80 ਸਾਲਾ ਸ. ਗੁਰਮੁੱਖ ਸਿੰਘ ਫ਼ੌਜੀ ਨੇ ਡੀ.ਡੀ.ਏ ਗਰਾਊਡ ਬੁਰਾੜੀ ਕਿਸਾਨ ਮੋਰਚੇ ਦੀ ਦ੍ਰਿੜਤਾ ਨਾਲ ਜਿ਼ੰਮੇਵਾਰੀ ਨਿਭਾਉਣ ਤੇ ਸਨਮਾਨਿਤ ਕੀਤੇ ਗਏ : ਮਾਨ

ਫ਼ਤਹਿਗੜ੍ਹ ਸਾਹਿਬ, 16 ਫਰਵਰੀ ( ) “ਸ. ਗੁਰਮੁੱਖ ਸਿੰਘ ਫ਼ੌਜੀ ਨਿਵਾਸੀ ਪਿੰਡ ਸਮਸ਼ਪੁਰ, ਜਿ਼ਲ੍ਹਾ ਫ਼ਤਿਹਗੜ੍ਹ ਸਾਹਿਬ ਜੋ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਕਿਸਾਨ ਯੂਨੀਅਨ ਦੇ ਫ਼ਤਿਹਗੜ੍ਹ ਸਾਹਿਬ ਪ੍ਰਧਾਨ ਹਨ ਅਤੇ ਜਿਨ੍ਹਾਂ ਨੇ ਇੰਡੀਅਨ ਆਰਮੀ ਵਿਚ 18 ਸਿੱਖ ਰੈਜਮੈਟ ਵਿਚ ਪਹਿਲੇ ਲੰਮਾਂ ਸਮਾਂ ਮੁਲਕ ਦੀ ਸੇਵਾ ਕੀਤੀ । ਜਦੋਂ 1984 ਵਿਚ ਇੰਡੀਆ ਦੀ ਮਰਹੂਮ ਇੰਦਰਾ ਗਾਂਧੀ ਵਜ਼ੀਰ-ਏ-ਆਜ਼ਮ ਨੇ ਸਿੱਖ ਕੌਮ ਵਿਰੁੱਧ ਮੰਦਭਾਵਨਾ ਰੱਖਦੇ ਹੋਏ ਰੂਸ ਅਤੇ ਬਰਤਾਨੀਆ ਨਾਲ ਮਿਲਕੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕੀਤਾ ਤਾਂ ਸ. ਗੁਰਮੁੱਖ ਸਿੰਘ ਫ਼ੌਜੀ ਜੋ ਉਸ ਸਮੇਂ ਆਰਮੀ ਵਿਚ ਬਤੌਰ ਨਾਇਬ ਸੂਬੇਦਾਰ ਦੀ ਸੇਵਾ ਨਿਭਾਅ ਰਹੇ ਸਨ, ਇਸ ਹੋਏ ਆਪਣੇ ਗੁਰੂ ਉਤੇ ਹਮਲੇ ਦੇ ਦੁੱਖ ਨੂੰ ਨਾ ਸਹਾਰਦੇ ਹੋਏ ਰੋਸ ਵੱਜੋ ਇੰਡੀਅਨ ਆਰਮੀ ਦੀ ਨੌਕਰੀ ਨੂੰ ਲੱਤ ਮਾਰਕੇ ਆਪਣੇ ਪਿੰਡ ਆ ਗਏ । ਉਸ ਸਮੇਂ ਤੋਂ ਲੈਕੇ ਅੱਜ ਤੱਕ ਸ. ਗੁਰਮੁੱਖ ਸਿੰਘ ਫ਼ੌਜੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜੁਝਾਰੂ ਕਿਸਾਨ ਵਿੰਗ ਦੇ ਜਰਨੈਲ ਹਨ । ਜੋ ਬਿਨ੍ਹਾਂ ਕਿਸੇ ਡਰ-ਭੈ ਅਤੇ ਉਸ ਗੁਰੂ ਦੇ ਵਿਚ ਅਟੁੱਟ ਵਿਸਵਾਸ ਰੱਖਦੇ ਹੋਏ ਨਿਰੰਤਰ 36 ਸਾਲਾਂ ਤੋਂ ਕੌਮ ਅਤੇ ਪਾਰਟੀ ਦੀ ਨਿਡਰਤਾ ਨਾਲ ਸੇਵਾ ਕਰਦੇ ਆ ਰਹੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਆਪਣੇ ਗ੍ਰਹਿ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਕਿਸਾਨ ਵਿੰਗ ਦੇ ਪ੍ਰਧਾਨ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੇ ਨਾਲ ਪਹੁੰਚਣ ਉਤੇ ਜਿਥੇ ਭਰਪੂਰ ਸਵਾਗਤ ਕੀਤਾ, ਉਥੇ ਸਮੁੱਚੀ ਪੀ.ਏ.ਸੀ. ਦੇ ਮੈਬਰਾਂ ਦੀ ਹਾਜਰੀ ਵਿਚ ਸਿਰਪਾਓ ਅਤੇ ਮੋਮੈਟਮ ਦੇ ਕੇ ਸਨਮਾਨਿਤ ਕਰਦੇ ਹੋਏ ਆਪਣੇ ਵਿਚਾਰ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਸ. ਗੁਰਮੁੱਖ ਸਿੰਘ ਨੇ ਸਾਡੀ ਪਾਰਟੀ ਦੇ ਡੀ.ਡੀ.ਏ ਗਰਾਊਡ ਬੁਰਾੜੀ ਵਿਖੇ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਵਿਚ ਚੱਲ ਰਹੇ ਮੋਰਚੇ ਦੌਰਾਨ ਪੂਰਾ ਸਮਾਂ ਉਤੇ ਰਹਿਕੇ ਕੇਵਲ ਕਿਸਾਨੀ ਪੱਖ ਨੂੰ ਹੀ ਉਜਾਗਰ ਨਹੀਂ ਕੀਤਾ, ਬਲਕਿ ਆਪਣੀ ਫ਼ੌਜ ਤੋਂ ਪ੍ਰਾਪਤ ਕੀਤੇ ਗਏ ਤੁਜਰਬੇ ਅਨੁਸਾਰ ਉਥੇ ਕਿਸਾਨੀ ਖ਼ਾਲਸਾ ਪ੍ਰੇਡ ਕਰਵਾਉਦੇ ਹੋਏ ਆਰਮੀ ਲੀਹਾਂ ਉਤੇ ਸਲਿਊਟ ਕੀਤਾ ਅਤੇ ਇਸ ਮੋਰਚੇ ਵਿਚ ਨਵੀ ਰੂਹ ਫੂਕਣ ਦੀ ਜਿ਼ੰਮੇਵਾਰੀ ਨਿਭਾਈ । ਇਸ ਦੌਰਾਨ ਜਦੋਂ 26 ਜਨਵਰੀ ਨੂੰ ਹਕੂਮਤੀ ਜ਼ਬਰ ਸੁਰੂ ਹੋਇਆ ਤਾਂ ਸ. ਗਰਮੁੱਖ ਸਿੰਘ ਫ਼ੌਜੀ ਨੂੰ ਵੀ ਸਾਡੇ ਬੁਰਾੜੀ ਕੈਪ ਵਿਚੋਂ ਕੋਈ 30-35 ਸੀ.ਆਰ.ਪੀ.ਐਫ. ਦੇ ਫ਼ੌਜੀ ਜਵਾਨ ਜੋ ਆਧੁਨਿਕ ਹਥਿਆਰਾਂ ਨਾਲ ਲੈਸ ਸਨ, ਉਨ੍ਹਾਂ ਨੇ ਆ ਕੇ ਦਬੋਚਿਆ ਅਤੇ ਇਸ 80 ਸਾਲਾ ਆਰਮੀ ਦੀ ਸੇਵਾ ਕਰਨ ਵਾਲੇ ਨਾਇਬ ਸੂਬੇਦਾਰ ਨੂੰ ਬਹੁਤ ਹੀ ਬੇਰਹਿੰਮੀ ਨਾਲ ਕੁੱਟਮਾਰ ਕੀਤੀ ਅਤੇ ਚੁੱਕ ਕੇ ਲੈ ਗਏ । ਇਨ੍ਹਾਂ ਨੂੰ ਤਿਹਾੜ ਜੇਲ੍ਹ ਵਿਚ ਰੱਖਿਆ ਗਿਆ ਜਿਥੇ ਇਨ੍ਹਾਂ ਦੇ ਨਾਲ ਸਾਡੀ ਕਿਸਾਨ ਵਿੰਗ ਦੇ 9 ਹੋਰ ਮੈਬਰ ਵੀ ਸਨ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਇਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੇ ਹਕੂਮਤੀ ਜ਼ਬਰ-ਜੁਲਮ ਅੱਗੇ ਸੀਸ ਨਾ ਝੁਕਾਕੇ ਅਤੇ ਉਨ੍ਹਾਂ ਦਾ ਤਸੱਦਦ ਸਹਿਕੇ ਵੀ ਸਿੱਖ ਕੌਮ ਤੇ ਕਿਸਾਨੀ ਆਵਾਜ ਨੂੰ ਬੁਲੰਦ ਕੀਤਾ । ਇਨ੍ਹਾਂ ਦੀ ਰਿਹਾਈ ਲਈ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭੂਮਿਕਾ ਨਿਭਾਈ, ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਜਾਬ ਦੇ ਸਮੁੱਚੇ ਕਿਸਾਨ-ਮਜਦੂਰ ਧੰਨਵਾਦੀ ਹਨ ਅਤੇ ਉਮੀਦ ਕਰਦੇ ਹਾਂ ਕਿ ਜਿੰਨੀਆ ਵੀ ਹੋਰ ਗ੍ਰਿਫ਼ਤਾਰੀਆ ਹੋਈਆ ਹਨ, ਉਨ੍ਹਾਂ ਦੀ ਰਿਹਾਈ ਵੀ ਇਹ ਸਾਡਾ ਦਿੱਲੀ ਦਾ ਕੌਮੀ ਆਦਾਰਾ, ਕਾਨੂੰਨਦਾਨ, ਬੁੱਧੀਜੀਵੀ, ਜਥੇਬੰਦੀਆਂ ਸਭ ਰਲਕੇ ਆਪਣਾ ਇਖਲਾਕੀ ਫਰਜ ਸਮਝਦੇ ਹੋਏ ਕਰਵਾਉਣਗੀਆ ਅਤੇ ਸੰਘਰਸ਼ ਨੂੰ ਆਪਣੀ ਮੰਜਿਲ ਤੱਕ ਪਹੁੰਚਾਉਣ ਵਿਚ ਇਸੇ ਤਰ੍ਹਾਂ ਯੋਗਦਾਨ ਪਾਉਦੀਆ ਰਹਿਣਗੀਆ।