾਮ ਹੁਸੈਨ ਦੀ ਹੋਈ ਮੌਤ ਤੋ ਬਾਅਦ ਜੋ ਉਸਦੀ ਫ਼ੌਜ ਵਿਚ ਇਕ ਵੱਡਾ ਹਿੱਸਾ ਟੁੱਟਕੇ ਆਈ.ਐਸ.ਆਈ.ਐਸ. ਬਣੀ ਹੈ, ਉਸ ਵੱਲੋਂ ਕਦੀ ਇਰਾਕ ਵਿਚ, ਅਫਗਾਨੀਸਤਾਨ ਦੇ ਗੁਰੂਘਰਾਂ ਵਿਚ, ਕਦੀ ਪੇਸ਼ਾਵਰ ਵਿਚ, ਕਦੀ ਸ੍ਰੀਨਗਰ ਵਿਚ ਸਿੱਖਾਂ ਉਤੇ ਹੀ ਹਮਲੇ ਕਿਉਂ ਕੀਤੇ ਜਾ ਰਹੇ ਹਨ ? ਇੰਡੀਆ ਸਰਕਾਰ, ਆਈ.ਬੀ, ਰਾਅ, ਵਿਦੇਸ਼ ਵਿਜਾਰਤ, ਸਿੱਖ ਕੌਮ ਨੂੰ ਜਨਤਕ ਤੌਰ ਤੇ ਇਸ ਗੱਲ ਦਾ ਜੁਆਬ ਦੇਵੇ ਕਿ ਆਈ.ਐਸ.ਆਈ.ਐਸ, ਤਹਿਰੀਕ-ਏ-ਤਾਲੀਬਾਨ ਵੱਲੋਂ ਸਿੱਖਾਂ ਉਤੇ ਹੋਣ ਵਾਲੇ ਹਮਲੇ ਕਿਉਂ ਨਹੀ ਰੋਕੇ ਜਾ ਰਹੇ ? ਇਸ ਪਿੱਛੇ ਇਰਾਕ ਤੇ ਇੰਡੀਆ ਦੇ ਹੁਕਮਰਾਨਾਂ ਦੀ ਕੀ ਪਾਲਸੀ ਹੈ ? ਉਸਦੀ ਜਾਣਕਾਰੀ ਦਿੱਤੀ ਜਾਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਹੁਕਮਰਾਨਾਂ ਉਸਦੀਆਂ ਮੁੱਖ ਏਜੰਸੀਆ ਆਈ.ਬੀ, ਰਾਅ ਅਤੇ ਵਿਦੇਸ਼ ਵਿਭਾਗ ਨੂੰ ਕੌਮਾਂਤਰੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਅਤੇ ਸਿੱਖ ਕੌਮ ਉਤੇ ਇਰਾਕ ਦੀ ਸਰਪ੍ਰਸਤੀ ਹੇਠ ਬਣੀ ਆਈ.ਐਸ.ਆਈ.ਐਸ. ਸੰਗਠਨ ਵੱਲੋਂ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਮਨੁੱਖਤਾ ਦਾ ਘਾਣ ਕਰਨ ਦਾ ਕੀ ਮਕਸਦ ਹੈ, ਦੀ ਜਾਣਕਾਰੀ ਮੰਗਦੇ ਹੋਏ ਪ੍ਰਗਟ ਕੀਤੇ । ਇਹ ਵੀ ਦੱਸਿਆ ਜਾਵੇ ਕਿ ਉਪਰੋਕਤ ਇੰਡੀਅਨ ਸੰਸਥਾਵਾਂ, ਹੁਕਮਰਾਨਾਂ, ਆਈ.ਐਸ.ਆਈ.ਐਸ. ਦੀ ਸਿੱਖਾਂ ਪ੍ਰਤੀ ਭਵਿੱਖ ਦੀ ਕੀ ਯੋਜਨਾ ਹੈ ? ਕੀ ਇਹ ਦੁਖਾਂਤ ਜਾਰੀ ਰਹੇਗਾ ਜਾਂ ਸੰਜ਼ੀਦਗੀ ਨਾਲ ਰੋਕੇ ਜਾਣਗੇ ? ਉਨ੍ਹਾਂ ਕਿਹਾ ਕਿ ਅਸੀ ਐਨ.ਆਈ.ਏ. ਅਤੇ ਐਨ.ਸੀ.ਬੀ. ਦੇ ਕ੍ਰਮਵਾਰ ਮੌਜੂਦਾ ਡਾਈਰੈਕਟਰ ਸ੍ਰੀ ਦਿਨਕਰ ਗੁਪਤਾ ਅਤੇ ਸ੍ਰੀ ਸੱਤਿਆ ਨਰਾਇਣ ਪ੍ਰਧਾਨ ਨੂੰ ਪੰਜਾਬ ਵਿਚ ਨਸ਼ੀਲੀਆਂ ਵਸਤਾਂ ਦੇ ਲੰਮੇ ਸਮੇ ਤੋ ਵੱਧਦੇ ਜਾ ਰਹੇ ਕਾਰੋਬਾਰ ਅਤੇ ਮਨੁੱਖਤਾ ਦੇ ਹੋ ਰਹੇ ਕਤਲੇਆਮ ਸੰਬੰਧੀ ਸਭ ਦਸਤਾਵੇਜ਼ ਸਮੇ-ਸਮੇ ਤੇ ਮੁੱਖ ਮੰਤਰੀ ਪੰਜਾਬ, ਗਵਰਨਰ ਪੰਜਾਬ, ਮੁੱਖ ਸਕੱਤਰ ਪੰਜਾਬ, ਗ੍ਰਹਿ ਸਕੱਤਰ ਪੰਜਾਬ, ਡੀਜੀਪੀ ਪੰਜਾਬ ਅਤੇ ਉਪਰੋਕਤ ਸੈਟਰ ਦੀਆਂ ਦੋਵੇ ਸੰਸਥਾਵਾਂ ਐਨ.ਆਈ.ਏ. ਅਤੇ ਐਨ.ਸੀ.ਬੀ. ਨੂੰ ਭੇਜੇ ਹਨ, ਪਰ ਇਨ੍ਹਾਂ ਵਿਚੋ ਕਿਸੇ ਨੇ ਵੀ ਇਸ ਗੰਭੀਰ ਵਿਸੇ ਉਤੇ ਅਮਲੀ ਕਾਰਵਾਈ ਕਰਨ ਲਈ ਕੁਝ ਨਹੀ ਕੀਤਾ । ਹੁਣ ਗਵਰਨਰ ਪੰਜਾਬ ਵੱਲੋਂ ਅੰਮ੍ਰਿਤਸਰ ਵਿਖੇ ਕਿਹਾ ਗਿਆ ਹੈ ਕਿ ਇਸ ਸੰਬੰਧੀ ਮੈਨੂੰ ਗੁਪਤ ਤੌਰ ਤੇ ਸਭ ਕੁਝ ਭੇਜਿਆ ਜਾਵੇ ਤਾਂ ਕਿ ਇਸ ਹੋ ਰਹੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਵਿਰੋਧੀ ਵਰਤਾਰੇ ਦਾ ਖਾਤਮਾ ਹੋ ਸਕੇ । ਜਦੋ ਅਸੀ ਸਭ ਜਿ਼ੰਮੇਵਾਰ ਉੱਚ ਅਹੁਦਿਆ ਤੇ ਬੈਠੇ ਅਫਸਰਾਨ ਨੂੰ ਇਹ ਜਾਣਕਾਰੀ ਪਹਿਲੋ ਹੀ ਦਿੱਤੀ ਹੋਈ ਹੈ, ਉਸ ਸੰਬੰਧੀ ਗਵਰਨਰ ਪੰਜਾਬ ਨੂੰ ਵੀ ਭੇਜ ਰਹੇ ਹਾਂ ਪਰ ਅੱਜ ਤੱਕ ਇਹ ਸਭ ਅਫਸਰਾਨ ਕੁੰਭਕਰਨੀ ਨੀਂਦ ਕਿਉਂ ਸੁੱਤੇ ਪਏ ਹਨ, ਪਹਿਲੇ ਗਵਰਨਰ ਪੰਜਾਬ ਇਸਦੀ ਸੀਮਤ ਸਮੇ ਵਿਚ ਜਾਂਚ ਕਰਵਾਉਣ ਅਤੇ ਇਸ ਵਿਸ਼ੇ ਤੇ ਅਮਲ ਨਾ ਕਰਨ ਵਾਲੀ ਅਫਸਰਸਾਹੀ ਨੂੰ ਪੰਜਾਬੀਆਂ ਦੀ ਕਚਹਿਰੀ ਵਿਚ ਖੜ੍ਹਾ ਕਰਕੇ ਪੰਜਾਬ ਦੇ ਮਾਹੌਲ ਨੂੰ ਗੰਧਲਾ ਕਰਨ ਵਾਲੀ ਅਫਸਰਸਾਹੀ ਨੂੰ ਸਿੰਝਿਆ ਜਾਵੇ ਅਤੇ ਗਵਰਨਰ ਪੰਜਾਬ ਗੰਭੀਰਤਾ ਨਾਲ ਇਸ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਦੇ ਹੁਣ ਤੱਕ ਦੇ ਸਾਹਮਣੇ ਆਏ ਦੋਸ਼ੀਆਂ ਤੇ ਸਮੱਗਲਰਾਂ ਅਤੇ ਅਫਸਰਸਾਹੀ ਨੂੰ ਕਾਬੂ ਕਰਨ ਦੀ ਜਿੰਮੇਵਾਰੀ ਨਿਭਾਉਣ । ਫਿਰ ਹੀ ਇਹ ਸਮਝਿਆ ਜਾਵੇਗਾ ਕਿ ਪੰਜਾਬ ਦੇ ਮਾਹੌਲ ਨੂੰ ਸਹੀ ਕਰਨ ਅਤੇ ਇਥੇ ਨਸ਼ੀਲੀਆਂ ਵਸਤਾਂ ਦੇ ਸੌਦਾਗਰਾਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਸੰਜ਼ੀਦਾ ਹਨ, ਵਰਨਾ ਗਵਰਨਰ ਪੰਜਾਬ ਵੀ ਉਸੇ ਮੁਤੱਸਵੀ ਹੁਕਮਰਾਨਾਂ ਦੀ ਗੁਲਾਮ ਬਣੀ ਅਫਸਰਸਾਹੀ ਦੀ ਕਤਾਰ ਵਿਚ ਜਾ ਕੇ ਖਲੋ ਜਾਣਗੇ ।

ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਗਵਰਨਰ ਪੰਜਾਬ ਪੂਰੀ ਜਿੰਮੇਵਾਰੀ ਤੇ ਸੰਜ਼ੀਦਗੀ ਨਾਲ ਜਿਥੇ ਨਸ਼ੀਲੀਆਂ ਵਸਤਾਂ ਦੇ ਪ੍ਰਫੁੱਲਿਤ ਹੋ ਰਹੇ ਕਾਰੋਬਾਰ ਅਤੇ ਸਰਕਾਰੀ ਸਰਪ੍ਰਸਤੀ ਦੀ ਜੰਜੀਰ ਨੂੰ ਤੋੜਕੇ ਅਮਲੀ ਰੂਪ ਵਿਚ ਉਦਮ ਕਰਨਗੇ, ਉਥੇ ਆਈ.ਐਸ.ਆਈ.ਐਸ. ਸੰਗਠਨ ਵੱਲੋ ਸਿੱਖਾਂ ਤੇ ਯੋਜਨਾਬੰਧ ਢੰਗ ਨਾਲ ਹੋ ਰਹੇ ਕਤਲੇਆਮੀ ਹਮਲਿਆ ਦੇ ਸੱਚ ਨੂੰ ਵੀ ਸਾਹਮਣੇ ਲਿਆਉਦੇ ਹੋਏ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਦੇ ਦੁੱਖਦਾਇਕ ਅਮਲਾਂ ਨੂੰ ਰੋਕਣ ਵਿਚ ਆਪਣੀ ਜਿੰਮੇਵਾਰੀ ਨਿਭਾਉਣਗੇ, ਇੰਡੀਆ ਦੇ ਹੁਕਮਰਾਨਾਂ, ਆਈ.ਬੀ, ਰਾਅ, ਵਿਦੇਸ਼ ਵਿਭਾਗ ਇੰਡੀਆ ਨੂੰ ਇਸ ਲਈ ਸਿੱਖ ਕੌਮ ਤੇ ਜਨਤਾ ਦਾ ਜੁਆਬਦੇਹ ਬਣਾਉਣ ਵਿਚ ਆਪਣੇ ਫਰਜ ਅਦਾ ਕਰਨਗੇ । 

Leave a Reply

Your email address will not be published. Required fields are marked *