ਇਨਸਾਫ਼ ਮੋਰਚਾ ਮੋਹਾਲੀ ਦੇ ਮੁੱਖ ਪ੍ਰਬੰਧਕ ਸ. ਗੁਰਚਰਨ ਸਿੰਘ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਤੇ ਸਮੁੱਚੀ ਕੌਮ ਨੂੰ ਪਹੁੰਚਣ ਦੀ ਅਪੀਲ
ਫ਼ਤਹਿਗੜ੍ਹ ਸਾਹਿਬ, 01 ਫਰਵਰੀ ( ) “ਕਿਉਂਕਿ ਸਿੱਖ ਕੌਮ ਨਾਲ ਹੁਕਮਰਾਨਾਂ ਵੱਲੋਂ ਲੰਮੇ ਸਮੇ ਤੋਂ ਕੀਤੀਆ ਜਾਂਦੀਆ ਆ ਰਹੀਆ ਜਿਆਦਤੀਆਂ ਦੀ ਬਦੌਲਤ ਸਮੁੱਚੀ ਸਿੱਖ ਕੌਮ ਵਿਚ ਹੁਕਮਰਾਨਾਂ ਦੀਆਂ ਬੇਇਨਸਾਫ਼ੀਆਂ ਪ੍ਰਤੀ ਵੱਡਾ ਰੋਸ਼ ਹੈ । ਇਹੀ ਵਜਹ ਹੈ ਕਿ ਇਸ ਸਮੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆ ਬੇਅਦਬੀਆਂ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੇ ਇਨਸਾਫ਼ ਲਈ ਬਰਗਾੜੀ ਵਿਖੇ ਬੀਤੇ 551 ਦਿਨਾਂ ਤੋਂ ਗ੍ਰਿਫ਼ਤਾਰੀਆਂ ਦੇਣ ਦਾ ਅਮਲ ਚੱਲ ਰਿਹਾ ਹੈ । ਦੂਸਰਾ ਜਲੰਧਰ ਲਤੀਫਪੁਰਾ ਵਿਖੇ ਹੁਕਮਰਾਨਾਂ ਵੱਲੋਂ ਬੀਤੇ 70 ਸਾਲਾਂ ਤੋਂ ਵੱਸੇ ਪਾਕਿਸਤਾਨ ਤੋ ਉਜੜਕੇ ਆਏ ਸਿੱਖਾਂ ਦੇ ਘਰਾਂ ਨੂੰ ਜ਼ਬਰੀ ਗਿਰਾਉਣ ਦੀ ਹੋਈ ਬੇਇਨਸਾਫ਼ੀ ਵਿਰੁੱਧ ਵੀ ਮੋਰਚਾ ਚੱਲ ਰਿਹਾ ਹੈ । ਤੀਸਰਾ 25-25, 30-30 ਸਾਲਾਂ ਤੋਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਮੋਹਾਲੀ ਵਿਖੇ ਬੰਦੀ ਛੋੜ ਇਨਸਾਫ ਮੋਰਚਾ ਚੱਲ ਰਿਹਾ ਹੈ । ਇਹ ਸਭ ਮੋਰਚੇ ਇਨਸਾਫ਼ ਪ੍ਰਾਪਤੀ ਦੇ ਨਾਲ-ਨਾਲ ਸਿੱਖ ਕੌਮ ਦੀ ਸੰਪੂਰਨ ਆਜਾਦੀ ਪ੍ਰਾਪਤ ਕਰਨ ਦੇ ਮਕਸਦ ਅਧੀਨ ਵੀ ਕੀਤੇ ਜਾ ਰਹੇ ਹਨ । ਸਿੱਖ ਕੌਮ ਦੀ ਆਜਾਦੀ ਦੀ ਗੱਲ ਨੂੰ ਦ੍ਰਿੜਤਾ ਨਾਲ ਅੱਗੇ ਵਧਾਉਣ ਵਾਲੇ ਖ਼ਾਲਸਾ ਪੰਥ ਦੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਸਨ । ਜਿਨ੍ਹਾਂ ਨੇ ਆਜਾਦੀ ਪ੍ਰਾਪਤੀ ਦੇ ਮਿਸਨ ਅਤੇ ਸਿੱਖੀ ਸੰਸਥਾਵਾਂ ਦੀ ਅਜਮਤ ਦੀ ਰਾਖੀ ਲਈ ਆਪਣੀਆ ਮਹਾਨ ਸ਼ਹਾਦਤਾਂ ਦਿੱਤੀਆ । ਉਨ੍ਹਾਂ ਦੀ ਸਖਸ਼ੀਅਤ ਨੂੰ ਸਦਾ ਲਈ ਸਿੱਖ ਕੌਮ ਵਿਚ ਜਿਊਂਦਾ ਰੱਖਣ ਲਈ ਅੱਜ ਤੋ 28 ਸਾਲ ਪਹਿਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦਾ 12 ਫਰਵਰੀ ਨੂੰ ਜਨਮ ਦਿਹਾੜਾ ਮਨਾਉਣ ਦੇ ਸਮਾਗਮ ਦੀ ਸੁਰੂਆਤ ਕੀਤੀ ਸੀ ਜੋ ਨਿਰੰਤਰ ਹਰ ਸਾਲ 12 ਫਰਵਰੀ ਨੂੰ ਸਿੱਖ ਕੌਮ ਇਕੱਤਰ ਹੋ ਕੇ ਮਨਾਉਦੀ ਆ ਰਹੀ ਹੈ । ਮੈਂ ਇਸ ਮੌਕੇ ਤੇ ਇਨਸਾਫ਼ ਮੋਰਚਾ ਮੋਹਾਲੀ ਦੀ ਪੰਥਕ ਸਟੇਜ ਤੋ ਸਮੁੱਚੀ ਸਿੱਖ ਕੌਮ ਨੂੰ 12 ਫਰਵਰੀ ਨੂੰ ਵੱਡੀ ਗਿਣਤੀ ਵਿਚ ਫਤਹਿਗੜ੍ਹ ਸਾਹਿਬ ਵਿਖੇ ਹੋਣ ਵਾਲੇ ਜਨਮ ਸਮਾਗਮ ਵਿਚ ਪਹੁੰਚਣ ਦੀ ਅਪੀਲ ਕਰਦਾ ਹਾਂ ।”
ਇਹ ਅਪੀਲ ਅੱਜ ਬੰਦੀ ਛੋੜ ਇਨਸਾਫ਼ ਮੋਰਚਾ ਮੋਹਾਲੀ ਦੇ ਮੁੱਖ ਸੇਵਾਦਾਰ ਸ. ਗੁਰਚਰਨ ਸਿੰਘ ਵੱਲੋ ਮੋਹਾਲੀ ਕੈਪ ਤੋ ਸਾਡੀ ਪਾਰਟੀ ਦੇ ਮੋਹਾਲੀ ਵਿਖੇ ਪੱਕੇ ਤੌਰ ਤੇ ਮੋਰਚੇ ਵਿਚ ਡੱਟੇ ਹੋਏ ਸ. ਲਖਵੀਰ ਸਿੰਘ ਕੋਟਲਾ ਜੋ ਕਿ ਸਾਡੇ ਖਰੜ ਵਿਧਾਨ ਸਭਾ ਹਲਕੇ ਦੇ ਇੰਨਚਾਰਜ ਵੀ ਹਨ ਅਤੇ ਨਿਰੰਤਰ ਬੰਦੀ ਛੋੜ ਇਨਸਾਫ਼ ਮੋਰਚੇ ਵਿਚ ਪੱਕੇ ਤੌਰ ਤੇ ਟੈਂਟ ਲਗਾਕੇ ਬੰਦੀ ਸਿੱਖਾਂ ਦੀ ਰਿਹਾਈ ਦੇ ਇਸ ਮੋਰਚੇ ਵਿਚ ਸੇਵਾ ਕਰ ਰਹੇ ਹਨ, ਉਨ੍ਹਾਂ ਨਾਲ ਲਾਈਵ ਹੋ ਕੇ ਸਿੱਖ ਕੌਮ ਦੇ ਨਾਮ ਖੁੱਲ੍ਹੇ ਸੰਦੇਸ਼ ਵਿਚ ਸਮੁੱਚੀ ਸਿੱਖ ਕੌਮ ਨੂੰ 12 ਫਰਵਰੀ ਨੂੰ ਵੱਧ ਤੋ ਵੱਧ ਗਿਣਤੀ ਵਿਚ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਪਹੁੰਚਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਹ ਵੀ ਕਿਹਾ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਇਕੋ ਇਕ ਉਹ ਬਹਾਦਰ ਕੌਮੀ ਯੋਧੇ ਸਨ, ਜਿਨ੍ਹਾਂ ਨੇ ਹਿੰਦੂਤਵ ਗੁਲਾਮੀਅਤ ਤੋ ਸਦਾ ਲਈ ਛੁਟਕਾਰਾ ਪਾਉਣ ਲਈ ਸਿੱਖ ਕੌਮ ਨੂੰ ਗੁਰਬਾਣੀ, ਬਾਣੇ ਅਤੇ ਸਿੱਖੀ ਅਸੂਲਾਂ ਤੇ ਪਹਿਰਾ ਦਿੰਦੇ ਹੋਏ ਸਿੱਖ ਕੌਮ ਨੂੰ ਇਹ ਆਜਾਦੀ ਦੀ ਲੜਾਈ ਲੜਨ ਲਈ ਤਿਆਰ ਕੀਤਾ ਅਤੇ ਖ਼ਾਲਸਾ ਪੰਥ ਦੀ ਆਜਾਦੀ ਦੇ ਬੂਟੇ ਨੂੰ ਆਪਣੀਆ ਸ਼ਹਾਦਤਾਂ ਨਾਲ ਸਿੰਜਿਆ । ਸ. ਗੁਰਚਰਨ ਸਿੰਘ ਨੇ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਇਸ ਮਨਾਏ ਜਾ ਰਹੇ ਜਨਮ ਦਿਹਾੜੇ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਜਿਥੇ ਅਸੀ ਇਨ੍ਹਾਂ ਮੋਰਚਿਆ ਰਾਹੀ ਆਪਣੇ ਇਨਸਾਫ਼ ਪ੍ਰਾਪਤੀ ਲਈ ਸਮੂਹਿਕ ਕੌਮ ਇਕੱਤਰ ਹੋ ਕੇ ਜੂਝ ਰਹੀ ਹੈ ਉਥੇ ਅਜਿਹੇ ਮਹਾਨ ਯੋਧਿਆ ਤੇ ਸਿੱਖ ਕੌਮ ਦੇ ਨਾਇਕਾਂ ਦੇ ਦਿਨ ਵੀ ਸਾਨੂੰ ਪੂਰੀ ਸਰਧਾ, ਸਤਿਕਾਰ ਅਤੇ ਸਾਨੋ-ਸੌਂਕਤ ਨਾਲ ਮਨਾਉਦੇ ਰਹਿਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੇ ਜੀਵਨ ਤੋ ਸਿੱਖ ਕੌਮ ਨੂੰ ਸੇਧ ਮਿਲ ਸਕੇ ਅਤੇ ਅਸੀ ਸਭ ਸਮੂਹਿਕ ਤਾਕਤ ਬਣਕੇ ਸਿੱਖ ਕੌਮ ਲਈ ਆਜਾਦ ਸਟੇਟ ਨੂੰ ਕਾਇਮ ਕਰ ਸਕੀਏ ।