ਸੈਂਟਰਲ ਏਜੰਸੀ ਐਨ.ਆਈ.ਏ. ਵੱਲੋਂ ਪੰਜਾਬੀ ਸਿੱਖ ਨੌਜ਼ਵਾਨੀ ਨੂੰ ਨੋਟਿਸ ਭੇਜਣ ਦੇ ਅਮਲ ਗੈਰ-ਜਮਹੂਰੀਅਤ ਢੰਗ ਨਾਲ ਦਹਿਸਤ ਪੈਦਾ ਕਰਨ ਵਾਲੇ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 18 ਜਨਵਰੀ ( ) “ਜਦੋਂ ਇੰਡੀਆ ਦੀ ਮੋਦੀ ਹਕੂਮਤ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਅਨੁਸਾਸਿਤ ਤਰੀਕੇ ਪੂਰੀ ਕਾਮਯਾਬੀ ਨਾਲ ਚੱਲ ਰਹੇ ਕਿਸਾਨ ਅੰਦੋਲਨ ਨੂੰ ਸਭ ਰਚੀਆ ਗਈਆ ਸਾਜਿ਼ਸਾਂ ਦੇ ਬਾਵਜੂਦ ਵੀ ਨਾ ਤਾਂ ਬਦਨਾਮ ਕਰ ਸਕੀ ਅਤੇ ਨਾ ਹੀ ਕਿਸਾਨ-ਮਜਦੂਰਾਂ ਅਤੇ ਸਮੁੱਚੇ ਇੰਡੀਆ ਦੇ ਨਿਵਾਸੀਆ ਦੇ ਹੌਸਲੇ ਨੂੰ ਪਸਤ ਕਰ ਸਕੀ, ਤਾਂ ਇਨ੍ਹਾਂ ਜਾਲਮ ਹੁਕਮਰਾਨਾਂ ਨੇ ਆਪਣੇ ਗੁੱਝੇ ਮਕਸਦਾਂ ਦੀ ਪ੍ਰਾਪਤੀ ਲਈ ਬਣਾਈ ਗਈ ਸੈਂਟਰਲ ਏਜੰਸੀ ਐਨ.ਆਈ.ਏ. ਦੀ ਗੈਰ-ਵਿਧਾਨਿਕ ਤਰੀਕੇ ਦੁਰਵਰਤੋਂ ਕਰਦੇ ਹੋਏ ਪੰਜਾਬੀ ਸਿੱਖ ਨੌਜ਼ਵਾਨੀ ਜੋ ਕਿਸਾਨ ਮੋਰਚੇ ਵਿਚ ਬਹੁਤ ਹੀ ਸਿੱਦਤ, ਦ੍ਰਿੜਤਾ ਅਤੇ ਜਿ਼ੰਮੇਵਾਰੀ ਨਾਲ ਆਪਣੀ ਭੂਮਿਕਾ ਨਿਭਾਅ ਰਹੀ ਹੈ, ਉਨ੍ਹਾਂ ਦੇ ਨਾਮ, ਪਤੇ ਇਕੱਤਰ ਕਰਕੇ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਣ ਤੇ ਸਮੁੱਚੇ ਅੰਦੋਲਨਕਾਰੀਆ ਵਿਚ ਦਹਿਸਤ ਪੈਦਾ ਕਰਨ ਦੇ ਅਮਲ ਸੁਰੂ ਕਰ ਦਿੱਤੇ ਹਨ । ਜਿਸ ਅਧੀਨ ਪੰਜਾਬ ਦੇ ਸੈਕੜਿਆ ਦੀ ਗਿਣਤੀ ਵਿਚ ਨੌਜ਼ਵਾਨੀ ਨੂੰ ਅਜਿਹੇ ਨੋਟਿਸ ਭੇਜੇ ਗਏ ਹਨ । ਇਸਦੇ ਨਾਲ ਹੀ ਵਟਸਅੱਪ ਅਤੇ ਐਸ.ਐਮ.ਐਸ. ਰਾਹੀ ਜੋ ਇਥੋਂ ਦੇ ਨਾਗਰਿਕਾਂ ਨੂੰ ਆਪਣੇ ਜ਼ਰੂਰੀ ਸੰਦੇਸ਼ ਅਤੇ ਦਸਤਾਵੇਜ ਇਕ-ਦੂਸਰੇ ਨੂੰ ਮੁਹੱਈਆ ਕਰਨ ਦੀ ਸਹੂਲਤ ਹੈ, ਉਸ ਉਤੇ ਵੀ ਸਰਕਾਰੀ ਚੈਕਿੰਗ ਦੀ ਦਹਿਸਤ ਪਾ ਕੇ ਕਿਸਾਨ ਮੋਰਚੇ ਵਿਚ ਸਾਮਿਲ ਹੋਣ ਵਾਲੇ ਸਮੁੱਚੇ ਇੰਡੀਅਨ ਨਿਵਾਸੀਆ, ਪੰਜਾਬੀਆ ਤੇ ਸਿੱਖਾਂ ਉਤੇ ਧੋਸ ਜਮਾਈ ਜਾ ਰਹੀ ਹੈ । ਇਹ ਦੋਵੇ ਅਮਲ ਜਿਥੇ ਇਥੋਂ ਦੇ ਨਾਗਰਿਕਾਂ ਦੀ ਆਜ਼ਾਦੀ ਨਾਲ ਵਿਚਰਨ ਦੇ ਵਿਧਾਨਿਕ ਹੱਕਾਂ ਨੂੰ ਜਬਰੀ ਕੁੱਚਲਣ ਵਾਲੇ ਹਨ, ਉਥੇ ਹਕੂਮਤੀ ਧੋਸ ਜਮਾਉਣ ਵਾਲੇ ਦੁੱਖਦਾਇਕ ਅਮਲ ਹਨ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਪੁਰਜੋਰ ਸ਼ਬਦਾਂ ਵਿਚ ਅਜਿਹੇ ਅਮਲਾਂ ਦੀ ਨਿੰਦਾ ਕਰਦਾ ਹੈ, ਉਥੇ ਸਮੁੱਚੇ ਪੰਜਾਬੀਆ, ਸਿੱਖ ਕੌਮ ਅਤੇ ਇੰਡੀਆ ਦੇ ਕਿਸਾਨ-ਮਜਦੂਰ ਅਤੇ ਹੋਰਨਾਂ ਵਰਗਾਂ ਨੂੰ ਹੁਕਮਰਾਨਾਂ ਦੇ ਅਜਿਹੇ ਨਾਦਰਸਾਹੀ ਹੁਕਮਾਂ ਅੱਗੇ ਕਿਸੇ ਤਰ੍ਹਾਂ ਵੀ ਨਾ ਝੁਕਣ ਅਤੇ ਇਸ ਵਿਰੁੱਧ ਸਮੂਹਿਕ ਤੌਰ ਤੇ ਸੰਘਰਸ਼ ਨੂੰ ਚੱਲਦਾ ਰੱਖਣ ਦੀ ਜੋਰਦਾਰ ਅਪੀਲ ਕਰਦਾ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੀ ਮੋਦੀ ਹਕੂਮਤ ਦੇ ਵੱਲੋਂ ਵਰਤੇ ਜਾ ਰਹੇ ਗੈਰ-ਵਿਧਾਨਿਕ ਘਟੀਆ ਹੱਥਕੰਡਿਆਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਸਮੁੱਚੇ ਕਿਸਾਨ ਸੰਘਰਸ ਨਾਲ ਜੁੜੇ ਵਰਗਾਂ ਅਤੇ ਸੰਸਾਰ ਦੇ ਇਨਸਾਫ਼ ਪਸ਼ੰਦ ਨਿਵਾਸੀਆ ਤੇ ਹਕੂਮਤਾਂ ਨੂੰ ਇਸ ਵਿਸ਼ੇ ਤੇ ਜੋਰਦਾਰ ਆਵਾਜ ਉਠਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਕਮਰਾਨ ਅਕਸਰ ਹੀ ਆਪਣੇ ਗੁੱਝੇ ਅਤੇ ਸੌੜੇ ਮਕਸਦਾਂ ਦੀ ਪ੍ਰਾਪਤੀ ਲਈ ਦਹਿਸਤ ਅਤੇ ਜੋਰ-ਜਬਰ ਤੋਂ ਕੰਮ ਲੈਦੇ ਹਨ, ਤਾਂ ਕਿ ਉਨ੍ਹਾਂ ਦੇ ਤਾਨਾਸ਼ਾਹੀ ਹੁਕਮਾਂ ਅੱਗੇ ਕੋਈ ਸਿਰ ਨਾ ਚੱਕ ਸਕੇ । ਲੇਕਿਨ ਹੁਕਮਰਾਨ ਸਿੱਖ ਕੌਮ ਦੇ ਫਖ਼ਰ ਵਾਲੇ ਅਤੇ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਡੱਟਕੇ ਖਲੋ ਜਾਣ ਦੇ ਮਹਾਨ ਇਤਿਹਾਸ, ਕੁਰਬਾਨੀਆ ਤੇ ਅਜਿਹੇ ਸਮਿਆ ਤੇ ਬੀਤੇ ਸਮੇਂ ਵਿਚ ਸਾਨ ਨਾਲ ਹੋਣ ਵਾਲੀ ਫ਼ਤਹਿ ਨੂੰ ਵੀ ਭੁੱਲ ਜਾਂਦੇ ਹਨ । ਜਿਸਦਾ ਨਤੀਜਾ ਇਹ ਹੁੰਦਾ ਹੈ ਕਿ ਹਊਮੈ ਵਿਚ ਗ੍ਰਸਤ ਹੋਇਆ ਹੁਕਮਰਾਨ ਅਜਿਹੇ ਜਾਬਰ ਅਮਲਾਂ ਰਾਹੀ ਸਮੁੱਚੀ ਜਨਤਾ ਨੂੰ ਹੀ ਵੱਡੀ ਮੁਸ਼ਕਿਲ ਵਿਚ ਹੀ ਨਹੀਂ ਪਾ ਦਿੰਦਾ ਲੇਕਿਨ ਅੰਤ ਨੂੰ ਉਸ ਨੂੰ ਆਪਣੇ ਵੱਲੋਂ ਕੀਤੀਆ ਗੁਸਤਾਖੀਆ ਲਈ ਪਛਤਾਉਣਾ ਵੀ ਪੈਦਾ ਹੈ । ਕਿਉਂਕਿ ਕੋਈ ਵੀ ਹੁਕਮਰਾਨ ਲੋਕ ਸੰਘਰਸ਼ ਅੱਗੇ ਕਦੀ ਨਹੀਂ ਟਿਕ ਸਕਦਾ । ਬਦੀ ਦੀ ਅਗਵਾਈ ਕਰਨ ਵਾਲੀਆ ਤਾਕਤਾਂ ਦੀ ਹਾਰ ਹੁੰਦੀ ਹੈ ਅਤੇ ਨੇਕੀ ਦੀ ਅਗਵਾਈ ਕਰਨ ਵਾਲੀਆ ਆਤਮਾਵਾ ਅਤੇ ਲੋਕ ਸੰਘਰਸ਼ਾਂ ਦੀ ਹਮੇਸ਼ਾਂ ਫ਼ਤਹਿ ਹੁੰਦੀ ਹੈ । ਇਸ ਲਈ ਹੁਕਮਰਾਨਾਂ ਲਈ ਇਹ ਬਿਹਤਰ ਹੋਵੇਗਾ ਕਿ ਜੋ ਉਨ੍ਹਾਂ ਨੇ ਇਥੋਂ ਦੇ ਵਿਧਾਨ, ਜਮਹੂਰੀਅਤ ਅਤੇ ਅਮਨਮਈ ਕਦਰਾ-ਕੀਮਤਾ ਦਾ ਨਿਰੰਤਰ ਘਾਣ ਕਰਦੇ ਆ ਰਹੇ ਹਨ, ਉਸ ਤੋਂ ਤੋਬਾ ਕਰਕੇ ਆਪਣੇ ਮੁਲਕ ਨਿਵਾਸੀਆ ਨੂੰ ਬਿਨ੍ਹਾਂ ਕਿਸੇ ਡਰ-ਭੈ ਤੋਂ ਆਜ਼ਾਦੀ ਨਾਲ ਵਿਚਰਨ ਅਤੇ ਉਨ੍ਹਾਂ ਨੂੰ ਬਣਦਾ ਇਨਸਾਫ਼ ਦੇਣ ਦੀ ਜਿ਼ੰਮੇਵਾਰੀ ਨਿਭਾਉਣ ਨਾ ਕਿ ਸਮੁੱਚੇ ਮੁਲਕ ਨੂੰ ਅਰਾਜਕਤਾ ਵੱਲ ਧਕੇਲਣ ਦੀ ਗੁਸਤਾਖੀ ਕਰਨ ।