Verify Party Member
Header
Header
ਤਾਜਾ ਖਬਰਾਂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਮੁੱਦੇ ਉਤੇ ਚੱਲ ਰਹੀ ਦਸਤਖ਼ਤੀ ਮੁਹਿੰਮ ਪੂਰਨ ਹੋਣ ਤੇ ਐਸ.ਜੀ.ਪੀ.ਸੀ. ਦੇ ਦੋਸ਼ੀ ਅਧਿਕਾਰੀਆਂ ਵਿਰੁੱਧ ਐਫ.ਆਈ.ਆਰ. ਦਰਜ਼ ਕਰਾਵਾਂਗੇ : ਕਾਹਨ ਸਿੰਘ ਵਾਲਾ, ਇਮਾਨ ਸਿੰਘ ਮਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਮੁੱਦੇ ਉਤੇ ਚੱਲ ਰਹੀ ਦਸਤਖ਼ਤੀ ਮੁਹਿੰਮ ਪੂਰਨ ਹੋਣ ਤੇ ਐਸ.ਜੀ.ਪੀ.ਸੀ. ਦੇ ਦੋਸ਼ੀ ਅਧਿਕਾਰੀਆਂ ਵਿਰੁੱਧ ਐਫ.ਆਈ.ਆਰ. ਦਰਜ਼ ਕਰਾਵਾਂਗੇ : ਕਾਹਨ ਸਿੰਘ ਵਾਲਾ, ਇਮਾਨ ਸਿੰਘ ਮਾਨ

ਲੌਗੋਵਾਲ, 24 ਅਕਤੂਬਰ ( ) “ਸਿੱਖ ਕੌਮ ਅਤੇ ਹਰ ਗੁਰਸਿੱਖ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਸਤਿਕਾਰਿਤ ਉੱਚ ਦਰਜ਼ਾਂ ਰੱਖਦੇ ਹਨ ਅਤੇ ਕਾਨੂੰਨ ਅਨੁਸਾਰ ਵੀ ਉਹ ਸਾਡੇ ਜੀਵਤ ਗੁਰੂ ਹਨ । ਲੇਕਿਨ ਮੌਜੂਦਾ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਦੀ ਮੰਦਭਾਵਨਾ ਅਤੇ ਹੋੲ ਸਾਜਿ਼ਸ ਅਣਗਹਿਲੀ ਨੂੰ ਮੁੱਖ ਰੱਖਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਹਿਯੋਗੀ ਪੰਥਕ ਜਥੇਬੰਦੀਆਂ ਵੱਲੋਂ ਇਸ ਹਿਰਦੇ ਵਿੰਧਕ ਦੁੱਖਦਾਇਕ ਘਟਨਾ ਨੂੰ ਲੈਕੇ ਸਮੁੱਚੇ ਪੰਜਾਬ ਦੇ ਜਿ਼ਲ੍ਹਿਆਂ, ਸ਼ਹਿਰਾਂ, ਪਿੰਡਾਂ ਅਤੇ ਕਸਬਿਆ ਵਿਚ ਦਸਤਖਤੀ ਮੁਹਿੰਮ ਸੁਰੂ ਕੀਤੀ ਗਈ ਹੈ । ਜਿਸ ਵਿਚ ਐਸ.ਜੀ.ਪੀ.ਸੀ. ਦੇ ਦੋਸ਼ੀ ਅਧਿਕਾਰੀਆਂ ਵਿਰੁੱਧ ਕਾਨੂੰਨ ਅਨੁਸਾਰ ਐਫ.ਆਈ.ਆਰ. ਦਰਜ ਕਰਵਾਕੇ ਕਾਨੂੰਨੀ ਅਮਲ ਕਰਨ ਲਈ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ । ਇਸ ਪ੍ਰਕਿਰਿਆ ਨੂੰ ਅੰਤਮ ਰੂਪ ਦੇਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਪਾਰਟੀ ਦੇ ਸੀਨੀਅਰ ਕਾਨੂੰਨੀ ਸਲਾਹਕਾਰ ਸ੍ਰੀ ਰੰਜਨ ਲਖਨਪਾਲ ਐਡਵੋਕੇਟ, ਸ. ਹਰਦੇਵ ਸਿੰਘ ਰਾਏ ਅਤੇ ਸ. ਗੁਰਪ੍ਰੀਤ ਸਿੰਘ ਸੈਣੀ ਤਜ਼ਰਬੇਕਾਰ ਵਕੀਲ ਸਾਹਿਬਾਨ ਦੀਆਂ ਸੇਵਾਵਾਂ ਲਈਆ ਜਾ ਰਹੀਆ ਹਨ । ਇਸ ਪੰਥਕ ਅਤੇ ਕੌਮੀ ਮਿਸ਼ਨ ਨੂੰ ਹਰ ਕੀਮਤ ਤੇ ਪੂਰਨ ਕੀਤਾ ਜਾਵੇਗਾ । ਇਸ ਮਕਸਦ ਦੀ ਪ੍ਰਾਪਤੀ ਲਈ ਪਹਿਲੇ ਸੰਗਰੂਰ ਅਤੇ ਬਰਨਾਲਾ ਜਿ਼ਲ੍ਹੇ ਨਾਲ ਸੰਬੰਧਤ ਸਮੁੱਚੇ ਵਿਧਾਨ ਸਭਾ ਹਲਕਿਆ ਨੂੰ ਪਿੰਡ ਅਤੇ ਸ਼ਹਿਰ ਵਾਈਜ਼ ਜਿ਼ੰਮੇਵਾਰੀਆਂ ਦੇ ਕੇ ਕੰਮ ਸੁਰੂ ਕੀਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਦੂਸਰੇ ਜਿ਼ਲ੍ਹਿਆਂ ਵਿਚ ਵੀ ਇਸ ਕੌਮੀ ਜਿ਼ੰਮੇਵਾਰੀ ਨੂੰ ਪੂਰੀ ਸਿੱਦਤ ਅਤੇ ਦ੍ਰਿੜਤਾ ਨਾਲ ਪੂਰਨ ਕਰਨ ਉਪਰੰਤ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਕੋਲ ਸਿੱਖ ਕੌਮ ਦੇ ਸਮੁੱਚੇ ਦਸਤਾਵੇਜ਼ ਪੇਸ਼ ਕਰਕੇ ਵੱਡੇ ਕੌਮੀ ਇਕੱਠ ਰਾਹੀ ਐਫ.ਆਈ.ਆਰ. ਦਰਜ ਕਰਵਾਈ ਜਾਵੇਗੀ।”

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਅੱਜ ਇਥੇ ਸ. ਗੋਬਿੰਦ ਸਿੰਘ ਲੌਗੋਵਾਲ ਪ੍ਰਧਾਨ ਐਸ.ਜੀ.ਪੀ.ਸੀ. ਦੇ ਗ੍ਰਹਿ ਲੌਗੋਵਾਲ ਦੀ ਅਨਾਜ ਮੰਡੀ ਵਿਖੇ ਸਮੁੱਚੇ ਖ਼ਾਲਸਾ ਪੰਥ ਦੇ ਦਰਦੀਆਂ ਅਤੇ ਪੰਥਕ ਜਥੇਬੰਦੀਆਂ ਦੇ ਹੋਏ ਵੱਡੇ ਰੋਸ਼ ਇਕੱਠ ਵਿਚ ਹੋਈਆ ਕੌਮੀ ਦਰਦ ਨਾਲ ਸੰਬੰਧਤ ਤਕਰੀਰਾਂ ਅਤੇ ਐਸ.ਜੀ.ਪੀ.ਸੀ. ਦੀ ਧਾਰਮਿਕ ਸੰਸਥਾਂ ਦੇ ਨਿਜਾਮ ਵਿਚ ਹਰ ਖੇਤਰ ਵਿਚ ਲੰਮੇਂ ਸਮੇਂ ਤੋਂ ਪੈਦਾ ਹੋ ਚੁੱਕੀਆ ਵੱਡੀਆਂ ਖਾਮੀਆਂ ਦਾ ਅਮਲੀ ਰੂਪ ਵਿਚ ਖਾਤਮਾ ਕਰਨ ਦੀ ਗੱਲ ਕਰਦੇ ਹੋਏ ਅਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਉਪਰੋਕਤ ਆਗੂਆਂ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਰਨਲ ਸਕੱਤਰ, ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਸ ਕੌਮੀ ਮਹਾਨ ਸਿੱਖ ਪਾਰਲੀਮੈਂਟ ਦੀ ਸੰਸਥਾਂ ਦੀ ਲੰਮੇਂ ਸਮੇਂ ਤੋਂ ਪੈਡਿੰਗ ਪਈਆ ਜਰਨਲ ਚੋਣਾਂ ਨੂੰ ਤੁਰੰਤ ਕਰਵਾਉਣ ਦੇ ਮੁੱਦੇ ਨੂੰ ਮੁੱਖ ਰੱਖਦੇ ਹੋਏ ਪ੍ਰਗਟ ਕੀਤੇ। ਅੱਜ ਦੇ ਇਸ ਪੰਥਕ ਇਕੱਠ ਵਿਚ ਵੱਖ-ਵੱਖ ਬੁਲਾਰਿਆ ਨੇ ਵਿਚਾਰ ਪ੍ਰਗਟਾਉਦੇ ਹੋਏ ਕਿਹਾ ਕਿ ਸਿੱਖ ਕੌਮ ਦੀ ਸਰਬਉੱਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਅਤੇ ਦੂਸਰੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਅਤੇ ਸੇਵਾਮੁਕਤੀ ਦੇ ਚੱਲ ਰਹੇ ਦੋਸ਼ਪੂਰਨ ਪ੍ਰਬੰਧ ਨੂੰ ਖ਼ਤਮ ਕਰਕੇ ਇਹ ਚੋਣ ਸੰਸਾਰ ਦੇ ਸਮੁੱਚੇ ਮੁਲਕਾਂ ਵਿਚ ਵੱਸਣ ਵਾਲੇ ਸਿੱਖਾਂ ਦੀ ਸਮੂਹਿਕ ਰਾਏ ਅਨੁਸਾਰ ਕਰਨ ਦਾ ਉਚੇਚਾ ਪ੍ਰਬੰਧ ਕੀਤਾ ਜਾਵੇਗਾ ਅਤੇ ਸਾਡੀ ਇਸ ਮਹਾਨ ਸੰਸਥਾਂ ਜੋ ਸਿੱਖ ਕੌਮ ਅਤੇ ਸਿੱਖ ਧਰਮ ਦੇ ਮਨੁੱਖਤਾ ਅਤੇ ਇਨਸਾਨੀਅਤ ਪੱਖੀ ਸੋਚ ਨਾਲ ਸੰਬੰਧਤ ਹੈ । ਜਿਸਦੇ ਮੈਬਰਾਂ ਦੀ ਚੋਣ ਜੋ ਇਸ ਸਮੇਂ ਸੈਂਟਰ ਹਕੂਮਤਾਂ ਦੇ ਗ੍ਰਹਿ ਵਿਭਾਗ ਦੇ ਆਦੇਸ਼ਾਂ ਅਨੁਸਾਰ ਹੋਣ ਦਾ ਪ੍ਰਬੰਧ ਹੈ । ਉਸਨੂੰ ਖਤਮ ਕਰਕੇ ਇਸ ਚੋਣ ਦਾ ਪ੍ਰਬੰਧ ਕੌਮ ਦੁਆਰਾ ਸਥਾਪਿਤ ਕੀਤੇ ਜਾਣ ਵਾਲੇ ਗੁਰਦੁਆਰਾ ਸਿੱਖ ਜੁਡੀਸੀਅਲ ਕਮਿਸ਼ਨ ਰਾਹੀ ਸਿੱਧੇ ਤੌਰ ਤੇ ਕਰਨ ਦੇ ਉਦਮ ਨੂੰ ਸਮੁੱਚੀ ਸਿੱਖ ਕੌਮ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਸੈਂਟਰ ਜਾਂ ਪੰਜਾਬ ਸਰਕਾਰ ਦੇ ਸਵਾਰਥੀ ਹਿੱਤਾਂ ਦੀ ਪੂਰਤੀ ਕਰਨ ਵਾਲੇ ਚੋਣ ਪ੍ਰਬੰਧ ਪ੍ਰਣਾਲੀ ਨੂੰ ਖਤਮ ਕਰਕੇ ਸਿੱਧੇ ਤੌਰ ਤੇ ਸਮੁੱਚੇ ਸੰਸਾਰ ਦੇ ਸਿੱਖਾਂ ਦੀਆਂ ਵੋਟਾਂ ਦੁਆਰਾ ਇਹ ਪ੍ਰਬੰਧਕ ਪ੍ਰਣਾਲੀ ਅਪਣਾਈ ਜਾਵੇਗੀ । ਕਿਸੇ ਵੀ ਹੁਕਮਰਾਨ ਦਾ ਸਾਡੀ ਇਸ ਕੌਮੀ ਸੰਸਥਾਂ ਵਿਚ ਮੌਜੂਦਾ ਸਮੇਂ ਰਾਹੀ ਚੱਲ ਰਹੀ ਪ੍ਰਣਾਲੀ ਨੂੰ ਬਿਲਕੁਲ ਵੀ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਇਸ ਐਸ.ਜੀ.ਪੀ.ਸੀ. ਵਿਚ ਕੇਵਲ ਪੰਜਾਬ, ਹਰਿਆਣਾ, ਹਿਮਾਚਲ ਅਤੇ ਯੂ.ਟੀ. ਤੋਂ ਹੀ ਐਸ.ਜੀ.ਪੀ.ਸੀ. ਦੇ ਨੁਮਾਇੰਦਿਆ ਦੀ ਚੋਣ ਨਹੀਂ ਹੋਵੇਗੀ, ਬਲਕਿ ਸਮੁੱਚੇ ਇੰਡੀਆਂ ਅਤੇ ਸੰਸਾਰ ਦੇ ਵੱਖ-ਵੱਖ ਮੁਲਕਾਂ ਵਿਚੋਂ ਇਨ੍ਹਾਂ ਮੈਬਰਾਂ ਦੀ ਚੋਣ ਕਰਨ ਦਾ ਪ੍ਰਬੰਧ ਨੂੰ ਅਮਲੀ ਰੂਪ ਦੇਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ । ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਬਉੱਚਤਾ ਨੂੰ ਹਰ ਕੀਮਤ ਤੇ ਕਾਇਮ ਰੱਖਿਆ ਜਾਵੇਗਾ ਅਤੇ ਇਸ ਧੁਰੇ ਅਤੇ ਕੇਂਦਰ ਰਾਹੀ ਸਮੁੱਚੇ ਸੰਸਾਰ ਵਿਚ ਸਿੱਖ ਧਰਮ ਦੀਆਂ ਸਰਬ ਸਾਂਝੀਵਾਲਤਾ ਵਾਲੇ ਮਨੁੱਖਤਾ ਪੱਖੀ ਸਿਧਾਤਾਂ ਅਤੇ ਸੋਚ ਨੂੰ ਦੁਨੀਆਂ ਦੇ ਹਰ ਕੋਨੇ ਵਿਚ ਪ੍ਰਸਾਰਨ ਦੀ ਜਿ਼ੰਮੇਵਾਰੀ ਪੂਰਨ ਕੀਤੀ ਜਾਵੇਗੀ ।

ਆਗੂਆਂ ਨੇ ਮੌਜੂਦਾ ਐਸ.ਜੀ.ਪੀ.ਸੀ. ਦੇ ਦੋਸ਼ਪੂਰਨ ਪ੍ਰਬੰਧ ਲਈ ਐਸ.ਜੀ.ਪੀ.ਸੀ. ਦੀ ਮਹਾਨ ਸੰਸਥਾਂ ਉਤੇ ਅਸਿੱਧੇ ਤੌਰ ਤੇ ਕਾਬਜ ਹੋਏ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਲਿਫਾਫਿਆ ਵਿਚੋਂ ਗੈਰ ਕਾਨੂੰਨੀ ਅਤੇ ਗੈਰ ਜਮਹੂਰੀਅਤ ਢੰਗ ਨਾਲ ਨਿਕੱਲੇ ਐਸ.ਜੀ.ਪੀ.ਸੀ. ਦੇ ਬੀਤੇ ਸਮੇਂ ਅਤੇ ਅਜੋਕੇ ਸਮੇਂ ਦੇ ਪ੍ਰਧਾਨਾਂ, ਐਗਜੈਕਟਿਵ ਮੈਬਰਾਂ ਅਤੇ ਇਸ ਸੰਸਥਾਂ ਦੇ ਉੱਚ ਅਹੁਦਿਆ ਤੇ ਬੈਠੇ ਅਧਿਕਾਰੀਆਂ ਨੂੰ ਜਿ਼ੰਮੇਵਾਰ ਠਹਿਰਾਉਦੇ ਹੋਏ ਕਿਹਾ ਕਿ ਜਿਸ ਮਹਾਨ ਸੰਸਥਾਂ ਤੋਂ ਸਮੁੱਚੇ ਸੰਸਾਰ ਦੇ ਨਿਵਾਸੀਆਂ ਨੂੰ ਇਨਸਾਨੀਅਤ ਅਤੇ ਮਨੁੱਖਤਾ ਪੱਖੀ ਸੰਦੇਸ਼ ਜਾਂਦੇ ਰਹੇ ਹਨ, ਉਸ ਉਤੇ ਕਾਬਜ ਹੋਏ ਉਪਰੋਕਤ ਸਿਆਸਤਦਾਨਾਂ ਅਤੇ ਅਧਿਕਾਰੀਆਂ ਨੇ ਇਸ ਮਹਾਨ ਸੰਸਥਾਂ ਦੇ ਸਮੁੱਚੇ ਪ੍ਰਬੰਧ ਵਿਚ ਭ੍ਰਿਸ਼ਟਾਚਾਰ, ਗਬਨ, ਘਪਲਿਆ ਨੂੰ ਜਨਮ ਦੇ ਦਿੱਤਾ ਹੈ । ਜਿਸਦੀ ਬਦੌਲਤ ਗੁਰੂ ਕੀ ਗੋਲਕ ਦੀ ਲੰਮੇਂ ਸਮੇਂ ਤੋਂ ਵੱਡੇ ਪੱਧਰ ਤੇ ਦੁਰਵਰਤੋਂ ਵੀ ਹੁੰਦੀ ਆ ਰਹੀ ਹੈ । ਇਸ ਸੰਸਥਾਂ ਦੇ ਲੰਗਰਾਂ ਲਈ ਵਰਤੋਂ ਵਿਚ ਆਉਣ ਵਾਲੀਆ ਵਸਤਾਂ ਦਾਲਾਂ, ਸਬਜ਼ੀਆਂ, ਦੇਸੀ ਘੀ, ਇਮਾਰਤੀ ਸਾਜੋ ਸਮਾਨ, ਰੇਤਾ, ਬਜਰੀ, ਇੱਟਾਂ, ਲੱਕੜੀ ਅਤੇ ਹੋਰ ਬਿਜਲੀ ਉਪਕਰਨਾਂ ਦੀ ਖਰੀਦ-ਫਰੋਖਤ ਵਿਚ ਵੱਡੇ ਗਬਨ ਅਤੇ ਘਪਲੇ ਨਿਰੰਤਰ ਹੁੰਦੇ ਆ ਰਹੇ ਹਨ । ਗੁਰੂਘਰਾਂ ਵਿਚ ਵਰਤੋਂ ਆਉਣ ਵਾਲੇ ਸਿਰਪਾਓ, ਚੰਦੋਏ ਸਾਹਿਬ ਆਦਿ ਦੀ ਖਰੀਦ ਵਿਚ ਵੀ ਇਹ ਘਪਲੇ ਹੋ ਰਹੇ ਹਨ । ਐਸ.ਜੀ.ਪੀ.ਸੀ. ਦੇ ਵਹੀਕਲਜ, ਡਰਾਈਵਰਾਂ, ਤੇਲ-ਡੀਜ਼ਲ ਦੀ ਵੀ ਧਾਰਮਿਕ ਅਤੇ ਸਮਾਜਿਕ ਕੰਮਾਂ ਵਿਚ ਖ਼ਰਚ ਹੋਣ ਦੀ ਬਜਾਇ ਨਿੱਜੀ ਕੰਮਾਂ ਵਿਚ ਦੁਰਵਰਤੋਂ ਹੋ ਰਹੀ ਹੈ । ਸੰਗਤਾਂ ਦੀ ਸਹੂਲਤ ਲਈ ਕੌਮੀ ਖਜ਼ਾਨੇ ਰਾਹੀ ਬਣੀਆ ਰਿਹਾਇਸ਼ੀ ਇਮਾਰਤਾਂ ਦੀ ਅਧਿਕਾਰੀ ਅਤੇ ਸਿਆਸਤਦਾਨ ਆਪਣੀਆ ਐਯਾਸੀਆ ਆਦਿ ਲਈ ਵਰਤਕੇ ਸਿੱਖ ਕੌਮ ਦੇ ਫਖ਼ਰ ਵਾਲੇ ਮਹਾਨ ਇਤਿਹਾਸ ਨੂੰ ਗੰਧਲਾ ਕਰਦੇ ਆ ਰਹੇ ਹਨ । ਇਥੋਂ ਤੱਕ ਗੁਰੂਘਰਾਂ ਦੀਆਂ ਜ਼ਮੀਨਾਂ-ਜ਼ਾਇਦਾਦਾਂ ਆਪਣੇ ਰਿਸਤੇਦਾਰਾਂ ਅਤੇ ਪਰਿਵਾਰਿਕ ਮੈਬਰਾਂ ਨੂੰ ਨਾਮਾਤਰ ਠੇਕਿਆ ਉਤੇ ਦੇ ਕੇ ਲੁੱਟ-ਖਸੁੱਟ ਕੀਤੀ ਜਾਂਦੀ ਆ ਰਹੀ ਹੈ, ਜੋ ਐਸ.ਜੀ.ਪੀ.ਸੀ. ਅਧੀਨ ਵੱਡੀ ਗਿਣਤੀ ਵਿਚ ਵਿਦਿਅਕ, ਸਾਹਿਤਕ, ਤਕਨੀਕੀ ਵੱਡੇ ਅਦਾਰੇ ਹਨ, ਉਨ੍ਹਾਂ ਦੇ 5-5 ਮੈਬਰੀ ਪਰਿਵਾਰਿਕ ਟਰੱਸਟ ਬਣਾਕੇ ਇਸ ਕੌਮੀ ਵੱਡੀ ਜ਼ਾਇਦਾਦ ਨੂੰ ਇਨ੍ਹਾਂ ਭ੍ਰਿਸ਼ਟਾਚਾਰ ਸਿਆਸਤਦਾਨਾਂ ਅਤੇ ਅਧਿਕਾਰੀਆਂ ਨੇ ਨਿੱਜੀ ਜ਼ਾਇਦਾਦਾਂ ਬਣਾ ਦਿੱਤੀਆ ਹਨ । ਹੁਣ ਤਾਂ ਹੱਦ ਹੀ ਹੋ ਗਈ ਹੈ ਕਿ ਜਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਹਰ ਸਮੇਂ ਹਾਜ਼ਰ-ਨਾਜ਼ਰ ਜੀਵਤ ਗੁਰੂ ਸਮਝਕੇ ਅਗਵਾਈ ਲੈਦੇ ਆ ਰਹੇ ਹਾਂ, ਉਨ੍ਹਾਂ ਦੇ 328 ਪਾਵਨ ਸਰੂਪਾਂ ਨੂੰ ਬਿਨ੍ਹਾਂ ਕਿਸੇ ਰਿਕਾਰਡ, ਲਿਖਤ ਤੇ ਇਨ੍ਹਾਂ ਨੇ ਜਾਂ ਤਾਂ ਭ੍ਰਿਸ਼ਟਾਚਾਰੀ ਸੋਚ ਅਧੀਨ ਅੱਗੇ ਵੇਚ ਦਿੱਤੇ ਹਨ ਜਾਂ ਸਿੱਖ ਵਿਰੋਧੀ ਤਾਕਤਾਂ ਕੋਲ ਅਪਮਾਨ ਕਰਨ ਲਈ ਪਹੁੰਚਾ ਦਿੱਤੇ ਹਨ ਜਾਂ ਗੁਰਬਾਣੀ ਦੀਆਂ ਪੰਕਤੀਆਂ ਵਿਚ ਹੇਰ-ਫੇਰ ਕਰਕੇ ਪੁਰਾਤਨ ਗ੍ਰੰਥਾਂ ਨੂੰ ਅਲੋਪ ਕਰਕੇ ਕੌਮੀ ਸਿੱਖ ਇਤਿਹਾਸ ਅਤੇ ਗੁਰਬਾਣੀ ਨੂੰ ਇਸ ਸਾਜਿ਼ਸ ਅਧੀਨ ਬਦਲਣ ਦੇ ਮੰਦਭਾਵਨਾ ਭਰੇ ਮਿਸ਼ਨ ਰਾਹੀ ਭੇਜੇ ਜਾ ਰਹੇ ਹਨ । ਇਥੋਂ ਤੱਕ ਕਿ 450 ਪਾਵਨ ਸਰੂਪ ਲੰਮਾਂ ਸਮਾਂ ਗੁਰੂ ਮਰਿਯਾਦਾਵਾਂ ਦੀ ਉਲੰਘਣਾ ਕਰਕੇ ਕੈਨੇਡਾ ਦੇ ਸਮੁੰਦਰ ਦੇ ਕੰਡੇ ਤੇ ਇਕ ਬੱਸ ਵਿਚ ਹੀ ਸਮੁੰਦਰ ਦੀ ਨਮੀ ਦੇ ਕਾਰਨ ਨੁਕਸਾਨੇ ਜਾਣ ਲਈ ਇਹ ਸਭ ਅਧਿਕਾਰੀ ਅਤੇ ਸਿਆਸਤਦਾਨ ਜਿ਼ੰਮੇਵਾਰ ਹਨ । ਜੋ ਬੀਤੇ ਸਮੇਂ ਵਿਚ ਡੇਰਾ ਸਿਰਸੇ ਦੇ ਬਲਾਤਕਾਰੀ ਅਤੇ ਕਾਤਲ ਸਾਧ ਰਾਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਹੋਏ ਅਤੇ ਜਿਸਨੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਵਾਗ ਰਚਾਕੇ ਸਿੱਖ ਆਤਮਾਵਾਂ ਨੂੰ ਠੇਸ ਪਹੁੰਚਾਈ, ਉਸਨੂੰ ਆਪਣੇ ਜਥੇਦਾਰਾਂ ਰਾਹੀ ਮੁਆਫ਼ ਕਰਵਾਉਣ ਦੀ ਕਾਰਵਾਈ ਕਰਵਾਉਣ ਵਾਲੀ ਵੀ ਇਹ ਸਿਆਸਤਦਾਨ ਅਤੇ ਅਧਿਕਾਰੀ ਹਨ । ਕਹਿਣ ਤੋਂ ਭਾਵ ਹੈ ਕਿ ਸਮੁੱਚੀ ਐਸ.ਜੀ.ਪੀ.ਸੀ. ਦੇ ਵਿਚ ਤਾਇਨਾਤ ਅਧਿਕਾਰੀ ਅਤੇ ਉਨ੍ਹਾਂ ਦੀ ਸਰਪ੍ਰਸਤੀ ਕਰ ਰਹੇ ਸਿਆਸਤਦਾਨ ਅਸਲੀਅਤ ਵਿਚ ਬੀਜੇਪੀ-ਆਰ.ਐਸ.ਐਸ, ਮੰਨੂੰਸਮ੍ਰਿਤੀ ਦੀ ਮਨੁੱਖਤਾ ਵਿਰੋਧੀ ਸੋਚ ਨੂੰ ਲਾਗੂ ਕਰਨ ਵਾਲੀਆ ਤਾਕਤਾਂ ਦੇ ਇਹ ਸਿਆਸਤਦਾਨ ਅਤੇ ਅਧਿਕਾਰੀ ਪੂਰਨ ਰੂਪ ਵਿਚ ਹੱਥਠੋਕੇ ਬਣ ਚੁੱਕੇ ਹਨ । ਇਥੋਂ ਤੱਕ ਉਪਰੋਕਤ ਤਾਕਤਾਂ ਦੇ ਨਿਰਦੇਸ਼ਾਂ ਦੁਆਰਾ ਗੁਰੂਘਰਾਂ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਅਪਮਾਨ ਕਰਨ ਵਾਲੀਆ ਸਾਜਿ਼ਸਾਂ ਨੂੰ ਅਮਲੀ ਰੂਪ ਦੇਣ ਵਾਲੇ ਅਤੇ ਸ਼ਾਂਤਮਈ ਸਿੱਖਾਂ ਨੂੰ ਸ਼ਹੀਦ ਕਰਨ ਵਾਲੀ ਪੁਲਿਸ ਅਫ਼ਸਰਸ਼ਾਹੀ ਦੀ ਇਹ ਬਾਦਲ ਦਲੀਏ ਅਤੇ ਅਧਿਕਾਰੀ ਸਰਪ੍ਰਸਤੀ ਕਰਦੇ ਆ ਰਹੇ ਹਨ । ਇਹ ਲੋਕ ਸਭ ਇਖਲਾਕੀ, ਧਰਮੀ, ਸਮਾਜਿਕ, ਇਨਸਾਨੀ ਕਦਰਾ-ਕੀਮਤਾ ਨੂੰ ਪਿੱਠ ਦੇ ਕੇ ਕੇਵਲ ਸਿੱਖ ਧਰਮ, ਸਿੱਖ ਕੌਮ ਦੀਆਂ ਸੰਸਾਰ ਪੱਧਰ ਪੱਖੀ ਸੋਚ ਨੂੰ ਹੀ ਖਤਮ ਕਰਨ ਤੇ ਹੀ ਨਹੀਂ ਲੱਗੇ ਹੋਏ, ਬਲਕਿ ਸਿੱਖ ਕੌਮ ਦੇ ਉੱਚੇ-ਸੁੱਚੇ ਕਿਰਦਾਰ ਅਤੇ ਫਖ਼ਰ ਵਾਲੇ ਇਤਿਹਾਸ ਨੂੰ ਬਦਲਣ ਅਤੇ ਖ਼ਤਮ ਕਰਨ ਦੇ ਭਾਗੀ ਵੀ ਬਣੇ ਹੋਏ ਹਨ । ਅਜਿਹੇ ਸਮੇਂ ਵਿਚ ਹਰ ਗੁਰਸਿੱਖ ਦਾ ਇਹ ਫਰਜ ਬਣ ਜਾਂਦਾ ਹੈ ਕਿ ਜੋ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਰਗੀ ਦ੍ਰਿੜ ਕੌਮ ਪੱਖੀ ਸਖਸ਼ੀਅਤ ਵੱਲੋਂ ਦੂਸਰੀਆਂ ਪੰਥਕ ਜਥੇਬੰਦੀਆਂ ਅਤੇ ਉਨ੍ਹਾਂ ਦੇ ਆਗੂਆਂ ਦੇ ਸਹਿਯੋਗ ਨਾਲ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਵਿਚ ਆਏ ਵੱਡੇ ਨਿਘਾਰ ਦਾ ਖਾਤਮਾ ਕਰਨ ਲਈ ਬੀੜਾ ਚੁੱਕਿਆ ਗਿਆ ਹੈ ਅਤੇ ਜਿਸਨੂੰ ਲੈਕੇ ਬੀਤੇ 31 ਦਿਨਾਂ ਤੋਂ ਲੌਂਗੋਵਾਲ ਵਿਖੇ ਕੌਮੀ ਮੋਰਚਾ ਲਗਾਇਆ ਹੋਇਆ ਹੈ ਅਤੇ ਇਸਦੇ ਨਾਲ ਹੀ ਸੈਂਟਰ ਦੀ ਕਿਸਾਨ ਮਾਰੂ ਮੰਦਭਾਵਨਾ ਭਰੀ ਅਤੇ ਨੀਤੀ ਅਤੇ ਅਮਲਾਂ ਵਿਰੁੱਧ ਕਿਸਾਨ ਯੁਨੀਅਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੰਭੂ ਵਿਖੇ ਮੋਰਚਾ ਚਲਾਇਆ ਹੋਇਆ ਹੈ, ਉਨ੍ਹਾਂ ਸਭ ਇਨਸਾਫ਼ ਪ੍ਰਾਪਤੀ ਲਈ ਅਤੇ ਅਣਖ਼-ਗੈਰਤ ਦੀ ਜਿ਼ੰਦਗੀ ਜਿਊਂਣ ਲਈ ਚੱਲ ਰਹੇ ਦੋਵੇ ਅਤੇ 31 ਜਥੇਬੰਦੀਆਂ ਦੇ ਮੋਰਚਿਆ ਦੀ ਕਾਮਯਾਬੀ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੀ ਅਲੋਪਤਾ ਅਤੇ ਅਪਮਾਨਿਤ ਲਈ ਦੋਸ਼ੀ ਅਧਿਕਾਰੀਆਂ ਅਤੇ ਸਿਆਸਤਦਾਨਾਂ ਖਿਲਾਫ਼ ਐਫ.ਆਈ.ਆਰ. ਦਰਜ ਕਰਵਾਕੇ ਸਜ਼ਾਵਾਂ ਦਿਵਾਉਣ ਦੇ ਮਕਸਦ ਲਈ ਅਤੇ ਸਮੁੱਚੇ ਪੰਜਾਬੀਆਂ ਦੀ ਹਰ ਪੱਖੋ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਸਾਨੂੰ ਸਭ ਵਰਗ ਸਹਿਯੋਗ ਕਰਨ । ਅਸੀਂ ਪੰਥਕ ਦੋਸ਼ੀਆਂ, ਪੰਜਾਬ ਸੂਬੇ, ਪੰਜਾਬੀਆਂ ਅਤੇ ਸਭ ਵਰਗਾਂ ਨਾਲ ਧ੍ਰੋਹ ਕਮਾਉਣ ਵਾਲੇ ਸੈਂਟਰ ਦੇ ਹੁਕਮਰਾਨਾਂ ਨੂੰ ਕਾਨੂੰਨ ਅਤੇ ਸੰਸਾਰ ਦੇ ਚੁਰਾਹੇ ਖੜ੍ਹਾ ਕਰਕੇ ਸਜ਼ਾਵਾਂ ਦਿਵਾਉਣ ਲਈ ਹੀ ਬਚਨਬੰਧ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਨਿਵਾਸੀਆ ਅਤੇ ਮਨੁੱਖਤਾ ਨੂੰ ਅਮਨ-ਚੈਨ ਅਤੇ ਜਮਹੂਰੀਅਤ ਪੱਖੀ ਜਿੰਦਗੀ ਜਿਊਣ ਦਾ ਪ੍ਰਬੰਧ ਦੇਣ ਲਈ ਵੀ ਬਚਨਬੰਧ ਹਾਂ । ਆਗੂਆਂ ਨੇ ਸਮੁੱਚੇ ਪੰਜਾਬੀਆਂ, ਸਿੱਖ ਕੌਮ, ਰੰਘਰੇਟਿਆ, ਦਲਿਤਾਂ, ਘੱਟ ਗਿਣਤੀਆਂ, ਕਿਸਾਨਾਂ, ਖੇਤ-ਮਜ਼ਦੂਰਾਂ, ਵਿਦਿਆਰਥੀਆਂ ਅਤੇ ਸਭ ਵਰਗਾਂ ਤੋਂ ਇਹ ਉਮੀਦ ਪ੍ਰਗਟ ਕੀਤੀ ਕਿ ਉਪਰੋਕਤ ਦੋਵੇ ਧਾਰਮਿਕ ਅਤੇ ਪੰਜਾਬ ਸੂਬੇ ਅਤੇ ਪੰਜਾਬੀਆਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਵਾਲੇ ਸੁਰੂ ਕੀਤੇ ਗਏ ਸੰਘਰਸ਼ ਅਤੇ ਉਦਮਾਂ ਵਿਚ ਸਹਿਯੋਗ ਵੀ ਕਰਨਗੇ ਅਤੇ ਮਿਸ਼ਨ ਦੀ ਪ੍ਰਾਪਤੀ ਤੱਕ ਆਪੋ-ਆਪਣੀਆ ਜਿ਼ੰਮੇਵਾਰੀਆਂ ਨਿਭਾਉਦੇ ਰਹਿਣਗੇ ।

ਅੱਜ ਦੇ ਇਸ ਭਰਵੇਂ ਪੰਜਾਬੀਆਂ ਅਤੇ ਪੰਥਕ ਇੱਕਠ ਵਿਚ ਵਿਚਾਰਾਂ ਰਾਹੀ ਯੋਗਦਾਨ ਪਾਉਣ ਵਾਲਿਆ ਵਿਚ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਇਮਾਨ ਸਿੰਘ ਮਾਨ, ਕਰਨੈਲ ਸਿੰਘ ਨਾਰੀਕੇ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਗੁਰਨੈਬ ਸਿੰਘ ਰਾਮਪੁਰਾ, ਬਹਾਦਰ ਸਿੰਘ ਭਸੌੜ, ਗੋਬਿੰਦ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸੈਣੀ, ਗੁਰਦੀਪ ਸਿੰਘ ਬਠਿੰਡਾ, ਅੰਮ੍ਰਿਤਪਾਲ ਸਿੰਘ ਸਿੱਧੂ, ਅਮਰੀਕ ਸਿੰਘ ਨੰਗਲ, ਜਸਵੰਤ ਸਿੰਘ ਚੀਮਾਂ ਲੁਧਿਆਣਾ, ਪਰਮਿੰਦਰ ਸਿੰਘ ਬਾਲਿਆਵਾਲੀ, ਗੁਰਚਰਨ ਸਿੰਘ ਭੁੱਲਰ, ਸੁਖਜੀਤ ਸਿੰਘ ਡਰੋਲੀ, ਰਜਿੰਦਰ ਸਿੰਘ ਫ਼ੌਜੀ, ਹਰਬੰਸ ਸਿੰਘ ਪੈਲੀ, ਗੁਰਮੀਤ ਸਿੰਘ ਮਾਨ, ਸਿੰਗਾਰਾ ਸਿੰਘ ਬਡਲਾ, ਅੰਮ੍ਰਿਤਪਾਲ ਸਿੰਘ ਛੰਦੜਾ ਯੂਥ ਪ੍ਰਧਾਨ, ਪਰਮਜੀਤ ਸਿੰਘ ਰਿੰਕਾ ਪੁਲਿਸ ਜਿ਼ਲ੍ਹਾ ਖੰਨਾ ਪ੍ਰਧਾਨ ਆਦਿ ਵੱਡੀ ਗਿਣਤੀ ਵਿਚ ਆਗੂਆਂ, ਜਿ਼ਲ੍ਹਾ ਪ੍ਰਧਾਨਾਂ, ਸਰਕਲ ਪ੍ਰਧਾਨਾਂ ਅਤੇ ਯੂਥ ਵਿੰਗ ਦੇ ਨੌਜ਼ਵਾਨਾਂ ਨੇ ਸਮੂਲੀਅਤ ਕੀਤੀ ਅਤੇ ਪ੍ਰਣ ਕੀਤਾ ਕਿ ਉਪਰੋਕਤ ਦੋਵੇ ਮੋਰਚਿਆ ਦੇ ਮਿਸ਼ਨ ਦੀ ਪ੍ਰਾਪਤੀ ਹੋਣ ਤੱਕ ਮੋਰਚੇ ਇਸੇ ਤਰ੍ਹਾਂ ਜਾਰੀ ਰੱਖੇ ਜਾਣਗੇ । ਸਟੇਜ਼ ਸਕੱਤਰ ਵੱਲੋਂ ਸਮੁੱਚੇ ਆਏ ਖ਼ਾਲਸਾ ਪੰਥ ਅਤੇ ਆਗੂਆਂ ਦਾ ਅੱਜ ਦੇ ਇੱਕਠ ਲਈ ਧੰਨਵਾਦ ਕੀਤਾ ।

About The Author

Related posts

Leave a Reply

Your email address will not be published. Required fields are marked *