Verify Party Member
Header
Header
ਤਾਜਾ ਖਬਰਾਂ

20 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਬਾਦਲ ਦਲ ਦੇ ਐਸ.ਜੀ.ਪੀ.ਸੀ. ਮੈਬਰਾਂ ਨੂੰ ਲਾਹਨਤ-ਪੱਤਰ ਅਤੇ ਦੂਸਰਿਆ ਨੂੰ ਯਾਦ-ਪੱਤਰ ਦੇਵੇਗਾ : ਟਿਵਾਣਾ

20 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਬਾਦਲ ਦਲ ਦੇ ਐਸ.ਜੀ.ਪੀ.ਸੀ. ਮੈਬਰਾਂ ਨੂੰ ਲਾਹਨਤ-ਪੱਤਰ ਅਤੇ ਦੂਸਰਿਆ ਨੂੰ ਯਾਦ-ਪੱਤਰ ਦੇਵੇਗਾ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 17 ਨਵੰਬਰ ( ) “ਆਉਣ ਵਾਲੀ 20 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ, ਬਾਦਲ ਦਲੀਆਂ ਨਾਲ ਸੰਬੰਧਤ ਸਮੁੱਚੇ ਐਸ.ਜੀ.ਪੀ.ਸੀ. ਮੈਬਰਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਅਤੇ ਦੋਸ਼ੀਆਂ ਵਿਰੁੱਧ ਐਫ.ਆਈ.ਆਰ. ਦਰਜ ਨਾ ਹੋਣ ਦੇ ਗੰਭੀਰ ਮੁੱਦਿਆ ਨੂੰ ਲੈਕੇ ਹੁਣ ਤੱਕ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੇ ਪ੍ਰਬੰਧ ਵਿਚ ਉਤਪੰਨ ਹੋ ਚੁੱਕੀਆਂ ਵੱਡੀਆਂ ਖਾਮੀਆ ਨੂੰ ਮੁੱਖ ਰੱਖਕੇ ਅਤੇ ਬੀਤੇ 9 ਸਾਲਾ ਤੋਂ ਸਾਡੀ ਇਸ ਪਾਰਲੀਮੈਂਟ ਦੀ ਹੁਕਮਰਾਨਾਂ ਅਤੇ ਸਿਆਸਤਦਾਨਾਂ ਵੱਲੋਂ ਜਰਨਲ ਚੋਣ ਨਾ ਹੋਣ ਦੇਣ ਨੂੰ ਮੁੱਖ ਰੱਖਕੇ ਬਾਦਲ ਦਲ ਨਾਲ ਸੰਬੰਧਤ ਐਸ.ਜੀ.ਪੀ.ਸੀ. ਮੈਬਰਾਂ ਨੂੰ ਲਾਹਨਤ ਪੱਤਰ ਅਤੇ ਦੂਸਰੇ ਮੈਬਰਾਂ ਨੂੰ ਯਾਦ-ਪੱਤਰ ਸੌਪੇਗਾ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਬਰਨਾਲਾ ਦੇ ਰੈਸਟ ਹਾਊਂਸ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪੀ.ਏ.ਸੀ. ਕਮੇਟੀ ਦੀ ਚਾਰ ਘੰਟੇ ਚੱਲੀ ਸੰਜ਼ੀਦਾਪੂਰਵਕ ਮੀਟਿੰਗ ਵਿਚ ਲਏ ਗਏ ਫੈਸਲਿਆ ਤੋਂ ਜਾਣੂ ਕਰਵਾਉਦੇ ਹੋਏ ਦਿੱਤੀ । ਇਸ ਮੀਟਿੰਗ ਵਿਚ ਉਪਰੋਕਤ ਫੈਸਲਿਆ ਤੋਂ ਇਲਾਵਾ ਇਹ ਵੀ ਫੈਸਲਾ ਕੀਤਾ ਗਿਆ ਕਿ 27 ਨਵੰਬਰ ਨੂੰ ਜੋ ਮਿਆਦਪੁਗਾ ਚੁੱਕੀ ਐਸ.ਜੀ.ਪੀ.ਸੀ. ਵੱਲੋਂ ਪ੍ਰਧਾਨਗੀ ਦੀ ਚੋਣ ਲਈ ਇਜਲਾਸ ਰੱਖਿਆ ਗਿਆ ਹੈ, ਉਸ ਵਿਰੁੱਧ ਅਮਨਮਈ ਤੇ ਜਮਹੂਰੀਅਤ ਢੰਗਾਂ ਰਾਹੀ ਪ੍ਰਭਾਵਸ਼ਾਲੀ ਰੋਸ਼ ਵਿਖਾਵਾ ਵੀ ਕੀਤਾ ਜਾਵੇਗਾ ਅਤੇ ਸਮੁੱਚੇ ਐਸ.ਜੀ.ਪੀ.ਸੀ. ਮੈਬਰਾਂ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਵਿਰੁੱਧ ਕੀਤੀਆ ਜਾ ਰਹੀਆ ਕਾਰਵਾਈਆ ਲਈ ਸਮੂਹਿਕ ਰੂਪ ਵਿਚ ਖ਼ਬਰਦਾਰ ਵੀ ਕੀਤਾ ਜਾਵੇਗਾ । ਜੋ ਪੰਜਾਬ ਦੀ ਕਿਸਾਨੀ, ਖੇਤ-ਮਜ਼ਦੂਰ, ਟਰਾਸਪੋਰਟਰ, ਵਪਾਰੀ ਵਰਗ ਨੂੰ ਦਰਪੇਸ਼ ਆ ਰਹੀਆ ਮੁਸ਼ਕਿਲਾਂ ਨੂੰ ਦੂਰ ਕਰਨ ਪੰਜਾਬ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਪਾਰਟੀ ਵੱਲੋਂ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਸੁਲੇਮਾਨਕੀ, ਹੁਸੈਨੀਵਾਲਾ, ਵਾਹਗਾ ਅਤੇ ਗੁਰਦਾਸਪੁਰ-ਪਠਾਨਕੋਟ ਨਾਲ ਲੱਗਦੀ ਦੌਰਾਗਲਾਂ ਸਰਹੱਦਾਂ ਨੂੰ ਖੋਲ੍ਹਣ ਲਈ ਜਨਤਕ ਤੌਰ ਤੇ ਲਹਿਰ ਸੁਰੂ ਕੀਤੀ ਗਈ ਹੈ । ਉਸ ਨੂੰ ਮੁੱਖ ਰੱਖਕੇ 29 ਨਵੰਬਰ 2020 ਨੂੰ ਸੁਲੇਮਾਨਕੀ ਸਰਹੱਦ ਉਤੇ ਇਕੱਠ ਕਰਕੇ ਅਰਦਾਸ ਕੀਤੀ ਜਾਵੇਗੀ । ਇਸੇ ਤਰ੍ਹਾਂ 05 ਦਸੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਜਿਸਨੂੰ ਇੰਡੀਆਂ ਦੀ ਮੁਤੱਸਵੀ ਹਕੂਮਤ ਨੇ ਸਾਡੇ ਗੁਰਧਾਮਾਂ ਦੇ ਦਰਸ਼ਨ-ਦੀਦਾਰ ਕਰਨ ਉਤੇ ਰੋਕ ਲਗਾ ਦਿੱਤੀ ਹੈ, ਉਸ ਨੂੰ ਮੁੱਖ ਰੱਖਕੇ ਕਰਤਾਰਪੁਰ ਸਾਹਿਬ ਲਾਂਘੇ ਵਿਖੇ ਅਰਦਾਸ ਕੀਤੀ ਜਾਵੇਗੀ । 10 ਦਸੰਬਰ ਨੂੰ ਦੌਰਾਗਲਾ ਸਰਹੱਦ ਤੇ ਅਰਦਾਸ ਕੀਤੀ ਜਾਵੇਗੀ । ਇਸੇ ਮਹੱਤਵਪੂਰਨ ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਵੇਂ ਪਾਰਟੀ ਨੇ ਫਿਰੋਜ਼ਪੁਰ ਦੀ ਸਰਹੱਦ ਹੁਸੈਨੀਵਾਲਾ ਵਿਖੇ ਸਰਹੱਦਾਂ ਖੋਲ੍ਹਣ ਲਈ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਸ ਵਿਸ਼ੇ ਤੇ ਜਾਗਰੂਕ ਕਰਦੇ ਹੋਏ ਫੈਸਲਾਕੁੰਨ ਸੰਘਰਸ਼ ਕਰਨ ਲਈ ਰੈਲੀ ਕੀਤੀ ਸੀ, ਉਸੇ ਤਰ੍ਹਾਂ 19 ਦਸੰਬਰ ਨੂੰ ਵਾਹਗਾ ਸਰਹੱਦ ਵਿਖੇ ‘ਬਾਰਡਰ ਖੁਲ੍ਹਵਾਓ, ਕਿਸਾਨ ਬਚਾਓ’ ਰੈਲੀ ਵੱਡਾ ਇਕੱਠ ਕਰਦੇ ਹੋਏ ਸਮੁੱਚੇ ਪੰਜਾਬੀਆਂ ਨੂੰ ਇਸ ਪੰਜਾਬ ਪੱਖੀ ਉਦਮ ਵਿਚ ਲਾਮਬੰਦ ਕਰਦੇ ਹੋਏ ਕੀਤੀ ਜਾਵੇਗੀ । 06 ਸਤੰਬਰ 2021 ਨੂੰ ਗਿਆਨੀ ਦਿੱਤ ਸਿੰਘ ਜੀ ਦੀਆਂ ਕੌਮੀ ਵੱਡਮੁੱਲੀ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਅੰਮ੍ਰਿਤਸਰ ਵਿਖੇ ਇਤਿਹਾਸਿਕ ਰੈਲੀ ਕੀਤੀ ਜਾਵੇਗੀ । ਜਿਸ ਵਿਚ ਸੁਧਾਰ ਲਹਿਰ ਸੁਰੂ ਕਰਦੇ ਹੋਏ ਜਾਗ੍ਰਿਤੀ ਪੈਦਾ ਕੀਤੀ ਜਾਵੇਗੀ । ਇਸ ਵਾਹਗਾ ਰੈਲੀ ਨੂੰ ਕਾਮਯਾਬ ਕਰਨ ਲਈ ਮਜ਼ਦੂਰ ਯੂਨੀਅਨਾਂ, ਟਰਾਸਪੋਰਟਰਾਂ, ਪਾਕਿਸਤਾਨ ਨੂੰ ਉਤਪਾਦ ਭੇਜਣ ਵਾਲੇ ਵਪਾਰੀਆ ਤੇ ਕੰਪਨੀਆਂ ਨਾਲ ਸੰਪਰਕ ਬਣਾਉਣ ਲਈ ਮੀਟਿੰਗ ਨੇ ਸ. ਗੁਰਸੇਵਕ ਸਿੰਘ ਜਵਾਹਰਕੇ, ਮਾਸਟਰ ਕਰਨੈਲ ਸਿੰਘ ਨਾਰੀਕੇ ਦੋਵਾਂ ਨੂੰ ਜਿ਼ੰਮੇਵਾਰੀ ਸੌਪੀ ਗਈ ਅਤੇ ਸਮੁੱਚੇ ਜਰਨਲ ਸਕੱਤਰ ਸਾਹਿਬਾਨ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਜਿ਼ਲ੍ਹਿਆਂ ਵਿਚ ਬੈਠਕੇ ਲਾਮਬੰਦੀ ਕਰਨਗੇ ।

ਮੀਟਿੰਗ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਗੁਰਪੁਰਬ ਸਤਾਬਦੀ ਜੋ ਮਾਰਚ-ਅਪ੍ਰੈਲ ਵਿਚ ਆ ਰਹੀ ਹੈ, ਉਸਨੂੰ ਪੂਰੀ ਸਾਨੋ-ਸੌਂਕਤ ਨਾਲ ਮਨਾਉਣ ਦੀ ਸੋਚ ਅਧੀਨ ਅੰਮ੍ਰਿਤਸਰ ਵਿਖੇ, ਗੁਰਦੁਆਰਾ ਬਾਬਾ ਬਕਾਲਾ ਸਾਹਿਬ, ਸ੍ਰੀ ਆਨੰਦਪੁਰ ਸਾਹਿਬ, ਦਿੱਲੀ ਵਿਖੇ ਪ੍ਰੋਗਰਾਮ ਕਰਦੇ ਹੋਏ ਦਿੱਲੀ ਦੇ ਚੀਫ਼ ਮਨਿਸਟਰ ਸ੍ਰੀ ਕੇਜਰੀਵਾਲ ਨੂੰ 1984 ਦੇ ਹੋਏ ਸਿੱਖ ਕਤਲੇਆਮ ਦੀ ਜਾਂਚ ਕਰਵਾਉਣ ਲਈ ਯਾਦ-ਪੱਤਰ ਦਿੱਤਾ ਜਾਵੇਗਾ ਅਤੇ ਜਿਥੋਂ ਕਸ਼ਮੀਰੀ ਪੰਡਿਤ ਆਪਣੀ ਰੱਖਿਆ ਲਈ ਚੱਲਕੇ ਗੁਰੂ ਸਾਹਿਬ ਕੋਲ ਆਏ ਸਨ, ਜੰਮੂ-ਕਸ਼ਮੀਰ ਵਿਖੇ ਵੀ ਗੁਰੂ ਸਾਹਿਬ ਜੀ ਦੀ ਮਨੁੱਖਤਾ ਪੱਖੀ ਅਤੇ ਸਰਬੱਤ ਦੇ ਭਲੇ ਦੀ ਸੋਚ ਅਧੀਨ ਕੀਤੇ ਗਏ ਉਦਮਾਂ ਨੂੰ ਉਜਾਗਰ ਕਰਦੇ ਹੋਏ ਇਨ੍ਹਾਂ ਸਧਾਨਾਂ ਤੇ ਧਾਰਮਿਕ ਤੇ ਸਮਾਜਿਕ ਪ੍ਰੋਗਰਾਮ ਕੀਤੇ ਜਾਣਗੇ । ਜਿਨ੍ਹਾਂ ਦਾ ਸਥਾਨ ਅਤੇ ਤਰੀਕਾਂ ਦਾ ਐਲਾਨ ਸਤਾਬਦੀ ਸੁਰੂ ਹੋਣ ਤੋਂ ਕੁਝ ਸਮਾਂ ਪਹਿਲੇ ਕੀਤਾ ਜਾਵੇਗਾ । ਇਸ ਮਹੱਤਵਪੂਰਨ ਮੀਟਿੰਗ ਵਿਚ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ (ਸਾਰੇ ਜਰਨਲ ਸਕੱਤਰ), ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਵਿੰਗ, ਅੰਮ੍ਰਿਤਪਾਲ ਸਿੰਘ ਛੰਦੜਾ ਯੂਥ ਪ੍ਰਧਾਨ, ਗੁਰਜੰਟ ਸਿੰਘ ਕੱਟੂ ਨਿੱਜੀ ਸਹਾਇਕ ਸ. ਮਾਨ, ਹਰਭਜਨ ਸਿੰਘ ਕਸ਼ਮੀਰੀ, ਬਹਾਦਰ ਸਿੰਘ ਭਸੌੜ, ਪਰਮਿੰਦਰ ਸਿੰਘ ਬਾਲਿਆਵਾਲੀ, ਗੁਰਚਰਨ ਸਿੰਘ ਭੁੱਲਰ (ਸਾਰੇ ਪੀ.ਏ.ਸੀ. ਮੈਬਰ) ਨੇ ਸਮੂਲੀਅਤ ਕੀਤੀ ਅਤੇ ਉਪਰੋਕਤ ਕੌਮ ਪੱਖੀ ਫੈਸਲੇ ਕਰਨ ਵਿਚ ਯੋਗਦਾਨ ਪਾਇਆ । ਸਮੁੱਚੀ ਪੀ.ਏ.ਸੀ. ਮੈਬਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਅਹੁਦੇਦਾਰਾਂ, ਅਗਜੈਕਟਿਵ ਮੈਬਰਾਂ, ਸਰਕਲ ਪ੍ਰਧਾਨਾਂ, ਜਿ਼ਲ੍ਹਾ ਪ੍ਰਧਾਨਾਂ ਅਤੇ ਸਮੁੱਚੀ ਸਿੱਖ ਕੌਮ ਨੂੰ ਉਪਰੋਕਤ ਉਲੀਕੇ ਗਏ ਪ੍ਰੋਗਰਾਮਾਂ ਵਿਚ ਤਨੋ-ਮਨੋ-ਧਨੋ ਯੋਗਦਾਨ ਪਾ ਕੇ ਇਨ੍ਹਾਂ ਕੌਮੀ ਪ੍ਰੋਗਰਾਮਾਂ ਦੇ ਵੱਡੇ ਕੌਮ ਪੱਖੀ ਮਕਸਦ ਨੂੰ ਸਫ਼ਲ ਬਣਾਉਣ ਦੀ ਜੋਰਦਾਰ ਅਪੀਲ ਵੀ ਕੀਤੀ ।

About The Author

Related posts

Leave a Reply

Your email address will not be published. Required fields are marked *