Verify Party Member
Header
Header
ਤਾਜਾ ਖਬਰਾਂ

6 ਸਤੰਬਰ 2017 ਨੂੰ ਛਪਾਰ ਦੇ ਪੰਜਾਬ ਦੇ ਇਤਿਹਾਸਿਕ ਮੇਲੇ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕੀਤੀ ਗਈ ਸਿਆਸੀ ਕਾਨਫ਼ਰੰਸ ਵਿਚ ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤੇ

ਕੈਪ ਆਫਿ਼ਸ ਛਪਾਰ (ਅਹਿਮਦਗੜ੍ਹ),
ਮਿਤੀ 6 ਸਤੰਬਰ 2017 

6 ਸਤੰਬਰ 2017 ਨੂੰ ਛਪਾਰ ਦੇ ਪੰਜਾਬ ਦੇ ਇਤਿਹਾਸਿਕ ਮੇਲੇ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕੀਤੀ ਗਈ ਸਿਆਸੀ ਕਾਨਫ਼ਰੰਸ ਵਿਚ ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤੇ

1. ਜਿ਼ੰਮੀਦਾਰਾਂ ਦੀਆਂ ਖੁਦਕਸੀਆਂ ਲਈ ਬੀਤੇ ਅਤੇ ਅਜੋਕੇ ਸਮੇਂ ਦੀਆਂ ਕਾਂਗਰਸ ਅਤੇ ਬਾਦਲ ਸਰਕਾਰਾਂ ਜਿੰਮੇਵਾਰ : ਜੋ ਵੱਡੀ ਗਣਿਤੀ ਵਿਚ ਜਿੰਮੀਦਾਰ ਅਤੇ ਖੇਤ ਮਜ਼ਦੂਰ ਖੁਦਕਸੀਆਂ ਦਾ ਰਾਹ ਅਪਣਾ ਰਹੇ ਹਨ, ਇਸ ਲਈ ਬੀਤੇ ਸਮੇਂ ਦੀਆਂ ਬਾਦਲ ਹਕੂਮਤਾਂ ਅਤੇ ਕਾਂਗਰਸ ਦੀਆਂ ਹਕੂਮਤਾਂ ਜਿੰਮੇਵਾਰ ਹਨ । ਜਿਨ੍ਹਾਂ ਨੇ ਜਿੰਮੀਦਾਰ ਨੂੰ ਕਰਜੇ ਤੋਂ ਰਹਿਤ ਕਰਨ ਲਈ ਕੋਈ ਵੀ ਅਮਲੀ ਤੇ ਉਸਾਰੂ ਕਦਮ ਨਹੀਂ ਚੁੱਕਿਆ । ਬਲਕਿ ਜਿੰਮੀਦਾਰਾਂ ਦੀਆਂ ਫ਼ਸਲਾਂ ਦੀਆਂ ਸਹੀ ਕੀਮਤਾਂ ਤਹਿ ਨਾ ਕਰਕੇ ਅਤੇ ਕੌਮਾਂਤਰੀ ਮੰਡੀਕਰਨ ਦਾ ਪ੍ਰਬੰਧ ਨਾ ਕਰਕੇ ਜਿੰਮੀਦਾਰ ਤੇ ਖੇਤ ਮਜ਼ਦੂਰ ਦੀ ਮਾਲੀ ਹਾਲਤ ਨੂੰ ਸੱਟ ਮਾਰਨ ਦੇ ਇਹ ਭਾਗੀ ਹਨ । ਜਿੰਮੀਦਾਰ ਦੀ ਆਮਦਨ ਦੇ ਦੋ ਹੀ ਸਾਧਨ ਹਨ । ਇਕ ਖੇਤੀ ਦੂਸਰਾ ਟਰਾਸਪੋਰਟ । ਸਰਕਾਰਾਂ ਵੱਲੋਂ ਦੋਵੇ ਕਾਰੋਬਾਰਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਮਾਲੀ ਮਦਦ ਅਤੇ ਜਿੰਮੀਦਾਰ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਕਾਰਵਾਈ ਨਹੀਂ ਹੋਈ । ਜੋ ਕਿਸਾਨੀ ਲੀਡਰ ਅਜਮੇਰ ਸਿੰਘ ਲੱਖੋਵਾਲ, ਬਲਵੀਰ ਸਿੰਘ ਰਾਜੇਵਾਲ ਹਨ, ਇਨ੍ਹਾਂ ਨੇ ਆਪਣੇ-ਆਪ ਨੂੰ ਆਪਣੇ ਮਾਲੀ ਤੇ ਸਿਆਸੀ ਹਿੱਤਾ ਲਈ ਬਾਦਲ ਦੇ ਗਹਿਣੇ ਪਾ ਦਿੱਤਾ ਸੀ ਅਤੇ ਇਨ੍ਹਾਂ ਨੇ ਕਿਸੇ ਵੀ ਜਿੰਮੀਦਾਰ ਦੇ ਮਸਲੇ ਨੂੰ ਹੱਲ ਨਹੀਂ ਕਰਵਾਇਆ । ਆਪੋ-ਆਪਣੇ ਸਿਆਸੀ ਅਹੁਦੇ ਪ੍ਰਾਪਤ ਕਰਕੇ ਅਤੇ ਮਾਲੀ ਫਾਇਦੇ ਲੈਕੇ ਜਿੰਮੀਦਾਰ ਵਰਗ ਨਾਲ ਇਨ੍ਹਾਂ ਕਿਸਾਨ ਆਗੂਆਂ ਨੇ ਬਹੁਤ ਵੱਡਾ ਧੋਖਾ ਕੀਤਾ ਹੈ । ਇਸੇ ਤਰ੍ਹਾਂ ਖਾਦਾ, ਕੀੜੇਮਾਰ ਦਵਾਈਆ ਵਿਚ ਮਿਲਾਵਟ ਕਰਵਾਕੇ ਜਿੰਮੀਦਾਰਾਂ ਨਾਲ ਧੋਖਾ ਕੀਤਾ ਹੈ । ਬਾਦਲ ਅਤੇ ਕਾਂਗਰਸ ਦੀ ਕੈਪਟਨ ਹਕੂਮਤ ਨੇ ਇਸ ਦਿਸ਼ਾ ਵੱਲ ਕੋਈ ਅਮਲ ਨਹੀਂ ਕੀਤਾ । ਇਸ ਲਈ ਸ. ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਅਜਮੇਰ ਸਿੰਘ ਲੱਖੋਵਾਲ, ਬਲਵੀਰ ਸਿੰਘ ਰਾਜੇਵਾਲ ਆਦਿ ਸਭ ਆਗੂ ਤੇ ਸਿਆਸਤਦਾਨ ਜਿੰਮੀਦਾਰਾਂ ਨੂੰ ਮਾਲੀ ਤੌਰ ਤੇ ਸੱਟ ਮਾਰਨ ਲਈ ਜਿੰਮੇਵਾਰ ਹਨ ।
ਇਹ ਖੁਦਕਸੀਆਂ ਰੋਕਣ ਦਾ ਇਕੋ-ਇਕ ਸਹੀ ਰਾਹ ਹੈ ਕਿ ਹਿੰਦ-ਪਾਕਿ ਦੀਆਂ ਸਰਹੱਦਾਂ ਖੋਲ੍ਹਕੇ ਜਿੰਮੀਦਾਰਾਂ ਦੀਆਂ ਫਸਲਾਂ ਨੂੰ ਆਪਣੀ ਮਰਜੀ ਅਨੁਸਾਰ ਅਰਬ ਮੁਲਕਾਂ ਜਾਂ ਪੱਛਮੀ ਮੁਲਕਾਂ ਵਿਚ ਭੇਜਣ ਦੀ ਖੁੱਲੀ ਇਜ਼ਾਜਤ ਦਿੱਤੀ ਜਾਵੇ । ਦੂਸਰਾ ਜੋ ਪਾਕਿ-ਚੀਨ ਦਾ ਗਵਾਡਰ ਬੰਦਰਗਾਹ ਰਾਹੀ ਕੋਰੀਡੋਰ ਬਣਿਆ ਹੈ, ਸਾਨੂੰ ਉਸ ਕੌਰੀਡੋਰ ਦਾ ਹਿੱਸਾ ਬਣਾਇਆ ਜਾਵੇ । ਤਾਂ ਕਿ ਇਸ ਬੰਦਰਗਾਹ ਰਾਹੀ ਪੰਜਾਬੀ ਕੌਮਾਂਤਰੀ ਪੱਧਰ ਤੇ ਖੁੱਲ੍ਹਾ ਵਪਾਰ ਕਰ ਸਕਣ ਅਤੇ ਜਿੰਮੀਦਾਰ ਆਪਣੀਆ ਫ਼ਸਲਾਂ ਦੀਆਂ ਸਹੀ ਕੀਮਤਾ ਪ੍ਰਾਪਤ ਕਰ ਸਕੇ ।

2. ਪੰਜਾਬ ਵਿਚ 40 ਲੱਖ ਦੇ ਕਰੀਬ ਸਿੱਖਿਅਤ ਅਤੇ ਅਣਸਿੱਖਿਅਤ ਬੇਰੁਜ਼ਗਾਰਾਂ ਦੀ ਖੜ੍ਹੀ ਫੌ਼ਜ ਲਈ ਵੀ ਬਾਦਲ ਅਤੇ ਕੈਪਟਨ ਦੀਆਂ ਹਕੂਮਤਾਂ ਜਿੰਮੇਵਾਰ : ਅੱਜ ਦਾ ਇਕੱਠ ਇਸ ਗੱਲ ਦੀ ਸੰਜ਼ੀਦਗੀ ਨਾਲ ਜੋਰਦਾਰ ਵਿਰੋਧਤਾ ਕਰਦਾ ਹੈ ਕਿ ਹੁਣ ਤੱਕ ਦੀਆਂ ਕਾਂਗਰਸ, ਬਾਦਲ-ਬੀਜੇਪੀ ਦੀਆਂ ਬਣੀਆ ਪੰਜਾਬ ਦੀਆਂ ਹਕੂਮਤਾਂ ਨੇ ਨੌਜ਼ਵਾਨੀ ਵਿਚ ਵੱਧ ਰਹੀ ਬੇਰੁਜ਼ਗਾਰੀ ਦੀ ਵੱਡੀ ਸਮੱਸਿਆ ਨੂੰ ਹੱਲ ਕਰਨ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ । ਬਲਕਿ ਅਖ਼ਬਾਰਾਂ ਤੇ ਮੀਡੀਏ ਵਿਚ ਗੈਰ-ਦਲੀਲ ਢੰਗ ਰਾਹੀ ਝੂਠ ਦਾ ਸਹਾਰਾ ਲੈਕੇ ਇਥੋ ਦੀ ਨੌਜ਼ਵਾਨੀ ਨੂੰ ਰੁਜ਼ਗਾਰ ਦੇਣ ਦੇ ਫੋਕੇ ਦਾਅਵੇ ਕੀਤੇ ਜਾ ਰਹੇ ਹਨ । ਜਦੋਂਕਿ ਯੁਨੀਵਰਸਿਟੀਆਂ, ਕਾਲਜਾਂ, ਪ੍ਰਾਈਵੇਟ ਵਿਦਿਅਕ ਸੰਸਥਾਵਾਂ ਵਿਚੋਂ ਹਰ ਸਾਲ ਵੱਡੀ ਗਿਣਤੀ ਵਿਚ ਵਿਦਿਆਰਥੀ ਆਪੋ-ਆਪਣੀਆ ਤਕਨੀਕੀ ਤੇ ਵਿਦਿਅਕ ਡਿਗਰੀਆਂ ਪ੍ਰਾਪਤ ਕਰਕੇ 7 ਹਜ਼ਾਰ ਅਤੇ 10 ਹਜ਼ਾਰ ਦੀ ਤਨਖਾਹ ਉਤੇ ਕੰਮ ਕਰਨ ਲਈ ਮਜ਼ਬੂਰ ਹੋ ਰਹੇ ਹਨ ਅਤੇ ਇਨ੍ਹਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਬਹੁਤ ਵੱਡਾ ਖਿਲਵਾੜ ਕੀਤਾ ਜਾ ਰਿਹਾ ਹੈ । ਦੋਵੇ ਕਾਂਗਰਸ, ਬਾਦਲ-ਬੀਜੇਪੀ ਨੇ ਇਸ ਵੱਡੀ ਸਮੱਸਿਆ ਨੂੰ ਹੱਲ ਕਰਨ ਲਈ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਕੀਤੇ । ਇਹੀ ਵਜਹ ਹੈ ਅੱਜ ਨੌਜ਼ਵਾਨੀ ਵਿਚ ਨਮੋਸੀ ਵੱਧਦੀ ਜਾ ਰਹੀ ਹੈ ਅਤੇ ਨੌਜ਼ਵਾਨੀ ਨਸੀਲੀਆਂ ਵਸਤਾਂ ਦੇ ਸੇਵਨ ਕਰਨ ਵੱਲ ਪ੍ਰੇਰਿਤ ਹੋ ਰਹੀ ਹੈ । ਇਸ ਜਟਿਲ ਸਮੱਸਿਆ ਦੇ ਹੱਲ ਲਈ ਇਹ ਜਰੂਰੀ ਹੈ ਕਿ ਜਾ ਤਾਂ ਸਰਕਾਰ ਇਨ੍ਹਾਂ ਡਿਗਰੀਆ ਪ੍ਰਾਪਤ ਕਰਨ ਵਾਲੇ ਨੌਜ਼ਵਾਨਾਂ ਦੇ ਸਰਕਾਰੀ ਖਜਾਨੇ ਵਿਚ ਰੁਜ਼ਗਾਰ ਭੱਤਾ ਦੇਣ ਦਾ ਪ੍ਰਬੰਧ ਕਰੇ ਜਾਂ ਫਿਰ ਉਨ੍ਹਾਂ ਨੂੰ ਵੱਖ-ਵੱਖ ਅਦਾਰਿਆ ਤੇ ਸਰਕਾਰੀ ਵਿਭਾਗਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪਈਆ ਖਾਲੀ ਅਸਾਮੀਆ ਨੂੰ ਭਰਕੇ ਇਨ੍ਹਾਂ ਨੂੰ ਰੁਜ਼ਗਾਰ ਦੇਣ ਦੀ ਜਿੰਮੇਵਾਰੀ ਨਿਭਾਵੇ ।

3. ਨਸ਼ੀਲੀਆਂ ਵਸਤਾਂ ਦੇ ਸਰਕਾਰੀਪ੍ਰਸਤੀ ਵਾਲੇ ਕਾਰੋਬਾਰ ਨੇ ਪੰਜਾਬ ਦੀ ਨੌਜ਼ਵਾਨੀ ਦੇ ਭਵਿੱਖ ਵਿਚ ਹਨ੍ਹੇਰਾ ਕਰ ਦਿੱਤਾ ਹੈ:- ਗੁਰੂਆਂ, ਪੀਰਾਂ, ਫ਼ਕੀਰਾਂ ਅਤੇ ਦਰਵੇਸ਼ਾਂ ਦੀ ਪਵਿੱਤਰ ਧਰਤੀ ਪੰਜਾਬ ਜਿਥੇ ਕਸਰਤ, ਕਬੱਡੀ, ਦੰਗਲ ਅਤੇ ਹੋਰ ਸਰੀਰ ਨੂੰ ਮਜ਼ਬੂਤ ਕਰਨ ਵਾਲੀਆਂ ਖੇਡਾਂ ਦੀ ਬਦੌਲਤ ਪੰਜਾਬ ਦੀ ਨੌਜ਼ਵਾਨੀ ਸਰੀਰਕ ਅਤੇ ਮਾਨਸਿਕ ਪੱਖੋ ਮਜ਼ਬੂਤ ਸੀ, ਉਥੇ ਬਾਦਲ-ਹਕੂਮਤ ਦੀ ਸਰਪ੍ਰਸਤੀ ਹੇਠ ਵਜ਼ੀਰਾਂ, ਚੇਅਰਮੈਨਾਂ ਅਤੇ ਹੋਰ ਸਿਆਸਤਦਾਨਾਂ ਨੇ ਨਸ਼ੀਲੀਆਂ ਵਸਤਾਂ ਅਫ਼ੀਮ, ਭੁੱਕੀ, ਚਰਸ, ਗਾਂਜਾ, ਸਮੈਕ ਆਦਿ ਦੇ ਕਾਰੋਬਾਰਾਂ ਨੂੰ ਸਰਪ੍ਰਸਤੀ ਦੇ ਕੇ ਆਪਣੇ ਸਵਾਰਥੀ ਹਿੱਤਾ ਲਈ ਪੰਜਾਬ ਦੀ ਨੌਜ਼ਵਾਨੀ ਨੂੰ ਨਸਿ਼ਆਂ ਵੱਲ ਧਕੇਲ ਕੇ ਗੈਰ-ਜਿੰਮੇਵਾਰਾਨਾਂ ਅਤੇ ਸਮਾਜ ਵਿਰੋਧੀ ਅਮਲ ਕੀਤੇ ਹਨ । ਇਹੀ ਵਜਹ ਹੈ ਅੱਜ ਨੌਜ਼ਵਾਨਾਂ ਦੀ ਵੱਡੀ ਗਿਣਤੀ ਬੇਰੁਜ਼ਗਾਰੀ, ਨਸ਼ੀਲੀਆਂ ਵਸਤਾਂ ਦਾ ਸੇਵਨ ਕਰਨ ਅਤੇ ਹੋਰ ਅਪਰਾਧਿਕ ਕਾਰਵਾਈਆਂ ਵਿਚ ਸਮੂਲੀਅਤ ਹੋ ਚੁੱਕੀ ਹੈ, ਜਿਸ ਲਈ ਕੇਵਲ ਤੇ ਕੇਵਲ ਮੌਜੂਦਾ ਬਾਦਲ-ਬੀਜੇਪੀ ਹਕੂਮਤ ਨਾਲ ਸੰਬੰਧਤ ਸਿਆਸਤਦਾਨ ਹਨ । ਜਦੋਂ ਨਸ਼ੀਲੀਆਂ ਵਸਤਾਂ ਦੇ ਸਰਗਨੇ ਜਗਦੀਸ ਭੋਲਾ ਵੱਲੋਂ ਵੱਡੇ-ਵੱਡੇ ਸਿਆਸਤਦਾਨਾਂ ਅਤੇ ਸਰਕਾਰੀ ਅਫ਼ਸਰਾਂ ਦੀ ਨਸ਼ੀਲੀਆਂ ਵਸਤਾਂ ਦੀ ਸਪਲਾਈ ਦੇਣ ਅਤੇ ਸਰਪ੍ਰਸਤੀ ਕਰਨ ਸੰਬੰਧੀ ਨਾਮ ਰਿਕਾਰਡ ਤੇ ਲਿਆਕੇ ਜਾਣਕਾਰੀ ਦਿੱਤੀ ਹੈ ਤਾਂ ਉਨ੍ਹਾਂ ਦੋਸ਼ੀ ਵਜ਼ੀਰਾਂ ਅਤੇ ਸਿਆਸਤਦਾਨਾਂ ਵਿਰੁੱਧ ਮੌਜੂਦਾ ਕੈਪਟਨ ਸਰਕਾਰ ਅਮਲ ਕਰਨ ਤੋਂ ਕਿਉਂ ਭੱਜ ਰਹੀ ਹੈ ? ਜਿਸ ਤੋਂ ਸਾਬਤ ਹੋ ਜਾਂਦਾ ਹੈ ਕਿ ਮੌਜੂਦਾ ਕੈਪਟਨ ਦੀ ਕਾਂਗਰਸ ਸਰਕਾਰ ਦੇ ਵਜ਼ੀਰ ਅਤੇ ਸਿਆਸਤਦਾਨ ਵੀ ਅਜਿਹੇ ਨਸ਼ੀਲੀਆਂ ਵਸਤਾਂ ਦੇ ਸਰਗਨਿਆ ਅਤੇ ਗੈਗਸ਼ ਦੀ ਸਰਪ੍ਰਸਤੀ ਕਰ ਰਹੇ ਹਨ । ਇਸ ਮੌਜੂਦਾ ਸਰਕਾਰ ਤੋਂ ਵੀ ਇਸ ਦਿਸ਼ਾ ਵੱਲ ਕੋਈ ਸੁਧਾਰ ਦੀ ਉਮੀਦ ਨਹੀਂ ਕੀਤੀ ਜਾ ਸਕਦੀ । ਇਸ ਲਈ ਪੰਜਾਬ ਨਿਵਾਸੀ ਤੇ ਸਿੱਖ ਕੌਮ ਆਪਣੀ ਜਿੰਮੇਵਾਰੀ ਸਮਝਕੇ ਆਉਣ ਵਾਲੇ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਹਕੂਮਤ ਕਾਇਮ ਕਰਨ ਵਿਚ ਯੋਗਦਾਨ ਪਾਉਣ ।

4. ਸੁਪਰੀਮ ਕੋਰਟ ਵੱਲੋਂ ਐਸ.ਜੀ.ਪੀ.ਸੀ. ਦੇ 2011 ਦੇ ਹਾਊਂਸ ਨੂੰ ਭੰਗ ਕਰਨ ਦੇ ਅਮਲ ਗੈਰ-ਕਾਨੂੰਨੀ ਤੇ ਜ਼ਮਹੂਰੀਅਤ ਵਿਰੋਧੀ, ਤੁਰੰਤ ਐਸ.ਜੀ.ਪੀ.ਸੀ. ਦੀ ਜ਼ਮਹੂਰੀਅਤ ਤਰੀਕੇ ਚੋਣ ਕਰਵਾਈ ਜਾਵੇ:- ਹਿੰਦ ਦੀ ਸੁਪਰੀਮ ਕੋਰਟ ਵੱਲੋਂ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਵਿਚ ਸਿੱਧੀ ਦਖਲਅੰਦਾਜੀ ਕਰਕੇ ਜੋ 2011 ਦੇ ਚੁਣੇ ਹੋਏ ਹਾਊਂਸ ਨੂੰ ਭੰਗ ਕਰ ਦਿੱਤਾ ਸੀ, ਇਹ ਕਾਰਵਾਈ ਗੈਰ-ਕਾਨੂੰਨੀ ਅਤੇ ਜਮਹੂਰੀਅਤ ਵਿਰੋਧੀ ਹੈ । ਬਹੁਤ ਦੁੱਖ ਅਤੇ ਅਫਸੋਸ ਹੈ ਕਿ ਹਿੰਦ ਦੀ ਸੁਪਰੀਮ ਕੋਰਟ ਨੇ 2004 ਵਾਲੀ ਐਸ.ਜੀ.ਪੀ.ਸੀ. ਦੇ ਮੈਬਰਾਂ ਨੂੰ ਕੰਮ ਚਲਾਉਣ ਦੇ ਅਧਿਕਾਰ ਦੇ ਦਿੱਤੇ ਹਨ ਅਤੇ ਜੋ ਸਿੱਖ ਕੌਮ ਦੇ ਖਜ਼ਾਨੇ ਅਤੇ ਸਾਧਨਾਂ ਦੀ ਨਿਰੰਤਰ ਦੁਰਵਰਤੋ ਕਰਦੀ ਆ ਰਹੀ ਹੈ । ਜਦੋਂਕਿ ਦੂਜੇ ਪਾਸੇ ਹਿੰਦ ਦੀ ਪਾਰਲੀਮੈਂਟ ਦੀ ਮਿਆਦ ਖ਼ਤਮ ਹੋਣ ਤੇ ਚੋਣ ਕਰਵਾਉਣ ਦਾ ਪ੍ਰਬੰਧ ਹੈ, ਉਸੇ ਤਰ੍ਹਾਂ ਐਸ.ਜੀ.ਪੀ.ਸੀ. ਦੀ ਸਿੱਖ ਪਾਰਲੀਮੈਂਟ ਦੀ ਚੋਣ ਵੀ ਨਿਰਪੱਖਤਾ ਵਾਲੇ ਢੰਗਾਂ ਰਾਹੀ, ਬਿਨ੍ਹਾਂ ਕਿਸੇ ਹਕੂਮਤੀ ਦਬਾਅ ਜਾਂ ਹੋਰ ਦੁਨਿਆਵੀ ਲਾਲਸਾਵਾਂ ਤੋ ਰਹਿਤ ਐਸ.ਜੀ.ਪੀ.ਸੀ. ਦੀ ਚੋਣ ਸਹੀ ਸਮੇਂ ਤੇ ਹੋਣੀ ਚਾਹੀਦੀ ਹੈ ਅਤੇ ਜਿਸ ਨੂੰ ਸੁਪਰੀਮ ਕੋਰਟ ਨੇ ਭੰਗ ਕਰਕੇ ਹੁਕਮਰਾਨਾਂ ਦੀਆਂ ਮੰਦਭਾਵਨਾਵਾਂ ਦੀ ਪੂਰਤੀ ਕੀਤੀ ਸੀ, ਉਸ ਐਸ.ਜੀ.ਪੀ.ਸੀ. ਦੀ ਤੁਰੰਤ ਨਵੀਂ ਚੋਣ ਕਰਵਾਈ ਜਾਵੇ । ਜਿਵੇ ਸੈਟਰਲ ਇਲੈਕਸ਼ਨ ਕਮਿਸ਼ਨ ਵੱਲੋ ਚੋਣਾਂ ਨੂੰ ਨਿਰਪੱਖਤਾ ਅਤੇ ਬਿਨ੍ਹਾਂ ਕਿਸੇ ਪ੍ਰਭਾਵ ਤੋ ਕਰਵਾਉਣ ਦੇ ਪ੍ਰਬੰਧ ਕੀਤੇ ਜਾਂਦੇ ਹਨ, ਉਸੇ ਤਰ੍ਹਾਂ ਐਸ.ਜੀ.ਪੀ.ਸੀ. ਦੀਆਂ ਚੋਣਾਂ ਵਿਚ ਵੀ ਸੈਟਰ ਇਲੈਕਸ਼ਨ ਕਮਿਸ਼ਨ ਵਾਲਾ ਪੂਰਾ ਸਿਸਟਮ ਲਾਗੂ ਕਰਕੇ ਆਜ਼ਾਦਆਨਾ ਚੋਣਾਂ ਕਰਵਾਈਆ ਜਾਣ । ਜੋ ਐਸ.ਜੀ.ਪੀ.ਸੀ. ਦਾ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਹੈ, “ਇਹ ਆਟੇ ਦੇ ਦੀਵੇ ਦੀ ਤਰ੍ਹਾਂ ਹੈ ਜਿਸ ਨੂੰ ਅੰਦਰ ਰੱਖੀਏ ਤਾਂ ਚੂਹਾ ਲੈ ਜਾਂਦਾ ਹੈ, ਬਾਹਰ ਰੱਖੀਏ ਤਾਂ ਕਾਂ ਲੈ ਜਾਂਦਾ ਹੈ” ਅਜਿਹੇ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਤੋ ਨਿਰਪੱਖ ਅਤੇ ਆਜ਼ਾਦ ਚੋਣਾਂ ਦੀ ਕਤਈ ਉਮੀਦ ਨਹੀਂ ਰੱਖੀ ਜਾ ਸਕਦੀ । ਇਸ ਲਈ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਵੀ ਸੈਟਰ ਦੇ ਇਲੈਕਸ਼ਨ ਕਮਿਸ਼ਨ ਦੀ ਤਰ੍ਹਾਂ ਨਿਰਪੱਖ ਹੋਣਾ ਚਾਹੀਦਾ ਹੈ ਅਤੇ ਉਸ ਕੋਲ ਸੈਟਰਲ ਇਲੈਕਸ਼ਨ ਕਮਿਸ਼ਨ ਦੇ ਬਰਾਬਰ ਦੇ ਆਜ਼ਾਦਆਨਾ ਅਧਿਕਾਰ ਹੋਣੇ ਚਾਹੀਦੇ ਹਨ । ਤਾਂ ਕਿ ਉਹ ਹਕੂਮਤੀ ਪ੍ਰਭਾਵ ਥੱਲ੍ਹੇ ਆ ਕੇ ਕਿਸੇ ਇਕ ਪਾਰਟੀ ਦੇ ਪੱਖ ਵਿਚ ਅਮਲ ਕਰਕੇ ਚੋਣਾਂ ਨੂੰ ਪ੍ਰਭਾਵਿਤ ਨਾ ਕਰ ਸਕਣ ਅਤੇ ਕਿਸੇ ਇਕ ਪਾਰਟੀ ਜਾਂ ਆਗੂ ਦੇ ਹੱਕ ਵਿਚ ਨਾ ਭੁਗਤ ਸਕਣ ।
ਇਹ ਆਮ ਦੇਖਣ ਵਿਚ ਆਇਆ ਹੈ ਕਿ ਆਮ ਚੋਣਾਂ ਵਿਚ ਕਾਂਗਰਸ, ਭਾਜਪਾ, ਬਾਦਲ ਦਲ, ਆਪ ਪਾਰਟੀ ਆਦਿ ਜਿਨ੍ਹਾਂ ਕੋਲ ਗਲਤ ਢੰਗਾਂ ਰਾਹੀ 2 ਨੰਬਰ ਵਿਚ ਇਕੱਤਰ ਕੀਤੇ ਗਏ ਵੱਡੇ ਫੰਡ ਹਨ ਅਤੇ ਜਿਨ੍ਹਾਂ ਕੋਲ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਹਰ ਤਰ੍ਹਾਂ ਦੇ ਸਾਧਨ ਹਨ, ਉਹ ਇਹਨਾਂ ਸਾਧਨਾਂ ਦੀ ਦੁਰਵਰਤੋ ਕਰਕੇ ਅਕਸਰ ਹੀ ਚੋਣਾਂ ਦੇ ਨਿਰਪੱਖ ਹੋਣ ਦੇ ਢੰਗਾਂ ਵਿਚ ਪੂਰੀ ਤਰ੍ਹਾਂ ਵਿਘਨ ਪਾ ਕੇ ਆਪਣੀ ਮਨਮਰਜੀ ਦੇ ਫੈਸਲੇ ਕਰਨ ਵਿਚ ਮੋਹਰੀ ਹੋ ਜਾਂਦੇ ਹਨ । ਜਦੋਂਕਿ ਵੋਟਰਾਂ ਦਾ ਅਸਲੀ ਫੈਸਲਾ ਕੁਝ ਹੋਰ ਹੁੰਦਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹੋਰ ਕਈ ਸਟੇਟ ਪਾਰਟੀਆਂ ਕੋਲ ਇਸ ਤਰ੍ਹਾਂ ਦੇ ਵੱਡੇ ਫੰਡ ਅਤੇ ਸਾਧਨ ਨਹੀਂ ਹਨ ਅਤੇ ਨਾ ਹੀ ਅਸੀਂ ਅਜਿਹੀ ਗੈਰ-ਕਾਨੂੰਨੀ ਅਤੇ ਗੈਰ-ਇਖ਼ਲਾਕੀ ਲੜਾਈ ਲੜਨ ਵਿਚ ਵਿਸ਼ਵਾਸ ਰੱਖਦੇ ਹਾਂ । ਇਸ ਲਈ ਅਜਿਹਾ ਪ੍ਰਬੰਧ ਕੀਤਾ ਜਾਵੇ ਕਿ ਜਿਵੇ ਵੱਡੀ ਪਾਰਲੀਮੈਂਟ ਜਾਂ ਦੂਸਰੀਆਂ ਚੋਣਾਂ ਵਿਚ ਕਿਸੇ ਵੀ ਸਮੇਂ, ਕਿਸੇ ਵੀ ਸਥਾਨ ਤੇ ਕੋਈ ਗੈਰ-ਕਾਨੂੰਨੀ ਅਮਲ ਹੋਣ ਤੇ ਇਲੈਕਸ਼ਨ ਕਮਿਸ਼ਨ ਹਿੰਦ ਅਤੇ ਅਬਜਰਬਰ ਸਖ਼ਤ ਨੋਟਿਸ ਲੈਦੇ ਹਨ, ਉਸੇ ਤਰ੍ਹਾਂ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੂੰ ਵੀ ਆਜ਼ਾਦਆਨਾ ਇਹ ਅਧਿਕਾਰ ਹੋਣੇ ਚਾਹੀਦੇ ਹਨ ਤਾਂ ਕਿ ਸਾਫ਼-ਸੁਥਰੇ ਅਤੇ ਨਿਰਪੱਖਤਾ ਵਾਲੇ ਢੰਗਾਂ ਨਾਲ ਐਸ.ਜੀ.ਪੀ.ਸੀ. ਦੀਆਂ ਚੋਣਾਂ ਹੋ ਸਕਣ ।

5. ਸ. ਬਾਦਲ ਅਤੇ ਮਰਹੂਮ ਟੋਹੜਾ ਦੀ ਅਗਵਾਈ ਵਿਚ ਐਸ.ਜੀ.ਪੀ.ਸੀ. ਦੇ ਵਿਦਿਅਕ ਅਦਾਰਿਆ ਵਿਚ ਆਪਣੇ ਚਿਹਤਿਆ ਦੇ ਨਾਮ ਦਰਜ ਕਰਕੇ ਟਰੱਸਟ ਬਣਾਕੇ ਖ਼ਾਲਸਾ ਪੰਥ ਦੇ ਖਜਾਨੇ ਨੂੰ ਵੱਡੇ ਪੱਧਰ ਤੇ ਲੁੱਟਣ ਦੀਆਂ ਕਾਰਵਾਈਆ ਬੰਦ ਹੋਣ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਮਰਹੂਮ ਗੁਰਚਰਨ ਸਿੰਘ ਟੋਹੜਾ ਨੇ ਖ਼ਾਲਸਾ ਪੰਥ ਦੇ ਨਾਲ ਸੰਬੰਧਤ ਗੁਰੂਘਰਾਂ ਦੀਆਂ ਜ਼ਮੀਨਾਂ, ਵਿਦਿਅਕ ਸੰਸਥਾਵਾਂ ਨੂੰ ਕੁਝ ਕੁ ਆਪਣੇ ਚਿਹਤਿਆ ਦੇ ਨਾਮ ਰਜਿਸਟਰਡ ਕਰਕੇ ਟਰੱਸਟ ਬਣਾਉਣ ਦੀ ਖੇਡ-ਖੇਡੀ ਜਾਂਦੀ ਆ ਰਹੀ ਹੈ । ਜਦੋਂਕਿ ਇਹ ਸਾਰੇ ਸਾਧਨ ਸਿੱਖ ਕੌਮ ਦੇ ਦਸਵੰਧ ਨਾਲ ਇਕੱਤਰ ਕੀਤੀ ਗਈ ਮਾਇਆ ਰਾਹੀ ਬਣੇ ਹਨ । ਜੇਕਰ ਕੌਮੀ ਜ਼ਾਇਦਾਦ ਜਾਂ ਖਜਾਨੇ ਦੀ ਵੱਡੀ ਦੁਰਵਰਤੋ ਹੋਣ ਤੋਂ ਨਾ ਰੋਕਿਆ ਗਿਆ ਤਾਂ ਇਹ ਬਣਾਏ ਗਏ ਟਰੱਸਟ ਅਤੇ ਉਨ੍ਹਾਂ ਵਿਦਿਅਕ ਸੰਸਥਾਵਾਂ ਦੀ ਆਮਦਨ ਕੁਝ ਕੁ ਟਰੱਸਟੀ ਹੀ ਫਾਇਦਾ ਉਠਾਉਣਗੇ । ਇਹ ਰਵਾਇਤ ਸਿੱਖ ਹੱਕਾਂ ਅਤੇ ਖਾਲਸਾਈ ਖਜਾਨੇ ਉਤੇ ਡਾਕਾ ਮਾਰਨ ਦੇ ਤੁੱਲ ਅਮਲ ਹੋ ਰਹੇ ਹਨ । ਇਹ ਸਾਰੇ ਟਰੱਸਟ ਖਤਮ ਕਰਕੇ ਗੁਰੂਘਰਾਂ ਅਤੇ ਸਿੱਖ ਕੌਮ ਵੱਲੋ ਦਾਨ ਜਾਂ ਭੇਟਾ ਦੇ ਰੂਪ ਵਿਚ ਦਿੱਤੀ ਗਈ ਜ਼ਮੀਨ-ਜ਼ਾਇਦਾਦ ਨੂੰ ਗੁਰੂਘਰਾਂ ਜਾਂ ਵਿਦਿਅਕ ਸੰਸਥਾਵਾਂ ਦੇ ਨਾਮ ਕੀਤਾ ਜਾਵੇ ਤਾਂ ਕਿ ਇਨ੍ਹਾਂ ਟਰੱਸਟਾਂ ਵਿਚੋ ਹੋਣ ਵਾਲੀ ਵੱਡੀ ਆਮਦਨ ਨੂੰ ਲੋਕਾਂ ਦੀ ਬਿਹਤਰੀ ਕਰਨ, ਉੱਚ ਤਾਲੀਮ ਦੇਣ ਦੇ ਪ੍ਰਬੰਧ ਕਰਨ ਅਤੇ ਤਕਨੀਕੀ ਸਪਾਲਈ ਤੇ ਹੋਰ ਅਗਵਾਈ ਦੇਣ ਲਈ ਵਰਤਿਆ ਜਾ ਸਕੇ ਅਤੇ ਮਨੁੱਖਤਾ ਦੀ ਵੱਧ ਤੋਂ ਵੱਧ ਸੇਵਾ ਹੋ ਸਕੇ ।

6. ਚੀਨ-ਭਾਰਤ ਡੋਕਲਾਮ ਮੁੱਦੇ ਵਿਚ ਭਾਰਤ ਘੋੜੀ ਬਣਿਆ ਅਤੇ ਚੀਨ ਉਸਦਾ ਸਵਾਰ ਪਰ ਅਸੀਂ ਸਮਝੋਤਾ ਹੋਣ ਦਾ ਸਵਾਗਤ ਕਰਦੇ ਹਾਂ :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਛਪਾਰ ਦੇ ਇਤਿਹਾਸਿਕ ਮੇਲੇ ਉਤੇ ਕੀਤੀ ਗਈ ਕਾਨਫਰੰਸ ਵਿਚ ਚੀਨ-ਭਾਰਤ ਵੱਲੋਂ ਉੱਠੇ ਡੋਕਲਾਮ ਮੁੱਦੇ ਉਤੇ ਹੋਏ ਸਮਝੋਤੇ ਦਾ ਇਸ ਲਈ ਸਵਾਗਤ ਕਰਦੇ ਹਾਂ, ਕਿਉਂਕਿ ਸਿੱਖ ਕੌਮ ਅਤੇ ਪੰਜਾਬੀ ਹਰ ਤਰ੍ਹਾਂ ਦੀ ਜੰਗ ਦੇ ਵਿਰੁੱਧ ਹਨ । ਇਹ ਸਮਝੋਤਾ ਹੋਣ ਨਾਲ ਚੀਨ-ਭਾਰਤ ਵਿਚ ਜੰਗ ਦੇ ਮੰਡਰਾ ਰਹੇ ਬੱਦਲ ਦੂਰ ਹੋ ਗਏ ਹਨ ਅਤੇ ਸਿੱਖ ਕੌਮ ਦਾ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚ ਗਿਆ ਹੈ । ਪਰ ਇਹ ਸਮਝੋਤਾ ਜਿਸ ਤਰੀਕੇ ਹੋਇਆ ਹੈ, ਉਸ ਵਿਚ ਭਾਰਤ ਘੋੜੀ ਬਣਿਆ ਹੈ ਅਤੇ ਚੀਨ ਉਸਦਾ ਸਵਾਰ । ਸਾਡੀ ਪਾਲਸੀ ਹੈ ਕਿ ਅਸੀਂ ਜੰਗ ਵਿਚ ਕਿਸੇ ਤਰ੍ਹਾਂ ਦਾ ਹਿੱਸਾ ਨਹੀਂ ਲੈਣਾ ।

7. ਅਮਰੀਕਾ ਵੱਲੋਂ ਆਪਣੇ ਮਿੱਤਰ ਮੁਲਕ ਪਾਕਿਸਤਾਨ ਉਤੇ ਜੰਗੀ ਅਤੇ ਮਾਲੀ ਮਦਦ ਦੀ ਲਗਾਈ ਗਈ ਰੋਕ ਖ਼ਤਮ ਹੋਵੇ :- ਕਿਉਂਕਿ ਅਮਰੀਕਾ ਅਤੇ ਪਾਕਿਸਤਾਨ ਦੇ ਕਾਫ਼ੀ ਲੰਮੇ ਸਮੇਂ ਤੋਂ ਦੋਸਤਾਨਾ ਸੰਬੰਧ ਚੱਲਦੇ ਆ ਰਹੇ ਹਨ ਅਤੇ ਪਾਕਿਸਤਾਨ ਨੇ ਅਫ਼ਗਾਨੀਸਤਾਨ ਦੀ ਲੜਾਈ ਵਿਚ ਅਮਰੀਕਾ ਦਾ ਸਾਥ ਦੇ ਕੇ ਉਥੇ ਸੋਵੀਅਤ ਯੂਨੀਅਨ ਦੀਆਂ ਫ਼ੌਜਾਂ ਨੂੰ ਭਜਾਇਆ ਹੈ ਅਤੇ ਜਦੋਂ ਵੀ ਇਸ ਖਿੱਤੇ ਵਿਚ ਅਮਰੀਕਾ ਅਤੇ ਰੂਸ ਵੱਡੀਆਂ ਤਾਕਤਾਂ ਦੀ ਖਿੱਚੋਤਾਣ ਹੁੰਦੀ ਹੈ ਤਾਂ ਪਾਕਿਸਤਾਨ ਨੇ ਆਪਣਾ ਨੁਕਸਾਨ ਝੱਲਕੇ ਵੀ ਅਮਰੀਕਾ ਦਾ ਸਾਥ ਦਿੱਤਾ ਹੈ । ਜੋ ਦੋਸਤ ਔਖੇ ਵੇਲੇ ਡੱਟਕੇ ਖੜ੍ਹ ਜਾਵੇ, ਉਸਦੀ ਦ੍ਰਿੜਤਾ ਅਤੇ ਭਲਾਈ ਨੂੰ ਕਦੀ ਨਹੀਂ ਭੁਲਾਉਣਾ ਚਾਹੀਦਾ । ਦੂਸਰਾ ਜਦੋਂ ਦੋ ਦੁਸ਼ਮਣ ਤਾਕਤਾਂ ਇਕੋ ਜਿਹੜੀਆ ਫ਼ੌਜੀ ਅਤੇ ਪ੍ਰਮਾਣੂ ਤਾਕਤਾਂ ਦੇ ਮਾਲਕ ਹੋਣ ਤਾਂ ਉਹ ਕਦੀ ਵੀ ਜੰਗ ਦੀ ਗੱਲ ਨਹੀਂ ਕਰਨਗੇ । ਜਦੋਂ ਇਕ ਦੁਸ਼ਮਣ ਫ਼ੌਜੀ ਤਾਕਤ ਵੱਲੋ ਕੰਮਜੋਰ ਹੋ ਜਾਵੇ ਤਾਂ ਦੂਸਰਾ ਮੁਲਕ ਉਸ ਉਤੇ ਜੰਗ ਥੋਪਣ ਦੀ ਗੱਲ ਜ਼ਰੂਰ ਕਰੇਗਾ । ਇਸ ਲਈ ਪਾਕਿਸਤਾਨ ਤੇ ਭਾਰਤ ਦੀਆਂ ਮਿਆਨ ਵਿਚ ਪਈਆ ਤਲਵਾਰਾਂ ਇਕੋ ਜਿਹੀਆ ਤਿੱਖੀਆ ਹੋਣੀਆ ਚਾਹੀਦੀਆ ਹਨ ਤਾਂ ਕਿ ਏਸੀਆ ਖਿੱਤੇ ਵਿਚ ਅਮਨ-ਚੈਨ ਕਾਇਮ ਰਹਿ ਸਕੇ । ਇਸ ਲਈ ਅਸੀਂ ਅਮਰੀਕਾ ਵੱਲੋ ਪਾਕਿਸਤਾਨ ਨੂੰ ਜੰਗੀ ਅਤੇ ਮਾਲੀ ਮਦਦ ਦੀ ਲਗਾਈ ਗਈ ਰੋਕ ਨੂੰ ਬਿਲਕੁਲ ਦਰੁਸਤ ਕਰਾਰ ਨਹੀਂ ਦਿੰਦੇ । ਬਲਕਿ ਅਮਰੀਕਾ ਨੂੰ ਆਪਣੇ ਔਖੇ ਸਮੇਂ ਕੰਮ ਆਉਣ ਵਾਲੇ ਦੋਸਤ ਪਾਕਿਸਤਾਨ ਨੂੰ ਐਫ-16 ਲੜਾਕੂ ਹਵਾਈ ਜਹਾਜ ਦੇ ਕੇ ਅਤੇ ਹੋਰ ਮਾਲੀ ਤੇ ਫ਼ੌਜੀ ਮਦਦ ਕਰਕੇ ਭਾਰਤ ਦੇ ਬਰਾਬਰ ਦਾ ਮਜ਼ਬੂਤ ਮੁਲਕ ਰੱਖਣਾ ਚਾਹੀਦਾ ਹੈ ।

8. ਮੁਗਲ-ਅਫ਼ਗਾਨ, ਅੰਗਰੇਜ਼ ਅਤੇ ਹੁਣ ਭਾਰਤੀ ਹਿੰਦੂ ਹੁਕਮਰਾਨ ਸਿੱਖ ਕੌਮ ਵਿਰੁੱਧ ਸਾਜਿ਼ਸਾਂ ਰਚਕੇ ਵੀ ਸਾਡੇ ਸਿਧਾਤਾਂ ਤੇ ਸੋਚ ਨੂੰ ਨਾ ਢਾਅ ਲਗਾ ਸਕੇ ਹਨ ਨਾ ਲਗਾ ਸਕਣਗੇ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਪਹਿਲੇ ਮੁਗਲਾਂ ਨੇ ਸਿੱਖ ਕੌਮ ਵਿਚ ਵੰਡੀਆ ਪਾ ਕੇ ਸਿੱਖ ਕੌਮ ਦੀ ਅਸੀਮਤ ਸ਼ਕਤੀ ਨੂੰ ਢਾਅ ਲਗਾਉਣ ਦੀ ਅਸਫਲ ਕੋਸਿ਼ਸ਼ ਕੀਤੀ, ਫਿਰ ਅਫ਼ਗਾਨਾਂ ਨੇ, ਫਿਰ ਅੰਗਰੇਜ਼ਾਂ ਨੇ ਅਤੇ ਹੁਣ ਹਿੰਦੂ ਹੁਕਮਰਾਨ ਉਸੇ ਸੋਚ ਤੇ ਕੰਮ ਕਰਕੇ ਸਿੱਖ ਸ਼ਕਤੀ ਨੂੰ ਵੰਡਣ ਦੀਆਂ ਸਾਜਿ਼ਸਾਂ ਤੇ ਕੰਮ ਕਰ ਰਹੇ ਹਨ । ਪਰ ਉਸ ਅਕਾਲ ਪੁਰਖ ਅਤੇ ਗੁਰੂ ਸਾਹਿਬਾਨ ਵੱਲੋਂ ਸਿੱਖ ਕੌਮ ਅਤੇ ਸਿੱਖ ਧਰਮ ਲਈ ਬਣਾਏ ਗਏ ਸਿਧਾਤ ਅਤੇ ਸੋਚ ਨੂੰ ਨਾ ਮੁਗਲ, ਨਾ ਅਫ਼ਗਾਨ ਅਤੇ ਨਾ ਅੰਗਰੇਜ ਹੀ ਕੋਈ ਨੁਕਸਾਨ ਕਰ ਸਕੇ ਹਨ ਅਤੇ ਨਾ ਹੀ ਹੁਣ ਹਿੰਦੂ ਹੁਕਮਰਾਨ ਡੇਰਿਆਂ ਦੀ ਸਿਆਸਤ ਰਾਹੀ ਸਿੱਖ ਤਾਕਤ ਨੂੰ ਵੰਡਕੇ ਸਾਡੇ ਸਿਧਾਤਾਂ ਤੇ ਸੋਚ ਨੂੰ ਕੋਈ ਨੁਕਸਾਨ ਨਹੀਂ ਕਰ ਸਕਣਗੇ । ਬਲਕਿ ਸਿੱਖ ਕੌਮ ਹਰ ਵਾਰੀ, ਹਰ ਇਮਤਿਹਾਨ ਵਿਚੋ ਪਹਿਲੇ ਨਾਲੋ ਵੀ ਵਧੇਰੇ ਦ੍ਰਿੜ ਅਤੇ ਮਨੁੱਖਤਾ ਪੱਖੀ ਹੋ ਕੇ ਨਿਕਲੀ ਹੈ ਅਤੇ ਹਮੇਸ਼ਾਂ ਸਿੱਖ ਕੌਮ ਨੇ ਹਰ ਮੈਦਾਨ ਬਾਇੱਜ਼ਤ ਫ਼ਤਹਿ ਕੀਤੇ ਹਨ ।

9. ਕਸ਼ਮੀਰ ਵਿਚ ਫ਼ੌਜ ਅਤੇ ਅਰਧ ਸੈਨਿਕ ਬਲਾਂ ਵੱਲੋਂ ਮੁਸਲਿਮ ਨੌਜ਼ਵਾਨਾਂ ਨੂੰ ਖ਼ਤਮ ਕਰਨ ਵਾਲੇ ਅਮਲ ਮਨੁੱਖਤਾ ਵਿਰੋਧੀ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਜਿਵੇਂ ਬੀਤੇ ਸਮੇਂ ਵਿਚ ਹੁਕਮਰਾਨਾਂ ਨੇ ਸਿੱਖ ਵਿਰੋਧੀ ਸਾਜਿ਼ਸਾਂ ਦਾ ਅਮਲ ਕਰਕੇ, ਸਿੱਖ ਕੌਮ ਨੂੰ ਅਤੇ ਸਿੱਖ ਧਰਮ ਨੂੰ ਬਦਨਾਮ ਕਰਨ ਦੀ ਅਸਫ਼ਲ ਕੋਸਿ਼ਸ਼ ਕੀਤੀ ਸੀ ਅਤੇ ਸਿੱਖ ਨੌਜ਼ਵਾਨੀ ਦਾ ਫ਼ੌਜ ਅਤੇ ਅਰਧ ਸੈਨਿਕ ਬਲਾਂ ਵੱਲੋਂ ਘਾਣ ਕੀਤਾ ਗਿਆ ਸੀ, ਠੀਕ ਉਸੇ ਤਰ੍ਹਾਂ ਕਸ਼ਮੀਰ ਵਿਚ ਹਿੰਦੂ ਮੁਤੱਸਵੀ ਹਿੰਦੂਤਵੀ ਤਾਕਤ, ਮੁਸਲਿਮ ਕੌਮ, ਧਰਮ ਅਤੇ ਨੌਜ਼ਵਾਨੀ ਉਤੇ ਗੈਰ-ਦਲੀਲ ਢੰਗਾਂ ਰਾਹੀ ਦੂਸਣ ਲਗਾਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਅਸਫ਼ਲ ਕੋਸਿ਼ਸ਼ ਕਰਨ ਦੇ ਨਾਲ-ਨਾਲ ਉਨ੍ਹਾਂ ਉਤੇ ਫ਼ੌਜ ਅਤੇ ਅਰਧ ਸੈਨਿਕ ਬਲਾਂ ਦੇ ਮਨੁੱਖਤਾ ਵਿਰੋਧੀ ਹਮਲੇ ਕਰਕੇ ਉਨ੍ਹਾਂ ਦੀਆਂ ਕੀਮਤੀ ਜਿੰਦਗਾਨੀਆਂ ਨਾਲ ਖਿਲਵਾੜ ਕਰਨ ਦੀ ਕਾਰਵਾਈ ਕਰ ਰਿਹਾ ਹੈ । ਜਿਥੇ ਦਾ ਅੱਜ ਦਾ ਇਕੱਠ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੋਇਆ ਕਸ਼ਮੀਰ ਵਿਚ ਫ਼ੌਜ ਅਤੇ ਅਰਧ ਸੈਨਿਕ ਬਲਾਂ ਵੱਲੋਂ ਕਸ਼ਮੀਰੀ ਨੌਜ਼ਵਾਨਾਂ ਦੇ ਕੀਤੇ ਜਾ ਰਹੇ ਕਤਲੇਆਮ ਨੂੰ ਤੁਰੰਤ ਰੋਕਣ ਅਤੇ ਹਿੰਦੂਤਵ ਤਾਕਤ ਵੱਲੋ ਬੀਤੇ ਸਮੇਂ ਵਿਚ ਕਸ਼ਮੀਰੀਆਂ ਨਾਲ ਕੀਤੇ ਗਏ ‘ਰਾਏਸੁਮਾਰੀ’ ਦੇ ਬਚਨ ਨੂੰ ਅਮਲੀ ਰੂਪ ਵਿਚ ਪੂਰਨ ਕਰਨ ਦੀ ਜੋਰਦਾਰ ਮੰਗ ਕਰਦਾ ਹੈ, ਉਥੇ 2000 ਵਿਚ ਜਿਸ ਸਮੇਂ ਅਮਰੀਕਾ ਦੇ ਸਦਰ ਸ੍ਰੀ ਕਲਿੰਟਨ ਭਾਰਤ ਦੇ ਦੌਰੇ ਤੇ ਆਏ ਸਨ, ਉਸ ਸਮੇਂ ਚਿੱਠੀ ਸਿੰਘ ਪੁਰਾ ਵਿਚ ਡੂੰਘੀ ਸਾਜਿ਼ਸ ਰਾਹੀ ਹਿੰਦ ਫ਼ੌਜ ਵੱਲੋਂ 43 ਨਿਰਦੋਸ਼ ਸਿੱਖਾਂ ਨੂੰ ਇਕ ਲਾਈਨ ਵਿਚ ਖੜ੍ਹੇ ਕਰਕੇ ਕਤਲ ਕਰ ਦਿੱਤਾ ਗਿਆ ਸੀ, ਜਿਸਦੀ ਛਾਣਬੀਨ ਅੱਜ ਤੱਕ ਨਹੀਂ ਹੋਈ । ਇਹ ਗੱਲ ਉਪਰੋਕਤ ਸਾਜਿ਼ਸ ਨੂੰ ਹੋਰ ਪ੍ਰਪੱਕ ਕਰਦੀ ਹੈ । ਅੱਜ ਦਾ ਇਕੱਠ ਉਸਦੀ ਨਿਰਪੱਖਤਾ ਨਾਲ ਕੌਮਾਂਤਰੀ ਪੱਧਰ ਤੇ ਛਾਣਬੀਨ ਹੋਣ ਅਤੇ ਦੋਸ਼ੀ ਸਿਆਸਤਦਾਨਾਂ ਅਤੇ ਫ਼ੌਜ ਦੇ ਅਫ਼ਸਰਾਨ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦੇਣ ਦੀ ਮੰਗ ਕਰਦਾ ਹੈ ।

10. ਅਮਰੀਕੀ ਸਦਰ ਬੁਸ ਦੇ ਸਮੇਂ ਤੋਂ ਵੱਖ-ਵੱਖ ਮੁਲਕਾਂ ਵਿਚ ਦਹਿਸਤਗਰਦੀ ਵਿਰੁੱਧ ਸੁਰੂ ਕੀਤੀ ਗਈ ਜੰਗ ਦਾ ਅੱਜ ਤੱਕ ਕੀ ਨਤੀਜਾ ਨਿਕਲਿਆ ? :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਅਮਰੀਕਾ ਆਪਣੀ ਸੂਪਰ ਪਾਵਰ ਹੋਣ ਦੀ ਧੋਸ ਰੱਖਕੇ ਕਦੀ ਅਫਗਾਨੀਸਤਾਨ, ਕਦੀ ਵੀਅਤਨਾਮ, ਕਦੀ ਇਰਾਕ ਦੇ ਸਦਾਮ ਹੁਸੈਨ ਦੇ ਰਾਜ ਵਿਚ ਪ੍ਰਮਾਣੂ ਹਥਿਆਰ ਦੇ ਭੰਡਾਰ ਹੋਣ ਦਾ ਬਹਾਨਾ ਬਣਾਕੇ ਅਜਿਹੇ ਸਮਿਆ ਤੇ ਜੰਗੀ ਕਾਰਵਾਈਆ ਕਰਦਾ ਆ ਰਿਹਾ ਹੈ ਅਤੇ ਆਧੁਨਿਕ ਕਾਡ ਡਰੋਨ ਹਮਲਿਆ ਰਾਹੀ ਬੇਗੁਨਾਹ ਅਤੇ ਬੇਕਸੂਰ ਲੋਕਾਂ ਦਾ ਕਤਲੇਆਮ ਕਰਦਾ ਆ ਰਿਹਾ ਹੈ । ਪਰ ਅੱਜ ਤੱਕ ਉਸ ਵੱਲੋਂ ਕੀਤੀਆ ਗਈਆ ਫ਼ੌਜੀ ਕਾਰਵਾਈਆ ਦੀ ਬਦੌਲਤ ਕਿਸੇ ਵੀ ਸਥਾਂਨ ਤੇ ਅਮਨ-ਚੈਨ ਅਤੇ ਜਮਹੂਰੀਅਤ ਕਾਇਮ ਨਹੀਂ ਹੋ ਸਕੀ । ਅੱਜ ਵੀ ਸ੍ਰੀ ਟਰੰਪ ਦੀ ਹਕੂਮਤ ਵੱਲੋਂ ਅਜਿਹੀਆ ਕਾਰਵਾਈਆ ਦੀ ਪੈਰਵੀ ਕੀਤੀ ਜਾ ਰਹੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਦੇ ਹੁਣ ਤੱਕ ਰਹਿ ਚੁੱਕੇ ਹੁਕਮਰਾਨਾਂ ਅਤੇ ਹਕੂਮਤਾਂ ਨੂੰ ਪੁੱਛਣਾ ਚਾਹੇਗਾ ਕਿ ਸਮੇਂ-ਸਮੇਂ ਤੇ ਕੀਤੀਆ ਗਈਆ ਫ਼ੌਜੀ ਕਾਰਵਾਈਆ ਅਤੇ ਮਨੁੱਖਤਾ ਦੇ ਕੀਤੇ ਗਏ ਕਤਲੇਆਮ ਉਪਰੰਤ ਵੀ ਕੋਈ ਨਤੀਜਾ ਕਿਉਂ ਨਹੀਂ ਕੱਢ ਸਕਿਆ ਅਤੇ ਮਨੁੱਖਤਾ ਨੂੰ ਡਰੋਨ ਹਮਲਿਆ ਅਤੇ ਫ਼ੌਜੀ ਹਮਲਿਆ ਵਿਚ ਘਾਣ ਕਰਨ ਦੇ ਅੱਜ ਤੱਕ ਕੀ ਨਤੀਜੇ ਨਿਕਲਕੇ ਹਨ ? 1984 ਵਿਚ ਸ੍ਰੀ ਦਰਬਾਰ ਸਾਹਿਬ ਤੇ ਜੋ ਬਲਿਊ ਸਟਾਰ ਦਾ ਹਿੰਦੂ ਹੁਕਮਰਾਨਾਂ ਨੇ ਫ਼ੌਜੀ ਹਮਲਾ ਕੀਤਾ, ਜਿਸ ਵਿਚ ਕੋਈ 25 ਹਜ਼ਾਰ ਦੇ ਕਰੀਬ ਨਿਰਦੋਸ਼ ਬੱਚੇ,ਨੌਜ਼ਵਾਨ, ਬੀਬੀਆਂ ਅਤੇ ਬਜੁਰਗ ਜੋ ਕੇਵਲ ਉਸ ਦਿਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ ਤੇ ਨਤਮਸਤਕ ਹੋਣ ਆਏ ਸਨ, ਉਨ੍ਹਾਂ ਦਾ ਬੇਰਹਿੰਮੀ ਨਾਲ ਕਤਲੇਆਮ ਕਰਨ ਦੇ ਦੋਸ਼ੀਆਂ ਨੂੰ ਅਤੇ 1984 ਵਿਚ ਦਿੱਲੀ ਤੇ ਹੋਰ ਸਥਾਨਾਂ ਤੇ ਹੋਏ ਕਤਲੇਆਮ ਦਾ ਇਨਸਾਫ਼ ਨਹੀਂ ਦਿੱਤਾ ਗਿਆ । ਦੋਸ਼ੀਆਂ ਨੂੰ ਸਜ਼ਾ ਦੇਣ ਦੀ ਅੱਜ ਇਕੱਠ ਮੰਗ ਕਰਦਾ ਹੈ ।

11. ਸਿਕਮ ਦੇ ਗੁਰੂ ਨਾਨਕ ਪਾਤਸਾਹ ਨਾਲ ਸੰਬੰਧਤ ਗੁਰੂਘਰ ਡਾਗਮਾਰ ਦੀ ਪਹਿਲੀ ਇਤਿਹਾਸਿਕ ਸਥਿਤੀ ਫ਼ੋਰੀ ਕਾਇਮ ਹੋਵੇ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਭਾਵੇ ਹਿੰਦ ਦਾ ਵਿਧਾਨ ਇਥੇ ਵੱਸਣ ਵਾਲੀਆ ਵੱਖ-ਵੱਖ ਕੌਮਾਂ, ਧਰਮਾਂ, ਫਿਰਕਿਆ, ਕਬੀਲਿਆ ਨੂੰ ਵਿਧਾਨ ਦੀ ਧਾਰਾ 14 ਰਾਹੀ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਨ ਅਤੇ ਮਾਣ-ਸਨਮਾਨ ਕਾਇਮ ਰੱਖਣ ਦੀ ਗੱਲ ਕਰਦੀ ਹੈ । ਪਰ ਇਥੋ ਦੇ ਮੁਤੱਸਵੀ ਹੁਕਮਰਾਨ ਲੰਮੇ ਸਮੇਂ ਤੋਂ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦੇ ਧਾਰਮਿਕ ਅਕੀਦੇ ਉਤੇ ਹੀ ਹਮਲੇ ਨਹੀਂ ਕਰ ਰਹੇ, ਬਲਕਿ ਉਨ੍ਹਾਂ ਦੇ ਧਾਰਮਿਕ ਇਤਿਹਾਸਿਕ ਸਥਾਨਾਂ ਜਿਵੇਂ 1984 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਹਰਮਿੰਦਰ ਸਾਹਿਬ ਅਤੇ ਹੋਰ ਇਤਿਹਾਸਿਕ ਗੁਰੂਘਰਾਂ ਉਤੇ ਹਮਲੇ ਕੀਤੇ ਗਏ, 1992 ਵਿਚ ਮੁਸਲਿਮ ਕੌਮ ਦੇ ਧਾਰਮਿਕ ਸਥਾਂਨ ਬਾਬਰੀ ਮਸਜਿਦ ਨੂੰ ਗੈਤੀਆ, ਕਹੀਆ, ਹਥੌੜੇ ਆਦਿ ਨਾਲ ਸਮੁੱਚੀਆ ਹਿੰਦੂ ਪਾਰਟੀਆਂ ਗਿਰਾਉਣ ਵਿਚ ਮੋੇਹਰੀ ਰਹੀਆ । ਦੱਖਣੀ ਸੂਬਿਆਂ ਵਿਚ ਇਨ੍ਹਾਂ ਵੱਲੋਂ ਸਾਜ਼ਸੀ ਢੰਗ ਨਾਲ ਚਰਚਾ ਨੂੰ ਅੱਗਾਂ ਲਗਾਈਆ ਗਈਆ, ਨਨਜਾਂ ਨਾਲ ਬਲਾਤਕਾਰ ਕੀਤੇ ਗਏ । ਕਹਿਣ ਤੋਂ ਭਾਵ ਹੈ ਕਿ ਇਹ ਹਿੰਦੂ ਹੁਕਮਰਾਨ ਇਨ੍ਹਾਂ ਘੱਟ ਗਿਣਤੀਆ ਦੇ ਵੱਡੇ-ਵੱਡੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾਂ ਬਣਾਕੇ ਇਨ੍ਹਾਂ ਉਤੇ ਦਹਿਸਤ ਪਾਉਣ ਦੀ ਅਸਫਲ ਕੋਸਿ਼ਸ਼ ਕਰਦੀਆ ਆ ਰਹੀਆ ਹਨ ਅਤੇ ਵਿਧਾਨ ਦੀ ਧਾਰਾ 14 ਦਾ ਕਤਲੇਆਮ ਕਰਦੀਆ ਆ ਰਹੀਆ ਹਨ । ਬੀਤੇ ਕੁਝ ਸਮਾਂ ਪਹਿਲੇ ਸਿਕਮ ਦੇ ਡਾਗਮਾਰ ਗੁਰੂਘਰ ਵਿਚ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਸਿੱਖੀ ਚਿੰਨ੍ਹਾਂ ਅਤੇ ਵਸਤਾਂ ਦਾ ਅਪਮਾਨ ਕਰਦੇ ਹੋਏ ਗੁਰੂਘਰ ਨੂੰ ਜ਼ਬਰੀ ਖਾਲੀ ਕੀਤਾ ਗਿਆ, ਇਹ ਵੀ ਮੁਤੱਸਵੀ ਅਤੇ ਸਿੱਖ ਵਿਰੋਧੀ ਸੋਚ ਦਾ ਨਤੀਜਾ ਹੈ, ਜੋ ਸਿੱਖ ਕੌਮ ਲਈ ਅਸਹਿ ਹੈ । ਅੱਜ ਦਾ ਇਕੱਠ ਸਿਕਮ ਦੀ ਮੌਜੂਦਾ ਹਕੂਮਤ ਅਤੇ ਦਿੱਲੀ ਦੀ ਮੋਦੀ ਹਕੂਮਤ ਨੂੰ ਸੰਜ਼ੀਦਗੀ ਢੰਗਾਂ ਰਾਹੀ ਅਜਿਹੀਆ ਕਾਰਵਾਈਆ ਤੋ ਤੋਬਾ ਕਰਨ ਦੀ ਜਿਥੇ ਸਲਾਹ ਦਿੰਦਾ ਹੈ, ਉਥੇ ਡਾਗਮਾਰ ਗੁਰੂਘਰ ਦੀ ਪਹਿਲੇ ਵਾਲੀ ਸਥਿਤੀ ਫ਼ੌਰੀ ਕਾਇਮ ਕਰਨ ਦੀ ਮੰਗ ਕਰਦਾ ਹੈ ।

12. ਸਿਰਸੇਵਾਲੇ ਬਲਾਤਕਾਰੀ, ਕਾਤਲ ਸਾਧ ਅਤੇ ਹੋਰਨਾਂ ਡੇਰਿਆ ਦੀ ਪੁਸਤ-ਪਨਾਹੀ ਹੁਕਮਰਾਨਾਂ ਵੱਲੋ ਹੀ ਸਿੱਖ ਕੌਮ ਵਿਚ ਵੰਡੀਆ ਪਾਉਣ ਦੀ ਸੋਚ ਨਾਲ ਕੀਤੀ ਜਾਂਦੀ ਆ ਰਹੀ ਹੈ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਜਦੋਂ ਇਥੇ ਮੁਸਲਿਮ, ਸਿੱਖ, ਹਿੰਦੂ ਅਤੇ ਇਸਾਈ ਧਰਮ ਆਦਿ ਨਾਲ ਸੰਬੰਧਤ ਨਿਵਾਸੀ ਵੱਸਦੇ ਹਨ, ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੁੱਖ ਰੱਖਕੇ ਪੰਜਾਬ-ਹਰਿਆਣਾ, ਰਾਜਸਥਾਂਨ ਆਦਿ ਸੂਬਿਆਂ ਵਿਚ ਵੱਖਰੇ-ਵੱਖਰੇ ਅਖੌਤੀ ਨਾਮਾਂ ਤੇ ਡੇਰੇ ਕਾਇਮ ਕਰਨ ਦੀ ਸਾਜਿ਼ਸ ਕੀ ਸਿੱਖ ਕੌਮ ਦੀ ਅਸੀਮਤ ਤਾਕਤ ਨੂੰ ਵੰਡੀਆ ਪਾ ਕੇ ਘਟਾਉਣ ਵਾਲੇ ਅਮਲ ਨਹੀਂ ਹਨ? ਇਨ੍ਹਾਂ ਡੇਰਿਆ ਦੀ ਸਰਪ੍ਰਸਤੀ ਅਤੇ ਪੁਸਤ-ਪਨਾਹੀ ਦਿੱਲੀ ਹਕੂਮਤ ਤੋ ਲੈਕੇ ਸਭ ਸਿਆਸੀ ਪਾਰਟੀਆ ਦੇ ਸਿਆਸਤਦਾਨਾਂ ਵੱਲੋ ਕੀਤੀ ਜਾਂਦੀ ਆ ਰਹੀ ਹੈ । ਅਜਿਹਾ ਕੇਵਲ ਸਿੱਖ ਕੌਮ ਦੀ ਮਨੁੱਖਤਾ ਪੱਖੀ ਅਤੇ ਸਰਬੱਤ ਦੇ ਭਲੇ ਵਾਲੀ ਸੋਚ ਨੂੰ ਠੇਸ ਪਹੁੰਚਾਉਣ ਅਤੇ ਸਿੱਖ ਕੌਮ ਵਿਚ ਆਪਸੀ ਨਫ਼ਰਤ ਪੈਦਾ ਕਰਕੇ ਆਪੋ-ਆਪਣੀ ਸਿਆਸੀ ਤਾਕਤ ਨੂੰ ਕਾਇਮ ਰੱਖਣ ਅਤੇ ਮਾਲੀ ਫਾਇਦੇ ਲੈਣ ਲਈ ਹੀ ਕੀਤੀ ਜਾਂਦੀ ਆ ਰਹੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੇਵਲ ਪੰਜਾਬ ਵਿਚ ਹੀ ਨਹੀਂ, ਬਲਕਿ ਸਮੁੱਚੇ ਸੂਬਿਆਂ ਵਿਚ ਅਜਿਹੇ ਪਾਖੰਡੀ ਡੇਰਿਆ ਅਤੇ ਉਨ੍ਹਾਂ ਦੇ ਮੁੱਖੀਆ ਦੀਆਂ ਗੈਰ-ਕਾਨੂੰਨੀ, ਗੈਰ-ਸਮਾਜਿਕ ਅਤੇ ਗੈਰ-ਇਖ਼ਲਾਕੀ ਕਾਰਵਾਈਆ ਦਾ ਦ੍ਰਿੜਤਾ ਤੇ ਦਲੀਲ ਨਾਲ ਅੱਜ ਤੱਕ ਵਿਰੋਧਤਾ ਕਰਦਾ ਆ ਰਿਹਾ ਹੈ । ਕਿਉਂਕਿ ਅਜਿਹੇ ਡੇਰੇ ਹੀ ਅਸਲ ਵਿਚ ਅਪਰਾਧਿਕ ਕਾਰਵਾਈਆ ਨੂੰ ਜਨਮ ਦੇਣ ਵਾਲੇ ਅਤੇ ਸਮਾਜ ਨੂੰ ਗੰਧਲਾ ਕਰਨ ਲਈ ਮੋਹਰੀ ਹਨ । ਇਸ ਲਈ ਅੱਜ ਦਾ ਇਕੱਠ ਹਿੰਦ ਦੇ ਹੁਕਮਰਾਨਾਂ ਅਤੇ ਵੱਖ-ਵੱਖ ਸੂਬਿਆਂ ਦੇ ਹੁਕਮਰਾਨਾਂ ਨੂੰ ਇਹ ਜੋਰਦਾਰ ਗੁਜਾਰਿਸ਼ ਕਰਦਾ ਹੈ ਕਿ ਉਹ ਅਜਿਹੇ ਸਮਾਜ ਨੂੰ ਗੰਧਲਾ ਕਰਨ ਵਾਲੇ ਡੇਰਿਆ ਦਾ ਖਾਤਮਾ ਦ੍ਰਿੜਤਾ ਨਾਲ ਕਰਨ ਅਤੇ ਸਿਆਸੀ ਸਵਾਰਥਾਂ ਦੀ ਅਜਿਹੀ ਖੇਡ ਤੋ ਤੋਬਾ ਕਰਨ ਤਾਂ ਕਿ ਇਥੇ ਸਦਾ ਲਈ ਅਮਨ-ਚੈਨ ਅਤੇ ਜਮਹੂਰੀਅਤ ਕਾਇਮ ਰਹਿ ਸਕੇ ਅਤੇ ਮੁਸਲਿਮ, ਇਸਾਈ, ਸਿੱਖ, ਹਿੰਦੂ ਆਪੋ-ਆਪਣੇ ਧਰਮਾਂ ਵਿਚ ਆਸਥਾ ਅਤੇ ਇਕ-ਦੂਸਰੇ ਨਾਲ ਤਾਲਮੇਲ ਰੱਖਦੇ ਹੋਏ ਵੱਧ-ਫੁੱਲ ਸਕਣ । ਕਮਲਜੀਤ ਸਿੰਘ ਸੁਨਾਮ, ਬਲਕਾਰ ਸਿੰਘ ਮੁੰਬਈ, ਹਰਮਿੰਦਰ ਸਿੰਘ ਡੱਬਵਾਲੀ ਜਿਨ੍ਹਾਂ ਨੇ ਸਿਰਸੇਵਾਲੇ ਸਾਧ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰਚੇ ਗਏ ਸਵਾਗ ਅਤੇ ਸੱਤ ਪਿਆਰੇ ਬਣਾਉਣ ਦੀ ਵਿਰੋਧਤਾ ਕਰਦੇ ਹੋਏ ਸ਼ਹਾਦਤਾਂ ਦਿੱਤੀਆ । ਇਨ੍ਹਾਂ ਦੇ ਕਾਤਲਾਂ ਨੂੰ ਸਾਹਮਣੇ ਲਿਆਕੇ ਸਜ਼ਾਵਾਂ ਦੇਣ ਅਤੇ ਜਿਨ੍ਹਾਂ ਆਗੂਆਂ ਸ. ਬਾਦਲ, ਸ੍ਰੀ ਖੱਟਰ ਆਦਿ ਨੇ ਡੇਰੇਦਾਰਾਂ ਨੂੰ ਸਹਿ ਦਿੱਤੀ ਹੈ, ਉਨ੍ਹਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਜ਼ਰੂਰ ਹੋਵੇ ।

13. ਕਾਤਲ, ਬਲਾਤਕਾਰੀ ਸਿਰਸੇਵਾਲੇ ਸਾਧ ਨੂੰ ਸਿਆਸੀ ਮੁਫ਼ਾਦਾ ਅਧੀਨ ਮੁਆਫ ਕਰਵਾਉਣ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ, ਬਾਦਲ ਪਰਿਵਾਰ ਅਤੇ ਅਖੋਤੀ ਜਥੇਦਾਰ ਸਾਹਿਬਾਨ ਦੋਸ਼ੀ ਠਹਿਰਾਏ ਜਾਣ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਮੁਤੱਸਵੀ ਹਿੰਦੂ ਹੁਕਮਰਾਨ ਜਾਂ ਜਮਾਤਾਂ ਸਿੱਖ ਕੌਮ ਦਾ ਕੋਈ ਵੱਡਾ ਨੁਕਸਾਨ ਨਹੀਂ ਕਰ ਸਕਦੀਆ। ਕਿਉਂਕਿ ਗੁਰੂ ਸਾਹਿਬਾਨ ਨੇ ਸਾਨੂੰ ਅਜਿਹੇ ਸਿਧਾਤ ਤੇ ਸੋਚ ਨਾਲ ਜੋੜਿਆ ਹੈ, ਜਿਸ ਨੂੰ ਇਹ ਸਾਜ਼ਸੀ ਅਤੇ ਮੁਤੱਸਵੀ ਲੋਕ ਕਦੀ ਵੀ ਕੋਈ ਨੁਕਸਾਨ ਨਹੀਂ ਕਰ ਸਕਦੇ । ਕਿਉਂਕਿ ਇਹ ਸੋਚ ਤੇ ਸਿਧਾਤ ਅੱਜ ਕੇਵਲ ਪੰਜਾਬ ਜਾਂ ਹਿੰਦ ਪੱਧਰ ਤੇ ਹੀ ਨਹੀਂ, ਬਲਕਿ ਕੌਮਾਂਤਰੀ ਪੱਧਰ ਤੇ ਇਸ ਨੂੰ ਪ੍ਰਵਾਨ ਕੀਤਾ ਜਾ ਰਿਹਾ ਹੈ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਬੀਤੇ ਸਮੇਂ ਵਿਚ ਜਿੰਨਾ ਵੀ ਕੋਈ ਕੌਮੀ, ਜਾਨੀ-ਮਾਲੀ, ਇਖ਼ਲਾਕੀ ਜਾਂ ਧਰਮੀ ਨੁਕਸਾਨ ਹੋਇਆ ਹੈ, ਉਹ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਾਦਲ ਪਰਿਵਾਰ ਅਤੇ ਮੀਰੀ-ਪੀਰੀ ਦੇ ਸਰਬਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਿਠਾਏ ਗਏ ਕੰਮਜੋਰ ਅਤੇ ਦਿਸ਼ਾਹੀਣ ਜਥੇਦਾਰ ਸਾਹਿਬਾਨ ਦੀ ਬਦੌਲਤ ਹੋਇਆ ਹੈ । ਅੱਜ ਜਦੋਂ ਕੌਮਾਂਤਰੀ ਪੱਧਰ ਤੇ ਸਿਰਸੇਵਾਲਾ ਸਾਧ ਬਲਾਤਕਾਰੀ ਸਾਬਤ ਹੋ ਚੁੱਕਾ ਹੈ ਅਤੇ ਕੋਈ ਰੁਹਾਨੀਅਤ ਵਾਲਾ ਕ੍ਰਿਸ਼ਮਾ ਨਹੀਂ ਦਿਖਾ ਸਕਿਆ ਕਿਉਂਕਿ ਉਸਨੇ ਆਪਣੇ ਮੁਖੋਟੇ ਉਤੇ ਰੱਬ ਦੇ ਦੂਤ ਹੋਣ ਦਾ ਝੂਠਾ ਚੜ੍ਹਾਇਆ ਹੋਇਆ ਸੀ, ਉਸਦੀ ਪਿੱਠ ਪੂਰਨ ਵਾਲੇ ਅਤੇ ਉਸ ਨੂੰ 24-25 ਅਗਸਤ ਨੂੰ ਵੀ ਚਟਾਂਨ ਦੀ ਤਰ੍ਹਾਂ ਉਸ ਨਾਲ ਖੜ੍ਹੇ ਹੋਣ ਦੀ ਗੱਲ ਕਰਨ ਵਾਲੇ ਬਾਦਲ ਪਰਿਵਾਰ ਨੂੰ ਅਤੇ ਅਖੌਤੀ ਜਥੇਦਾਰਾਂ ਨੂੰ ਕੌਮੀ ਦੋਸ਼ੀ ਠਹਿਰਾਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਜ਼ਾ ਦੇਣ ਦਾ ਪ੍ਰਬੰਧ ਹੋ ਸਕੇ ਤਾਂ ਇਹ ਸਿੱਖ ਕੌਮ ਲਈ ਆਉਣ ਵਾਲੇ ਸਮੇਂ ਵਿਚ ਹਰ ਪੱਖੋ ਅੱਛੇ ਨਤੀਜੇ ਆਉਣ ਵਾਲੀ ਗੱਲ ਹੋਵੇਗੀ ਅਤੇ ਸਿੱਖ ਕੌਮ ਦੇ ਮਾਣ-ਸਨਮਾਨ ਵਿਚ ਕੌਮਾਂਤਰੀ ਪੱਧਰ ਤੇ ਵਾਧਾ ਹੋਣ ਵਿਚ ਮਦਦ ਮਿਲੇਗੀ ਅਤੇ ਕੋਈ ਵੀ ਸਿਆਸੀ ਆਗੂ ਜਾਂ ਧਾਰਮਿਕ ਆਗੂ ਮੀਰੀ-ਪੀਰੀ ਦੇ ਮਹਾਨ ਤਖ਼ਤ ਦੀ ਦੁਰਵਰਤੋ ਨਹੀਂ ਕਰ ਸਕੇਗਾ ।

14. ਖ਼ਾਲਿਸਤਾਨ ਦੀ ਪ੍ਰਾਪਤੀ ਲਈ ਹੁਕਮਰਾਨਾਂ ਵੱਲੋਂ ਬਣਾਏ ਗਏ ‘ਸਿੱਖ ਕੈਦੀਆ’ ਨੂੰ ਜੰਗੀ-ਕੈਦੀ ਪ੍ਰਵਾਨ ਕਰਕੇ ਬਿਨ੍ਹਾਂ ਸ਼ਰਤ ਰਿਹਾਅ ਕੀਤਾ ਜਾਵੇ :- ਅੱਜ ਦਾ ਇਕੱਠ ਇਹ ਮਹਿਸੂਸ ਵੀ ਕਰਦਾ ਹੈ ਅਤੇ ਹੁਕਮਰਾਨਾਂ ਨੂੰ ਇਸ ਗੱਲੋ ਜਾਣਕਾਰੀ ਵੀ ਦੇਣਾ ਚਾਹੁੰਦਾ ਹੈ ਕਿ ਹਿੰਦ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਜੋ ਖ਼ਾਲਿਸਤਾਨ ਦੇ ਸੰਘਰਸ਼ ਦੌਰਾਨ ਆਪਣੀਆ ਕੌਮੀ ਜਿੰਮੇਵਾਰੀਆ ਪੂਰਨ ਕਰਨ ਵਾਲੇ ਸਿੱਖ ਨੌਜ਼ਵਾਨਾਂ ਨੂੰ ਦਹਿਸਤਗਰਦ, ਅੱਤਵਾਦੀ, ਵੱਖਵਾਦੀ, ਗਰਮਦਲੀਏ ਦੇ ਬਦਨਾਮਨੁੰਮਾ ਨਾਮ ਦੇ ਕੇ ਇਨ੍ਹਾਂ ਨੌਜ਼ਵਾਨਾਂ ਉਤੇ ਦੇਸ਼ਧ੍ਰੋਹੀ, ਬ਼ਗਾਵਤ, ਕਤਲ ਅਤੇ ਡਾਕਿਆ ਦੇ ਝੂਠੇ ਕੇਸ ਦਰਜ ਕਰਕੇ ਲੰਮੇ ਸਮੇਂ ਤੋਂ ਕਾਲਕੋਠੜੀਆਂ ਵਿਚ ਜ਼ਬਰੀ ਬੰਦ ਕੀਤਾ ਹੋਇਆ ਹੈ, ਇਹ ਨੌਜ਼ਵਾਨ ਸਿੱਖ ਕੌਮ ਦੀ ਖ਼ਾਲਿਸਤਾਨ ਦੀ ਜਮਹੂਰੀਅਤ ਪੱਖੀ ਲਹਿਰ ਦੇ ਜੋਧੇ ਤੇ ਜੰਗੀ ਕੈਦੀ ਹਨ । ਅੱਜ ਦਾ ਇਕੱਠ ਇਹ ਮੰਗ ਕਰਦਾ ਹੈ ਕਿ ਹੁਕਮਰਾਨਾਂ ਵੱਲੋਂ ਲੰਮੇ ਸਮੇਂ ਤੋਂ ਸਿੱਖ ਕੌਮ ਨਾਲ ਲਗਾਇਆ ਜਾ ਰਿਹਾ ਆਢਾ ਹੁਕਮਰਾਨਾਂ ਨੂੰ ਅਤੇ ਬਹੁਗਿਣਤੀ ਨੂੰ ਕੋਈ ਰਤੀਭਰ ਵੀ ਫਾਇਦਾ ਨਹੀਂ ਦੇ ਸਕੇਗਾ, ਬਲਕਿ ਇਸਦੇ ਵੱਡੇ ਨੁਕਸਾਨ ਲਈ ਉਹ ਖੁਦ ਜਿੰਮੇਵਾਰ ਹੋਣਗੇ । ਇਸ ਲਈ ਅਸੀਂ ਇਨ੍ਹਾਂ ਕੈਦੀਆਂ ਨੂੰ ‘ਜੰਗੀ ਕੈਦੀ’ ਦਾ ਰੁਤਬਾ ਦੇ ਕੇ ਉਨ੍ਹਾਂ ਨੂੰ ਤੁਰੰਤ ਬਿਨ੍ਹਾਂ ਸ਼ਰਤ ਜਿਥੇ ਰਿਹਾਅ ਕਰਨ ਦੀ ਮੰਗ ਕਰਦੇ ਹਾਂ, ਉਥੇ ਗੋਲੀ-ਬੰਦੂਕ, ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਦੀ ਹੁਕਮਰਾਨਾਂ ਦੀ ਚੱਲਦੀ ਆ ਰਹੀ ਨੀਤੀ ਦਾ ਜੋਰਦਾਰ ਖੰਡਨ ਤੇ ਨਿਖੇਧੀ ਕਰਦੇ ਹਾਂ ।

15. ਵਰਲਡ ਸਿੱਖ ਪਾਰਲੀਮੈਂਟ ਨੂੰ ਹੋਂਦ ਵਿਚ ਲਿਆਉਣ ਲਈ 10 ਨਵੰਬਰ 2015 ਨੂੰ ਹੋਏ ਸਰਬੱਤ ਖ਼ਾਲਸੇ ਨੇ ਇਹ ਅਧਿਕਾਰ ਨਿਯੁਕਤ ਕੀਤੇ ਗਏ ਜਥੇਦਾਰ ਸਾਹਿਬਾਨ ਨੂੰ ਸੌਪਿਆ ਸੀ :- ਅੱਜ ਦਾ ਇਕੱਠ ਸਮੁੱਚੇ ਸੰਸਾਰ ਅਤੇ ਮੁਲਕਾਂ ਵਿਚ ਵਿਚਰ ਰਹੇ ਸਿੱਖਾਂ ਅਤੇ ਸਿੱਖ ਸੰਗਠਨਾਂ ਨੂੰ ਇਸ ਗੱਲ ਦੀ ਫਿਰ ਤੋਂ ਜਾਣਕਾਰੀ ਦੇਣਾ ਆਪਣਾ ਫਰਜ ਸਮਝਦਾ ਹੈ ਕਿ ਜਦੋਂ 10 ਨਵੰਬਰ 2015 ਨੂੰ ਮੌਜੂਦਾ ਸਮੇਂ ਦਾ ਪਹਿਲਾ ਸਰਬੱਤ ਖ਼ਾਲਸਾ ਚੱਬਾ (ਅੰਮ੍ਰਿਤਸਰ) ਵਿਖੇ ਹੋਇਆ ਸੀ, ਤਾਂ ਉਸ 7 ਲੱਖ ਦੇ ਸਰਬੱਤ ਖ਼ਾਲਸੇ ਦੇ ਇਕੱਠ ਨੇ ਪੂਰਨ ਬਹੁਸੰਮਤੀ ਅਤੇ ਜੈਕਾਰਿਆ ਦੀ ਗੂੰਜ ਵਿਚ 11 ਕੌਮੀ ਮਤੇ ਪਾਸ ਕੀਤੇ ਸਨ । ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਅਖੋਤੀ ਜਥੇਦਾਰਾਂ ਦੀਆਂ ਸੇਵਾਵਾਂ ਰੱਦ ਕਰਕੇ ਨਵੇਂ ਜਥੇਦਾਰ ਨਿਯੁਕਤ ਕੀਤੇ ਸਨ ਅਤੇ ਇਨ੍ਹਾਂ ਜਥੇਦਾਰ ਸਾਹਿਬਾਨ ਨੂੰ ਸਿਰਕੱਢ ਸਿੱਖਾਂ ਦੀ ਸਲਾਹ ਮਸਵਰੇ ਨਾਲ ਹੀ ਕੌਮ ਨੇ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਦੇ ਅਧਿਕਾਰ ਦਿੱਤੇ ਸਨ । ਇਸ ਲਈ ਹੁਣ ਬਾਹਰਲੇ ਕਿਸੇ ਮੁਲਕ ਵਿਚ ਕੁਝ ਕੁ ਉਨ੍ਹਾਂ ਲੋਕਾਂ ਵੱਲੋਂ ਜਾਂ ਸੰਗਠਨਾਂ
ਵੱਲੋਂ, ਜਿਨ੍ਹਾਂ ਨੇ ਬੀਤੇ ਸਮੇਂ ਵਿਚ 2017 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਹੋਈਆ ਚੋਣਾਂ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਖ਼ਾਲਿਸਤਾਨ ਦੇ ਮੁੱਦੇ ਉਤੇ ਚੋਣ ਲੜੀ ਸੀ, ਉਪਰੋਕਤ ਸੰਗਠਨਾਂ ਅਤੇ ਸਿੱਖਾਂ ਨੇ ਖ਼ਾਲਿਸਤਾਨ ਨੂੰ ਵੋਟ ਪਾਉਣ ਦੀ ਬਜਾਇ ਕਾਂਗਰਸ, ਬਾਦਲ-ਬੀਜੇਪੀ, ਆਮ ਆਦਮੀ ਪਾਰਟੀ ਨੂੰ ਵੋਟਾਂ ਪਵਾਈਆ ਅਤੇ ਮਾਲੀ ਮਦਦ ਕੀਤੀ । ਅੱਜ ਅਜਿਹੇ ਸੰਗਠਨਾਂ ਜਾਂ ਚੰਦਕੁ ਸਿੱਖਾਂ ਵੱਲੋਂ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਦੀ ਗੱਲ ਨੂੰ ਸਿੱਖ ਕੌਮ ਕਤਈ ਪ੍ਰਵਾਨ ਨਹੀਂ ਕਰੇਗੀ ਅਤੇ ਨਾ ਹੀ ਉਨ੍ਹਾਂ ਨੂੰ ਅਜਿਹੀਆ ਕਾਰਵਾਈਆ ਕਰਕੇ ਸਿੱਖ ਕੌਮ ਦੀ ਤਾਕਤ ਨੂੰ ਅਤੇ ਸਰਬੱਤ ਖ਼ਾਲਸਾ ਦੇ ਫੈਸਲਿਆ ਨੂੰ ਕੰਮਜੋਰ ਕਰਨ ਦੀ ਇਜ਼ਾਜਤ ਦਿੱਤੀ ਜਾਵੇਗੀ ।

16. ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਅਪਮਾਨ ਕਰਨ ਵਾਲੇ ਸਾਜਿਸ਼ਕਾਰੀਆਂ ਨੂੰ ਸਾਹਮਣੇ ਲਿਆਂਦਾ ਜਾਵੇ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ:- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦਾ ਹੈ ਕਿ ਜੋ ਹੁਣ ਤੱਕ ਪੰਜਾਬ ਦੇ ਵੱਖ ਵੱਖ ਸਥਾਂਨਾਂ ‘ਤੇ 72 ਵਾਰੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋ ਚੁੱਕਾ ਹੈ, ਇਹ ਇਕ ਡੂੰਘੀ ਸਾਜਿਸ਼ ਹੈ। ਜਿਹਨਾਂ ਸਾਜਿਸ਼ਕਾਰਾਂ ਨੂੰ ਨੰਗਾ ਕਰਨਾ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਬਣਦੀ ਸਜ਼ਾ ਦਿਵਾਉਣਾ ਪੰਜਾਬ ਦੀ ਕੈਪਟਨ ਹਕੂਮਤ ਦਾ ਫਰਜ ਹੈ ਜੇਕਰ ਹੁਣ ਤੱਕ ਇਸ ਸੰਬੰਧ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਤਾਂ ਇਸ ਸਾਜਿਸ਼ ਪਿੱਛੇ ਮੋਦੀ ਜਾਂ ਬਾਦਲ ਦੀ ਸਰਪ੍ਰਸਤੀ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਸਿੱਖ ਕੌਮ ਇਸ ਨੂੰ ਬਿਲਕੁਲ ਸਹਿਨ ਨਹੀਂ ਕਰੇਗੀ। ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਅਪਮਾਨ ਲਈ ਅਤੇ ਬਰਗਾੜੀ ਵਿਖੇ 2 ਸਿੱਖ ਨੌਜ਼ਵਾਨਾਂ ਦੇ ਹੋਏ ਕਤਲੇਆਮ ਲਈ ਸ. ਬਾਦਲ ਨੂੰ ਦੋਸ਼ੀ ਮੰਨਦੇ ਹਨ, ਤਾਂ ਉਨ੍ਹਾਂ ਦੀ ਗ੍ਰਿਫ਼ਤਾਰੀ ਕਰਕੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ? 2000 ਵਿਚ ਚਿੱਠੀ ਸਿੰਘ ਪੁਰਾ (ਜੰਮੂ ਕਸ਼ਮੀਰ) ਵਿਚ 43 ਸਿੱਖਾਂ ਦੇ ਫੌਜ ਵੱਲੋਂ ਕੀਤੇ ਗਏ ਕਤਲ, ਕਮਲਜੀਤ ਸਿੰਘ ਸੁਨਾਮ, ਬਲਕਾਰ ਸਿੰਘ ਮੁੰਬਈ, ਹਰਮਿੰਦਰ ਸਿੰਘ ਡੱਬਵਾਲੀ, ਜਗਜੀਤ ਸਿੰਘ ਜੰਮੂ, ਜਸਪਾਲ ਸਿੰਘ ਚੌੜ ਸਿੱਧਵਾਂ, ਦਰਸ਼ਨ ਸਿੰਘ ਲੁਹਾਰਾ, ਕਿਸ਼ਨ ਭਗਵਾਨ ਸਿੰਘ, ਗੁਰਜੀਤ ਸਿੰਘ ਸਰਾਵਾਂ ਆਦਿ ਸਿੱਖਾਂ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਬਣਦੀਆਂ ਸਜਾਵਾਂ ਦਿਵਾਈਆਂ ਜਾਣ।

17. ਹਿੰਦ ਵਿਚ ਰੰਘਰੇਟਿਆਂ ਅਤੇ ਪੱਛੜੇ ਵਰਗਾਂ ਉਤੇ ਹਿੰਦੂਤਵ ਜਮਾਤਾਂ ਦੇ ਹੋਣ ਵਾਲੇ ਹਮਲੇ ਅਸਹਿ:- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦਾ ਹੈ ਕਿ ਗੁਜਰਾਤ, ਮੱਧ ਪ੍ਰਦੇਸ਼, ਮਹਾਂਰਾਸ਼ਟਰ ਅਤੇ ਹੋਰ ਸਥਾਨਾਂ ਉਤੇ ਰੰਘਰੇਟਿਆਂ ਉਤੇ ਹੋਣ ਵਾਲੇ ਜਾਨਲੇਵਾ ਹਮਲੇ ਮੁਤੱਸਵੀ ਹੁਕਮਰਾਨਾਂ ਅਤੇ ਜਮਾਤਾਂ ਦੀ ਮਿਲੀ ਭੁਗਤ ਦਾ ਨਤੀਜਾ ਹਨ। ਕਿਉਂ ਕਿ ਇਹ ਇੱਥੇ ਹਿੰਦੂ, ਹਿੰਦੀ, ਹਿੰਦੂ ਰਾਸ਼ਟਰ ਦਾ ਬੋਲਬਾਲਾ ਕਰਨ ਅਧੀਨ ਹੋ ਰਿਹਾ ਹੈ। ਜੋ ਕਿ ਹਿੰਦ ਦੇ ਵਿਧਾਨ ਦੀ ਧਾਰਾ 14, 19 ਅਤੇ 21 ਦੀ ਘੋਰ ਉਲੰਘਣਾ ਹੈ। ਜਿਸ ਅਨੁਸਾਰ ਇਥੋਂ ਦਾ ਹਰ ਨਾਗਰਿਕ ਆਪਣੀ ਆਜ਼ਾਦੀ ਨਾਲ ਵਿਚਾਰ ਪ੍ਰਗਟ ਕਰ ਸਕਦਾ ਹੈ, ਬਰਾਬਰਤਾ ਦੇ ਹੱਕ ਦਾ ਆਨੰਦ ਮਾਣ ਸਕਦਾ ਹੈ ਅਤੇ ਆਪਣੇ ਜੀਵਨ ਅਤੇ ਜਾਨ-ਮਾਲ ਦੀ ਗਰੰਟੀ ਦਿੰਦਾ ਹੈ। ਅਜਿਹੇ ਹੋਣ ਵਾਲੇ ਹਮਲੇ ਸਿੱਖ ਕੌਮ ਲਈ ਅਸਹਿ ਹਨ, ਕਿਉਂ ਕਿ ਗੁਰੁ ਸਾਹਿਬਾਨ ਨੇ ਸਭ ਮਨੁੱਖਤਾ ਨੂੰ ਜੀਓ ਅਤੇ ਜੀਣ ਦਿਓ ਦੇ ਬਰਾਬਰਤਾ ਵਾਲੇ ਹੱਕਾਂ ਦੀ ਗੱਲ ਕੀਤੀ ਹੈ। ਇਸ ਲਈ ਅਜਿਹੇ ਅਮਲਾਂ ਦੀ ਪੁਰਜੋਰ ਨਿਖੇਧੀ ਕਰਦੇ ਹਾਂ।

18. ਮੁਲਾਜ਼ਮ, ਜਿੰਮੀਦਾਰ ਅਤੇ ਮਜ਼ਦੂਰ ਵਰਗ ਦੇ ਜੀਵਨ ਨੂੰ ਚੰਗੇਰਾ ਬਣਾਉਣ ਲਈ ਉਚੇਚੇ ਪ੍ਰਬੰਧ ਹੋਣਗੇ:- ਮੁਲਾਜ਼ਮ ਵਰਗ ਅਤੇ ਮਜ਼ਦੂਰ ਵਰਗ ਨੂੰ ਆਪੋ ਆਪਣੇ ਪਰਿਵਾਰਾਂ ਦੀ ਜਿੰਮੇਵਾਰੀ ਨਿਭਾਉਣ ਵਿਚ ਕੋਈ ਮੁਸ਼ਕਿਲ ਪੇਸ਼ ਨਾ ਆਵੇ, ਉਹਨਾਂ ਦੇ ਤਨਖਾਹ ਸਕੇਲਾਂ ਅਤੇ ਭੱਤੇ ਵਗੈਰਾ ਨੂੰ ਤੈਅ ਕਰਨ ਹਿੱਤ ਤਜਰਬੇਕਾਰ ਅਫ਼ਸਰਾਂ ਉਤੇ ਆਧਾਰਿਤ ਇਕ ਖੋਜ ਕਮੇਟੀ ਨੂੰ ਹੋਂਦ ਵਿਚ ਲਿਆਂਦਾ ਜਾਵੇਗਾ, ਜੋ ਉਹਨਾਂ ਦੇ ਜੀਵਨ ਨਿਰਵਾਹ ਸੰਬੰਧੀ ਰਿਪੋਰਟ ਪੇਸ਼ ਕਰਦੀ ਹੋਈ ਉਹਨਾਂ ਦੀ ਸਹੀ ਆਮਦਨ ਦੀ ਹੱਦ ਤੈਅ ਕਰੇਗੀ। ਜਿਸ ਅਨੁਸਾਰ ਉਹਨਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਦਾ ਵਰਗੀਕਰਨ ਕੀਤਾ ਜਾਵੇਗਾ। ਮੁਲਾਜ਼ਮਾਂ ਦੀਆਂ ਤਰੱਕੀਆਂ ਮੈਰਿਟ ਅਤੇ ਸਿਨਿਆਰਟੀ ਦੇ ਨਿਯਮਾਂ ਨੂੰ ਮੁੱਖ ਰੱਖ ਕੇ ਕੀਤੀਆਂ ਜਾਣਗੀਆਂ। ਕਿਸੇ ਵੀ ਮੁਲਾਜ਼ਮ ਜਾਂ ਮਜ਼ਦੂਰ ਵਰਗ ਵਿਚ ਨਾ ਤਾਂ ਹੀਣ ਭਾਵਨਾ ਪੈਦਾ ਹੋਣ ਦਿੱਤੀ ਜਾਵੇਗਾੀ ਅਤੇ ਨਾ ਹੀ ਉਹਨਾਂ ਨੂੰ ਆਪਣੀਆਂ ਮੰਗਾਂ ਲਈ ਸੰਘਰਸ਼ ਆਦਿ ਕਰਨ ਦੇ ਹਾਲਾਤ ਪੈਦਾ ਹੋਣ ਦਿੱਤੇ ਜਾਣਗੇ। ਕਿਉਂ ਕਿ ਇਹਨਾਂ ਵਰਗਾਂ ਨੂੰ ਸੰਤੁਸ਼ਟ ਰੱਖਣਾ ਹਕੂਮਤ ਦਾ ਫਰਜ਼ ਹੋਵੇਗਾ।
ਜਿੰਮੀਦਾਰ ਵਰਗ ਦੀਆਂ ਹੋ ਰਹੀਆ ਖੁਦਕਸੀਆ ਨੂੰ ਰੋਕਣ, ਉਨ੍ਹਾਂ ਦੀ ਪੈਦਾਵਾਰ ਦੀ ਸਹੀ ਕੀਮਤ ਦੇਣ, ਉਨ੍ਹਾਂ ਦੀਆਂ ਫ਼ਸਲਾਂ ਦਾ ਕੌਮਾਂਤਰੀ ਮੰਡੀਕਰਨ ਕਰਨ, ਉਨ੍ਹਾਂ ਨੂੰ ਸਹੀ ਕੀਮਤਾਂ ਤੇ ਖਾਦ, ਦਵਾਈਆ, ਡੀਜ਼ਲ ਉਪਲਬਧ ਕਰਨ ਲਈ ਹੁਣ ਤੱਕ ਦੀਆਂ ਹਕੂਮਤਾਂ ਵੱਲੋਂ ਕੋਈ ਅਮਲ ਨਹੀਂ ਕੀਤਾ ਗਿਆ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਹਕੂਮਤ ਬਣਨ ਤੇ ਇਸ ਦਿਸ਼ਾ ਵੱਲ ਪਹਿਲ ਦੇ ਆਧਾਰ ਤੇ ਉਚੇਚੇ ਯਤਨ ਕੀਤੇ ਜਾਣਗੇ ।

19. ਚੰਡੀਗੜ੍ਹ ਦੇ ਨਿਜਾਮੀ ਤੇ ਦਫ਼ਤਰੀ ਪ੍ਰਬੰਧ ਵਿਚ ‘ਪੰਜਾਬੀ ਬੋਲੀ’ ਨੂੰ ਗਾਇਬ ਕਰਨਾ, ਪੰਜਾਬੀ ਵਿਰੋਧੀ ਵਰਤਾਰਾ:- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਜਿਸ ਪੰਜਾਬ ਅਤੇ ਸਿੱਖ ਕੌਮ ਨੂੰ ਉਜਾੜਕੇ ਚੰਡੀਗੜ੍ਹ ਉਸਾਰਿਆ ਗਿਆ ਸੀ ਅਤੇ ਜੋ ਪੂਰਨ ਰੂਪ ਵਿਚ ਪੰਜਾਬੀ ਬੋਲਦਾ ਇਲਾਕਾ ਹੈ, ਉਥੋ ਦੇ ਪ੍ਰਸ਼ਾਸ਼ਨ ਅਤੇ ਨਿਜਾਮ ਨੇ ਮੁਤੱਸਵੀਆਂ ਦੇ ਪ੍ਰਭਾਵ ਹੇਠ ਆ ਕੇ ਜੋ ਚੰਡੀਗੜ੍ਹ ਦੇ ਦਫ਼ਤਰਾਂ ਵਿਚ ਅਤੇ ਉਥੇ ਲੱਗੇ ਨੇਮ-ਬੋਰਡਾਂ ਉਤੇ ਪੰਜਾਬੀ ਨੂੰ ਗਾਇਬ ਕਰ ਦਿੱਤਾ ਹੈ ਅਤੇ ਅੰਗਰੇਜ਼ੀ ਨੂੰ ਅਪਣਾਉਣ ਦੇ ਹੁਕਮ ਕੀਤੇ ਹਨ, ਇਹ ਪੰਜਾਬ ਸੂਬੇ, ਪੰਜਾਬੀ ਭਾਸ਼ਾ ਅਤੇ ਸਿੱਖ ਕੌਮ ਵਿਰੋਧੀ ਵਰਤਾਰਾ ਹੈ ਅਤੇ ਚੰਡੀਗੜ੍ਹ ਦੀ ਪੰਜਾਬੀ ਪਹਿਚਾਣ ਨੂੰ ਖ਼ਤਮ ਕਰਨ ਦੀ ਸਾਜਿ਼ਸ ਹੈ, ਜਿਸ ਨੂੰ ਅੱਜ ਦਾ ਇਕੱਠ ਬਿਲਕੁਲ ਸਹਿਣ ਨਹੀਂ ਕਰੇਗਾ । ਲੋੜ ਪਈ ਤਾਂ ਇਸ ਵਿਰੁੱਧ ਲੰਮਾਂ ਸੰਘਰਸ਼ ਵੀ ਵਿੱਢਣ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ । ਸੜਕਾਂ, ਪਿੰਡਾਂ ਦੇ ਨਾਵਾਂ ਅਤੇ ਹੋਰ ਸਰਕਾਰੀ ਵਿਦਿਅਕ ਅਤੇ ਸਿਹਤ ਸੰਸਥਾਵਾਂ, ਦਫ਼ਤਰਾਂ ਦੇ ਨਾਮ ਹਿੰਦੀ ਵਿਚ ਲਿਖੇ ਜਾ ਰਹੇ ਹਨ । ਜੋ ਪੰਜਾਬੀ ਵਿਰੋਧੀ ਸੋਚ ਨੂੰ ਪ੍ਰਤੱਖ ਕਰਦੇ ਹਨ । ਅਜਿਹੇ ਪੰਜਾਬੀ ਵਿਰੋਧੀ ਅਮਲ ਤੁਰੰਤ ਬੰਦ ਹੋਣ।

20. 10 ਸਤੰਬਰ ਨੂੰ ਖਡੂਰ ਸਾਹਿਬ, 18 ਨੂੰ ਗੁਰੂ ਕੀ ਢਾਬ ਮੁਕਤਸਰ ਵਿਖੇ ਹੋਣ ਵਾਲੀਆ ਕਾਨਫਰੰਸਾਂ ਵਿਚ ਹੁੰਮ-ਹੁਮਾਕੇ ਪਹੁੰਚਿਆ ਜਾਵੇ :- ਅੱਜ ਦਾ ਇਕੱਠ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਜਿਥੇ ਇਹ ਬਚਨ ਕਰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਹਕੂਮਤ ਕਾਇਮ ਹੋਣ ਤੇ ਰਿਸ਼ਵਤ ਤੋ ਰਹਿਤ, ਇਨਸਾਫ਼ ਪਸੰਦ ਪਾਰਦਰਸ਼ੀ ਅਤੇ ਸਭ ਨੂੰ ਬਰਾਬਰਤਾ ਦੇ ਅਧਿਕਾਰ ਤੇ ਹੱਕ ਦੇਣ ਵਾਲਾ ਖਾਲਸਾਈ ਰਾਜ ਪ੍ਰਬੰਧ ਪ੍ਰਦਾਨ ਕਰੇਗਾ, ਉਥੇ 10 ਸਤੰਬਰ ਨੂੰ ਖਡੂਰ ਸਾਹਿਬ ਅਤੇ 18 ਨੂੰ ਗੁਰੂ ਕੀ ਢਾਬ ਵਿਖੇ ਹੋਣ ਵਾਲੀਆ ਵੱਡੀਆ ਕਾਨਫਰੰਸਾਂ ਵਿਚ ਹੁੰਮ-ਹੁਮਾਕੇ ਪਹੁੰਚਣ ਦੀ ਜੋਰਦਾਰ ਅਪੀਲ ਕਰਦਾ ਹੈ ।

ਖ਼ਾਲਿਸਤਾਨ ਜਿ਼ੰਦਾਬਾਦ !!!
ਗੁਰੂਘਰ ਤੇ ਪੰਥ ਦਾ ਦਾਸ,
ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।

About The Author

Related posts

Leave a Reply

Your email address will not be published. Required fields are marked *