Verify Party Member
Header
Header
ਤਾਜਾ ਖਬਰਾਂ

ਹੁਸੈਨੀਵਾਲਾ, ਵਾਹਗਾ, ਸੁਲੇਮਾਨਕੀ ਦੀਆਂ ਸਰਹੱਦਾਂ ਖੁੱਲ੍ਹਣ ਉਤੇ ਹੀ ਪੰਜਾਬ ਦੀ ਸਮੁੱਚੀ ਆਰਥਿਕਤਾ ਅਤੇ ਵਪਾਰ ਵਿਚ ਉਭਾਰ ਹੋ ਸਕੇਗਾ : ਮਾਨ

ਹੁਸੈਨੀਵਾਲਾ, ਵਾਹਗਾ, ਸੁਲੇਮਾਨਕੀ ਦੀਆਂ ਸਰਹੱਦਾਂ ਖੁੱਲ੍ਹਣ ਉਤੇ ਹੀ ਪੰਜਾਬ ਦੀ ਸਮੁੱਚੀ ਆਰਥਿਕਤਾ ਅਤੇ ਵਪਾਰ ਵਿਚ ਉਭਾਰ ਹੋ ਸਕੇਗਾ : ਮਾਨ

ਫ਼ਤਹਿਗੜ੍ਹ ਸਾਹਿਬ, 12 ਨਵੰਬਰ ( ) “ਪੰਜਾਬ ਸੂਬਾ ਇਕ ਖੇਤੀ ਪ੍ਰਧਾਨ ਸੂਬਾ ਹੈ, ਇਥੋਂ ਦੇ ਨਿਵਾਸੀਆਂ ਦਾ ਸਮੁੱਚਾ ਵਿਕਾਸ ਅਤੇ ਆਰਥਿਕਤਾ ਨੂੰ ਉਭਾਰਨ ਲਈ ਇਹ ਜ਼ਰੂਰੀ ਹੈ ਕਿ ਕਿਸਾਨ ਦੁਆਰਾ ਪੈਦਾ ਕੀਤੇ ਜਾਣ ਵਾਲੇ ਉਤਪਾਦਾਂ ਦੀ ਜਿਥੇ ਵਿਕਰੀ ਅਤੇ ਸਹੀ ਕੀਮਤ ਪ੍ਰਾਪਤੀ ਲਈ ਕੌਮਾਂਤਰੀ ਪੱਧਰ ਉਤੇ ਖੁੱਲ੍ਹੀ ਮੰਡੀ ਦੇ ਮੌਕੇ ਪ੍ਰਾਪਤ ਹੋਣੇ ਚਾਹੀਦੇ ਹਨ, ਉਥੇ ਉਸਦੀ ਲਾਗਤ ਕੀਮਤ ਦੇ ਖ਼ਰਚੇ ਘਟਾਉਣ ਲਈ ਵੀ ਇਸ ਦਿਸ਼ਾ ਵੱਲ ਇਨ੍ਹਾਂ ਸਰਹੱਦਾਂ ਦਾ ਖੁੱਲ੍ਹਣਾ ਹੋਰ ਜ਼ਰੂਰੀ ਬਣ ਜਾਂਦਾ ਹੈ । ਜੇਕਰ ਪੰਜਾਬ ਦੇ ਕਿਸਾਨ ਦੀ ਮਾਲੀ ਹਾਲਤ ਬਿਹਤਰ ਹੋਵੇਗੀ, ਤਦ ਹੀ ਸਮੁੱਚਾ ਵਪਾਰ, ਕਾਰੋਬਾਰ, ਰੁਜਗਾਰ, ਟਰਾਸਪੋਰਟ, ਖੇਤ-ਮਜ਼ਦੂਰ, ਕਾਰਖਾਨੇਦਾਰ ਆਦਿ ਪ੍ਰਫੁੱਲਿਤ ਹੋ ਸਕਣਗੇ । ਅਜਿਹਾ ਤਦ ਹੀ ਹੋ ਸਕੇਗਾ ਜੇਕਰ ਇੰਡੀਆਂ ਦੇ ਹੁਕਮਰਾਨ ਆਪਣੀ ਮੁਤੱਸਵੀ ਸਿੱਖ ਵਿਰੋਧੀ ਸੋਚ ਦਾ ਸੰਜ਼ੀਦਗੀ ਨਾਲ ਤਿਆਗ ਕਰਕੇ ਪੰਜਾਬ ਦੀਆਂ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਹੁਸੈਨੀਵਾਲਾ, ਵਾਹਗਾ, ਸੁਲੇਮਾਨਕੀ ਨੂੰ ਸਮੁੱਚੇ ਵਪਾਰ ਲਈ ਖੋਲ੍ਹ ਦੇਣ ਦਾ ਉਸਾਰੂ ਫੈਸਲਾ ਕਰਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਖੇਤੀ ਪ੍ਰਧਾਨ ਪੰਜਾਬ ਸੂਬੇ ਦੇ ਨਿਵਾਸੀਆਂ ਦੀ ਹਰ ਪੱਖੋ ਪ੍ਰਗਤੀ ਅਤੇ ਉਨ੍ਹਾਂ ਦੀ ਮਾਲੀ ਹਾਲਤ ਨੂੰ ਅਮਲੀ ਰੂਪ ਵਿਚ ਬਿਹਤਰ ਬਣਾਉਣ ਲਈ ਉਪਰੋਕਤ ਵਰਣਨ ਕੀਤੀਆ ਗਈਆ ਪੰਜਾਬ ਦੀਆਂ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਹੁਸੈਨੀਵਾਲਾ, ਵਾਹਗਾ, ਸੁਲੇਮਾਨਕੀ ਨੂੰ ਕਿਸਾਨੀ ਫ਼ਸਲਾਂ ਅਤੇ ਵਪਾਰਿਕ ਵਸਤਾਂ ਦੇ ਕਾਰੋਬਾਰ ਲਈ ਤੁਰੰਤ ਬਿਨ੍ਹਾਂ ਕਿਸੇ ਦੇਰੀ ਦੇ ਖੋਲ੍ਹੇ ਜਾਣ ਦੀ ਜੋਰਦਾਰ ਆਵਾਜ਼ ਉਠਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਇਹ ਸਰਹੱਦਾਂ ਖੁੱਲ੍ਹੇ ਵਪਾਰ ਲਈ ਖੋਲ੍ਹ ਦਿੱਤੀਆ ਜਾਣਗੀਆ ਤਾਂ ਕਿਸਾਨ, ਵਪਾਰੀ, ਕਾਰਖਾਨੇਦਾਰ ਆਪਣੀਆ ਤਿਆਰ ਉਤਪਾਦਾਂ ਵਸਤਾਂ ਤੇ ਮਸ਼ੀਨਰੀ ਨੂੰ ਘੱਟ ਤੋਂ ਘੱਟ ਟਰਾਸਪੋਰਟ ਖਰਚੇ ਰਾਹੀ ਪਾਕਿਸਤਾਨ, ਅਫਗਾਨੀਸਤਾਨ, ਦੁਬੱਈ, ਸਾਉਦੀ ਅਰਬੀਆ, ਅਰਬ ਮੁਲਕਾਂ, ਇਰਾਨ, ਇਰਾਕ, ਲਿਬਲਾਨ, ਮੱਧ ਏਸੀਆ ਦੇ ਮੁਲਕ ਕਜਾਕਿਸਤਾਨ, ਉਜਵੇਕਿਸਤਾਨ, ਤੁਰਕਮਿਨਸਤਾਨ, ਰੂਸ, ਚੀਨ ਵਿਚ ਸਹੀ ਕੀਮਤ ਤੇ ਵਿਕਣਗੀਆ । ਕਿਸਾਨਾਂ ਤੇ ਵਪਾਰੀਆਂ ਨੂੰ ਆਪਣੇ ਉਤਪਾਦਾਂ ਨੂੰ ਵੇਚਣ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਹੋਵੇਗੀ । ਉਪਰੋਕਤ ਮੁਲਕਾਂ ਵਿਚ ਬਹੁਤਾਤ ਪੈਦਾ ਹੋਣ ਵਾਲੀਆ ਵਸਤਾਂ ਸਾਨੂੰ ਘੱਟ ਕੀਮਤ ਤੇ ਘੱਟ ਟਰਾਸਪੋਰਟ ਖਰਚੇ ਰਾਹੀ ਪ੍ਰਾਪਤ ਹੋ ਸਕਣਗੀਆ ਜਿਵੇਂ ਰਸੋਈ, ਵਹੀਕਲਜ ਗੈਸ, ਤੇਲ, ਪੈਟਰੋਲ, ਡੀਜ਼ਲ ਅਤੇ ਬਿਜਲੀ ਪੈਦਾ ਕਰਨ ਵਿਚ ਵਰਤੋਂ ਆਉਣ ਵਾਲੀ ਜਿਪਸਮ, ਡਰਾਈਫਰੂਟ ਬਦਾਮ, ਕਾਜੂ, ਅਖਰੋਟ, ਖਜੂਰ ਆਦਿ ਵੀ ਸਹੀ ਕੀਮਤ ਤੇ ਪੰਜਾਬ ਵਿਚ ਪਹੁੰਚਦੇ ਹੋ ਜਾਣਗੇ । ਸਾਨੂੰ ਸਸਤੀ ਅਤੇ ਨਿਰਵਿਘਨ ਬਿਜਲੀ ਪਾਕਿਸਤਾਨ ਤੇ ਹੋਰ ਮੁਲਕਾਂ ਤੋਂ ਪ੍ਰਾਪਤ ਹੋ ਸਕੇਗੀ । ਕਿਸਾਨ ਦੇ ਲਾਗਤ ਖਰਚੇ ਘੱਟ ਜਾਣਗੇ ਅਤੇ ਉਨ੍ਹਾਂ ਦਾ ਲਾਭ ਵੱਧ ਜਾਵੇਗਾ । ਕਿਸਾਨ, ਖੇਤ-ਮਜ਼ਦੂਰ, ਟਰਾਸਪੋਰਟਰ ਦੀ ਮਾਲੀ ਹਾਲਤ ਮਜ਼ਬੂਤ ਹੋ ਜਾਵੇਗੀ ।

ਉਨ੍ਹਾਂ ਕਿਹਾ ਕਿ ਅਜਿਹਾ ਵਪਾਰ ਵੱਧਣ ਨਾਲ ਟਰਾਸਪੋਰਟ ਕਿੱਤੇ ਵਿਚ ਲੱਗੇ ਕਿਸਾਨ, ਮਜ਼ਦੂਰ, ਪੜ੍ਹੇ-ਲਿਖੇ ਨੌਜ਼ਵਾਨਾਂ ਦੇ ਰੁਜਗਾਰ ਵਿਚ ਵਾਧਾ ਹੋਣ ਦੇ ਨਾਲ-ਨਾਲ ਇਹ ਸਹਾਇਕ ਕਿੱਤੇ ਵੀ ਅਤਿ ਪ੍ਰਫੁੱਲਿਤ ਹੋ ਜਾਣਗੇ । ਜਦੋਂ ਕਿਸਾਨ ਅਤੇ ਖੇਤ-ਮਜ਼ਦੂਰ ਦੀ ਮਾਲੀ ਹਾਲਤ ਬਿਹਤਰ ਹੋ ਗਈ ਤਾਂ ਇਹ ਵਰਗ ਸਦਾ ਲਈ ਕਰਜਿਆ ਤੋਂ ਮੁਕਤ ਹੋ ਜਾਵੇਗਾ । ਇਥੇ ਖੁਦਕਸੀਆ ਹੋਣ ਦੇ ਅਮਲ ਪੂਰਨ ਰੂਪ ਵਿਚ ਖ਼ਤਮ ਹੋ ਜਾਣਗੇ । ਪੰਜਾਬ ਨਿਵਾਸੀ ਭਾਵੇ ਉਹ ਕਿਸੇ ਵੀ ਵਰਗ, ਕੌਮ ਨਾਲ ਸੰਬੰਧਤ ਹੋਣ, ਸਭ ਦੀ ਹਰ ਪੱਖੋ ਪ੍ਰਫੁੱਲਿਤਾ ਹੋਵੇਗੀ ਅਤੇ ਵਿਕਾਸ ਵਿਚ ਵਾਧਾ ਹੋਵੇਗਾ । ਗੁਰੂ ਸਾਹਿਬਾਨ ਨੇ ਸਿੱਖ ਕੌਮ ਦੇ ਜਨਮ ਵੇਲੇ ਹੀ ਇਹ ਕਹਿ ਦਿੱਤਾ ਸੀ ਕਿ ਨਾ ਅਸੀ ਹਿੰਦੂ, ਨਾ ਮੁਸਲਮਾਨ । ਸਾਡੀ ਵੱਖਰੀ ਅਣਖ਼ੀਲੀ ਅਤੇ ਵਿਲੱਖਣਤਾਂ ਵਾਲੀ ਪਹਿਚਾਣ ਨੂੰ ਅਤੇ ਸਾਡੀ ਅਣਖ਼ ਗੈਰਤ ਨੂੰ ਸੱਟ ਮਾਰਨ ਹਿੱਤ ਹੀ ਨਿਰੰਤਰ ਮੁਤੱਸਵੀ ਹੁਕਮਰਾਨਾਂ ਅਤੇ ਉਨ੍ਹਾਂ ਦੇ ਭਾਈਵਾਲ ਇਥੋਂ ਦੇ ਹੁਕਮਰਾਨਾਂ ਵੱਲੋਂ ਸਾਡੀ ਬੋਲੀ, ਭਾਸ਼ਾ, ਵਿਰਸੇ-ਵਿਰਾਸਤ, ਪਹਿਰਾਵੇ, ਸੱਭਿਆਚਾਰ ਉਤੇ ਸਾਜ਼ਸੀ ਢੰਗ ਨਾਲ ਹਮਲੇ ਵੀ ਕੀਤੇ ਜਾਂਦੇ ਆ ਰਹੇ ਹਨ ਅਤੇ ਸਾਡੇ ਇਨ੍ਹਾਂ ਵਿਲੱਖਣਤਾ ਵਾਲੇ ਅਮਲਾਂ ਵਿਚ ਹਿੰਦੂਤਵ ਸੋਚ ਨੂੰ ਘੁਸਪੈਠ ਕਰਨ ਦੀਆਂ ਮੰਦਭਾਵਨਾ ਭਰੀਆ ਕਾਰਵਾਈਆ ਵੀ ਹੋ ਰਹੀਆ ਹਨ । ਬੀਤੇ ਸਮੇਂ ਵਿਚ ਜਦੋਂ ਲਾਹੌਰ ਦੇ ਸੂਬੇ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਸਿੱਖ ਖ਼ਤਮ ਕਰ ਦਿੱਤੇ ਗਏ ਹਨ ਤਾਂ ਉਸ ਸਮੇਂ ਗੁਰੂ ਦੀ ਬਖਸਿ਼ਸ਼ ਵਾਲੇ ਸਿੰਘਾਂ ਸ਼ਹੀਦ ਭਾਈ ਬੋਤਾ ਸਿੰਘ, ਸ਼ਹੀਦ ਭਾਈ ਗਰਜ਼ਾ ਸਿੰਘ ਨੇ ਤਰਨਤਾਰਨ-ਲਾਹੌਰ ਰੋਡ ਉਤੇ ਆਪਣਾ ਟੈਕਸ ਲਗਾਕੇ ਕੌਮਾਂਤਰੀ ਪੱਧਰ ਤੇ ਦੁਸ਼ਮਣਾਂ ਨੂੰ ਚੁਣੋਤੀ ਦੇ ਕੇ ਇਹ ਸਾਬਤ ਕਰ ਦਿੱਤਾ ਸੀ ਕਿ ਗੁਰੂ ਦੇ ਸਿੱਖਾਂ ਨੂੰ ਕੋਈ ਵੀ ਹਕੂਮਤ ਖ਼ਤਮ ਨਹੀਂ ਕਰ ਸਕਦੀ । ਉਹ ਜਿਊਂਦੇ-ਜਾਂਗਦੇ ਹਨ ਅਤੇ ਆਪਣੀ ਹੋਂਦ ਨੂੰ ਬਰਕਰਾਰ ਰੱਖਦੇ ਹੋਏ ਸਦਾ ਰਹਿਣਗੇ ।

ਮੁਤੱਸਵੀ ਹੁਕਮਰਾਨਾਂ ਦੇ ਅਮਲਾਂ ਉਤੇ ਕੰਮ ਕਰਦੇ ਹੋਏ ਸਾਡੀ ਰਵਾਇਤੀ ਲੀਡਰਸਿ਼ਪ ਨੇ 1984 ਵਿਚ ਸਾਡੀ ਨਸ਼ਲੀ ਸਫ਼ਾਈ ਤੇ ਕਤਲੇਆਮ ਤਾਂ ਕਰਵਾਇਆ, ਪਰ ਪੰਜਾਬ ਸੂਬੇ, ਇਥੋਂ ਦੇ ਨਿਵਾਸੀਆ ਅਤੇ ਸਿੱਖ ਕੌਮ ਲਈ ਉਹ ਕਦੀ ਵੀ ਕੋਈ ਪ੍ਰਾਪਤੀ ਨਹੀਂ ਕਰ ਸਕੇ । ਇਨ੍ਹਾਂ ਆਗੂਆਂ ਨੇ ਸਿੱਖੀ ਸੋਚ ਨੂੰ ਪਿੱਠ ਦੇ ਕੇ ਸਿੱਖ ਕੌਮ ਦੇ ਕਮਲਨਾਥ ਵਰਗੇ ਕਾਤਲਾਂ ਨੂੰ ਗੁਲਦਸਤੇ ਭੇਟ ਕਰਦੇ ਰਹੇ । ਹੁਣੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਕਿਸਾਨੀ ਤੇ ਪੰਜਾਬ ਮਸਲਿਆ ਉਤੇ ਗੱਲਬਾਤ ਕਰਨ ਲਈ ਇੰਡੀਆਂ ਦੇ ਪ੍ਰੈਜੀਡੈਟ ਤੋਂ ਸਮਾਂ ਮੰਗਿਆਂ ਸੀ, ਉਹ ਸਮਾਂ ਨਾ ਦੇ ਕੇ ਹੁਕਮਰਾਨਾਂ ਨੇ ਜਿਥੇ ਘੋਰ ਵਿਧਾਨਿਕ ਲੀਹਾਂ ਦੀ ਉਲੰਘਣਾ ਕੀਤੀ ਹੈ, ਉਥੇ ਇਸ ਅਮਲ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਸਿਆਸੀ ਸਵਾਰਥਾਂ ਦੇ ਗੁਲਾਮ ਬਣੇ ਪੰਜਾਬ ਦੇ ਆਗੂ ਸੈਂਟਰ ਵੱਲੋਂ ਸੂਬੇ ਨਾਲ ਕੀਤੇ ਜਾ ਰਹੇ ਜ਼ਬਰ-ਜੁਲਮ ਜਾਂ ਵਿਤਕਰਿਆ ਨੂੰ ਦੂਰ ਕਰਵਾਉਣ ਦੀ ਸਮਰੱਥਾਂ ਨਹੀਂ ਰੱਖਦੇ । ਇਹੀ ਵਜਹ ਹੈ ਕਿ ਅੱਜ ਤੱਕ ਸਾਡੇ ਅਮੁੱਲ ਦਰਿਆਵਾ, ਪਾਣੀਆਂ, ਹੈੱਡਵਰਕਸ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਗੈਰ-ਕਾਨੂੰਨੀ ਤਰੀਕੇ ਖੋਹੇ ਗਏ ਹਨ । ਪੰਜਾਬ ਨੂੰ ਕੋਈ ਵੀ ਵੱਡਾ ਉਦਯੋਗ ਨਹੀਂ ਦਿੱਤਾ ਜਾ ਰਿਹਾ । ਇਥੋਂ ਦੀ ਬੇਰੁਜਗਾਰੀ ਨੂੰ ਖ਼ਤਮ ਕਰਨ ਲਈ ਸੈਂਟਰ ਵੱਲੋਂ ਕੋਈ ਵੀ ਸੁਹਿਰਦਤਾ ਭਰਿਆ ਅਮਲ ਨਹੀਂ ਹੋ ਰਿਹਾ । ਜੇਕਰ ਕੁਝ ਸਮਾਂ ਪਹਿਲੇ ਸਾਡੀਆਂ ਸਰਹੱਦਾਂ ਉਤੇ ਜ਼ਬਰੀ ਕੰਡਿਆਲੀ ਤਾਰ ਲਗਾਕੇ ਸਰਹੱਦਾਂ ਨੂੰ ਬੰਦ ਕੀਤਾ ਗਿਆ ਹੈ, ਤਾਂ ਉਸ ਪਿੱਛੇ ਸੋਚ ਹੁਕਮਰਾਨਾਂ ਦੀ ਪੰਜਾਬ ਸੂਬੇ ਤੇ ਸਿੱਖ ਵਿਰੋਧੀ ਹੀ ਕੰਮ ਕਰਦੀ ਹੈ ।

ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਸਮੇਂ ਅੰਗਰੇਜ਼ਾਂ ਨਾਲ ਵਪਾਰਿਕ ਅਤੇ ਹੋਰ ਸਾਰੇ ਸੰਬੰਧ ਰੱਖੇ ਗਏ ਸਨ ਅਤੇ ਸਾਡੀਆਂ ਉਤਪਾਦ ਵਸਤਾਂ ਦਾ ਅਦਾਨ-ਪ੍ਰਦਾਨ ਇਨ੍ਹਾਂ ਮੁਲਕਾਂ ਵਿਚ ਹੁੰਦਾ ਸੀ । ਇਸ ਤੋਂ ਪਹਿਲਾ ਬਾਬਾ ਬੰਦਾ ਸਿੰਘ ਬਹਾਦਰ ਦੇ ਪਹਿਲੇ ਖ਼ਾਲਸਾ ਰਾਜ ਸਮੇਂ ਮੁਜ਼ਹਾਰਿਆ ਅਤੇ ਕਿਸਾਨਾਂ ਨੂੰ ਉਨ੍ਹਾਂ ਨੇ ਜ਼ਮੀਨਾਂ ਦੇ ਮਾਲਕ ਬਣਾਇਆ ਸੀ। ਕਿਉਂਕਿ ਸਿੱਖ ਕੌਮ ਸਰਬੱਤ ਦੇ ਭਲੇ ਦੀ ਸੋਚ ਉਤੇ ਅਮਲ ਕਰਦੀ ਹੈ । ਬੀਜੇਪੀ-ਆਰ.ਐਸ.ਐਸ. ਦੇ ਹੁਕਮਰਾਨ ਇਹ ਕਹਿੰਦੇ ਹਨ ਕਿ ਅਸੀਂ ਪੰਜਾਬ ਦੇ ਵਪਾਰ ਵਿਚ ਵਾਧਾ ਕਰਨਾ ਚਾਹੁੰਦੇ ਹਾਂ । ਫਿਰ ਉਨ੍ਹਾਂ ਨੇ ਤਿੰਨ ਕਿਸਾਨ ਮਾਰੂ ਕਾਨੂੰਨ ਮੰਦਭਾਵਨਾ ਅਧੀਨ ਕਿਉਂ ਲਿਆਂਦੇ ? ਜੇਕਰ ਉਨ੍ਹਾਂ ਦਾ ਵਪਾਰ ਤੇ ਭਰੋਸਾ ਹੈ, ਤਾਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਇਹ ਕਾਨੂੰਨ ਤੇ ਨਿਯਮ ਹੈ ਕਿ ਸਰਹੱਦਾਂ ਬਿਲਕੁਲ ਬੰਦ ਨਾ ਕੀਤੀਆ ਜਾਣ । ਜਦੋਂ ਕਸ਼ਮੀਰੀਆਂ ਨੇ ਵਿਧਾਨ ਤੇ ਕਾਨੂੰਨ ਅਨੁਸਾਰ ਆਪਣੇ ਖੋਹੇ ਹੋਏ ਹੱਕ-ਹਕੂਕਾ ਨੂੰ ਮੰਗਣ ਦੀ ਆਵਾਜ਼ ਉਠਾਈ ਅਤੇ ਜਮਹੂਰੀਅਤ ਤਰੀਕੇ ਸੰਘਰਸ਼ ਸੁਰੂ ਕੀਤਾ ਤਾਂ ਮੁਤੱਸਵੀ ਹੁਕਮਰਾਨਾਂ ਨੇ ਆਪਣੇ ਹਕੂਮਤੀ ਵਿਧਾਨਿਕ ਅਧਿਕਾਰਾਂ ਦੀ ਦੁਰਵਰਤੋਂ ਕਰਕੇ ਕੇਵਲ ਉਨ੍ਹਾਂ ਨੂੰ ਵਿਧਾਨ ਦੇ ਆਰਟੀਕਲ 370, ਧਾਰਾ 35ਏ ਰਾਹੀ ਮਿਲੀ ਖੁਦਮੁਖਤਿਆਰੀ ਨੂੰ ਖ਼ਤਮ ਕਰਕੇ ਉਨ੍ਹਾਂ ਦੇ ਕਸ਼ਮੀਰ ਅਤੇ ਲਦਾਂਖ ਯੂ.ਟੀ. ਐਲਾਨ ਦਿੱਤੇ । ਜੋ ਇੰਡੀਆਂ ਵਿਧਾਨ ਤੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕੀਤੀ ਗਈ ਹੈ । ਜੇਕਰ ਪੰਜਾਬ ਦੇ ਕਿਸਾਨ, ਖੇਤ-ਮਜ਼ਦੂਰ ਅਤੇ ਸਿੱਖ ਕੌਮ ਆਪਣੇ ਨਾਲ ਹੋ ਰਹੀਆ ਵਿਧਾਨਿਕ ਅਤੇ ਸਮਾਜਿਕ ਵਧੀਕੀਆ ਵਿਰੁੱਧ ਜਮਹੂਰੀਅਤ ਤਰੀਕੇ ਆਵਾਜ਼ ਉਠਾਕੇ ਕਿਸਾਨ ਤੇ ਪੰਜਾਬ ਮਾਰੂ ਕਾਨੂੰਨਾਂ ਨੂੰ ਖ਼ਤਮ ਕਰਵਾਉਣ ਲਈ ਸੰਘਰਸ਼ ਵਿੱਢਿਆ ਹੈ, ਤਾਂ ਹੁਕਮਰਾਨ ਇਨਸਾਫ਼ ਦੇਣ ਦੀ ਬਜਾਇ ਉਨ੍ਹਾਂ ਉਤੇ ਜ਼ਬਰ-ਜੁਲਮ ਢਾਹ ਰਹੇ ਹਨ । ਸਾਡੀ ਆਰਥਿਕਤਾ ਨੂੰ ਡੂੰਘੀ ਸੱਟ ਮਾਰਨ ਹਿੱਤ ਹੁਕਮਰਾਨਾਂ ਨੇ ਪਾਕਿਸਤਾਨ ਸਰਹੱਦ ਰਾਹੀ ਆਉਣ ਵਾਲੀਆ ਵਸਤਾਂ ਉਤੇ 200% ਡਿਊਟੀ ਲਗਾ ਦਿੱਤੀ ਹੈ। ਜੋ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਅਤੇ ਕੌਮਾਂਤਰੀ ਵਪਾਰਿਕ ਕਾਨੂੰਨਾਂ ਦੀ ਘੋਰ ਉਲੰਘਣਾ ਹੈ । ਵਰਲਡ ਟ੍ਰੇਡ ਆਰਗੇਨਾਈਜੇਸ਼ਨ ਕਹਿੰਦੀ ਹੈ ਕਿ ਇੰਡੀਆਂ-ਪਾਕਿਸਤਾਨ ਸਰਹੱਦ ਰਾਹੀ 40 ਬਿਲੀਅਨ ਡਾਲਰ ਦਾ ਵਪਾਰ ਹੋ ਸਕਦਾ ਹੈ। ਪਾਕਿਸਤਾਨ ਵਿਚ ਸੀਮਿੰਟ 250 ਰੁਪਏ ਥੈਲਾ ਹੈ । 2019 ਵਿਚ ਇਨ੍ਹਾਂ ਨੇ ਸਰਹੱਦ ਬੰਦ ਕਰ ਦਿੱਤੀ ਅਤੇ ਇਹ ਸੀਮਿੰਟ ਦਾ ਥੈਲਾ 350 ਰੁਪਏ ਹੋ ਗਿਆ । ਜਿਸ ਨਾਲ ਮੱਧਵਰਗੀ ਅਤੇ ਹੇਠਲੇ ਵਰਗ ਦੇ ਨਿਵਾਸੀਆਂ ਨੂੰ ਆਪਣੇ ਘਰ ਬਣਾਉਣ ਦੇ ਖ਼ਰਚੇ ਹੋਰ ਵੱਧ ਗਏ ਹਨ । ਫਿਰ ਇਹ ਸੀਮਿੰਟ ਅਤੇ ਹੋਰ ਆਉਣ ਵਾਲੀਆ ਵਸਤਾਂ ਗੁਣਾਤਮਿਕ ਪੱਖੋ ਸਾਡੇ ਤੋਂ ਕਈ ਗੁਣਾਂ ਉੱਚੀਆ ਹਨ । 2016-17 ਵਿਚ ਪਾਕਿਸਤਾਨ ਨੇ 26 ਹਜ਼ਾਰ ਲੱਖ ਰੁਪਏ ਦੀ ਸਬਜੀ ਖਰੀਦੀ । ਇਹ ਸਾਡੀ ਸਬਜੀ ਕੇਵਲ ਪਾਕਿਸਤਾਨ ਵਿਚ ਹੀ ਨਹੀਂ, ਬਲਕਿ ਇਰਾਨ, ਇਰਾਕ, ਸਾਊਦੀ ਅਰਬੀਆ, ਦੁਬੱਈ ਅਤੇ ਹੋਰ ਮੁਲਕਾਂ ਵਿਚ ਵੀ ਜਾ ਸਕਦੀ ਹੈ ।

ਇਨ੍ਹਾਂ ਦੀਆਂ ਪੰਜਾਬ ਸੂਬੇ ਵਿਰੋਧੀ ਨੀਤੀਆ ਦੀ ਬਦੌਲਤ ਸਾਡਾ ਪੰਜ-ਆਬ ਅੱਜ ਢਾਈ-ਆਬ ਰਹਿ ਗਿਆ ਹੈ । ਸਾਡੇ ਕੁਦਰਤੀ ਸੋਮੇ ਸਾਡੇ ਤੋਂ ਖੋਹਕੇ ਸਾਡੀ ਆਰਥਿਕਤਾ ਨੂੰ ਅਤੇ ਸਾਡੇ ਅੱਛੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ । ਬੀਤੇ ਸਮੇਂ ਵਿਚ ਗਿੱਲ, ਆਲਮ, ਸੁਮੇਧ ਸੈਣੀ ਦੀਆਂ ਸੈਂਟਰ ਦੀ ਸਰਪ੍ਰਸਤੀ ਵਾਲੀਆ ਸੈਨਾਵਾਂ ਨੇ ਪੰਜਾਬ ਦੀ ਨੌਜ਼ਵਾਨੀ ਦੇ ਖੂਨ ਨਾਲ ਹੋਲੀ ਖੇਡੀ । ਤਰਨਤਾਰਨ ਵਿਚ ਵੱਡੀ ਗਿਣਤੀ ਵਿਚ ਅੰਮ੍ਰਿਤਧਾਰੀ ਸਿੱਖ ਨੌਜ਼ਵਾਨਾਂ ਨੂੰ ਗਿੱਲ ਸੈਨਾਂ ਨੇ ਮਰਵਾਇਆ । ਜਿਹੜੀ ਮੰਨੂੰਵਾਦੀ ਸੋਚ ਹੈ, ਉਸ ਅਨੁਸਾਰ ਸਰਬੱਤ ਦਾ ਭਲਾ ਚਾਹੁੰਣ ਵਾਲੀ ਅਤੇ ਮਨੁੱਖੀ ਕਦਰਾ-ਕੀਮਤਾ ਦੀ ਰਾਖੀ ਲਈ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨੂੰ ਇਹ ਅਛੂਤ ਬਣਾਕੇ, ਆਪਣੀਆ ਫੋਰਸਾਂ, ਅਰਧ ਸੈਨਿਕ ਬਲਾਂ ਰਾਹੀ ਜ਼ਬਰ-ਜੁਲਮ ਕਰਕੇ ਅਤੇ ਸਾਡੇ ਕੁਦਰਤੀ ਸਾਧਨਾਂ ਨੂੰ ਜ਼ਬਰੀ ਖੋਹਕੇ ਇਥੋਂ ਦੀ ਕਿਸਾਨੀ, ਖੇਤ-ਮਜ਼ਦੂਰ, ਵਾਪਰੀਆ, ਕਾਰੋਬਾਰੀਆਂ ਆਦਿ ਦੇ ਤਰਲੇ-ਮਿਣਤਾ ਕਰਵਾਉਣਾ ਚਾਹੁੰਦੇ ਹਨ । ਜਦੋਂਕਿ ਸਾਡੀ ਛੇਵੀ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਕੌਮੀ ਵਿਲੱਖਣਤਾ, ਨਿਰਭੈਤਾ ਅਤੇ ਅਣਖ਼ ਗੈਰਤ ਨੂੰ ਕਾਇਮ ਰੱਖਣ ਲਈ ਬਾਜ, ਕਲਗੀ, ਮੀਰੀ-ਪੀਰੀ ਦੀਆਂ ਦੋਵੇ ਕਿਰਪਾਨਾਂ, ਘੋੜੇ ਰੱਖਕੇ ਅਤੇ ਮੁਗਲ ਹਕੂਮਤ ਦੇ ਬਰਾਬਰ ਸ੍ਰੀ ਅਕਾਲ ਤਖ਼ਤ ਸਾਹਿਬ ਬਾਦਸ਼ਾਹੀ ਤਖ਼ਤ ਉਸਾਰਕੇ ਹੁਕਮਰਾਨਾਂ ਅੱਗੇ ਕਿਸੇ ਤਰ੍ਹਾਂ ਈਨ ਮੰਨਣ ਜਾਂ ਝੁਕਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਸੀ । ਇਸ ਲਈ ਇਨ੍ਹਾਂ ਦੀਆਂ ਸਾਤਰ ਅਤੇ ਕੌਮ ਨੂੰ ਬਦਨਾਮ ਕਰਨ ਵਾਲੀਆ ਸਾਜਿ਼ਸਾਂ ਅੱਗੇ ਅਸੀਂ ਬਿਲਕੁਲ ਨਹੀਂ ਝੁਕਾਂਗੇ । ਕਿਸਾਨਾਂ ਦੀ ਅਸੀਂ ਪੂਰਨ ਰੂਪ ਵਿਚ ਹਮਾਇਤ ਵਿਚ ਹਾਂ । ਕਿਉਂਕਿ ਉਹ ਸਾਡੀ ਕੌਮੀ ਅਤੇ ਪੰਜਾਬ ਸੂਬੇ ਦੀ ਰੀੜ੍ਹ ਦੀ ਹੱਡੀ ਹਨ । ਸਾਨੂੰ ਗੁਰੂ ਸਾਹਿਬ ਦੀ ਸੋਚ ਅਨੁਸਾਰ ਨਾ ਅਸੀਂ ਹਿੰਦੂ, ਨਾ ਮੁਸਲਮਾਨ ਵਾਲੀ ਵਿਲੱਖਣਤਾ ਦੇ ਨਾਲ-ਨਾਲ ਇਨ੍ਹਾਂ ਸਰਹੱਦਾਂ ਰਾਹੀ ਖੁੱਲ੍ਹਾ ਵਪਾਰ ਚਾਹੀਦਾ ਹੈ । ਜੋ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆ ਹਨ ਉਨ੍ਹਾਂ ਦੇ ਦੋਸ਼ੀ ਸਿਰਸੇ ਵਾਲੇ ਸਾਧ ਅਤੇ ਹੁਕਮਰਾਨਾਂ ਨਾਲ ਤਾਂ ਅਸੀਂ ਸਿੱਝ ਹੀ ਰਹੇ ਹਾਂ, ਲੇਕਿਨ ਜੋ ਸਾਡੇ ਆਪਣਿਆ ਨੇ ਐਸ.ਜੀ.ਪੀ.ਸੀ ਵਿਚ ਬੈਠੇ ਹੋਏ ਸਾਡੇ ਗੁਰੂ ਸਾਹਿਬ ਦੇ 328 ਪਾਵਨ ਸਰੂਪ ਚੋਰੀ ਕੀਤੇ ਜਾਂ ਕਰਵਾਏ ਹਨ, ਉਹ ਕਿਥੇ ਹਨ, ਕਿਸ ਰੂਪ ਵਿਚ ਹਨ ? ਇਹ ਬਹੁਤ ਹੀ ਦੁੱਖਦਾਇਕ ਅਤੇ ਨਾ ਸਹਿਣ ਯੋਗ ਵਰਤਾਰਾ ਹੋਇਆ ਹੈ । ਇਸ ਸੰਬੰਧ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜੋ ਪੰਜਾਬੀਆਂ, ਸਿੱਖ ਕੌਮ ਵਿਚ ਦਸਤਖ਼ਤੀ ਮੁਹਿੰਮ ਚਲਾਈ ਗਈ ਹੈ, ਉਸ ਨੂੰ ਅਸੀਂ ਹਰ ਪਿੰਡ, ਸ਼ਹਿਰ ਪੱਧਰ ਤੱਕ ਲਿਜਾਣ ਲਈ ਦ੍ਰਿੜ ਹਾਂ । ਜੋ ਕਿਸਾਨੀ ਅਤੇ ਖੇਤ-ਮਜ਼ਦੂਰ ਦਾ ਲੱਕ ਤੋੜਨ ਲਈ ਸਾਜਿ਼ਸਾਂ ਹੋ ਰਹੀਆ ਹਨ, ਉਸ ਚੁਣੋਤੀ ਨੂੰ ਪ੍ਰਵਾਨ ਕਰਕੇ ਆਪਣੇ ਪੰਜਾਬ ਸੂਬੇ ਅਤੇ ਪੰਜਾਬ ਨਿਵਾਸੀਆਂ ਦੀ ਹਰ ਪੱਖੋ ਸੁਰੱਖਿਅਤ ਅਤੇ ਵਿਕਾਸ ਲਈ ਵੀ ਦ੍ਰਿੜ ਹਾਂ । ਇਨ੍ਹਾਂ ਸਮਾਜ ਪੱਖੀ ਮਕਸਦ ਨੂੰ ਲੈਕੇ ਅਸੀਂ 27 ਨਵੰਬਰ ਨੂੰ ਐਸ.ਜੀ.ਪੀ.ਸੀ. ਦੇ ਇਜਲਾਸ ਸਮੇਂ ਵੱਡੀ ਗਿਣਤੀ ਵਾਲਾ ਤੇ ਪ੍ਰਭਾਵਸ਼ਾਲੀ ਰੋਸ਼ ਇਕੱਠ ਕਰਦੇ ਹੋਏ ਐਸ.ਜੀ.ਪੀ.ਸੀ. ਦਾ ਘਿਰਾਓ ਕਰਾਂਗੇ । ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਇੰਡੀਆਂ ਦੇ ਹੁਕਮਰਾਨ ਹੁਸੈਨੀਵਾਲਾ, ਵਾਹਗਾ ਅਤੇ ਸੁਲੇਮਾਨਕੀ ਸਰਹੱਦਾਂ ਉਤੇ ਆਈ.ਸੀ.ਪੀ. ਦੇ ਸੈਂਟਰ ਖੋਲਣ ਜਿਥੇ ਸਾਡੇ ਟਰੱਕ ਹੋਰ ਵਹੀਕਲਜ ਮੌਕੇ ਉਤੇ ਹੀ ਸਟੈਪ ਪ੍ਰਵਾਨਗੀ ਰਾਹੀ ਪਾਕਿਸਤਾਨ ਅਤੇ ਹੋਰ ਮੁਲਕਾਂ ਵਿਚ ਖੁੱਲ੍ਹੇ ਰੂਪ ਵਿਚ ਆ-ਜਾ ਸਕਣ ਅਤੇ ਆਪਣੀਆ ਉਤਪਾਦ ਵਸਤਾਂ ਭੇਜ ਸਕਣ ਅਤੇ ਅਸੀਂ ਆਪਣੇ ਗੁਰਧਾਮਾਂ ਦੇ ਆਪਣੀ ਅਰਦਾਸ ਅਨੁਸਾਰ ਖੁੱਲ੍ਹੇ ਦਰਸ਼ਨ-ਦੀਦਾਰੇ ਕਰ ਸਕੀਏ । ਇਹ ਪ੍ਰਵਾਨਗੀ ਸਾਨੂੰ ਅਵੱਸ ਮਿਲਣੀ ਚਾਹੀਦੀ ਹੈ ।

About The Author

Related posts

Leave a Reply

Your email address will not be published. Required fields are marked *