Select your Top Menu from wp menus
Header
Header
ਤਾਜਾ ਖਬਰਾਂ

ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਹਵਾਈ ਅੱਡੇ ਤੇ ਰੋਕਣ ਤੇ ਜ਼ਲੀਲ ਕਰਨ ਸੰਬੰਧੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ੍ਰੀ ਨਰਿੰਦਰ ਮੋਦੀ ਅਤੇ ਰਾਜਨਾਥ ਸਿੰਘ ਨੂੰ ਲਿਖਿਆ ਗਿਆ ਪੱਤਰ

ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਹਵਾਈ ਅੱਡੇ ਤੇ ਰੋਕਣ ਤੇ ਜ਼ਲੀਲ ਕਰਨ ਸੰਬੰਧੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ੍ਰੀ ਨਰਿੰਦਰ ਮੋਦੀ ਅਤੇ ਰਾਜਨਾਥ ਸਿੰਘ ਨੂੰ ਲਿਖਿਆ ਗਿਆ ਪੱਤਰ
ਵੱਲੋਂ: ਇਕਬਾਲ ਸਿੰਘ ਟਿਵਾਣਾ,
ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।

ਵੱਲ: ਸ੍ਰੀ ਨਰਿੰਦਰ ਮੋਦੀ,
ਵਜ਼ੀਰ-ਏ-ਆਜ਼ਮ ਹਿੰਦ,
ਪ੍ਰਾਈਮਨਿਸਟਰ ਹਾਊਸ,
7 ਰੇਸ ਕੋਰਸ ਰੋਡ ਨਵੀਂ ਦਿੱਲੀ ।

ਸਅਦਅ/2017/5001 15 ਮਈ 2017

ਵਿਸ਼ਾ: ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਾਬਕਾ ਐਮ.ਪੀ. ਨੂੰ ਮਿਤੀ 06 ਮਈ 2017 ਨੂੰ ਸ੍ਰੀ ਅੰਮ੍ਰਿਤਸਰ ਤੋਂ ਰਾਜਾਸਾਸੀ ਹਵਾਈ ਅੱਡੇ ਤੇ ਇੰਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ, ਅੱਜ ਫਿਰ ਦਿੱਲੀ ਹਵਾਈ ਅੱਡੇ ਵਿਖੇ ਪਹੁੰਚਣ ਤੇ ਇੰਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਬਿਨ੍ਹਾਂ ਵਜਹ ਲੰਮਾਂ ਸਮਾਂ ਜ਼ਲੀਲ ਕਰਨ ਵਿਰੁੱਧ ।

ਸਤਿਕਾਰਯੋਗ ਸ੍ਰੀ ਨਰਿੰਦਰ ਮੋਦੀ ਜੀਓ,

ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਹਿ॥

ਨਿਮਰਤਾ ਸਹਿਤ ਆਪ ਜੀ ਦੇ ਧਿਆਨ ਹਿੱਤ ਲਿਆਂਦਾ ਜਾਂਦਾ ਹੈ ਕਿ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਾਬਕਾ ਐਮ.ਪੀ. ਬੀਤੇ 1989 ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪੰਜਾਬ ਦੀ ਸਟੇਟ ਪਾਰਟੀ ਦੀ ਨਿਰੰਤਰ ਅਗਵਾਈ ਕਰਦੇ ਆ ਰਹੇ ਹਨ । ਜਿੰਨੀਆਂ ਵੀ ਜਮਹੂਰੀਅਤ ਪੱਖੀ ਚੋਣਾਂ ਭਾਵੇ ਉਹ ਲੋਕ ਸਭਾ ਚੋਣ ਹੋਵੇ, ਭਾਵੇ ਅਸੈਬਲੀ, ਭਾਵੇ ਮਿਊਸੀਪਲ ਕਾਰਪੋਰੇਸ਼ਨਾਂ ਅਤੇ ਪੰਚਾਇਤਾਂ ਸਭ ਚੋਣਾਂ ਆਪਣੀ ਪਾਰਟੀ ਨੂੰ ਲੜਾਉਦੇ ਆ ਰਹੇ ਹਨ ਅਤੇ ਇਸਦੇ ਨਾਲ ਹੀ ਉਹ ਅਮਨਮਈ ਅਤੇ ਜਮਹੂਰੀਅਤ ਢੰਗਾਂ ਰਾਹੀ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਆ ਰਹੀਆਂ ਵਿਧਾਨਿਕ, ਸਮਾਜਿਕ, ਧਾਰਮਿਕ ਅਤੇ ਭੂਗੋਲਿਕ ਮੁਸ਼ਕਿਲਾਂ ਦਾ ਹੱਲ ਕਰਵਾਉਣ ਲਈ ਸੰਘਰਸ਼ ਵੀ ਕਰਦੇ ਆ ਰਹੇ ਹਨ । ਅਜਿਹੀਆ ਕਾਰਵਾਈਆ ਕਰਦੇ ਹੋਏ ਉਨ੍ਹਾਂ ਨੇ ਕਦੀ ਵੀ ਕਾਨੂੰਨ ਨੂੰ ਆਪਣੇ ਹੱਥ ਵਿਚ ਨਹੀਂ ਲਿਆ । ਬਲਕਿ ਸਮਾਜਿਕ ਕਦਰਾਂ-ਕੀਮਤਾਂ ਨੂੰ ਮੁੱਖ ਰੱਖਦੇ ਹੋਏ ਆਪਣੇ ਲੋਕ ਪੱਖੀ ਸੰਘਰਸ਼ ਦੀ ਨਿਰੰਤਰ ਅਗਵਾਈ ਕਰਦੇ ਆ ਰਹੇ ਹਨ । ਬਹੁਤ ਦੁੱਖ ਅਤੇ ਅਫ਼ਸੋਸ ਹੈ ਕਿ ਜਦੋਂ ਇਕ ਪੰਜਾਬ ਵਰਗੇ ਸੂਬੇ ਦੀ ਸਿਆਸੀ ਪਾਰਟੀ ਦਾ ਆਗੂ ਆਪਣੇ ਵਿਧਾਨਿਕ ਹੱਕ ਦੀ ਪੂਰਤੀ ਕਰਦੇ ਹੋਏ ਕਿਸੇ ਵਿਦੇਸ਼ੀ ਦੌਰੇ ਤੇ ਜਾਂਦੇ ਹਨ ਅਤੇ ਵਾਪਸ ਆਉਦੇ ਹਨ ਤਾਂ ਭਾਰਤ ਹਕੂਮਤ ਅਧੀਨ ਸੰਬੰਧਤ ਇੰਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਅਤੇ ਹਵਾਈ ਅੱਡਿਆਂ ਦੇ ਅਧਿਕਾਰੀਆਂ ਵੱਲੋਂ ਸ. ਸਿਮਰਨਜੀਤ ਸਿੰਘ ਮਾਨ ਵਰਗੀ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੀ ਅਗਵਾਈ ਕਰਨ ਵਾਲੀ ਸਖਸ਼ੀਅਤ ਨੂੰ ਘਸੀਆ-ਪਿੱਟੀਆ ਦਲੀਲਾਂ ਦਾ ਸਹਾਰਾ ਲੈਕੇ ਉਨ੍ਹਾਂ ਦੇ ਹਵਾਈ ਉਡਾਨ ਵਿਚ ਰੁਕਾਵਟਾਂ ਵੀ ਪਾਉਦੇ ਹਨ ਅਤੇ ਚੜ੍ਹਦੇ-ਉਤਰਦੇ ਸਮੇਂ ਬੇਹੁੱਦਾ ਢੰਗ ਨਾਲ ਪ੍ਰਸ਼ਨ ਪੁੱਛਕੇ ਅਤੇ ਉਨ੍ਹਾਂ ਦੇ ਸਟੇਟਸ ਤੋਂ ਥੱਲ੍ਹੇ ਕਮਰਿਆ ਆਦਿ ਵਿਚ ਬਿਠਾਕੇ ਜ਼ਲੀਲ ਕਰਦੇ ਹਨ । ਜਦੋਂ ਇਸ ਹੋਏ ਗੈਰ-ਕਾਨੂੰਨੀ ਵਰਤਾਰੇ ਸੰਬੰਧੀ ਮੈ (ਇਕਬਾਲ ਸਿੰਘ ਟਿਵਾਣਾ) ਦਿੱਲੀ ਦੇ ਭਾਰਤ ਸਰਕਾਰ ਦੇ ਇੰਮੀਗ੍ਰੇਸ਼ਨ ਕਮਿਸ਼ਨਰ ਸ੍ਰੀ ਪੀ.ਕੇ. ਭਾਰਦਵਾਜ ਦੇ ਦਿੱਲੀ ਸਥਿਤ ਫੋਨ 011-26102622 ਉਤੇ ਰੋਸ ਵੱਜੋ ਸ੍ਰੀ ਭਾਰਦਵਾਜ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨਾਲ ਤਾਂ ਗੱਲ ਨਹੀਂ ਹੋ ਸਕੀ, ਲੇਕਿਨ ਉਨ੍ਹਾਂ ਦੇ ਪੀ.ਏ. ਨੇ ਬਹੁਤ ਹੀ ਸਤਿਕਾਰ ਨਾਲ ਇਹ ਜੁਆਬ ਦਿੱਤਾ ਕਿ ਇਹ ਕਾਰਵਾਈ ਇੰਮੀਗ੍ਰੇਸ਼ਨ ਵਿਭਾਗ ਦੀ ਅੰਦਰੂਨੀ ਪ੍ਰਕਿਰਿਆ ਹੈ । ਬੇਸ਼ੱਕ ਆਪ ਜੀ ਸ. ਸਿਮਰਨਜੀਤ ਸਿੰਘ ਮਾਨ ਨੂੰ ਨਿਰਦੋਸ਼ ਮੰਨਦੇ ਹੋ, ਲੇਕਿਨ ਇੰਮੀਗ੍ਰੇਸ਼ਨ ਵਿਭਾਗ ਦਾ ਆਪਣੀ ਇਕ ਜਿੰਮੇਵਾਰੀ ਹੈ ਅਤੇ ਜਾਂਚ ਕਰ ਰਹੀ ਹੈ । ਜਿਸ ਸੰਬੰਧੀ ਅਸੀਂ ਆਪ ਜੀ ਜਾਂ ਕਿਸੇ ਹੋਰ ਨਾਲ ਕੋਈ ਗੱਲ ਸਾਂਝੀ ਨਹੀਂ ਕਰ ਸਕਦੇ ।

ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਮਿਤੀ 06 ਮਈ 2017 ਨੂੰ ਜਦੋਂ ਸ. ਸਿਮਰਨਜੀਤ ਸਿੰਘ ਮਾਨ ਫ਼ਰਾਂਸ ਲਈ ਰਾਜਾਸਾਸੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਸਵੇਰੇ 3:35 ਤੇ ਉਡਾਨ ਭਰਨੀ ਸੀ, ਤਾਂ ਕੋਈ 12 ਵਜੇ ਤੋਂ ਲੈਕੇ 3:15 ਤੱਕ ਕੋਈ ਤਿੰਨ ਘੰਟੇ ਦੇ ਕਰੀਬ ਅੰਮ੍ਰਿਤਸਰ ਹਵਾਈ ਅੱਡੇ ਦੇ ਇੰਮੀਗ੍ਰੇਸ਼ਨ ਅਧਿਕਾਰੀਆਂ ਅਤੇ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਬਹੁਤ ਬੇਹੁੱਦਾ ਢੰਗ ਨਾਲ ਸ. ਸਿਮਰਨਜੀਤ ਸਿੰਘ ਮਾਨ ਨੂੰ ਅਪਮਾਨਿਤ ਕਰਦੇ ਹੋਏ ਇਸ ਢੰਗ ਨਾਲ ਤੰਗ-ਪ੍ਰੇਸ਼ਾਨ ਕੀਤਾ ਤਾਂ ਕਿ ਉਨ੍ਹਾਂ ਦੀ ਇਹ ਹਵਾਈ ਉਡਾਨ ਭਰੀ ਨਾ ਜਾ ਸਕੇ । ਪਰ ਸ. ਮਾਨ ਨੇ ਆਪਣੇ ਕਾਨੂੰਨੀ ਅਤੇ ਵਿਧਾਨਿਕ ਹੱਕਾਂ ਦੀ ਬਾਦਲੀਲ ਗੱਲ ਕਰਦੇ ਹੋਏ ਜਦੋਂ ਸੰਬੰਧਤ ਅਧਿਕਾਰੀਆਂ ਨੂੰ ਲਾਜੁਆਬ ਕੀਤਾ ਤਦ ਜਾ ਕੇ ਆਖਰੀ ਪਲਾਂ ਤੇ ਉਹ ਬਹੁਤ ਹੀ ਮੁਸ਼ਕਿਲ ਨਾਲ ਆਪਣੀ ਫ਼ਰਾਂਸ ਮੁਲਕ ਲਈ ਉਡਾਨ ਭਰ ਸਕੇ । ਅੱਜ ਜਦੋਂ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਇੰਦਰਾਂ ਗਾਂਧੀ ਕੌਮਾਂਤਰੀ ਹਵਾਈ ਅੱਡਾ ਦਿੱਲੀ ਵਿਖੇ ਆਪਣੀ ਹਵਾਈ ਯਾਤਰਾ ਦਾ ਸਫ਼ਰ ਕਰਕੇ ਉਤਰੇ ਤਦ ਵੀ ਦਿੱਲੀ ਦੇ ਹਵਾਈ ਅੱਡੇ ਦੇ ਇੰਮੀਗ੍ਰੇਸ਼ਨ ਅਧਿਕਾਰੀਆਂ, ਜਿਨ੍ਹਾਂ ਦਾ ਨਾਮ ਮਿਸਟਰ ਚੋਹਾਨ ਹੈ, ਉਨ੍ਹਾਂ ਨਾਲ 2-3 ਹੋਰ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਇਕ ਬਹੁਤ ਹੀ ਘਟੀਆ ਜਿਹੇ ਕਮਰੇ ਵਿਚ ਜਿਥੇ ਮੁਸਲਮਾਨ, ਸਿਗਰਟਾਂ, ਬੀੜੀਆਂ ਪੀ ਰਹੇ ਸਨ, ਬੈਠੇ ਸਨ । ਉਸ ਵਿਚ ਬਿਠਾਕੇ ਕੋਈ 2-3 ਘੰਟਿਆਂ ਤੋਂ ਉਨ੍ਹਾਂ ਤੋਂ ਗੈਰ-ਦਲੀਲ ਢੰਗ ਨਾਲ ਪ੍ਰਸ਼ਨ ਪੁੱਛਦੇ ਰਹੇ ਅਤੇ ਬਿਨ੍ਹਾਂ ਵਜਹ ਪ੍ਰੇਸ਼ਾਨ ਕਰਦੇ ਰਹੇ । ਇਹ ਪੱਤਰ ਲਿਖਣ ਤੱਕ ਵੀ ਸ. ਸਿਮਰਨਜੀਤ ਸਿੰਘ ਮਾਨ ਦਿੱਲੀ ਹਵਾਈ ਅੱਡੇ ਵਿਚ ਹੀ ਇੰਮੀਗ੍ਰੇਸ਼ਨ ਅਧਿਕਾਰੀਆਂ ਦੇ ਘੇਰੇ ਵਿਚ ਸਨ । ਜਦੋਂਕਿ ਸ. ਮਾਨ ਨੇ ਆਪਣੀ ਹਵਾਈ ਯਾਤਰਾ ਤੋਂ ਪਹਿਲੇ, ਜਾਣ ਵੇਲੇ ਜਾਂ ਵਾਪਸ ਆਉਣ ਵੇਲੇ ਕੋਈ ਵੀ ਗੈਰ-ਕਾਨੂੰਨੀ ਕਾਰਵਾਈ ਨਹੀਂ ਕੀਤੀ । ਫਿਰ ਸ. ਸਿਮਰਨਜੀਤ ਸਿੰਘ ਮਾਨ ਵਰਗੀ ਸਿੱਖ ਕੌਮ ਦੀ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਕਰਨ ਵਾਲੀ ਇਮਾਨਦਾਰ ਤੇ ਦ੍ਰਿੜ ਸਖਸ਼ੀਅਤ ਨੂੰ ਇੰਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਪ੍ਰੇਸ਼ਾਨ ਕਰਨ ਪਿੱਛੇ ਕਿਹੜੀ ਸਾਜਿਸ ਕੰਮ ਕਰ ਰਹੀ ਹੈ, ਇਹ ਸਾਡੀ ਸਮਝ ਤੋਂ ਬਾਹਰ ਹੈ ? ਕਾਨੂੰਨ ਦੇ ਅਤੇ ਸਮਾਜਿਕ ਦਾਇਰੇ ਨੂੰ ਪਾਰ ਕਰਕੇ ਸ. ਸਿਮਰਨਜੀਤ ਸਿੰਘ ਮਾਨ ਵਰਗੀ ਸਖਸ਼ੀਅਤ ਨਾਲ ਹੁਕਮਰਾਨਾਂ ਅਤੇ ਅਧਿਕਾਰੀਆਂ ਵੱਲੋਂ ਅਜਿਹਾ ਅਪਮਾਨਿਤ ਵਿਵਹਾਰ ਕਰਨਾ ਕੇਵਲ ਮਨੁੱਖੀ ਅਧਿਕਾਰਾਂ ਦਾ ਹੀ ਹਨਨ ਨਹੀ, ਬਲਕਿ ਹਿੰਦ ਦੇ ਵਿਧਾਨ ਦੀ ਧਾਰਾ 14 ਜੋ ਇਥੋ ਦੇ ਨਾਗਰਿਕਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ ਅਤੇ ਕਾਨੂੰਨ ਦੀ ਨਜ਼ਰ ਵਿਚ ਸਭ ਨਾਗਰਿਕ ਬਰਾਬਰ ਹਨ, ਉਸਦਾ ਵੀ ਘੋਰ ਉਲੰਘਣ ਕਰਨ ਦੇ ਤੁੱਲ ਅਮਲ ਕੀਤੇ ਜਾ ਰਹੇ ਹਨ । ਜਿਸ ਨਾਲ ਕੇਵਲ ਸ. ਸਿਮਰਨਜੀਤ ਸਿੰਘ ਮਾਨ ਦਾ ਹੀ ਨਹੀਂ, ਉਨ੍ਹਾਂ ਦੀ ਪੰਜਾਬ ਸੂਬੇ ਅਤੇ ਸਿੱਖ ਕੌਮ ਪੱਖੀ ਸੋਚ ਨਾਲ ਸੰਬੰਧਤ ਲੱਖਾਂ ਦੀ ਗਿਣਤੀ ਵਿਚ ਪੰਜਾਬੀ ਅਤੇ ਸਿੱਖ ਮਨਾਂ ਨੂੰ ਵੀ ਡੂੰਘੀ ਠੇਸ ਪਹੁੰਚੀ ਹੈ ।

ਇਸ ਪੱਤਰ ਰਾਹੀ ਆਪ ਜੀ ਨੂੰ ਇਸ ਸਾਰੇ ਦੁੱਖਦਾਇਕ ਵਰਤਾਰੇ ਦੀ ਗੱਲ ਸਾਹਮਣੇ ਲਿਆਉਦੇ ਹੋਏ ਇਹ ਬੇਨਤੀ ਕਰਨੀ ਚਾਹਵਾਂਗੇ ਕਿ ਜਦੋਂ ਵੀ ਸਿੱਖ ਕੌਮ ਦੇ ਆਗੂ ਜਾਂ ਹੋਰ ਕੋਈ ਸਿੱਖ ਕੌਮ ਦੀ ਆਜ਼ਾਦੀ ਚਾਹੁੰਣ ਵਾਲੀ ਸਖਸੀਅਤ ਦਿੱਲੀ ਦੇ ਜਾਂ ਅੰਮ੍ਰਿਤਸਰ ਦੇ ਹਵਾਈ ਅੱਡਿਆਂ ਤੋ ਉਡਾਨ ਭਰਦੇ ਹਨ ਜਾਂ ਬਾਹਰੋ ਉਡਾਨ ਭਰਕੇ ਇਥੇ ਆਉਦੇ ਹਨ ਤਾਂ ਕੇਵਲ ਸਿੱਖ ਹੋਣ ਦੇ ਨਾਤੇ ਹੀ ਇਨ੍ਹਾਂ ਆਗੂਆਂ ਤੇ ਸਖਸ਼ੀਅਤਾਂ ਨੂੰ ਜੋ ਜ਼ਲੀਲ ਕਰਨ ਤੇ ਅਪਮਾਨ ਕਰਨ ਦੇ ਅਮਲ ਹੋ ਰਹੇ ਹਨ, ਇਹ ਇਕ ਮੁਤੱਸਵੀ ਸੋਚ ਦੇ ਗੁਲਾਮ ਬਣਕੇ ਹੁਕਮਰਾਨ ਅਜਿਹਾ ਕਰ ਰਹੇ ਹਨ । ਜੋ ਕਿ ਵਿਧਾਨਿਕ ਅਤੇ ਇਨਸਾਨੀਅਤ ਭਰਿਆ ਵਿਤਕਰਾ ਹੈ । ਇਸ ਹੋਈ ਕਾਰਵਾਈ ਨਾਲ ਸਮੁੱਚੀ ਸਿੱਖ ਕੌਮ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚੀ ਹੈ । ਇਸ ਲਈ ਆਪ ਜੀ ਇਸ ਹੋਏ ਦੋਵਾਂ ਦੁੱਖਦਾਇਕ ਵਰਤਾਰਿਆ 6 ਮਈ 2017 ਨੂੰ ਅੰਮ੍ਰਿਤਸਰ ਰਾਜਾਸਾਸੀ ਹਵਾਈ ਅੱਡੇ ਵਿਖੇ ਅਤੇ ਅੱਜ ਮਿਤੀ 15 ਮਈ 2017 ਨੂੰ ਇੰਦਰਾਂ ਗਾਂਧੀ ਕੌਮਾਂਤਰੀ ਹਵਾਈ ਅੱਡੇ ਦਿੱਲੀ ਉਤਰੇ, ਉਸ ਸਮੇਂ ਵੀ 06 ਮਈ 2017 ਵਾਲਾ ਸਿੱਖ ਵਿਰੋਧੀ ਵਿਵਹਾਰ ਹੀ ਦੁਹਰਾਇਆ ਗਿਆ, ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ । ਜਿਨ੍ਹਾਂ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਸ. ਮਾਨ ਨੂੰ ਗੈਰ-ਦਲੀਲ ਤਰੀਕੇ ਅਪਮਾਨ ਕੀਤਾ ਹੈ ਅਤੇ ਬਿਨ੍ਹਾਂ ਵਜ੍ਹਾ ਢਾਈ-ਢਾਈ, ਤਿੰਨ-ਤਿੰਨ ਘੰਟੇ ਪ੍ਰੇਸ਼ਾਨ ਕਰਦੇ ਰਹੇ ਹਨ, ਉਨ੍ਹਾਂ ਦੀ ਪਹਿਚਾਣ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੋ ਲਈ ਸ. ਸਿਮਰਨਜੀਤ ਸਿੰਘ ਮਾਨ ਅਤੇ ਹੋਰ ਸਿਰਕੱਢ ਸਿੱਖ ਆਗੂਆਂ ਦਾ ਹਵਾਈ ਅੱਡਿਆਂ ਤੇ ਕੋਈ ਵੀ ਅਧਿਕਾਰੀ ਨਾ ਤਾਂ ਅਪਮਾਨ ਕਰ ਸਕੇ ਅਤੇ ਨਾ ਹੀ ਉਨ੍ਹਾਂ ਦੇ ਵਿਧਾਨਿਕ ਅਧਿਕਾਰਾਂ ਅਤੇ ਸਹੂਲਤਾਂ ਨੂੰ ਰੋਕ ਸਕੇ ।

ਪੂਰਨ ਉਮੀਦ ਕਰਦੇ ਹਾਂ ਕਿ ਆਪ ਜੀ ਅਤੇ ਗ੍ਰਹਿ ਵਿਭਾਗ ਹਿੰਦ ਇਸ ਸੰਬੰਧੀ ਪਹਿਲ ਦੇ ਆਧਾਰ ਤੇ ਉਚੇਚੇ ਤੌਰ ਤੇ ਜਾਂਚ ਕਰਵਾਉਦੇ ਹੋਏ ਸ. ਮਾਨ ਨੂੰ ਜ਼ਲੀਲ ਤੇ ਅਪਮਾਨ ਕਰਨ ਵਾਲੇ ਅਧਿਕਾਰੀਆਂ ਦੀ ਪਹਿਚਾਣ ਕਰਕੇ ਕਾਨੂੰਨੀ ਕਾਰਵਾਈ ਵੀ ਕਰੋਗੇ ਅਤੇ ਅੱਗੋ ਲਈ ਉਚੇਚੇ ਤੌਰ ਤੇ ਅਜਿਹਾ ਪ੍ਰਬੰਧ ਕਰ ਦੇਵੋਗੇ, ਜਿਸ ਨਾਲ ਸ. ਸਿਮਰਨਜੀਤ ਸਿੰਘ ਮਾਨ ਅਤੇ ਹੋਰ ਸਿੱਖ ਆਗੂਆਂ ਵੱਲੋਂ ਹਵਾਈ ਉਡਾਨਾਂ ਭਰਦੇ ਹੋਏ ਜਾਂ ਲੈਡ ਕਰਦੇ ਹੋਏ ਅਜਿਹਾ ਵਿਵਹਾਰ ਬਿਲਕੁਲ ਨਾ ਹੋ ਸਕੇ । ਧੰਨਵਾਦੀ ਹੋਵਾਂਗੇ ।

ਪੂਰਨ ਸਤਿਕਾਰ ਤੇ ਉਮੀਦ ਸਹਿਤ,

ਗੁਰੂਘਰ ਤੇ ਪੰਥ ਦਾ ਦਾਸ,

ਇਕਬਾਲ ਸਿੰਘ ਟਿਵਾਣਾ,

ਜਾਣਕਾਰੀ ਹਿੱਤ :-
ਉਪਰੋਕਤ ਹਿੰਦ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਨੂੰ ਲਿਖੇ ਗਏ ਪੱਤਰ ਦੀ ਨਕਲ ਕਾਪੀ ਸ੍ਰੀ ਰਾਜਨਾਥ ਸਿੰਘ ਗ੍ਰਹਿ ਵਜ਼ੀਰ ਭਾਰਤ ਸਰਕਾਰ, ਨਵੀ ਦਿੱਲੀ ਨੂੰ ਜਾਣਕਾਰੀ ਹਿੱਤ ਅਤੇ ਅਗਲੇਰੀ ਕਾਰਵਾਈ ਹਿੱਤ ਭੇਜੀ ਜਾਂਦੀ ਹੈ ।

About The Author

Related posts

Leave a Reply

Your email address will not be published. Required fields are marked *