Verify Party Member
Header
Header
ਤਾਜਾ ਖਬਰਾਂ

ਹਿੰਦੂਤਵ ਸਟੇਟ ਆਪਣੀ ਅੰਦਰੂਨੀ ਅਤੇ ਵਿਦੇਸ਼ੀ ਨੀਤੀ ਦਾ ਤਰਕ ਸਹਿਤ ਜੁਆਬ ਦੇਵੇ : ਮਾਨ

ਹਿੰਦੂਤਵ ਸਟੇਟ ਆਪਣੀ ਅੰਦਰੂਨੀ ਅਤੇ ਵਿਦੇਸ਼ੀ ਨੀਤੀ ਦਾ ਤਰਕ ਸਹਿਤ ਜੁਆਬ ਦੇਵੇ : ਮਾਨ

ਫ਼ਤਹਿਗੜ੍ਹ ਸਾਹਿਬ, 23 ਜੂਨ ( ) “ਹਿੰਦੂਤਵ ਸਟੇਟ ਦੀ ਇਹ ਅੰਦਰੂਨੀ ਤੇ ਵਿਦੇਸ਼ੀ ਨੀਤੀ ਰਹੀ ਹੈ ਕਿ ਉਹ ਆਪਣੇ ਅੰਦਰੂਨੀ ਤੇ ਸਰਹੱਦੀ ਮਾਮਲਿਆ ਬਾਰੇ ਦੋ-ਧਿਰੀ ਗੱਲਬਾਤ ਨੂੰ ਹੀ ਪ੍ਰਵਾਨ ਕਰੇਗਾ, ਨਾ ਕਿ ਤੀਸਰੀ ਧਿਰ ਦੀ ਵਿਚੋਲਗੀ ਨੂੰ । ਜਦੋਂ ਹਿੰਦੂ ਸਟੇਟ ਦੀ ਦੋ-ਧਿਰੀ ਨੀਤੀ ਹੈ ਫਿਰ ਲਦਾਖ ਦੇ ਸਰਹੱਦੀ ਮਾਮਲਿਆ ਸੰਬੰਧੀ ਗੱਲਬਾਤ ਕਰਨ ਲਈ ਤੀਸਰੀ ਧਿਰ ਰੂਸ ਦੀ ਵਿਚੋਲਗੀ ਨੂੰ ਪ੍ਰਵਾਨ ਕਰਕੇ ਰੱਖਿਆ ਵਜ਼ੀਰ ਸ੍ਰੀ ਰਾਜਨਾਥ ਸਿੰਘ ਰੂਸ ਕੀ ਕਰਨ ਗਏ ਹਨ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਤੱਸਵੀ ਹਿੰਦੂਤਵ ਸਟੇਟ ਵੱਲੋਂ ਆਪਣੀਆ ਸਰਹੱਦਾਂ ਅਤੇ ਅੰਦਰੂਨੀ ਮਾਮਲਿਆ ਸੰਬੰਧੀ ਬਣਾਈ ਗਈ ਦੋ-ਧਿਰੀ ਗੱਲਬਾਤ ਦੀ ਨੀਤੀ ਦਾ ਉਲੰਘਣ ਕਰਕੇ ਲਦਾਖ ਦੇ ਮਾਮਲੇ ਉਤੇ ਆਪਣੇ ਰੱਖਿਆ ਵਜ਼ੀਰ ਸ੍ਰੀ ਰਾਜਨਾਥ ਸਿੰਘ ਨੂੰ ਰੂਸ ਦੀ ਵਿਚੋਲਗੀ ਨੂੰ ਪ੍ਰਵਾਨ ਕਰਦੇ ਹੋਏ ਤੀਸਰੀ ਧਿਰ ਨੂੰ ਪ੍ਰਵਾਨ ਕਰਨ ਉਤੇ ਅਤੇ ਅਮਰੀਕਾ ਦੇ ਪ੍ਰੈਜੀਡੈਟ ਸ੍ਰੀ ਡੋਨਾਲਡ ਟਰੰਪ ਵੱਲੋਂ ਅਜਿਹੀ ਪੇਸ਼ਕਸ ਨੂੰ ਠੁਕਰਾਉਣ ਦੀ ਦੋਹਰੀ ਨੀਤੀ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀਂ ਪੁੱਛਣਾ ਚਾਹਵਾਂਗੇ ਕਿ ਹਿੰਦੂਤਵ ਇੰਡੀਆਂ ਸਟੇਟ ਨੇ ਚੀਨ ਅਤੇ ਇੰਡੀਆਂ ਦੇ ਵਿਚਕਾਰ ਹੋਣ ਵਾਲੀ ਗੱਲਬਾਤ ਲਈ ਰੂਸ ਦੀ ਵਿਚੋਲਗੀ ਕਿਉਂ ਪ੍ਰਵਾਨ ਕੀਤੀ ਅਤੇ ਇਸ ਤੋਂ ਪਹਿਲੇ ਅਮਰੀਕਾ ਦੇ ਸ੍ਰੀ ਟਰੰਪ ਵੱਲੋਂ ਇਸ ਗੱਲਬਾਤ ਲਈ ਕੀਤੀ ਗਈ ਵਿਚੋਲਗੀ ਦੀ ਪੇਸ਼ਕਸ ਨੂੰ ਕਿਸ ਦਲੀਲ ਅਧੀਨ ਠੁਕਰਾਇਆ? ਜਦੋਂਕਿ ਹਿੰਦੂ ਇੰਡੀਆਂ ਨੇ ਕਾਉਮਨਿਸਟ-ਚੀਨ, ਇਸਲਾਮਿਕ-ਪਾਕਿਸਤਾਨ ਅਤੇ ਇੰਡੀਆਂ ਦੇ ਮਸਲਿਆ ਦੌਰਾਨ ਕਿਸੇ ਬਾਹਰਲੀ ਧਿਰ ਦੀ ਦਖਲ ਅੰਦਾਜੀ ਨਾ ਹੋਣ ਦੀ ਗੱਲ ਉਤੇ ਅੱਜ ਤੱਕ ਦ੍ਰਿੜ ਰਿਹਾ ਹੈ, ਹੁਣ ਰੂਸ ਦੀ ਵਿਚੋਲਗੀ ਨੂੰ ਪ੍ਰਵਾਨ ਕਰ ਲਿਆ ਹੈ ।

ਅਸੀਂ ਇਹ ਜਾਨਣਾ ਚਾਹਵਾਂਗੇ ਕਿ ਜਦੋਂ ਰੱਖਿਆ ਵਜ਼ੀਰ ਸ੍ਰੀ ਰਾਜਨਾਥ ਸਿੰਘ ਕਾਉਮਨਿਸਟ-ਚੀਨ ਨਾਲ ਗੱਲਬਾਤ ਕਰਨਗੇ, ਕੀ ਉਹ 1962 ਦੀ ਜੰਗ ਸਮੇਂ ਚੀਨ ਦੇ ਸਪੁਰਦ ਜੋ 39 ਹਜ਼ਾਰ ਸਕੇਅਰ ਵਰਗ ਕਿਲੋਮੀਟਰ ਦਾ ਇਲਾਕਾ ਕੀਤਾ ਗਿਆ ਸੀ, ਕੀ ਉਸ ਨੂੰ ਵਾਪਿਸ ਪ੍ਰਾਪਤ ਕਰਨ ਦੀ ਇਸ ਮੀਟਿੰਗ ਦੌਰਾਨ ਗੱਲ ਕਰਨਗੇ ? ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਇੰਡੀਆਂ ਦੀ ਕੋਈ ਵੀ ਫ਼ੌਜੀ ਚੌਕੀ ਜਾਂ ਇਲਾਕਾ ਚੀਨ ਨੇ ਕਬਜਾ ਨਹੀਂ ਕੀਤਾ । ਜੇਕਰ ਅਜਿਹਾ ਹੈ ਫਿਰ ਤੀਜੀ ਧਿਰ ਰੂਸ ਨੂੰ ਵਿਚੋਲਾ ਪ੍ਰਵਾਨ ਕਰਕੇ ਗੱਲਬਾਤ ਕਰਨ ਪਿੱਛੇ ਕੀ ਆਧਾਰ ਹੈ ? ਇਹ ਹਿੰਦੂਤਵ ਸਟੇਟ ਕਦੇ ਦੋ-ਧਿਰੀ ਗੱਲਬਾਤ ਨੂੰ ਪ੍ਰਵਾਨ ਕਰਦਾ ਹੈ, ਕਦੇ ਤਿੰਨ-ਧਿਰੀ ਗੱਲਬਾਤ ਨੂੰ । ਇਸ ਨੀਤੀ ਬਾਰੇ ਕੀ ਇੰਡੀਆਂ ਨਿਵਾਸੀਆਂ ਨੂੰ ਸਪੱਸਟ ਕਰਨਗੇ ? 

ਸ. ਮਾਨ ਨੇ ਕਿਹਾ ਕਿ 1984 ਵਿਚ ਹਿੰਦੂ ਸਟੇਟ ਨੇ ਸਟੇਟਲੈਸ ਸਿੱਖ ਕੌਮ ਉਤੇ ਤਿੰਨ ਮੁਲਕਾਂ ਰੂਸ, ਬਰਤਾਨੀਆ ਅਤੇ ਇੰਡੀਆਂ ਦੀ ਫ਼ੌਜਾਂ ਨੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਕੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਹਮਲਾ ਕੀਤਾ । ਪਰ ਦੁੱਖ ਅਤੇ ਅਫ਼ਸੋਸ ਹੈ ਕਿ 15 ਅਤੇ 16 ਜੂਨ 2020 ਨੂੰ ਇਸੇ ਹਿੰਦੂ ਸਟੇਟ ਨੇ ਚੀਨ ਦੀ ਪੀ.ਐਲ.ਏ. ਫ਼ੌਜ ਵਿਰੁੱਧ ਆਪਣੇ ਫ਼ੌਜੀਆਂ ਨੂੰ ਨਿਹੱਥੇ ਕਰਕੇ ਕੇਵਲ ਲਾਠੀਆਂ ਦੇ ਕੇ ਭੇਜ ਦਿੱਤਾ, ਜਿਸ ਵਿਚ 20 ਜਵਾਨ ਸ਼ਹੀਦ ਹੋ ਗਏ । ਅਸੀਂ ਪੁੱਛਣਾ ਚਾਹਵਾਂਗੇ ਕਿ ਸਟੇਟਲੈਸ ਸਿੱਖ ਕੌਮ ਉਤੇ ਹਮਲਾ ਕਰਦੇ ਹੋਏ ਭਾਰੀ ਤੋਪਾਂ, ਟੈਕਾਂ, ਮਾਰਟਰਜ਼, ਹੈਲੀਕਪਟਰ, ਗੋਲੀ-ਬੰਦੂਕ ਅਤੇ ਵਿਸ਼ੇਸ਼ ਫ਼ੌਜ ਰਾਹੀ ਹਮਲਾ ਕੀਤਾ । ਇਨ੍ਹਾਂ ਹੁਕਮਰਾਨਾਂ ਨੂੰ ਚੀਨ ਦੀ ਨਿਊਕਲਰ ਤਾਕਤ ਨਾਲ ਲੈਸ ਪੀ.ਐਲ.ਏ. ਵਿਰੁੱਧ ਗੈਰ-ਹਥਿਆਰਾਂ ਰਾਹੀ ਹਮਲਾ ਕਰਨਾ ਕਿਥੋਂ ਤੱਕ ਸਹੀ ਕਿਹਾ ਜਾ ਸਕਦਾ ਹੈ ? ਇਹ ਸਪੱਸਟ ਹੈ ਕਿ ਜਦੋਂ ਬਰਤਾਨੀਆ ਹਕੂਮਤ ਇਥੋਂ ਰਾਜ ਭਾਗ ਛੱਡਕੇ ਗਈ ਤਾਂ ਉਨ੍ਹਾਂ ਨੇ 1947 ਵਿਚ ਹਿੰਦੂ ਕੌਮ ਲਈ ਇੰਡੀਆਂ ਸਟੇਟ ਅਤੇ ਮੁਸਲਿਮ ਕੌਮ ਲਈ ਪਾਕਿਸਤਾਨ ਸਟੇਟ ਦੀ ਪ੍ਰਭੂਸਤਾ ਦਿੱਤੀ । ਇਥੋਂ ਤੱਕ ਬਰਤਾਨੀਆ ਹਕੂਮਤ ਨੇ ਹੈਦਰਾਬਾਦ, ਜੰਮੂ-ਕਸ਼ਮੀਰ, ਲਦਾਖ, ਗੋਆ, ਪਾਡੀਚਰੀ ਅਤੇ ਸਿੱਕਮ ਵਰਗੇ ਇਲਾਕੇ ਅਨਿਸਚਿਤਾਂ ਵਿਚ ਛੱਡ ਦਿੱਤੇ । ਜਿਸਦਾ ਨਤੀਜਾ ਇਸਲਾਮਿਕ ਪਾਕਿਸਤਾਨ ਅਤੇ ਹਿੰਦੂ ਫ਼ੌਜ ਵਿਚ ਇਕ ਵੱਡਾ ਖਲਾਅ ਪੈਦਾ ਹੋ ਗਿਆ । ਉਸ ਸਮੇਂ ਤੋਂ ਲੈਕੇ ਅੱਜ ਤੱਕ ਮੈਕਮਹਾਨ ਲਾਈਨ ਨੂੰ ਹੀ ਚੀਨ ਅਤੇ ਇੰਡੀਆਂ ਦੀਆਂ ਸਰਹੱਦਾਂ ਦਾ ਪੈਮਾਨਾ ਮੰਨਿਆ ਗਿਆ । ਇਹ ਫੈਸਲਾ 1913-1914 ਵਿਚ ਸਿ਼ਮਲੇ ਵਿਖੇ ਤਿੱਬਤ, ਚੀਨ ਅਤੇ ਇੰਡੀਆਂ ਦੀ ਸਾਂਝੀ ਮੀਟਿੰਗ ਵਿਚ ਹੋਇਆ । ਇਹ ਫੈਸਲਾ ਵੀ ਤਿੰਨ ਧਿਰੀ ਵਿਚ ਹੋਇਆ ਜਿਸਦੇ ਦਸਤਾਵੇਜ਼ ਸਬੂਤ ਦਰਜ ਹਨ । ਹੁਣ ਅਸੀਂ ਪੁੱਛਣਾ ਚਾਹਵਾਂਗੇ ਕਿ ਹਿੰਦੂ-ਇੰਡੀਆਂ ਸਟੇਟ ਅਤੇ ਇਸਦਾ ਮੀਡੀਆਂ ਕਾਉਮਨਿਸਟ-ਚੀਨ ਅਤੇ ਇੰਡੀਆਂ ਵਿਚਕਾਰ ਐਲ.ਏ.ਸੀ. ਨੂੰ ਕਿਉਂ ਤਵੱਜੋਂ ਦੇ ਰਹੇ ਹਨ ? ਇਹ ਵੀ ਸਵਾਲ ਉੱਠਦਾ ਹੈ ਕਿ ਮੌਜੂਦਾ ਹਿੰਦੂ-ਇੰਡੀਆਂ ਸਟੇਟ ਵੱਲੋਂ ਸਾਡਾ ਵੱਡਾ ਇਲਾਕਾ ਕਾਉਮਨਿਸਟ ਚੀਨ ਦੇ ਹਵਾਲੇ ਕਿਉਂ ਕੀਤਾ ਗਿਆ?

ਜੋ ਰੱਖਿਆ ਵਜ਼ੀਰ ਰੂਸ ਗਏ ਹਨ, ਉਹ ਕਾਉਮਨਿਸਟ-ਚੀਨ ਨਾਲ ਸਰਹੱਦਾਂ ਦੀ ਗੱਲਬਾਤ ਕਰਦੇ ਹੋਏ ਮੈਕਮਹਾਨ ਲਾਈਨ ਨੂੰ ਜਾਂ ਮੌਜੂਦਾ ਲਾਈਨ ਆਫ਼ ਐਕਚੂਅਲ ਕੰਟਰੋਲ ਵਿਚੋਂ ਕਿਸ ਨੂੰ ਪ੍ਰਵਾਨ ਕਰਨਗੇ ਅਤੇ ਕਿਵੇਂ ਇਸ ਸਰਹੱਦੀ ਮਸਲੇ ਨੂੰ ਹੱਲ ਕਰਨਗੇ ? ਸ. ਮਾਨ ਨੇ ਸਿੱਖ ਕੌਮ ਦਾ ਪੱਖ ਰੱਖਦੇ ਹੋਏ ਕਿਹਾ ਕਿ ਜਦੋਂ ਵੀ ਇੰਡੀਆਂ ਦੀ ਚੀਨ ਨਾਲ ਗੱਲ ਹੋਵੇ, ਤਾਂ ਲਾਹੌਰ ਖ਼ਾਲਸਾ ਦਰਬਾਰ (1799-1849) ਨੂੰ ਮੁੱਖ ਰੱਖਕੇ ਲਦਾਖ ਸੰਬੰਧੀ ਗੱਲ ਕਰਨ ਲਈ ਤੀਜੀ ਧਿਰ ਸਿੱਖ ਕੌਮ ਨੂੰ ਇਸ ਗੱਲਬਾਤ ਵਿਚ ਸਹਿਜ ਤਰੀਕੇ ਨਾਲ ਬੁਲਾਉਣਾ ਚਾਹੀਦਾ ਹੈ । ਚੀਨ ਅਤੇ ਇੰਡੀਆਂ ਦੀ ਹੁਣੇ ਹੀ ਹੋਈ ਝੜਪ ਵਿਚ 20 ਜਵਾਨ ਸ਼ਹੀਦ ਹੋ ਗਏ ਹਨ, ਜਿਸ ਵਿਚ 4 ਸਿੱਖ ਜਵਾਨਾਂ ਨੇ ਵੀ ਆਪਣੀਆ ਜਾਨਾਂ ਗਵਾਈਆ ਹਨ। ਇਸਦੀ ਵਜਹ ਉਨ੍ਹਾਂ ਨੂੰ ਬਿਨ੍ਹਾਂ ਹਥਿਆਰਾਂ ਤੋਂ ਸਰਹੱਦ ਵੱਲ ਧਕੇਲਣ ਦੇ ਨਾਲ-ਨਾਲ, ਸਿੱਖ ਕੌਮ ਇਹ ਵੀ ਮਹਿਸੂਸ ਕਰਦੀ ਹੈ ਕਿ ਅੰਗਰੇਜ਼ਾਂ ਨੇ ਫ਼ੌਜ ਵਿਚ ਸਿੱਖ ਕੌਮ ਦੀ ਭਰਤੀ 33% ਕੋਟਾ ਨਿਸਚਿਤ ਕੀਤਾ ਹੋਇਆ ਸੀ ਜੋ ਕਿ ਹਿੰਦੂਤਵ ਹੁਕਮਰਾਨਾਂ ਨੇ ਘਟਾਕੇ 2% ਕਰ ਦਿੱਤਾ ਹੈ । ਜਦੋਂਕਿ ਸ਼ਹੀਦ ਹੋਣ ਵਾਲਿਆ ਵਿਚ 20% ਜਾਨਾਂ ਸਿੱਖਾਂ ਦੀਆਂ ਗਈਆ ਹਨ ਅਤੇ ਭਰਤੀ ਕੋਟਾ 2% ਹੈ । 

ਹਿੰਦ ਵਿਧਾਨ ਦੇ ਆਰਟੀਕਲ 25 ਸਾਨੂੰ ਇਹ ਹੱਕ ਦਿੰਦਾ ਹੈ ਕਿ ਅਸੀਂ ਆਪਣਾ ਧਾਰਮਿਕ ਚਿੰਨ੍ਹ ਕਿਰਪਾਨ ਪਹਿਨ ਵੀ ਸਕਦੇ ਹਾਂ ਅਤੇ ਇਸ ਨੂੰ ਆਪਣੇ ਨਾਲ ਕਿਸੇ ਵੀ ਸਥਾਂਨ ਤੇ ਲਿਜਾ ਵੀ ਸਕਦੇ ਹਾਂ । ਜੇਕਰ ਸਿੱਖ ਜਵਾਨਾਂ ਨੂੰ 8 ਇੰਚ ਦੀ ਕਿਰਪਾਨ ਪਹਿਨਣ ਦੀ ਇਜ਼ਾਜਤ ਹੁੰਦੀ ਤਾਂ 15-16 ਜੂਨ ਨੂੰ ਚੀਨ ਇੰਡੀਆਂ ਸਰਹੱਦ ਤੇ ਲਦਾਖ ਵਿਚ ਹੋਈ ਝੜਪ ਦੌਰਾਨ ਸਿੱਖ ਜਵਾਨ ਆਪਣੀ ਬਹਾਦਰੀ ਦਾ ਜੌਹਰ ਵੀ ਦਿਖਾ ਸਕਦੇ ਅਤੇ ਕਾਮਰੇਡਾਂ ਉਤੇ ਫ਼ਤਹਿ ਪ੍ਰਾਪਤ ਕਰਨ ਵਿਚ ਮੋਹਰੀ ਹੁੰਦੇ । ਇਸ ਲਈ ਜਿਵੇਂ ਗੋਰਖਾ ਰੈਜਮੈਟ ਨੂੰ ਉਨ੍ਹਾਂ ਦਾ ਧਾਰਮਿਕ ਚਿੰਨ੍ਹ ਖੋਖਰੀ ਪਹਿਨਣ ਦੀ ਇਜ਼ਾਜਤ ਹੈ, ਉਸੇ ਤਰ੍ਹਾਂ ਡਿਊਟੀ ਦੌਰਾਨ ਸਿੱਖ ਜਵਾਨਾਂ ਨੂੰ 8 ਇੰਚ ਦੀ ਗਾਤਰੇ ਸਮੇਤ ਵਰਦੀ ਦੇ ਥੱਲ੍ਹਿਓ ਪਹਿਨਣ ਦੀ ਇਜ਼ਾਜਤ ਹੋਣੀ ਚਾਹੀਦੀ ਹੈ । 

ਅਖੀਰ ਵਿਚ ਸਾਡੀ ਪਾਰਟੀ ਇਹ ਪੁੱਛਣਾ ਚਾਹੇਗੀ ਕਿ ਜੋ 1962 ਦੀ ਜੰਗ ਸਮੇਂ ਚੀਨ ਦੇ ਸਪੁਰਦ 39 ਹਜ਼ਾਰ ਸਕੇਅਰ ਵਰਗ ਕਿਲੋਮੀਟਰ ਦਾ ਇਲਾਕਾ ਕਰ ਦਿੱਤਾ ਗਿਆ ਸੀ, ਉਸ ਨੂੰ ਇੰਡੀਅਨ ਪਾਰਲੀਮੈਂਟ ਵੱਲੋਂ ਇਹ ਮਤਾ ਪਾਸ ਕਰਦੇ ਹੋਏ ਕਿ ਇੰਡੀਆ ਉਸ ਸਮੇਂ ਤੱਕ ਚੈਨ ਨਾਲ ਨਹੀਂ ਬੈਠੇਗਾ ਜਦੋਂ ਤੱਕ ਆਪਣੀ 1-1 ਇੰਚ ਧਰਤੀ ਚੀਨ ਤੋਂ ਵਾਪਿਸ ਨਹੀਂ ਲੈ ਲਵੇਗਾ, ਉਸ ਮਤੇ ਨੂੰ ਅੱਜ ਤੱਕ ਲਾਗੂ ਕਿਉਂ ਨਹੀਂ ਕੀਤਾ ਗਿਆ ? ਉਸ ਸਮੇਂ ਤੋਂ ਲੈਕੇ ਅੱਜ ਤੱਕ ਉੱਤਰ-ਦੱਖਣ ਮੈਕਮਹਾਨ ਲਾਈਨ ਨੂੰ ਰੱਖਿਅਕ ਤੌਰ ਤੇ ਮਜਬੂਤ ਕਿਉਂ ਨਾ ਕੀਤਾ ਗਿਆ ? ਕੀ ਚੀਨ ਦੇ ਸੂਕੋਈ ਐਸ.ਯੂ-35 ਦਾ ਮੁਕਾਬਲਾ ਰੂਸ ਦਾ ਐਸ.ਯੂ-30 ਕਰ ਸਕਦਾ ਹੈ ? ਰੂਸ ਚੀਨ ਨੂੰ ਵਧੀਆ ਹਥਿਆਰ ਅਤੇ ਹਿੰਦੂ-ਇੰਡੀਆਂ ਨੂੰ ਘੱਟ ਮਾਰ ਵਾਲੇ ਹਥਿਆਰ ਕਿਉਂ ਦੇ ਰਿਹਾ ਹੈ ? ਕੀ ਇਸ ਸੰਬੰਧੀ ਸ੍ਰੀ ਰਾਜਨਾਥ ਸਿੰਘ ਰੂਸ ਦੀ ਵਿਚੋਲਗੀ ਸਮੇਂ ਹੋ ਰਹੀ ਮੀਟਿੰਗ ਵਿਚ ਰੂਸ ਹਕੂਮਤ ਨੂੰ ਪੁੱਛਣਗੇ ? ਉਨ੍ਹਾਂ ਕਿਹਾ ਕਿ ਟੈਕ, ਤੋਪਾਂ, ਗੰਨ ਜੋ ਹਵਾਈ ਫੌ਼ਜ ਕੋਲ ਯੈਗੂਅਰ, ਮਿਗ, ਮਿਰਾਜ ਹਨ ਅਤੇ ਹੁਣ ਬਿਨ੍ਹਾਂ ਟੈਸਟ ਤੋਂ ਭੇਜੇ ਗਏ ਤੇਜਸ ਜੀ.ਈ.ਐਫ. 404 ਇੰਜਣ ਵਾਲੇ ਜਹਾਜ ਹਨ, ਕੀ ਉਹ ਨਤੀਜਾ ਜਨਕ ਪ੍ਰਦਰਸ਼ਨ ਕਰ ਸਕਣਗੇ ? ਹੁਣ ਜਦੋਂ ਦੂਜੀ ਸੰਸਾਰ ਜੰਗ ਸਮੇਂ ਅਤੇ 1947 ਸਮੇਂ ਵਰਤੇ ਗਏ ਹਥਿਆਰ ਕੀ ਨਤੀਜਾ ਕੱਢਣਗੇ ? ਅਮਰੀਕਾ ਦੀ ਸਿਗ ਸਾਊਰ ਤੋਂ 72,400 ਰਾਈਫਲਾਂ ਇਨਫੈਟਰੀ ਵਿਚ ਲਿਆਦੀਆ ਗਈਆ । ਕੀ ਫ਼ੌਜ ਵਿਚ ਇਹ ਸਾਰਾ ਕੁਝ ਠੀਕ ਹੋ ਰਿਹਾ ਹੈ ?

ਲਾਹੌਰ ਖ਼ਾਲਸਾ ਦਰਬਾਰ ਸਮੇਂ ਯੂਰਪ ਦੇ ਕੈਨਨ ਮਾਰਕਾ ਵਧੀਆ ਹਥਿਆਰ ਤਿਆਰ ਕੀਤੇ ਜਾਂਦੇ ਸਨ ਅਤੇ ਉਸ ਸਾਡੇ ਤੋਪਖਾਨੇ ਵਿਚ ਕੈਨਨ ਜ਼ਮਜ਼ਮਾ ਵਰਗੀਆਂ ਵੱਡੀਆਂ ਤੋਪਾਂ ਸਾਮਿਲ ਸਨ, ਇਸ ਜ਼ਮਜ਼ਮਾ ਤੋਪ ਨੂੰ ਸਾਡੀ ਭੰਗੀ ਮਿਸਲ ਨੇ ਅਹਿਮਦ ਸ਼ਾਹ ਅਬਦਾਲੀ ਤੋਂ ਜੰਗ ਰਾਹੀ ਜਿੱਤਕੇ ਪ੍ਰਾਪਤ ਕੀਤਾ ਸੀ, ਜੋ ਭੰਗੀਆਂ ਦੀ ਤੋਪ ਵੱਜੋਂ ਮਸਹੂਰ ਹੈ ਅਤੇ ਲਾਹੌਰ ਸਿੱਖ ਮਿਊਜੀਅਮ ਦੇ ਸਾਹਮਣੇ ਅੱਜ ਵੀ ਸੁਸੋਭਿਤ ਹੈ । ਇਹ ਬਹੁਤ ਅਤੇ ਸ਼ਰਮ ਵਾਲੀ ਗੱਲ ਹੈ ਕਿ ਬਹੁਗਿਣਤੀ ਹਿੰਦੂਤਵ ਹੁਕਮਰਾਨਾਂ ਵੱਲੋਂ 15-16 ਜੂਨ ਨੂੰ ਲਦਾਖ ਵਿਚ ਕੀਤੀ ਕਾਰਵਾਈ ਇਤਿਹਾਸ ਵਿਚ ਬਹੁਤ ਸ਼ਰਮਨਾਕ ਵੱਜੋਂ ਦਰਜ ਹੋਵੇਗੀ । 

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *