Verify Party Member
Header
Header
ਤਾਜਾ ਖਬਰਾਂ

ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਅੰਗਰੇਜ਼ੀ ਅਖ਼ਬਾਰਾਂ ਰਾਹੀ ਸਿੱਖ ਕੌਮ ਨੂੰ ਬਦਨਾਮ ਕਰਨ ਅਤੇ ਸਿੱਖਾਂ ਦੇ ਨਾਵਾਂ ਨਾਲੋਂ ‘ਸਿੰਘ ਅਤੇ ਕੌਰ’ ਕੱਟਕੇ ਅਪਮਾਨਿਤ ਕਰਨ ਵਿਰੁੱਧ ਸ. ਗੋਬਿੰਦ ਸਿੰਘ ਲੌਗੋਵਾਲ ਪ੍ਰਧਾਨ ਐਸ.ਜੀ.ਪੀ.ਸੀ. ਨੂੰ ਫੌਰੀ ਕਾਰਵਾਈ ਕਰਨ ਸੰਬੰਧੀ ਲਿਖਿਆ ਗਿਆ ਖੁੱਲ੍ਹਾ ਖੱਤ

ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਅੰਗਰੇਜ਼ੀ ਅਖ਼ਬਾਰਾਂ ਰਾਹੀ ਸਿੱਖ ਕੌਮ ਨੂੰ ਬਦਨਾਮ ਕਰਨ ਅਤੇ ਸਿੱਖਾਂ ਦੇ ਨਾਵਾਂ ਨਾਲੋਂ ‘ਸਿੰਘ ਅਤੇ ਕੌਰ’ ਕੱਟਕੇ ਅਪਮਾਨਿਤ ਕਰਨ ਵਿਰੁੱਧ ਸ. ਗੋਬਿੰਦ ਸਿੰਘ ਲੌਗੋਵਾਲ ਪ੍ਰਧਾਨ ਐਸ.ਜੀ.ਪੀ.ਸੀ. ਨੂੰ ਫੌਰੀ ਕਾਰਵਾਈ ਕਰਨ ਸੰਬੰਧੀ ਲਿਖਿਆ ਗਿਆ ਖੁੱਲ੍ਹਾ ਖੱਤ

ਵੱਲੋਂ: ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।

ਵੱਲ: ਸ. ਗੋਬਿੰਦ ਸਿੰਘ ਲੌਗੋਵਾਲ,
ਪ੍ਰਧਾਨ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ।

6801/ਸਅਦਅ/2020 31 ਮਈ 2020

ਵਿਸ਼ਾ: ਟ੍ਰਿਬਿਊਨ ਅਦਾਰੇ ਅਤੇ ਹੋਰ ਅੰਗਰੇਜ਼ੀ ਅਖ਼ਬਾਰਾਂ ਵੱਲੋਂ ਸਿੱਖਾਂ ਦੇ ਨਾਮ ਨਾਲ ਅੱਤਵਾਦੀ, ਵੱਖਵਾਦੀ, ਗਰਮਦਲੀਏ, ਸ਼ਰਾਰਤੀ ਅਨਸਰ ਲਗਾਉਣ ਅਤੇ ਸਿੱਖ ਲੀਡਰਸਿ਼ਪ ਦੇ ਬਿਆਨ ਪ੍ਰਕਾਸਿ਼ਤ ਕਰਦੇ ਹੋਏ ਉਨ੍ਹਾਂ ਦੇ ਨਾਮ ਨਾਲ ‘ਸਿੰਘ ਅਤੇ ਕੌਰ’ ਹਟਾਕੇ ਸਿੱਖ ਕੌਮ ਨੂੰ ਅਪਮਾਨਿਤ ਕਰਨ ਵਿਰੁੱਧ ਐਸ.ਜੀ.ਪੀ.ਸੀ. ਵੱਲੋਂ ਫੌਰੀ ਕਾਰਵਾਈ ਕਰਨ ਸੰਬੰਧੀ ।

ਸਤਿਕਾਰਯੋਗ ਸ. ਗੋਬਿੰਦ ਸਿੰਘ ਲੌਗੋਵਾਲ ਜੀਓ,

ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਹਿ॥

ਨਿਮਰਤਾ ਸਹਿਤ ਆਪ ਜੀ ਦੇ ਧਿਆਨ ਹਿੱਤ ਲਿਆਂਦਾ ਜਾਂਦਾ ਹੈ ਕਿ ਚੰਡੀਗੜ੍ਹ ਤੋਂ ਚੱਲਣ ਵਾਲਾ ਟ੍ਰਿਬਿਊਨ ਅਦਾਰੇ ਵੱਲੋਂ ਜਦੋਂ ਵੀ ਕੋਈ ਪੰਜਾਬ ਅਤੇ ਸਿੱਖ ਕੌਮ ਦੇ ਸੰਬੰਧ ਵਿਚ ਖ਼ਬਰਾਂ, ਲੇਖ ਆਦਿ ਪ੍ਰਕਾਸਿ਼ਤ ਕੀਤੇ ਜਾਂਦੇ ਹਨ, ਤਾਂ ਅਕਸਰ ਹੀ ਸਿੱਖਾਂ ਦੇ ਨਾਵਾਂ ਨਾਲ ਅੱਤਵਾਦੀ, ਵੱਖਵਾਦੀ, ਗਰਮਦਲੀਏ ਅਤੇ ਸ਼ਰਾਰਤੀ ਅਨਸਰ ਕਹਿਕੇ ਸਰਬੱਤ ਦਾ ਭਲਾ ਚਾਹੁੰਣ ਵਾਲੀ ਸਿੱਖ ਕੌਮ ਦੇ ਸਤਿਕਾਰਿਤ ਅਕਸ ਨੂੰ ਇਕ ਸਾਜਿ਼ਸ ਤਹਿਤ ਦਾਗੀ ਬਣਾਉਣ ਦੇ ਅਮਲ ਹੁੰਦੇ ਆ ਰਹੇ ਹਨ। ਇਸੇ ਤਰ੍ਹਾਂ ਜਦੋਂ ਸਿੱਖ ਆਗੂਆਂ ਵੱਲੋਂ ਕੋਈ ਬਿਆਨ ਜਾਰੀ ਕਰਨ ਲਈ ਭੇਜਿਆ ਜਾਂਦਾ ਹੈ, ਤਾਂ ਉਨ੍ਹਾਂ ਦੇ ਨਾਵਾਂ ਨਾਲੋ ‘ਸਿੰਘ ਅਤੇ ਕੌਰ’ ਹਟਾਕੇ ਸੁਖਬੀਰ ਬਾਦਲ, ਪ੍ਰਕਾਸ਼ ਬਾਦਲ, ਸੁਖਦੇਵ ਢੀਂਡਸਾ, ਕੈਪਟਨ ਅਮਰਿੰਦਰ, ਤ੍ਰਿਪਤ ਰਜਿੰਦਰ ਬਾਜਵਾ ਆਦਿ ਲਿਖ ਦਿੱਤੇ ਜਾਂਦੇ ਹਨ । ਜੋ ਕਿ ਅਸੀਂ ਸਮਝਦੇ ਹਾਂ ਕਿ ਇਹ ਇਕ ਸੈਂਟਰ ਦੀ ਮੁਤੱਸਵੀ ਜਮਾਤਾਂ ਬੀਜੇਪੀ-ਆਰ.ਐਸ.ਐਸ. ਅਤੇ ਹੋਰਨਾਂ ਹਿੰਦੂ ਸੰਗਠਨਾਂ ਦੀ ਸੋਚ ਨੂੰ ਪੂਰਨ ਕਰਦੇ ਹੋਏ ਸਿੱਖ ਕੌਮ ਦੀ ਵੱਖਰੀ ਤੇ ਅਣਖ਼ੀਲੀ ਪਹਿਚਾਣ ਨੂੰ ਹਿੰਦੂਤਵ ਸੋਚ ਵਿਚ ਰਲਗੜ ਕਰਨ ਲਈ ਕੀਤਾ ਜਾ ਰਿਹਾ ਹੈ । ਤਾਂ ਕਿ ਸਿੱਖ ਕੌਮ ਨੂੰ ਵੀ ਕੌਮਾਂਤਰੀ ਪੱਧਰ ਤੇ ਹਿੰਦੂ ਗਰਦਾਨਿਆ ਜਾ ਸਕੇ ਅਤੇ ਉਪਰੋਕਤ ਬੁਰੇ ਨਾਵਾਂ ਨਾਲ ਬਦਨਾਮ ਕੀਤਾ ਜਾ ਸਕੇ । ਇਹ ਸਿਲਸਿਲਾ ਨਿਰੰਤਰ ਕਾਫ਼ੀ ਲੰਮੇਂ ਸਮੇਂ ਤੋਂ ਅੰਗਰੇਜ਼ੀ ਟ੍ਰਿਬਿਊਨ ਵਿਚ ਹੀ ਨਹੀਂ, ਬਲਕਿ ਹਿੰਦੂਸਤਾਨ ਟਾਈਮਜ਼, ਟਾਈਮਜ਼ ਆਫ਼ ਇੰਡੀਆ, ਇੰਡੀਅਨ ਐਕਸਪ੍ਰੈਸ, ਦਾ ਹਿੰਦੂ ਆਦਿ ਅੰਗਰੇਜ਼ੀ ਅਖ਼ਬਾਰਾਂ ਵਿਚ ਵੀ ਨਿਰੰਤਰ ਚੱਲਦਾ ਆ ਰਿਹਾ ਹੈ । ਜਿਸ ਵਿਰੁੱਧ ਸਿੱਖ ਕੌਮ ਦੀ ਕਾਨੂੰਨੀ ਤੌਰ ਤੇ ਮਾਨਤਾ ਪ੍ਰਾਪਤ ਪਾਰਲੀਮੈਂਟ ਐਸ.ਜੀ.ਪੀ.ਸੀ. ਵੱਲੋਂ ਸਖ਼ਤ ਨੋਟਿਸ ਲੈਣਾ ਬਣਦਾ ਹੈ ।

ਅਸੀਂ ਆਪ ਜੀ ਨੂੰ ਇਹ ਵੀ ਜਾਣੂ ਕਰਵਾਉਣਾ ਚਾਹੁੰਦੇ ਹਾਂ ਕਿ ਇਸ ਵਿਸ਼ੇ ਸੰਬੰਧੀ ਸਾਡੇ ਵੱਲੋਂ ਐਡੀਟਰ ਟ੍ਰਿਬਿਊਨ, ਹਿੰਦੂਸਤਾਨ ਟਾਈਮਜ਼, ਟਾਈਮਜ਼ ਆਫ਼ ਇੰਡੀਆ, ਇੰਡੀਅਨ ਐਕਸਪ੍ਰੈਸ ਨੂੰ ਸਮੇਂ-ਸਮੇਂ ਤੇ ਅਜਿਹਾ ਸੁਧਾਰ ਕਰਨ ਲਈ ਲੈਟਰ ਟੂ ਐਡੀਟਰ ਲਿਖੇ ਜਾਂਦੇ ਆ ਰਹੇ ਹਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਇਨ੍ਹਾਂ ਅਦਾਰਿਆ ਵਿਚ ਫਿਰਕੂ ਸੋਚ ਵਾਲੇ ਪ੍ਰਬੰਧਕਾਂ ਦੀ ਬਦੌਲਤ ਇਸ ਦਿਸ਼ਾ ਵੱਲ ਕੋਈ ਸੁਧਾਰ ਕਰਨ ਜਾਂ ਸਿੱਖ ਕੌਮ ਦੀ ਤੋਹੀਨ ਨਾ ਕਰਨ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ । ਜਿਸ ਤੋਂ ਸਪੱਸਟ ਹੈ ਕਿ ਅਜਿਹੇ ਦੁੱਖਦਾਇਕ ਅਮਲ ਫਿਰਕੂ ਹੁਕਮਰਾਨਾਂ ਦੀ ਸਹਿ ਤੇ ਜਾਂ ਉਨ੍ਹਾਂ ਦੇ ਗੁਪਤ ਆਦੇਸ਼ਾਂ ਤੋਂ ਹੋ ਰਹੇ ਹਨ । ਬੀਤੇ ਕੱਲ੍ਹ ਹੀ ਟ੍ਰਿਬਿਊਨ ਦੇ ਪਹਿਲੇ ਪੰਨੇ ਤੇ ਪ੍ਰਕਾਸਿ਼ਤ ਖ਼ਬਰ ਵਿਚ ਤੋਹੀਨਪੂਰਵਕ ਸ਼ਬਦ ਵਰਤੇ ਗਏ ਹਨ । ਜਿਸਦੀ ਨਕਲ ਕਾਪੀ ਇਸ ਪੱਤਰ ਨਾਲ ਆਪ ਜੀ ਨੂੰ ਭੇਜ ਰਹੇ ਹਾਂ । ਕਿਉਂਕਿ ਐਸ.ਜੀ.ਪੀ.ਸੀ. ਸਿੱਖ ਕੌਮ ਦੀ ਚੁਣੀ ਹੋਈ ਪਾਰਲੀਮੈਟ ਹੈ । ਅਜਿਹੀਆ ਸਿੱਖ ਕੌਮ ਨੂੰ ਅਪਮਾਨਿਤ ਕਰਨ ਵਾਲੀਆ ਜਾਂ ਸਿੱਖ ਕੌਮ ਨੂੰ ਬਦਨਾਮ ਕਰਨ ਵਾਲੀਆ ਕਾਰਵਾਈਆ ਵਿਰੁੱਧ ਫੋਰੀ ਤੌਰ ਤੇ ਸੰਬੰਧਤ ਸਿੱਖ ਵਿਰੋਧੀ ਸੰਸਥਾਵਾਂ ਜਾਂ ਅਦਾਰਿਆ ਨੂੰ ਲਿਖਤੀ ਰੂਪ ਵਿਚ ਖ਼ਬਰਦਾਰ ਕਰਦੇ ਹੋਏ ਰੋਕਣਾ ਚਾਹੀਦਾ ਹੈ । ਜੇਕਰ ਉਹ ਫਿਰ ਵੀ ਸਾਡੀ ਸਿੱਖ ਕੌਮ ਦੀ ਮਹਾਨ ਸੰਸਥਾਂ ਵੱਲੋਂ ਭੇਜੇ ਨੋਟਿਸ ਨੂੰ ਜਾਣਬੁੱਝਕੇ ਨਜ਼ਰ ਅੰਦਾਜ ਕਰਦੇ ਹਨ, ਤਾਂ ਇਸ ਗੰਭੀਰ ਵਿਸ਼ੇ ਤੇ ਇਨ੍ਹਾਂ ਅਦਾਰਿਆ ਵਿਰੁੱਧ ਕਾਨੂੰਨੀ ਪ੍ਰਕਿਰਿਆ ਕਰਨ ਦੇ ਨਾਲ-ਨਾਲ ਐਸ.ਜੀ.ਪੀ.ਸੀ. ਦੀ ਧਾਰਮਿਕ ਸੰਸਥਾਂ ਦੀ ਅਗਵਾਈ ਵਿਚ ਸਮੁੱਚੇ ਲਿਆਕਤਮੰਦਾ, ਬੁੱਧੀਜੀਵੀਆਂ ਅਤੇ ਸਿੱਖ ਲੀਡਰਸਿ਼ਪ ਨੂੰ ਵਿਸ਼ਵਾਸ ਵਿਚ ਲੈਦੇ ਹੋਏ ਮਜ਼ਬੂਤੀ ਨਾਲ ਇਕ ਲੋਕ ਲਹਿਰ ਅਤੇ ਰੋਸ ਲਹਿਰ ਆਰੰਭ ਕਰਨੀ ਮੁੱਢਲਾ ਫਰਜ ਬਣਦਾ ਹੈ । ਇਸ ਲਈ ਜਿੰਨੀ ਜਲਦੀ ਹੋ ਸਕੇ ਉਪਰੋਕਤ ਵਰਨਣ ਕੀਤੇ ਗਏ ਅੰਗਰੇਜ਼ੀ ਅਖਬਾਰਾਂ ਦੀਆਂ ਪ੍ਰਬੰਧਕੀ ਕਮੇਟੀਆ ਅਤੇ ਸੰਪਾਦਕਾਂ ਨੂੰ ਪਹਿਲੇ ਲਿਖਤੀ ਰੂਪ ਵਿਚ ਅਜਿਹਾ ਨਾ ਕਰਨ ਦੀ ਬੇਨਤੀ ਕੀਤੀ ਜਾਵੇ । ਜੇਕਰ ਉਹ ਫਿਰ ਵੀ ਸਿੱਖ ਕੌਮ ਨੂੰ ਬਦਨਾਮ ਕਰਨ ਜਾਂ ਅਪਮਾਨਿਤ ਕਰਨ ਤੋਂ ਬਾਜ ਨਹੀਂ ਆਉਦੇ, ਤਾਂ ਕਾਨੂੰਨੀ ਕਾਰਵਾਈ ਕਰਦੇ ਹੋਏ ਇਨ੍ਹਾਂ ਅੰਗਰੇਜ਼ੀ ਅਖ਼ਬਾਰਾਂ ਦੇ ਮੁੱਖ ਦਫ਼ਤਰਾਂ ਅੱਗੇ ਐਸ.ਜੀ.ਪੀ.ਸੀ. ਵੱਲੋਂ ਸਮੂਹਿਕ, ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸਿੱਖ ਸੰਗਠਨਾਂ ਦੇ ਸਹਿਯੋਗ ਨਾਲ ਰੋਸ਼ ਧਰਨੇ ਦੇਣ ਦਾ ਪ੍ਰੋਗਰਾਮ ਉਲੀਕਿਆ ਜਾਵੇ । ਜਿਸ ਨਾਲ ਇਹ ਆਵਾਜ਼ ਪੰਜਾਬ ਸੂਬੇ ਵਿਚ ਹੀ ਨਹੀਂ, ਬਲਕਿ ਇੰਡੀਆਂ ਤੇ ਬਾਹਰਲੇ ਮੁਲਕਾਂ ਵਿਚ ਵੀ ਪਹੁੰਚੇਗੀ, ਜੋ ਇਨ੍ਹਾਂ ਨੂੰ ਆਪਣੀਆ ਸਿੱਖ ਵਿਰੋਧੀ ਕਾਰਵਾਈਆ ਤੋਂ ਤੋਬਾ ਕਰਨ ਲਈ ਮਜਬੂਰ ਕਰੇਗੀ ਅਤੇ ਅਜਿਹਾ ਕਰਨ ਨਾਲ ਕੋਈ ਵੀ ਖ਼ਾਲਸਾ ਪੰਥ ਵਿਰੋਧੀ ਤਾਕਤ ਸਾਨੂੰ ਬਿਨ੍ਹਾਂ ਵਜਹ ਅੱਤਵਾਦੀ, ਵੱਖਵਾਦੀ, ਗਰਮਦਲੀਏ, ਸ਼ਰਾਰਤੀ ਅਨਸਰ ਲਿਖਕੇ ਜਾਂ ਸਾਡੇ ਸਿੱਖਾਂ ਦੇ ਨਾਵਾਂ ਨਾਲੋ ‘ਸਿੰਘ ਅਤੇ ਕੌਰ’ ਹਟਾਕੇ ਅਪਮਾਨਿਤ ਤੇ ਬਦਨਾਮ ਕਰਨ ਦੀ ਗੁਸਤਾਖੀ ਨਹੀਂ ਕਰਨਗੇ ।

ਪੂਰਨ ਉਮੀਦ ਕਰਦੇ ਹਾਂ ਕਿ ਆਪ ਜੀ ਸਾਡੇ ਵੱਲੋਂ ਲਿਖੇ ਗਏ ਇਸ ਗੰਭੀਰ ਪੱਤਰ ਉਤੇ ਸੰਜ਼ੀਦਾ ਗੌਰ ਕਰਦੇ ਹੋਏ ਉਪਰੋਕਤ ਅੰਗਰੇਜ਼ੀ ਅਖ਼ਬਾਰਾਂ ਜਾਂ ਹੋਰ ਦੂਜੀਆ ਭਾਸ਼ਾਵਾਂ ਵਿਚ ਪ੍ਰਕਾਸਿ਼ਤ ਹੋਣ ਵਾਲੇ ਮੁਤੱਸਵੀ ਸੋਚ ਵਾਲੇ ਅਖ਼ਬਾਰਾਂ ਦੇ ਸੰਪਾਦਕਾਂ ਅਤੇ ਪ੍ਰਬੰਧਕ ਕਮੇਟੀਆ ਨੂੰ ਖ਼ਬਰਦਾਰ ਕਰਨ ਦੀ ਕੇਵਲ ਆਪਣੀ ਜਿ਼ੰਮੇਵਾਰੀ ਹੀ ਨਹੀਂ ਨਿਭਾਉਗੇ, ਬਲਕਿ ਜੇ ਲੋੜ ਮਹਿਸੂਸ ਹੋਈ ਤਾਂ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਸੰਸਥਾਂ ਦੀ ਅਤੇ ਆਪਣੀ ਪ੍ਰਧਾਨਗੀ ਦੀ ਰਹਿਨੁਮਾਈ ਹੇਠ ਸਮੁੱਚੀ ਕੌਮ ਦੇ ਬਿਨ੍ਹਾਂ ਤੇ ਕਿਸੇ ਤਰ੍ਹਾਂ ਦਾ ਵੀ ਸੰਘਰਸ਼ ਛੇੜਨ ਤੋਂ ਗੁਰੇਜ਼ ਨਹੀਂ ਕਰੋਗੇ । ਭਾਵੇਂਕਿ ਬਹੁਤ ਸਾਰੀਆ ਸਿੱਖੀ ਸੰਸਥਾਵਾਂ, ਪਾਰਟੀਆਂ ਆਪੋ-ਆਪਣੇ ਪ੍ਰੋਗਰਾਮ ਲੈਕੇ ਸਰਗਰਮ ਹਨ ਅਤੇ ਉਨ੍ਹਾਂ ਵਿਚ ਵਿਚਾਰਾਂ ਦੇ ਵਖਰੇਵੇ ਵੀ ਹੋ ਸਕਦੇ ਹਨ, ਪਰ ਇਸ ਵਿਸ਼ੇ ਤੇ ਸਿੱਖ ਕੌਮ ਨਾਲ ਸੰਬੰਧਤ ਕੋਈ ਵੀ ਰਾਜਨੀਤਿਕ, ਧਾਰਮਿਕ, ਸਮਾਜਿਕ ਪਾਰਟੀ ਜਾਂ ਸੰਗਠਨ ਵੱਖਰੀ ਰਾਏ ਨਹੀਂ ਰੱਖ ਸਕੇਗਾ । ਸਮੂਹਿਕ ਤੌਰ ਤੇ ਇਸ ਮਿਸ਼ਨ ਨੂੰ ਅੱਗੇ ਲਿਜਾਣ ਲਈ ਸੰਜ਼ੀਦਗੀ ਨਾਲ ਸਹਿਯੋਗ ਕਰਨਗੇ ਅਤੇ ਇਸ ਲੜਾਈ ਨੂੰ ਪੰਥਕ ਲੀਹਾਂ ਤੇ ਅੱਗੇ ਲਿਜਾਦੇ ਹੋਏ ਫ਼ਤਹਿ ਵੀ ਅਵੱਸ ਪ੍ਰਾਪਤ ਕਰਨਗੇ । ਅਜਿਹਾ ਉਦਮ ਕਰਨ ਨਾਲ ਜਿਥੇ ਆਪ ਜੀ ਐਸ.ਜੀ.ਪੀ.ਸੀ. ਦੀ ਸੰਸਥਾਂ ਨੂੰ ਕੌਮਾਂਤਰੀ ਪੱਧਰ ਤੇ ਸਤਿਕਾਰਿਤ ਬਣਾਉਗੇ, ਉਥੇ ਸਹਿਜੇ ਹੀ ਆਪ ਜੀ ਦੀ ਪੰਥਕ ਸਖਸ਼ੀਅਤ ਵਿਚ ਵੀ ਢੇਰ ਸਾਰਾ ਵਾਧਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਧੰਨਵਾਦੀ ਹੋਵਾਂਗੇ ।

ਪੂਰਨ ਸਤਿਕਾਰ ਤੇ ਉਮੀਦ ਸਹਿਤ,

ਗੁਰੂਘਰ ਤੇ ਪੰਥ ਦਾ ਦਾਸ,
ਸਿਮਰਨਜੀਤ ਸਿੰਘ ਮਾਨ,

About The Author

Related posts

Leave a Reply

Your email address will not be published. Required fields are marked *