ਸ੍ਰੀ ਡਿਯਾਗੋ ਮਾਰਾਡੋਨਾ ਫੁੱਟਬਾਲ ਦੇ ਅਰਜਨਟੀਨਾਂ ਦੇ ਹਰਮਨ ਪਿਆਰੇ ਖਿਡਾਰੀ ਦੀ ਹੋਈ ਅਚਾਨਕ ਮੌਤ ਉਤੇ ਸ. ਮਾਨ ਨੇ ਗਹਿਰਾ ਦੁੱਖ ਦਾ ਪ੍ਰਗਟਾਵਾ ਕੀਤਾ
ਫ਼ਤਹਿਗੜ੍ਹ ਸਾਹਿਬ, 30 ਨਵੰਬਰ ( ) “ਅਰਜਨਟੀਨਾਂ ਦੇ ਹਰਮਨ ਪਿਆਰੇ ਫੁੱਟਬਾਲ ਦੇ ਖਿਡਾਰੀ ਸ੍ਰੀ ਡਿਯਾਗੋ ਮਾਰਾਡੋਨਾ ਜੋ ਕੁਝ ਦਿਨ ਪਹਿਲੇ ਆਪਣੇ ਮਿਲੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਹਨ । ਜਿਸ ਨਾਲ ਸੰਸਾਰ ਦੇ ਖਿਡਾਰੀ ਖੇਤਰ ਵਿਚ ਵੱਡੀ ਸੋਗ ਦੀ ਲਹਿਰ ਫੈਲ ਗਈ ਹੈ । ਕਿਉਂਕਿ ਉਹ ਬਹੁਤ ਹੀ ਅੱਛੇ ਖਿਡਾਰੀ ਹੋਣ ਦੇ ਨਾਲ-ਨਾਲ, ਇਨਸਾਨੀ ਅਤੇ ਸਮਾਜਿਕ ਤੌਰ ਤੇ ਵੀ ਇਕ ਅੱਛੇ ਇਨਸਾਨ ਸਨ । ਅਜਿਹੇ ਵਿਅਕਤੀ ਦੇ ਜਾਣ ਨਾਲ ਖਿਡਾਰੀ ਵਰਗ ਨੂੰ ਜੋ ਅਸਹਿ ਤੇ ਅਕਹਿ ਘਾਟਾ ਪਿਆ ਹੈ, ਉਹ ਕਦੀ ਵੀ ਨਾ ਪੂਰਾ ਹੋਣ ਵਾਲਾ ਅਤੇ ਮਨ-ਆਤਮਾਵਾਂ ਨੂੰ ਡੂੰਘੇ ਦੁੱਖ ਦਾ ਅਹਿਸਾਸ ਕਰਵਾਉਣ ਵਾਲਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਮਹਾਨ ਖਿਡਾਰੀ ਦੇ ਚਲੇ ਜਾਣ ਤੇ ਸੰਬੰਧਤ ਮਾਰਾਡੋਨਾ ਪਰਿਵਾਰ, ਸੰਬੰਧੀਆਂ, ਮਿੱਤਰਾਂ-ਦੋਸਤਾਂ ਅਤੇ ਸੰਸਾਰ ਦੇ ਖਿਡਾਰੀਆਂ ਨੂੰ ਪਹੁੰਚੇ ਵੱਡੇ ਦੁੱਖ ਵਿਚ ਸਮੂਲੀਅਤ ਕਰਦਾ ਹੋਇਆ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ । ਇਸੇ ਤਰ੍ਹਾਂ ਪਾਕਿਸਤਾਨ ਦੇ ਸਾਬਕਾ ਵਜ਼ੀਰ-ਏ-ਆਜ਼ਮ ਨਵਾਜ ਸਰੀਫ਼ ਦੇ ਸਤਿਕਾਰਯੋਗ ਮਾਤਾ ਬੇਗਮ ਸਮੀਮ ਅਖਤਰ ਵੱਲੋਂ ਇਸ ਫਾਨੀ ਦੁਨੀਆਂ ਤੋਂ ਕੂਚ ਕਰ ਜਾਣ ਦੇ ਦੁੱਖਦਾਇਕ ਵਰਤਾਰੇ ਉਤੇ ਅਸੀਂ ਸ੍ਰੀ ਨਵਾਜ ਸਰੀਫ਼ ਦੇ ਸਮੁੱਚੇ ਪਰਿਵਾਰ ਅਤੇ ਪਾਕਿਸਤਾਨ ਦੇ ਅਵਾਮ ਤੇ ਹੁਕਮਰਾਨਾਂ ਨਾਲ ਇਸ ਸੋਗ ਦੀ ਘੜੀ ਵਿਚ ਉਨ੍ਹਾਂ ਦੇ ਦੁੱਖ ਵਿਚ ਸਰੀਕ ਹੁੰਦੇ ਹੋਏ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਵੀ ਅਰਦਾਸ ਕਰਦੇ ਹਾਂ । ਇਸਦੇ ਨਾਲ ਹੀ ਕਾਂਗਰਸ ਦੇ ਪੁਰਾਣੇ ਤੁਜਰਬੇਕਾਰ ਆਗੂ ਸ੍ਰੀ ਅਹਿਮਦ ਪਟੇਲ ਦੇ ਚਲੇ ਜਾਣ ਤੇ ਵੀ ਪਾਰਟੀ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਅਤੇ ਕਾਂਗਰਸ ਜਮਾਤ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ ।”
ਉਪਰੋਕਤ ਤਿੰਨਾਂ ਸਖਸ਼ੀਅਤਾਂ ਦੇ ਅਕਾਲ ਚਲਾਣੇ ਉਤੇ ਗਹਿਰੇ ਦੁੱਖ ਦਾ ਇਜਹਾਰ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਨ੍ਹਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਜ਼ਾਹਰ ਕੀਤੇ । ਸ. ਮਾਨ ਨੇ ਸ੍ਰੀ ਡਿਯਾਗੋ ਮਾਰਾਡੋਨਾ ਫੁੱਟਬਾਲਰ ਦੀ ਹੋਈ ਅਚਾਨਕ ਮੌਤ ਉਤੇ ਵਿਚਾਰ ਪ੍ਰਗਟਾਉਦੇ ਹੋਏ ਕਿਹਾ ਕਿ ਅਜਿਹੇ ਖਿਡਾਰੀ ਕਿਸੇ ਮੁਲਕ, ਕੌਮ, ਸਮਾਜ ਦੀ ਸ਼ਾਨ ਅਤੇ ਫਖ਼ਰ ਹੁੰਦੇ ਹਨ । ਕਿਉਂਕਿ ਅਜਿਹੇ ਅੱਵਲ ਦਰਜੇ ਦੇ ਖਿਡਾਰੀਆਂ ਦੀ ਬਦੌਲਤ ਹੀ ਕਿਸੇ ਸ਼ਹਿਰ, ਜਿ਼ਲ੍ਹੇ, ਸੂਬੇ ਅਤੇ ਮੁਲਕ ਦਾ ਨਾਮ ਉੱਚਾ ਹੁੰਦਾ ਹੈ । ਹੁਣੇ ਹੀ ਆਉਣ ਵਾਲੇ ਸਮੇਂ ਵਿਚ ਜਪਾਨ ਵਿਚ ਓਲੰਪਿਕ ਖੇਡਾਂ ਹੋਣ ਜਾ ਰਹੀਆ ਹਨ । ਬੀਤੇ ਸਮੇਂ ਅਤੇ ਅਜੋਕੇ ਸਮੇਂ ਵਿਚ ਦਿੱਲੀ, ਯੂਪੀ, ਚੰਡੀਗੜ੍ਹ, ਹਰਿਆਣੇ, ਹਿਮਾਚਲ ਦੇ ਖਿਡਾਰੀਆਂ ਨੇ ਵੱਡੇ ਤਗਮੇ ਹਾਸਿਲ ਕਰਦੇ ਹੋਏ ਆਪੋ-ਆਪਣੇ ਸਟੇਟਾਂ ਦਾ ਨਾਮ ਉੱਚਾ ਕੀਤਾ ਹੈ । ਪਰ ਕਾਫ਼ੀ ਲੰਮੇ ਸਮੇਂ ਤੋਂ ਜੋ ਪੰਜਾਬ ਸੂਬਾ ਫੁੱਟਬਾਲ, ਹਾਕੀ, ਅਥਲੈਟਿਕਸ ਆਦਿ ਖੇਡਾਂ ਵਿਚ ਪੰਜਾਬ ਸੂਬੇ ਦਾ ਨਾਮ ਸੰਸਾਰ ਪੱਧਰ ਤੇ ਉੱਚਾ ਕਰਦਾ ਰਿਹਾ ਹੈ, ਜਿਸ ਸੂਬੇ ਕੋਲ ਚੰਗੇ ਖਿਡਾਰੀ, ਐਨ.ਆਈ.ਐਸ. ਵਰਗੀਆਂ ਅਤੇ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ, ਪੁਲਿਸ ਅਤੇ ਪੀ.ਏ.ਪੀ. ਸਪੋਰਟਸ ਕੰਪਲੈਕਸ ਜਲੰਧਰ ਵਰਗੀਆਂ ਖੇਡ ਸੰਸਥਾਵਾਂ, ਆਧੁਨਿਕ ਸਟੇਡੀਅਮ ਅਤੇ ਸਭ ਖੇਡਾਂ ਦੇ ਚੰਗੇ ਕੋਚ ਵਗੈਰਾਂ ਹਨ, ਫਿਰ ਵੀ ਪੰਜਾਬ ਸੂਬਾ ਇਕ ਕੌਮਾਂਤਰੀ ਪੱਧਰ ਦੀਆਂ ਖੇਡਾਂ ਵਿਚ ਕੋਈ ਤਗਮਾ ਪ੍ਰਾਪਤ ਨਾ ਕਰੇ, ਤਾਂ ਇਹ ਵੱਡੇ ਹੀ ਦੁੱਖ ਅਤੇ ਅਫ਼ਸੋਸ ਵਾਲੀ ਗੱਲ ਹੈ । ਬੇਸ਼ੱਕ ਪੰਜਾਬ ਦੇ ਖੇਡ ਵਜ਼ੀਰ ਰਾਣਾ ਗੁਰਮੀਤ ਸਿੰਘ ਸੋਢੀ, ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਇਸ ਦਿਸ਼ਾ ਵੱਲ ਕੁਝ ਨਾ ਕੁਝ ਕਰ ਰਹੀ ਹੈ, ਪਰ ਜਦੋਂ ਤੱਕ ਇਨ੍ਹਾਂ ਉਪਰੋਕਤ ਖੇਡਾਂ ਸੰਬੰਧੀ ਸਬ-ਡਿਵੀਜਨਾਂ, ਜਿ਼ਲ੍ਹਿਆਂ, ਸੂਬਿਆਂ ਅਤੇ ਫਿਰ ਕੌਮੀ ਪੱਧਰ ਉਤੇ ਚੰਗੇ ਖਿਡਾਰੀਆਂ ਦੀ ਚੋਣ ਕਰਕੇ, ਉਨ੍ਹਾਂ ਨੂੰ ਹਰ ਤਰ੍ਹਾਂ ਦੀ ਖੇਡ ਦੇ ਮਾਹਰ ਬਣਾਕੇ ਉਤਸਾਹਿਤ ਕਰਦੇ ਹੋਏ ਅਗਵਾਈ ਨਹੀਂ ਦਿੱਤੀ ਜਾਂਦੀ, ਉਸ ਸਮੇਂ ਤੱਕ ਸਾਡੇ ਪੁਰਾਣੇ ਕੌਮਾਂਤਰੀ ਖੇਡਾਂ ਵਿਚ ਪੰਜਾਬ ਸੂਬੇ ਵੱਲੋਂ ਸੋਨ ਤਗਮੇ ਅਤੇ ਅੱਵਲ ਦਰਜੇ ਦੇ ਸਨਮਾਨ ਪ੍ਰਾਪਤ ਕਰਨ ਵਿਚ ਖੜੋਤ ਰਹੇਗੀ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਦੇ ਮੁੱਖ ਮੰਤਰੀ ਜੋ ਖੁਦ ਖੇਡਾਂ ਵਿਚ ਡੂੰਘੀ ਦਿਲਚਸਪੀ ਰੱਖਦੇ ਹਨ ਅਤੇ ਪੰਜਾਬ ਨੂੰ ਇਸ ਦਿਸ਼ਾ ਵੱਲ ਪਹਿਲੇ ਨੰਬਰਾਂ ਤੇ ਲਿਜਾਣ ਦੇ ਚਾਹਵਾਨ ਹਨ, ਖੇਡ ਵਜ਼ੀਰ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਖੇਡਾਂ ਨੂੰ ਅੰਤਰ ਆਤਮਾ ਤੋਂ ਪਿਆਰ ਕਰਨ ਵਾਲੀਆ ਮਾਹਰ ਸਖਸ਼ੀਅਤਾਂ, ਕੋਚਾਂ ਨੂੰ ਸਮੂਹਿਕ ਤੌਰ ਤੇ ਇਹ ਜੋਰਦਾਰ ਅਪੀਲ ਕਰਨੀ ਚਾਹੇਗਾ ਕਿ ਉਹ ਪੰਜਾਬ ਦੇ ਖੇਡ ਖੇਤਰ ਵਿਚ ਗੁਆਚੇ ਹੋਏ ਪੁਰਾਤਨ ਮਾਣ-ਸਨਮਾਨ ਅਤੇ ਕੌਮਾਂਤਰੀ ਪੱਧਰ ਦੇ ਅੱਵਲ ਦਰਜੇ ਦੇ ਤਗਮੇ ਪ੍ਰਾਪਤ ਕਰਨ ਦੀ ਪੰਜਾਬ ਦੀ ਸ਼ਾਨ ਵਧਾਉਣ ਵਾਲੇ ਉਦਮ ਕਰਕੇ ਪਹਿਲੇ ਸਬ-ਡਿਵੀਜਨਾਂ, ਫਿਰ ਜਿ਼ਲ੍ਹਿਆਂ, ਫਿਰ ਸੂਬੇ, ਫਿਰ ਕੌਮੀ ਪੱਧਰ ਦੇ ਮਾਹਰ ਖਿਡਾਰੀਆਂ ਦੀ ਚੋਣ ਕਰਕੇ ਜਪਾਨ ਵਿਚ ਹੋਣ ਜਾ ਰਹੀਆ ਓਲੰਪਿਕ ਖੇਡਾਂ ਵਿਚ ਆਪਣੇ ਖਿਡਾਰੀਆਂ ਨੂੰ ਭੇਜਣ ਤਾਂ ਕਿ ਪਹਿਲੇ ਦੀ ਤਰ੍ਹਾਂ ਪੰਜਾਬ ਸੂਬੇ ਦਾ ਨਾਮ ਕੌਮਾਂਤਰੀ ਖੇਡਾਂ ਵਿਚ ਅੱਵਲ ਦਰਜੇ ਵਿਚ ਆ ਸਕੇ । ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦੇ ਮਾਣ-ਸਤਿਕਾਰ ਵਿਚ ਵਾਧਾ ਹੋ ਸਕੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੇ ਮੌਜੂਦਾ ਹੁਕਮਰਾਨ ਅਤੇ ਸਰਕਾਰ ਇਸ ਗੰਭੀਰ ਵਿਸ਼ੇ ਤੇ ਉਚੇਚੇ ਤੌਰ ਤੇ ਤਵੱਜੋ ਦੇ ਕੇ ਆਪਣੇ ਖੇਡਾਂ ਪ੍ਰਤੀ ਫਰਜਾਂ ਦੀ ਪੂਰਤੀ ਕਰੇ ।