ਪਿਸ਼ਾਵਰ (ਪਾਕਿਸਤਾਨ) ਦੀ ਮਸਜਿਦ ਵਿਚ ਹੋਏ ਹਮਲੇ ਦੌਰਾਨ ਮਨੁੱਖੀ ਜਾਨਾਂ ਦਾ ਹੋਇਆ ਵੱਡਾ ਨੁਕਸਾਨ ਅਫਸੋਸਨਾਕ : ਮਾਨ

ਫ਼ਤਹਿਗੜ੍ਹ ਸਾਹਿਬ, 31 ਜਨਵਰੀ ( ) “ਪਾਕਿਸਤਾਨ ਦੇ ਪਿਸ਼ਾਵਰ ਵਿਚ ਇਕ ਆਤਮਘਾਤੀ ਧਮਾਕੇ ਰਾਹੀ ਹੋਏ ਵਿਸਫੋਟ ਦੌਰਾਨ ਜੋ 61 ਇਨਸਾਨੀ ਜਾਨਾਂ ਮੌਤ ਦੇ ਮੂੰਹ ਵਿਚ ਚਲੇ ਗਈਆ ਹਨ ਅਤੇ ਕੋਈ 150 ਦੇ ਕਰੀਬ ਇਨਸਾਨ ਜਖ਼ਮੀ ਹੋਏ ਹਨ, ਇਹ ਹੋਈ ਘਟਨਾ ਮਨੁੱਖਤਾ ਵਿਰੋਧੀ ਹੋਣ ਦੇ ਨਾਲ-ਨਾਲ ਅਤਿ ਅਫਸੋਸਨਾਕ ਤੇ ਨਿੰਦਣਯੋਗ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਿਖੇਧੀ ਕਰਦਾ ਹੋਇਆ ਮ੍ਰਿਤਕ ਅਤੇ ਪੀੜ੍ਹਤ ਪਰਿਵਾਰਾਂ ਨਾਲ ਇਨਸਾਨੀਅਤ ਦੇ ਨਾਤੇ ਹਮਦਰਦੀ ਜਾਹਰ ਕਰਦਾ ਹੋਇਆ ਜਿਥੇ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦਾ ਹੈ, ਉਥੇ ਇਸ ਹੋਈ ਹੈਵਾਨੀਅਤ ਦੇ ਅਮਲ ਦੇ ਦਰਦ ਨੂੰ ਮਹਿਸੂਸ ਕਰਦੇ ਹੋਏ ਪਾਕਿਸਤਾਨ ਸਰਕਾਰ ਅਤੇ ਹੋਰ ਮੁਲਕਾਂ ਦੀਆਂ ਹਕੂਮਤਾਂ ਨੂੰ ਮਾਰੇ ਗਏ ਤੇ ਜਖ਼ਮੀ ਹੋਏ ਪਰਿਵਾਰਾਂ ਦੀ ਮਾਲੀ ਤੌਰ ਤੇ ਖੁੱਲ੍ਹਕੇ ਮਦਦ ਕਰਨ ਦੀ ਅਪੀਲ ਕਰਦਾ ਹੈ ਕਿਉਂਕਿ ਉਥੋ ਦੇ ਬਣੇ ਵਿਸਫੋਟਕ ਹਾਲਾਤਾਂ ਦੀ ਬਦੌਲਤ ਪਹਿਲੋ ਹੀ ਭੁੱਖਮਰੀ ਵਰਗੇ ਹਾਲਾਤ ਪੈਦਾ ਹੋਏ ਪਏ ਹਨ, ਜਿਸ ਨੂੰ ਸਾਨੂੰ ਸਭਨਾਂ ਨੂੰ ਸਹੀ ਕਰਨ ਲਈ ਯੋਗਦਾਨ ਪਾਉਣਾ ਚਾਹੀਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਿਸ਼ਾਵਰ ਵਿਚ ਹੋਏ ਆਤਮਘਾਤੀ ਬੰਬ ਵਿਸਫੋਟ ਦੌਰਾਨ ਮਾਰੇ ਗਏ ਅਤੇ ਜਖ਼ਮੀ ਹੋਏ ਪੀੜ੍ਹਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਅਤੇ ਇਸ ਵਰਤਾਰੇ ਦੀ ਨਿਖੇਧੀ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਅਜੋਕਾ ਸਮਾਂ ਇਨਸਾਨੀ ਜਿੰਦਗਾਨੀਆ ਨੂੰ ਤਬਾਹ ਕਰਨ ਜਾਂ ਸਮਾਜਿਕ ਮਾਹੌਲ ਨੂੰ ਨਫਰਤ ਭਰਿਆ ਬਣਾਉਣ ਵਾਲਾ ਨਹੀ ਹੈ ਬਲਕਿ ਇਨਸਾਨੀ ਕਦਰਾਂ-ਕੀਮਤਾਂ ਦੀ ਹਰ ਕੀਮਤ ਤੇ ਦ੍ਰਿੜਤਾ ਨਾਲ ਰਾਖੀ ਕਰਨ ਅਤੇ ਸੰਸਾਰ ਵਿਚ ਜਿਥੇ ਕਿਤੇ ਵੀ ਗਰੀਬੀ, ਬੇਰੁਜਗਾਰੀ, ਭੁੱਖਮਰੀ ਜਾਂ ਹਕੂਮਤੀ ਤਾਨਾਸਾਹੀ ਦੀ ਬਦੌਲਤ ਜ਼ਬਰ ਜੁਲਮ ਹੋ ਰਿਹਾ ਹੈ ਜਾਂ ਇਨਸਾਨੀ ਜਿੰਦਗਾਨੀਆ ਵੱਡੇ ਸੰਕਟ ਵਿਚੋ ਗੁਜਰ ਰਹੀਆ ਹਨ, ਤਾਂ ਇਨਸਾਨੀ ਜਾਨਾਂ ਲੈਣ ਦੇ ਮਨੁੱਖਤਾ ਵਿਰੋਧੀ ਕਾਰਵਾਈਆ ਕਰਨ ਦਾ ਨਹੀ ਬਲਕਿ ਲੋੜਵੰਦਾਂ, ਬੇਸਹਾਰਿਆ, ਵਿਧਾਵਾਂ, ਯਤੀਮਾ ਅਤੇ ਭੁੱਖਿਆ ਨੂੰ ਹਰ ਤਰ੍ਹਾਂ ਮਦਦ ਕਰਕੇ ਮਨੁੱਖਤਾ ਦੀ ਨਿਰਸਵਾਰਥ ਹੋ ਕੇ ਸੇਵਾ ਕਰਨ ਦਾ ਹੈ । ਇਸ ਲਈ ਅਜਿਹੀਆ ਮਨੁੱਖਤਾ ਵਿਰੋਧੀ ਕਾਰਵਾਈਆ ਕਿਸੇ ਵੀ ਮੁਲਕ ਵਿਚ ਹੋਣ, ਉਨ੍ਹਾਂ ਨੂੰ ਕਦੀ ਵੀ ਸਹਿਣ ਨਹੀ ਕੀਤਾ ਜਾ ਸਕਦਾ । ਬਲਕਿ ਜੋ ਕਿਸੇ ਵੀ ਕਾਰਨ ਨਿਰਾਸਾ ਜਾਂ ਬੇਚੈਨੀ ਵਿਚ ਅਜਿਹਾ ਕੁਝ ਕਰ ਰਹੇ ਹਨ, ਹੁਕਮਰਾਨਾਂ ਵੱਲੋ ਉਨ੍ਹਾਂ ਦੀ ਪੀੜ੍ਹਾ ਨੂੰ ਵੀ ਸਮਝਕੇ ਸਹੀ ਦਿਸ਼ਾ ਵੱਲ ਅਮਲ ਕਰਦੇ ਹੋਏ ਸਮਾਜਿਕ ਮਾਹੌਲ ਨੂੰ ਸਹੀ ਰੱਖਣ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਤਾਂ ਕਿ ਕਿਸੇ ਵੀ ਵਰਗ ਨੂੰ ਮਜਬੂਰੀ ਵੱਸ ਹਥਿਆਰ ਚੁੱਕਣ ਜਾਂ ਮਨੁੱਖਤਾ ਵਿਰੋਧੀ ਕਾਰਵਾਈਆ ਕਰਨ ਲਈ ਮਜਬੂਰ ਨਾ ਹੋਣਾ ਪਵੇ । ਸਮੁੱਚੇ ਮੁਲਕਾਂ ਤੇ ਸਮੁੱਚੇ ਸੰਸਾਰ ਵਿਚ ਅਮਨ-ਚੈਨ ਤੇ ਜਮਹੂਰੀਅਤ ਦਾ ਬੋਲਬਾਲਾ ਕਾਇਮ ਰਹਿ ਸਕੇ ।

Leave a Reply

Your email address will not be published. Required fields are marked *