ਤਿੰਨੇ ਕੇਸਰੀ ਨਿਸ਼ਾਨ ਸਾਹਿਬ ਖ਼ਾਲਸਾਈ ਮਾਰਚ ਅਤੇ ਕੌਮੀ ਇਨਸਾਫ਼ ਮੋਰਚਾ ਮੋਹਾਲੀ ਦੇ ਉਤਸਾਹ ਨੇ ਹੁਕਮਰਾਨਾਂ ਨੂੰ ਵੱਡੀ ਚੁਣੋਤੀ ਦਿੱਤੀ : ਮਾਨ

ਫ਼ਤਹਿਗੜ੍ਹ ਸਾਹਿਬ, 27 ਜਨਵਰੀ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਕੌਮੀ ਇਨਸਾਫ਼ ਮੋਰਚਾ ਮੋਹਾਲੀ ਅਤੇ ਸਿੱਖ ਜਥੇਬੰਦੀਆਂ ਵੱਲੋ ਸਾਂਝੇ ਤੌਰ ਤੇ 26 ਜਨਵਰੀ ਨੂੰ ਸਮੁੱਚੇ ਪੰਜਾਬ ਸੂਬੇ ਵਿਚ ਜਿਥੇ ਮਾਲਵਾ, ਮਾਝਾ, ਦੋਆਬਾ ਵਿਖੇ ਕੇਸਰੀ ਨਿਸ਼ਾਨ ਸਾਹਿਬ ਖ਼ਾਲਸਾ ਮਾਰਚ ਕੀਤੇ ਗਏ, ਉਥੇ ਮੋਹਾਲੀ ਵਿਖੇ ਵੀ ਇਨਸਾਫ਼ ਮੋਰਚਾ ਦੀ ਅਗਵਾਈ ਹੇਠ ਲੱਖਾਂ ਦੀ ਗਿਣਤੀ ਵਿਚ ਪੰਜਾਬੀਆਂ ਤੇ ਸਿੱਖਾਂ ਨੇ ਸਮੂਲੀਅਤ ਕਰਕੇ ਦੋਵੇ ਪੰਜਾਬ ਅਤੇ ਇੰਡੀਆ ਦੀਆਂ ਸਰਕਾਰਾਂ ਨੂੰ ਵੱਡੀ ਚੁਣੋਤੀ ਦਿੱਤੀ ਹੈ । ਜੋ ਕੇਸਰੀ ਨਿਸਾਨ ਸਾਹਿਬ ਮਾਰਚ ਸਥਾਨ ਮਿੱਥੇ ਗਏ ਸਨ, ਉਨ੍ਹਾਂ ਵਿਚ ਮਾਲਵੇ ਦਾ ਬਰਗਾੜੀ, ਦੋਆਬੇ ਦਾ ਜਲੰਧਰ ਅਤੇ ਮਾਝੇ ਦਾ ਤਰਨਤਾਰਨ ਵਿਖੇ ਰੱਖੇ ਗਏ ਸਨ ਅਤੇ ਪੋਆਧ ਦਾ ਕੌਮੀ ਇਨਸਾਫ਼ ਮਾਰਚ ਚੰਡੀਗੜ੍ਹ ਦੀ ਸਰਹੱਦ ਤੇ ਮੋਹਾਲੀ ਵਿਖੇ 26 ਜਨਵਰੀ ਨੂੰ ਰੱਖੇ ਗਏ ਸਨ । ਜਿਸ ਵਿਚ ਸੰਗਤਾਂ ਨੇ ਐਨੇ ਵੱਡੇ ਉਤਸਾਹ ਨਾਲ ਸਮੂਲੀਅਤ ਕੀਤੀ ਕਿ ਪੰਜਾਬ-ਇੰਡੀਆ ਵਿਚ ਹੀ ਨਹੀ ਬਲਕਿ ਕੌਮਾਂਤਰੀ ਪੱਧਰ ਉਤੇ ਇਨ੍ਹਾਂ ਕੀਤੇ ਜਾਣ ਵਾਲੇ ਕੇਸਰੀ ਨਿਸਾਨ ਸਾਹਿਬ ਮਾਰਚ ਦੇ ਮਕਸਦ ਦਾ ਸਹੀ ਢੰਗ ਨਾਲ ਪ੍ਰਚਾਰ ਤੇ ਪ੍ਰਸਾਰ ਹੋਇਆ ਅਤੇ ਸਿੱਖ ਕੌਮ ਨੂੰ ਇਨਸਾਫ਼ ਪ੍ਰਾਪਤ ਕਰਨ ਲਈ ਅਤੇ ਆਪਣੀ ਕੌਮੀ ਮੰਜਿਲ ਵੱਲ ਵੱਧਣ ਲਈ ਵੱਡਾ ਬਲ ਮਿਲਿਆ। ਇਨ੍ਹਾਂ ਚਾਰੇ ਕੌਮੀ ਪ੍ਰੋਗਰਾਮਾਂ ਵਿਚ ਸਮੁੱਚੇ ਪੰਜਾਬ ਵਿਚ ਪੰਜਾਬੀਆਂ ਅਤੇ ਸਿੱਖ ਕੌਮ ਅਤੇ ਸਮੁੱਚੀਆ ਕੌਮੀ ਜਥੇਬੰਦੀਆਂ ਵੱਲੋ ਦਿੱਤੇ ਗਏ ਵੱਡੇ ਸਹਿਯੋਗ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਭਨਾਂ ਦਾ ਤਹਿ ਦਿਲੋ ਧੰਨਵਾਦ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ 26 ਜਨਵਰੀ ਦੇ ਹਿੰਦੂਤਵ ਹੁਕਮਰਾਨਾਂ ਦੇ ਦਿਹਾੜੇ ਉਤੇ ਖਾਲਸਾ ਪੰਥ ਵੱਲੋ ਆਪਣੇ ਕੌਮੀ ਵਿਲੱਖਣ ਪਹਿਚਾਣ ਨੂੰ ਕਾਇਮ ਰੱਖਦੇ ਹੋਏ ਅਤੇ ਆਪਣੇ ਨਾਲ ਹੋ ਰਹੀਆ ਹਕੂਮਤੀ ਬੇਇਨਸਾਫ਼ੀਆਂ ਵਿਰੁੱਧ ਕੌਮਾਂਤਰੀ ਪੱਧਰ ਤੇ ਆਵਾਜ ਬੁਲੰਦ ਕਰਦੇ ਹੋਏ ਮਾਲਵਾ, ਮਾਝਾ, ਦੋਆਬਾ ਅਤੇ ਪੋਆਧ ਵਿਖੇ ਰੱਖੇ ਗਏ ਕੌਮੀ ਨਿਸ਼ਾਨ ਸਾਹਿਬ ਮਾਰਚਾਂ ਵਿਚ ਸਿੱਖ ਕੌਮ ਅਤੇ ਪੰਜਾਬੀਆਂ ਵੱਲੋ ਵੱਡੇ ਉਤਸਾਹ ਨਾਲ ਕੀਤੀ ਗਈ ਸਮੂਲੀਅਤ ਉਤੇ ਸੰਤੁਸਟੀ ਪ੍ਰਗਟ ਕਰਦੇ ਹੋਏ ਅਤੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਨ੍ਹਾਂ ਕੇਸਰੀ ਨਿਸਾਨ ਮਾਰਚ ਅਤੇ ਕੌਮੀ ਇਨਸਾਫ਼ ਮਾਰਚ ਦੇ ਮਕਸਦ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਦੇ ਨਾਲ-ਨਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਗਾੜੀ, ਬਹਿਬਲ ਕਲਾਂ, ਕੋਟਕਪੂਰਾ, ਬੁਰਜ ਜਵਾਹਰ ਸਿੰਘ ਵਾਲਾ ਆਦਿ ਵਿਖੇ ਹੋਏ ਅਪਮਾਨ ਦੇ ਦੋਸ਼ੀਆਂ ਨੂੰ ਅਤੇ 328 ਪਾਵਨ ਸਰੂਪਾਂ ਨੂੰ ਲਾਪਤਾ ਕਰਨ ਵਾਲੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣਾ ਸੀ । ਜੋ ਹੁਕਮਰਾਨਾਂ ਵੱਲੋ ਸਾਡੀ ਸਿੱਖ ਪਾਰਲੀਮੈਂਟ ਦੀ ਕੌਮੀ ਜਮਹੂਰੀਅਤ ਨੂੰ ਕੁੱਚਲਕੇ ਬੀਤੇ 12 ਸਾਲਾਂ ਤੋ ਚੋਣਾਂ ਨਹੀ ਕਰਵਾਈਆ ਜਾ ਰਹੀਆ, ਉਹ ਚੋਣਾਂ ਕਰਵਾਉਣ ਤੇ ਜਮਹੂਰੀਅਤ ਬਹਾਲ ਕਰਨਾ ਮੁੱਖ ਮਕਸਦ ਸਨ । ਸ. ਮਾਨ ਨੇ ਇਸ ਗੱਲ ਤੇ ਵੀ ਪੂਰਨ ਸੰਤੁਸਟੀ ਅਤੇ ਖੁਸ਼ੀ ਦਾ ਇਜਹਾਰ ਕੀਤਾ ਕਿ ਜਿਵੇ 15 ਅਗਸਤ ਵਾਲੇ ਦਿਹਾੜੇ ਤੇ ਫਿਰਕੂ ਤੇ ਹਿੰਦੂਤਵ ਹੁਕਮਰਾਨਾਂ ਤੇ ਆਗੂਆਂ ਵੱਲੋ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਉਣ ਦੇ ਮਕਸਦ ਨਾਲ ਸਾਡੇ ਗੁਰੂਘਰਾਂ ਤੇ ਧਾਰਮਿਕ ਸਥਾਨਾਂ ਉਤੇ ਸਿੱਖ ਕੌਮ ਦੇ ਲਹੂ-ਲੁਹਾਨ ਕਰਨ ਵਾਲੇ ਤਿਰੰਗੇ ਨੂੰ ਝੁਲਾਉਣ ਦੀਆਂ ਅਸਫਲ ਕੋਸਿ਼ਸ਼ਾਂ ਕੀਤੀਆ ਸਨ, 26 ਜਨਵਰੀ ਨੂੰ ਕਿਸੇ ਵੀ ਹਿੰਦੂਤਵ ਤਾਕਤ, ਸੰਗਠਨ ਜਾਂ ਆਗੂ ਵੱਲੋ ਅਜਿਹੀ ਗੁਸਤਾਖੀ ਕਰਨ ਕਿਤੇ ਨਹੀ ਹੋਈ । ਇਹ ਅਜਿਹਾ ਇਸ ਕਰਕੇ ਹੋਇਆ ਕਿ ਸਿੱਖ ਕੌਮ ਆਪਣੇ ਖਾਲਸਾਈ ਨਿਸ਼ਾਨ ਮਾਰਚ ਲਈ ਪੂਰੀ ਤਰ੍ਹਾਂ ਸੁਹਿਰਦ ਵੀ ਸੀ ਅਤੇ ਇਨ੍ਹਾਂ ਤਾਕਤਾਂ ਦੀਆਂ ਸਾਜਿ਼ਸਾਂ ਤੋ ਸੁਚੇਤ ਵੀ ਸੀ । 

ਉਨ੍ਹਾਂ ਕਿਹਾ ਕਿ ਇਨ੍ਹਾਂ 26 ਜਨਵਰੀ ਦੇ ਚਾਰੇ ਕੌਮੀ ਪ੍ਰੋਗਰਾਮਾਂ ਵਿਚ ਜਿਵੇ ਸਿੱਖ ਕੌਮ ਦੇ ਬੱਚੇ-ਬੱਚੇ, ਬੀਬੀਆਂ, ਨੌਜ਼ਵਾਨਾਂ, ਬਜੁਰਗਾਂ ਨੇ ਆਪੋ-ਆਪਣੇ ਹੱਥਾਂ ਵਿਚ ਖਾਲਸਾਈ ਕੇਸਰੀ ਨਿਸਾਨ ਸਾਹਿਬ ਝੰਡੇ ਫੜਕੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿਚ ਇਨ੍ਹਾਂ ਪ੍ਰੋਗਰਾਮਾਂ ਨੂੰ ਸਫ਼ਲ ਕੀਤਾ ਹੈ, ਉਸ ਤੋ ਇਹ ਵੀ ਪ੍ਰਤੱਖ ਹੋ ਜਾਂਦਾ ਹੈ ਕਿ ਸਿੱਖ ਕੌਮ ਇਨਸਾਫ਼ ਪ੍ਰਾਪਤ ਕਰਨ ਲਈ ਇਕਤਾਕਤ ਹੈ ਅਤੇ ਦ੍ਰਿੜ ਹੈ । ਇਹ ਵਰਤਾਰਾ ਇਹ ਵੀ ਸਾਬਤ ਕਰਦਾ ਹੈ ਕਿ ਆਉਣ ਵਾਲੇ ਸਮੇ ਵਿਚ ਸਿੱਖ ਕੌਮ ਜਿਥੇ ਹੋਈਆ ਜਿਆਦਤੀਆ ਤੇ ਵਧੀਕੀਆ ਦਾ ਇਨਸਾਫ਼ ਲੈਣ ਵੱਲ ਵੱਧੇਗੀ, ਉਥੇ ਆਪਣੀ ਕੌਮੀ ਆਜਾਦੀ ਦੀ ਮੰਜਿਲ ਵੱਲ ਵੱਧਦੀ ਹੋਈ ਇਸਨੂੰ ਹਰ ਕੀਮਤ ਤੇ ਪ੍ਰਾਪਤ ਕਰੇਗੀ । ਸ. ਮਾਨ ਨੇ ਕੌਮੀ ਇਨਸਾਫ ਮੋਰਚਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਵੱਖ-ਵੱਖ ਪੰਥਕ ਜਥੇਬੰਦੀਆਂ, ਪੰਜਾਬ ਵਿਚ ਵੱਸਣ ਵਾਲੇ ਸਿੱਖਾਂ, ਨੌਜ਼ਵਾਨਾਂ, ਬੀਬੀਆਂ, ਬੱਚਿਆਂ ਸਭਨਾਂ ਜਿਨ੍ਹਾਂ ਨੇ ਇਸ ਕੌਮੀ ਜਿ਼ੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਸੰਜ਼ੀਦਗੀ ਨਾਲ ਪੂਰਨ ਕੀਤਾ ਹੈ, ਉਨ੍ਹਾਂ ਨੂੰ ਇਸਦੀ ਸਫ਼ਲਤਾ ਉਤੇ ਮੁਬਾਰਕਬਾਦ ਭੇਜਦੇ ਹੋਏ ਉਚੇਚੇ ਤੌਰ ਤੇ ਪਾਰਟੀ ਵੱਲੋ ਧੰਨਵਾਦ ਵੀ ਕੀਤਾ ਹੈ ।

Leave a Reply

Your email address will not be published. Required fields are marked *