Verify Party Member
Header
Header
ਤਾਜਾ ਖਬਰਾਂ

ਸ. ਬਾਦਲ ਵੱਲੋਂ ਮੋਦੀ ਹਕੂਮਤ ਦੇ ਫੈਸਲੇ ਉਤੇ ਇਹ ਪ੍ਰਗਟਾਉਣਾ ਕਿ ‘ਸਾਨੂੰ ਛਿੱਤਰ ਨਹੀਂ ਬਲਕਿ ਮੌਜੇ ਮਾਰੇ ਹਨ’ ਅਤਿ ਸ਼ਰਮਨਾਕ ਢੀਂਠਤਾ : ਮਾਨ

ਸ. ਬਾਦਲ ਵੱਲੋਂ ਮੋਦੀ ਹਕੂਮਤ ਦੇ ਫੈਸਲੇ ਉਤੇ ਇਹ ਪ੍ਰਗਟਾਉਣਾ ਕਿ ‘ਸਾਨੂੰ ਛਿੱਤਰ ਨਹੀਂ ਬਲਕਿ ਮੌਜੇ ਮਾਰੇ ਹਨ’ ਅਤਿ ਸ਼ਰਮਨਾਕ ਢੀਂਠਤਾ : ਮਾਨ

ਫ਼ਤਹਿਗੜ੍ਹ ਸਾਹਿਬ, 11 ਸਤੰਬਰ ( ) “ਸਿੱਖ ਕੌਮ ਦਾ ਜਦੋਂ ਤੋਂ ਜਨਮ ਹੋਇਆ ਹੈ, ਉਸ ਸਮੇਂ ਤੋਂ ਹੀ ਸਿੱਖ ਕੌਮ ਆਪਣੀ ਅਣਖ਼-ਗੈਰਤ ਨੂੰ ਅਤੇ ਆਪਣੀ ਵੱਖਰੀ ਅਣਖ਼ੀਲੀ ਪਹਿਚਾਣ ਨੂੰ ਕਾਇਮ ਰੱਖਦੀ ਹੋਈ ਆਪਣੇ ਖ਼ਾਲਸਾਈ ਝੰਡੇ-ਬੂਗਿਆ ਦੀ ਗੱਲ ਨਿਰੰਤਰ ਕਰਦੀ ਆਈ ਹੈ । ਕਿਉਂਕਿ ਇਹ ਝੰਡੇ-ਬੂਗੇ ਹੀ ਸਾਡੀ ਵੱਖਰੀ ਪਹਿਚਾਣ ਅਤੇ ਕੌਮੀ ਅਣਖ਼-ਗੈਰਤ, ਸਾਨੋਂ-ਸੌਂਕਤ ਦਾ ਕੌਮਾਂਤਰੀ ਪੱਧਰ ਤੇ ਸਹੀ ਭਾਵਨਾ ਵਿਚ ਪ੍ਰਗਟਾਵਾਂ ਕਰਦੇ ਹਨ । ਇਸੇ ਲਈ ਸਾਨੂੰ ਗੁਰੂ ਸਾਹਿਬਾਨ ਨੇ ‘ਝੂਲਤੇ ਨਿਸ਼ਾਨ ਰਹੇ, ਪੰਥ ਮਹਾਰਾਜ ਕੇ’ ਦੇ ਬੁਲੰਦ ਨਾਅਰੇ ਦਿੱਤੇ ਹਨ ਅਤੇ ਸਾਡੀ ਦੋਵੇ ਸਮੇਂ ਦੀ ਅਰਦਾਸ ਵਿਚ ਝੰਡੇ-ਬੂਗਿਆ ਨੂੰ ਦਰਜ਼ ਕੀਤਾ ਗਿਆ ਹੈ । ਜਿਨ੍ਹਾਂ ਖ਼ਾਲਸਾਈ ਝੰਡੇ ਲਹਿਰਾਉਣ ਅਤੇ ਇਸੇ ਸੋਚ ਅਧੀਨ ਆਪਣੀ ਪੂਰਨ ਆਜ਼ਾਦੀ ਨਾਲ ਇਕੱਤਰਤਾਵਾ ਕਰਨ ਤੋਂ ਸਾਨੂੰ ਕੋਈ ਤਾਕਤ ਨਹੀਂ ਰੋਕ ਸਕਦੀ । ਜੋ ਸਾਡੀ ਪਾਰਲੀਮੈਂਟ ਐਸ.ਜੀ.ਪੀ.ਸੀ. ਲਈ ਬਾਹਰਲੇ ਮੁਲਕਾਂ ਤੋਂ ਧਰਮ ਪ੍ਰਚਾਰ ਅਤੇ ਧਾਰਮਿਕ ਉਦਮਾਂ ਲਈ ਫਡਿੰਗ ਹੋ ਰਹੀ ਹੈ, ਉਸ ਉਤੇ ਮੁਤੱਸਵੀ ਹੁਕਮਰਾਨਾਂ ਵੱਲੋਂ ਕਿਸੇ ਤਰ੍ਹਾਂ ਦੀ ਰੋਕ ਲਗਾਉਣਾ ਜਾਂ ਸਾਡੇ ਖ਼ਾਲਸਾਈ ਝੰਡੇ-ਬੂਗਿਆ ਨੂੰ ਲਹਿਰਾਉਣ ਤੋਂ ਕਾਨੂੰਨੀ ਰੋਕ ਲਗਾਉਣਾ ਸਾਡੀ ਅਣਖ਼-ਗੈਰਤ ਨੂੰ ਚੁਣੋਤੀ ਦੇਣ ਵਾਲੇ ਦੁੱਖਦਾਇਕ ਅਮਲ ਹਨ । ਮੁਗਲ ਰਾਜ, ਅਫ਼ਗਾਨ ਅਤੇ ਅੰਗਰੇਜ਼ਾਂ ਦੇ ਰਾਜ ਸਮੇਂ ਵੀ ਜਦੋਂ ਕਿਸੇ ਜਾਲਮ ਹੁਕਮਰਾਨ ਨੇ ਅਜਿਹਾ ਕਰਨ ਦੀ ਕੋਸਿ਼ਸ਼ ਕੀਤੀ ਤਾਂ ਸਿੱਖ ਕੌਮ ਨੇ ਅਜਿਹੇ ਖ਼ਾਲਸਾਈ ਵਿਰੋਧੀ ਫੈਸਲਿਆ ਨੂੰ ਕਤਈ ਪ੍ਰਵਾਨ ਨਹੀਂ ਕੀਤਾ । ਬੀਤੇ ਸਮੇਂ ਵਿਚ ਜਦੋਂ ਹਿੰਦੂਤਵ ਹੁਕਮਰਾਨਾਂ ਨੇ ਅਜਿਹਾ ਕੀਤਾ ਤਾਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਵੱਲੋਂ ਆਪਣੇ ਸਿਆਸੀ ਮਨੋਰਥਾਂ ਦੀ ਪੂਰਤੀ ਲਈ ਉਨ੍ਹਾਂ ਦੇ ਅਜਿਹੇ ਫੈਸਲਿਆ ਦਾ ਬਣਦਾ ਵਿਰੋਧ ਨਾ ਕਰਕੇ ‘ਸਾਨੂੰ ਛਿੱਤਰ ਨਹੀਂ, ਬਲਕਿ ਮੌਜੇ ਮਾਰੇ ਹਨ’ ਅਤਿ ਸ਼ਰਮਨਾਕ ਢੀਂਠਤਾ ਦਾ ਹੀ ਸਬੂਤ ਦਿੰਦੇ ਰਹੇ ਹਨ । ਕੀ ਹੁਣ ਸਿੱਖ ਕੌਮ ਨੂੰ ਆਪਣੇ ਗੁਰੂਘਰਾਂ ਦੇ ਦਰਸ਼ਨ ਕਰਨ ਜਾਂ ਆਪਣੀਆ ਕੌਮੀ ਅਤੇ ਸਿੱਖੀ ਰਵਾਇਤਾ ਉਤੇ ਪਹਿਰਾ ਦੇਣ ਲਈ ਮੁਤੱਸਵੀ ਹੁਕਮਰਾਨਾਂ ਦੀ ਪ੍ਰਵਾਨਗੀ ਲੈਣੀ ਪਿਆ ਕਰੇਗੀ? ਕਦਾਚਿੱਤ ਨਹੀਂ। ਅਜਿਹਾ ਨਾ ਅਸੀਂ ਮੁਗਲ ਰਾਜ, ਅਫਗਾਨ ਰਾਜ, ਅੰਗਰੇਜ਼ ਰਾਜ ਸਮੇਂ ਪ੍ਰਵਾਨ ਕੀਤਾ ਹੈ ਅਤੇ ਨਾ ਹੀ ਹੁਣ ਹਿੰਦੂ ਹੁਕਮਰਾਨਾਂ ਦੇ ਸਮੇਂ ਵਿਚ ਅਜਿਹੇ ਖ਼ਾਲਸਾ ਪੰਥ ਵਿਰੋਧੀ ਹੁਕਮਾਂ ਨੂੰ ਪ੍ਰਵਾਨ ਕਰਾਂਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੇ ਧਰਮੀ ਕੰਮਾਂ ਲਈ ਬਾਹਰਲੇ ਮੁਲਕਾਂ ਤੋਂ ਆਉਣ ਵਾਲੇ ਫੰਡਾਂ ਉਤੇ ਬੀਤੇ ਸਮੇਂ ਵਿਚ ਲਗਾਈਆ ਗਈਆ ਰੋਕਾਂ ਸਮੇਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਵੱਲੋਂ ਦ੍ਰਿੜਤਾ ਨਾਲ ਕੌਮੀ ਜਿ਼ੰਮੇਵਾਰੀਆਂ ਨਾ ਨਿਭਾਉਣ ਅਤੇ ਆਪਣੇ ਭਾਈਵਾਲਾਂ ਦੇ ਅਜਿਹੇ ਖ਼ਾਲਸਾ ਪੰਥ ਵਿਰੋਧੀ ਫੈਸਲਿਆ ਨੂੰ ਨਿਕਾਰਨ ਉਤੇ ਡੂੰਘਾਂ ਦੁੱਖ ਜ਼ਾਹਰ ਕਰਦੇ ਹੋਏ ਅਤੇ ਇਨ੍ਹਾਂ ਦੀਆਂ ਸਵਾਰਥੀ ਨੀਤੀਆਂ ਦੀ ਬਦੌਲਤ ਸਿੱਖ ਕੌਮ ਨੂੰ ਦਰਪੇਸ਼ ਆ ਰਹੇ ਮਸਲਿਆ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਨਾਲ ਸੰਬੰਧਤ ਮਹਾਨ ਅਸਥਾਂਨ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਇਜਾਜਤ ਅਤੇ ਖੁੱਲ੍ਹ ਦੇ ਕੇ ਪਾਕਿਸਤਾਨ ਹਕੂਮਤ ਅਤੇ ਇਸਲਾਮ ਨੇ ਤਾਂ ਇਸ ਦਿਸ਼ਾ ਵੱਲ ਆਪਣੀ ਜਿ਼ੰਮੇਵਾਰੀ ਨਿਭਾਅ ਦਿੱਤੀ, ਪਰ ਹਿੰਦੂਤਵ ਰਾਸਟਰ ਦੀ ਗੱਲ ਕਰਨ ਵਾਲੇ ਹੁਕਮਰਾਨਾਂ ਵੱਲੋਂ ਆਨੇ-ਬਹਾਨੇ ਸਾਡੀ ਇਸ ਧਾਰਮਿਕ ਯਾਤਰਾ ਤੇ ਰੋਕਾਂ ਲਗਾਉਣਾ ਇਨ੍ਹਾਂ ਦੀ ਮੰਦਭਾਵਨਾ ਨੂੰ ਪ੍ਰਤੱਖ ਕਰਦਾ ਹੈ । ਸਿੱਖ ਕੌਮ ਨੂੰ ਆਪਣੀਆ ਧਾਰਮਿਕ ਯਾਤਰਾਵਾਂ ਜਾਂ ਗੁਰਪੁਰਬ ਮਨਾਉਣ ਵਿਚ ਹਿੰਦੂਤਵ ਹਕੂਮਤ ਦਖਲ ਦੇਵੇ, ਇਹ ਸਿੱਖ ਕੌਮ ਨੂੰ ਬਿਲਕੁਲ ਪ੍ਰਵਾਨ ਨਹੀਂ । ਅਸੀਂ ਆਪਣੇ ਦਿਨਾਂ ਨੂੰ ਕਿਸ ਢੰਗ ਨਾਲ ਮਨਾਉਣਾ ਹੈ, ਕਦੋਂ ਮਨਾਉਣਾ ਹੈ ਇਹ ਸਿੱਖ ਕੌਮ ਦੇ ਆਪਣੇ ਫੈਸਲੇ ਹਨ, ਨਾ ਕਿ ਮੁਤੱਸਵੀ ਹੁਕਮਰਾਨਾਂ ਦੇ ।

ਉਨ੍ਹਾਂ ਕਿਹਾ ਕਿ ਮੌਜੂਦਾ ਹੁਕਮਰਾਨਾਂ ਨੇ 1984 ਵਿਚ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਆਪਣੇ ਹੀ ਮੁਲਕ ਦੇ ਨਾਗਰਿਕਾਂ ਅਤੇ ਸਟੇਟਲੈਸ ਸਿੱਖ ਕੌਮ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਸਿੱਖ ਕੌਮ ਪ੍ਰਤੀ ਪਣਪ ਰਹੀ ਮੰਦਭਾਵਨਾ ਨੂੰ ਜਾਹਰ ਕਰ ਦਿੱਤਾ । ਇਸੇ ਤਰ੍ਹਾਂ ਦਸੰਬਰ 1992 ਵਿਚ ਸਦੀਆਂ ਤੋਂ ਮੁਸਲਿਮ ਕੌਮ ਦੀ ਅਯੁੱਧਿਆ ਵਿਖੇ ਸਥਿਤ ਬਾਬਰੀ ਮਸਜਿਦ ਨੂੰ ਜ਼ਬਰੀ ਢਹਿ-ਢੇਰੀ ਕਰਕੇ ਅਤੇ ਹੁਣ ਉਥੇ ਗੈਰ ਇਖਲਾਕੀ ਤਰੀਕੇ ਰਾਮ ਮੰਦਰ ਬਣਾਉਣ ਦਾ ਅਮਲ ਕਰਕੇ ਘੱਟ ਗਿਣਤੀ ਮੁਸਲਿਮ ਕੌਮ ਨੂੰ ਵੀ ਦੂਰ ਕਰ ਦਿੱਤਾ । ਦੱਖਣੀ ਸੂਬਿਆਂ ਵਿਚ ਇਸਾਈਆ ਦੇ ਚਰਚਾਂ, ਨਨਜ਼ਾਂ ਉਤੇ ਹਮਲੇ ਕਰਕੇ ਇਹ ਸਾਬਤ ਕਰ ਦਿੱਤਾ ਕਿ ਇਹ ਮੁਤੱਸਵੀ ਹੁਕਮਰਾਨ ਘੱਟ ਗਿਣਤੀ ਕੌਮਾਂ ਨੂੰ ਫਿਰਕੂ ਸੋਚ ਅਧੀਨ ਸਹਿਣ ਕਰਨ ਲਈ ਤਿਆਰ ਨਹੀਂ ਹਨ । ਇਹੀ ਵਜਹ ਹੈ ਕਿ ਸਿੱਖ ਕੌਮ ਨੇ ਸਭਨਾਂ ਕੌਮਾਂ, ਧਰਮਾਂ, ਫਿਰਕਿਆ, ਕਬੀਲਿਆ ਤੇ ਅਧਾਰਿਤ ਆਪਣਾ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਜਮਹੂਰੀਅਤ ਅਤੇ ਅਮਨਮਈ ਤਰੀਕੇ ਕਾਇਮ ਕਰਨ ਦਾ ਤਹੱਈਆ ਕੀਤਾ ਹੈ । ਉਨ੍ਹਾਂ ਮੰਗ ਕੀਤੀ ਕਿ ਸ੍ਰੀ ਕਰਤਾਰਪੁਰ ਸਾਹਿਬ ਸਾਡੇ ਗੁਰੂ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਵਾਲੇ ਸਥਾਂਨ ਦੇ ਰਾਵੀ ਦੇ ਇੰਡੀਅਨ ਵਾਲੇ ਪਾਸੇ ਦੇ ਕੰਡੇ ਉਤੇ ਇਕ ਵਿਸ਼ਾਲ ਗੁਰੂਘਰ ਕਾਇਮ ਹੋਣਾ ਜ਼ਰੂਰੀ ਹੈ ਅਤੇ ਇਥੇ ਇਕ ਵੱਡੀ ਸਰਾ ਵੀ ਹੋਣੀ ਚਾਹੀਦੀ ਹੈ ਤਾਂ ਕਿ ਹਿਮਾਚਲ, ਜੰਮੂ-ਕਸ਼ਮੀਰ, ਪਾਕਿਸਤਾਨ, ਅਫਗਾਨੀਸਤਾਨ ਅਤੇ ਮਾਝੇ ਦੇ ਸਿੱਖ ਆਪਣੇ ਮ੍ਰਿਤਕਾਂ ਦੀਆਂ ਅਸਥੀਆਂ ਇਸ ਮਹਾਨ ਅਸਥਾਂਨ ਤੇ ਜਲ ਪ੍ਰਵਾਹ ਕਰ ਸਕਣ ਅਤੇ ਇਸ ਸਥਾਂਨ ਦੇ ਪੂਰਨ ਆਜ਼ਾਦੀ ਨਾਲ ਜਦੋਂ ਚਾਹੁੰਣ ਦਰਸ਼ਨ ਕਰਨ ਲਈ ਆ-ਜਾ ਸਕਣ । ਉਨ੍ਹਾਂ ਕਿਹਾ ਕਿ ਜੋ ਵਿਦੇਸ਼ੀ ਧਾਰਮਿਕ ਫੰਡਾਂ ਦਾ ਮੁੱਦਾ ਹੈ, ਉਸ ਨੂੰ ਐਸ.ਜੀ.ਪੀ.ਸੀ. ਨੇ ਸ੍ਰੀ ਮੋਦੀ, ਰਾਜਨਾਥ ਸਿੰਘ ਅਤੇ ਅਮਿਤ ਸ਼ਾਹ ਕੋਲ ਕਈ ਵਾਰ ਉਠਾਇਆ, ਪਰ ਆਪਣੀ ਦ੍ਰਿੜਤਾ ਸ਼ਕਤੀ ਦੀ ਕਮੀ ਕਾਰਨ ਸਿੱਖ ਕੌਮ ਦੇ ਇਨ੍ਹਾਂ ਹੱਕਾਂ ਨੂੰ ਬਹਾਲ ਕਰਨ ਵਿਚ ਆਪਣੀ ਜਿ਼ੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਅ ਸਕੇ । ਜਿਸਦੀ ਬਦੌਲਤ ਹੁਕਮਰਾਨਾਂ ਨੂੰ ਅਜਿਹੇ ਖ਼ਾਲਸਾਈ ਵਿਰੋਧੀ ਫੈਸਲੇ ਕਰਨ ਲਈ ਹੌਸਲਾ ਮਿਲਦਾ ਹੈ । ਅਜਿਹੀ ਲਗਾਈ ਜਾਣ ਵਾਲੀ ਕੋਈ ਗੈਰ ਇਖਲਾਕੀ ਰੋਕ ਦੀ ਉਸੇ ਸਮੇਂ ਵਿਰੋਧਤਾ ਵੀ ਹੋਵੇ ਅਤੇ ਹੁਕਮਰਾਨਾਂ ਨੂੰ ਅਜਿਹੇ ਅਮਲ ਕਰਨ ਤੋਂ ਤੁਰੰਤ ਰੋਕਿਆ ਜਾਵੇ । ਤਦ ਹੀ ਅਸੀਂ ਆਪਣੀ ਵਿਲੱਖਣ ਅਤੇ ਅਣਖ-ਗੈਰਤ ਵਾਲੀ ਕੌਮੀ ਪਹਿਚਾਣ ਕੌਮਾਂਤਰੀ ਪੱਧਰ ਤੇ ਕਾਇਮ ਰੱਖ ਸਕਾਂਗੇ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *