Verify Party Member
Header
Header
ਤਾਜਾ ਖਬਰਾਂ

ਸੋਹਾਣਾ ਵਿਖੇ ਬੀਤੇ ਦਿਨੀਂ ਡਿਸਪੋਜਲ ਪਲੇਟਾਂ ਗੁਰਬਾਣੀ ਦੇ ਪੱਤਰਿਆ ਨਾਲ ਬਣਾਉਣ ਦੇ ਅਮਲ ਸਿੱਖ ਕੌਮ ਦਾ ਹਿਰਦਾ ਵਲੂੰਧਰਣ ਵਾਲੇ : ਮਾਨ

ਸੋਹਾਣਾ ਵਿਖੇ ਬੀਤੇ ਦਿਨੀਂ ਡਿਸਪੋਜਲ ਪਲੇਟਾਂ ਗੁਰਬਾਣੀ ਦੇ ਪੱਤਰਿਆ ਨਾਲ ਬਣਾਉਣ ਦੇ ਅਮਲ ਸਿੱਖ ਕੌਮ ਦਾ ਹਿਰਦਾ ਵਲੂੰਧਰਣ ਵਾਲੇ : ਮਾਨ

ਮੋਹਾਲੀ, 17 ਮਾਰਚ ( ) “ਬੀਤੇ ਲੰਮੇਂ ਸਮੇਂ ਤੋਂ ਕੋਟਕਪੂਰਾ ਦੇ ਜਵਾਹਰ ਸਿੰਘ ਵਾਲਾ ਪਿੰਡ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰਿਆ ਅਤੇ ਗੁਟਕਿਆ ਦੇ ਸੁਰੂ ਹੋਏ ਅਪਮਾਨ ਤੋਂ ਲੈਕੇ ਅੱਜ ਤੱਕ ਵੱਡੀ ਗਿਣਤੀ ਵਿਚ ਹੋਈਆ ਅਜਿਹੀਆ ਹਰਕਤਾਂ ਦਾ ਸਮੇਂ ਦੀ ਬਾਦਲ-ਬੀਜੇਪੀ ਹਕੂਮਤ ਅਤੇ ਸੈਟਰ ਦੀ ਹਕੂਮਤ ਨੇ ਕਦੀ ਵੀ ਗੰਭੀਰ ਨੋਟਿਸ ਨਹੀਂ ਲਿਆ ਅਤੇ ਨਾ ਹੀ ਅਜਿਹੀਆ ਕਾਰਵਾਈਆ ਦੇ ਦੋਸ਼ੀਆਂ ਨੂੰ ਸਾਹਮਣੇ ਲਿਆਕੇ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ ਦਾ ਕੋਈ ਪ੍ਰਬੰਧ ਕੀਤਾ । ਅਜੇ ਬੀਤੇ ਸਮੇਂ ਦੇ ਦੁੱਖਦਾਇਕ ਅਮਲਾਂ ਸੰਬੰਧੀ ਸਿੱਖ ਕੌਮ ਨੂੰ ਕੋਈ ਇਨਸਾਫ਼ ਨਹੀਂ ਮਿਲਿਆ, ਬੀਤੇ ਦੋ ਦਿਨ ਪਹਿਲੇ ਮੋਹਾਲੀ ਜਿ਼ਲ੍ਹੇ ਦੇ ਸੋਹਾਣਾ ਵਿਖੇ ਡਿਸਪੋਜਲ ਵਾਲੀਆ ਉਹ ਪਲੇਟਾਂ ਸਾਹਮਣੇ ਆਈਆ ਜਿਨ੍ਹਾਂ ਨੂੰ ਗੁਰਬਾਣੀ ਦੇ ਪੱਤਰਿਆ ਨਾਲ ਬਣਾਇਆ ਗਿਆ ਸੀ । ਇਹ ਇਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰਬਾਣੀ ਦਾ ਅਪਮਾਨ ਕਰਨ ਦੀ ਡੂੰਘੀ ਸਾਜਿ਼ਸ ਦਾ ਹਿੱਸਾ ਹੈ । ਇਹ ਹੋਰ ਵੀ ਦੁੱਖਦਾਇਕ ਅਤੇ ਸਿੱਖ ਕੌਮ ਨਾਲ ਬੇਇਨਸਾਫ਼ੀ ਵਾਲੇ ਅਮਲ ਹਨ ਕਿ ਸਾਡੀ ਪਾਰਟੀ ਦੇ ਸੀਨੀਅਰ ਮੈਬਰਾਂ ਸ. ਦਲਜੀਤ ਸਿੰਘ ਕੁਭੜਾ, ਸ. ਮਨਜੀਤ ਸਿੰਘ ਰਾਮਪੁਰਾ, ਸ. ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਟੀਮ ਉਪਰੋਕਤ ਘਟਨਾ ਦੇ ਸਥਾਂਨ ਤੇ ਪਹੁੰਚੀ ਅਤੇ ਸੰਬੰਧਤ ਪੁਲਿਸ ਸਟੇਸ਼ਨ ਵਿਚ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਤੁਰੰਤ ਦੋਸ਼ੀਆ ਦੀ ਭਾਲ ਕਰਕੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ । ਪਰ ਦੋ ਦਿਨ ਬੀਤ ਜਾਣ ਉਪਰੰਤ ਵੀ ਅਜੇ ਤੱਕ ਐਫ.ਆਈ.ਆਰ ਵੀ ਦਰਜ ਨਹੀਂ ਕੀਤੀ ਗਈ । ਜਿਸ ਤੋਂ ਹੁਕਮਰਾਨਾਂ ਦੀ ਅਜਿਹੇ ਮਸਲਿਆ ਸੰਬੰਧੀ ਗੰਭੀਰਤਾ ਕਿੰਨੀ ਕੁ ਹੈ ਸਪੱਸਟ ਨਜ਼ਰ ਆਉਦੀ ਹੈ । ਸਿੱਖ ਕੌਮ ਲਈ ਅਜਿਹੇ ਅਮਲ ਉਨ੍ਹਾਂ ਦਾ ਹਿਰਦਾ ਵਲੂੰਧਰਣ ਵਾਲੇ ਅਸਹਿ ਹਨ । ਜਿਸ ਲਈ ਉਸ ਦਿਨ ਦੀ ਬਾਦਲ-ਬੀਜੇਪੀ ਦੀ ਹਕੂਮਤ ਜਿੰਮੇਵਾਰ ਹੈ, ਕਿਉਂਕਿ ਉਸ ਦਿਨ ਤੱਕ ਨਵੀਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੋਦ ਵਿਚ ਨਹੀਂ ਆਈ ਸੀ । ਲੇਕਿਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਭਾਵੇ ਸਰਕਾਰ ਬਾਦਲ-ਬੀਜੇਪੀ ਦੀ ਹੋਵੇ ਜਾਂ ਕਾਂਗਰਸ ਦੀ ਇਸ ਕਰਕੇ ਇਨਸਾਫ਼ ਮਿਲਣਾ ਅਸੰਭਵ ਹੈ ਕਿਉਂਕਿ ਇਹ ਸਭ ਪੰਜਾਬ ਦੇ ਹੁਕਮਰਾਨ ਤੇ ਮੁੱਖ ਮੰਤਰੀ ਆਪਣੇ ਸੈਟਰ ਦੇ ਅਕਾਵਾਂ ਤੋਂ ਹੁਕਮ ਲੈਕੇ ਹੀ ਪੰਜਾਬ ਵਿਚ ਪਾਲਸੀਆ ਬਣਾਉਦੇ ਹਨ ਅਤੇ ਲਾਗੂ ਕਰਦੇ ਹਨ । ਇਹੀ ਵਜਹ ਹੈ ਅਜੇ ਤੱਕ ਬਰਗਾੜੀ ਵਿਖੇ ਪੁਲਿਸ ਵੱਲੋਂ ਮਾਰੇ ਗਏ ਸਿੱਖ ਨੌਜ਼ਵਾਨਾਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਵਾਹਰ ਸਿੰਘ ਵਾਲਾ ਤੋਂ ਲੈਕੇ ਸੋਹਾਣਾ ਤੱਕ ਹੋਈਆ ਗੁਰੂ ਗ੍ਰੰਥ ਸਾਹਿਬ ਅਤੇ ਗੁਟਕਿਆ ਦੀਆਂ ਬੇਅਦਬੀਆ ਅਤੇ ਅਪਮਾਨ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਦੁੱਖਦਾਇਕ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਸੋਹਾਣਾ ਵਿਖੇ ਗੁਰਬਾਣੀ ਦੇ ਹੋਏ ਅਪਮਾਨ ਦੀ ਐਫ.ਆਈ.ਆਰ. ਦਰਜ ਨਾ ਕਰਨ ਉਤੇ ਡੂੰਘੇ ਦੁੱਖ ਅਤੇ ਅਫ਼ਸੋਸ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਮਨਾਂ ਨੂੰ ਵਾਰ-ਵਾਰ ਸਾਜ਼ਸੀ ਢੰਗਾਂ ਰਾਹੀ ਜਖ਼ਮੀ ਕਰਨ ਦੇ ਹੋ ਰਹੇ ਅਮਲਾਂ ਨੂੰ ਹੁਕਮਰਾਨਾਂ ਅਤੇ ਪੁਲਿਸ ਵੱਲੋਂ ਨਾ ਰੋਕੇ ਜਾਣਾ ਅਤੇ ਦੋਸ਼ੀਆਂ ਨੂੰ ਸਾਹਮਣੇ ਨਾ ਲਿਆਉਣਾ ਸਪੱਸਟ ਰੂਪ ਵਿਚ ਸਿੱਖ ਕੌਮ ਨੂੰ ਇਨਸਾਫ਼ ਨਾ ਦੇਣ ਦੀਆਂ ਕਾਰਵਾਈਆ ਦੇ ਨਾਲ-ਨਾਲ ਇਥੋ ਦੇ ਮਾਹੌਲ ਨੂੰ ਕੁੜੱਤਣ ਭਰਿਆ ਬਣਾਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਅਜਿਹੀ ਕਿਸੇ ਵੀ ਸਥਾਂਨ ਤੇ ਦੁੱਖਦਾਇਕ ਘਟਨਾ ਵਾਪਰਦੀ ਹੈ, ਹੁਕਮਰਾਨਾਂ, ਅਫ਼ਸਰਸ਼ਾਹੀ ਦੇ ਨਾਲ-ਨਾਲ ਸਿੱਖ ਕੌਮ ਦੀ ਇਕੋ ਇਕ ਵਾਹਦ ਧਾਰਮਿਕ ਜਥੇਬੰਦੀ ਸ੍ਰ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੁਰੰਤ ਸੰਜ਼ੀਦਾ ਢੰਗ ਨਾਲ ਕਾਰਵਾਈ ਹੋਣੀ ਬਣਦੀ ਹੈ । ਪਰ ਸੋਹਾਣਾ ਵਾਲੀ ਘਟਨਾ ਉਤੇ ਐਸ.ਜੀ.ਪੀ.ਸੀ. ਵੱਲੋਂ ਕੁੰਭਕਰਨੀ ਨੀਂਦ ਵਿਚ ਸੁੱਤੇ ਹੋਣਾ ਸਾਬਤ ਕਰਦਾ ਹੈ, ਕਿ ਮੌਜੂਦਾ 2011 ਦੀ ਬਣੀ ਐਸ.ਜੀ.ਪੀ.ਸੀ. ਆਪਣੀ ਮਿਆਦ ਵੀ ਪੁਗਾ ਚੁੱਕੀ ਹੈ ਅਤੇ ਆਪਣੀਆ ਸਿੱਖ ਕੌਮ ਪ੍ਰਤੀ ਜਿੰਮੇਵਾਰੀਆ ਨੂੰ ਪੂਰਨ ਕਰਨ ਵਿਚ ਵੀ ਅਸਫ਼ਲ ਹੋ ਚੁੱਕੀ ਹੈ । ਜੋ ਕਿ ਸਿੱਖ ਕੌਮ ਉਤੇ ਜਬਰੀ ਠੋਸੀ ਗਈ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਵੀ ਮੰਗ ਕਰਦਾ ਹੈ ਕਿ ਮਿਆਦ ਪੁਗਾ ਚੁੱਕੀ ਮੌਜੂਦਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਗਜੈਕਟਿਵ ਕਮੇਟੀ ਨੂੰ ਭੰਗ ਕਰਕੇ ਨਿਰਪੱਖਤਾ ਨਾਲ ਫਿਰ ਤੋ ਫੌਰੀ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਕਰਵਾਈਆ ਜਾਣ । ਤਾਂ ਕਿ ਸਿੱਖ ਕੌਮ ਨਾਲ ਸੰਬੰਧਤ ਸਭ ਮਸਲਿਆ ਦਾ ਸਹੀ ਰੂਪ ਵਿਚ ਨਵੀ ਚੁਣੀ ਜਾਣ ਵਾਲੀ ਐਸ.ਜੀ.ਪੀ.ਸੀ. ਕਰ ਸਕੇ ਅਤੇ ਐਸ.ਜੀ.ਪੀ.ਸੀ. ਦੇ ਪ੍ਰਬੰਧ ਵਿਚ ਆਈਆ ਪ੍ਰਬੰਧਕੀ ਖਾਮੀਆ ਨੂੰ ਦੂਰ ਕਰਕੇ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਪਾਰਦਰਸੀ ਪ੍ਰਬੰਧ ਕਾਇਮ ਕੀਤਾ ਜਾ ਸਕੇ ।

About The Author

Related posts

Leave a Reply

Your email address will not be published. Required fields are marked *