ਸੁਪਰੀਮ ਕੋਰਟ ਦੀ ਕੇਲੋਜੀਅਮ ਰਾਹੀ ਨਿਯੁਕਤ ਕੀਤੇ ਗਏ ਨਵੇਂ ਜੱਜਾਂ ਵਿਚ ਕੋਈ ਵੀ ਸਿੱਖ ਜੱਜ ਨਾ ਹੋਣਾ ਅਤਿ ਦੁੱਖਦਾਇਕ ਅਤੇ ਵਿਤਕਰੇ ਵਾਲੀ ਕਾਰਵਾਈ : ਮਾਨ
ਫ਼ਤਹਿਗੜ੍ਹ ਸਾਹਿਬ, 06 ਮਾਰਚ ( ) “ਇੰਡੀਆਂ ਦੀ ਨਿਜਾਮੀ ਤੇ ਕਾਨੂੰਨੀ ਸੰਸਥਾਵਾਂ ਵਿਚ ਹਿੰਦੂ ਕੱਟੜਵਾਦੀ ਸੋਚ ਕਿਵੇਂ ਭਾਰੂ ਹੁੰਦੀ ਜਾ ਰਹੀ ਹੈ, ਉਸਦਾ ਪ੍ਰਤੱਖ ਪ੍ਰਮਾਣ ਹੈ ਕਿ ਸੁਪਰੀਮ ਕੋਰਟ ਦੀ ਕੇਲੋਜੀਅਮ ਰਾਹੀ ਵੱਖ-ਵੱਖ ਹਾਈਕੋਰਟਾਂ ਦੇ ਜੱਜਾਂ ਦੀ ਕੀਤੀ ਗਈ ਨਿਯੁਕਤੀ ਜਿਨ੍ਹਾਂ ਵਿਚ 20 ਦੇ ਕਰੀਬ ਜੱਜ ਹਨ, ਸਭ ਹਿੰਦੂ ਜੱਜ ਹੀ ਨਿਯੁਕਤ ਕੀਤੇ ਗਏ ਹਨ । ਇਨ੍ਹਾਂ ਨਿਯੁਕਤੀਆਂ ਵਿਚ ਕਿਸੇ ਇਕ ਵੀ ਸਿੱਖ ਜੱਜ ਨੂੰ ਨਿਯੁਕਤ ਨਾ ਕਰਨ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਹੁਕਮਰਾਨ ਅਤੇ ਸੁਪਰੀਮ ਕੋਰਟ ਇਕ-ਦੂਸਰੇ ਦੇ ਪੂਰਕ ਬਣਕੇ ਹਿੰਦੂ ਸੋਚ ਨੂੰ ਹੀ ਉਭਾਰ ਰਹੇ ਹਨ । ਜਿਸ ਨਾਲ ਇਥੇ ਵੱਸਣ ਵਾਲੀਆ ਵੱਖ-ਵੱਖ ਕੌਮਾਂ, ਧਰਮਾਂ ਦੇ ਆਪਸੀ ਸੰਤੁਲਨ ਨੂੰ ਕਾਇਮ ਨਹੀਂ ਰੱਖਿਆ ਜਾ ਸਕੇਗਾ । ਇਹ ਵਰਤਾਰਾ ਅਤਿ ਵਿਤਕਰੇ ਭਰਿਆ ਅਤੇ ਦੁੱਖਦਾਇਕ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸ੍ਰੀ ਐਸ.ਕੇ. ਬੋਬੜੇ ਵੱਲੋਂ ਕੇਲੋਜੀਅਮ ਰਾਹੀ ਹੁਣੇ ਹੀ ਵੱਖ-ਵੱਖ ਸੂਬਿਆਂ ਦੀਆਂ ਹਾਈਕੋਰਟਾਂ ਵਿਚ ਨਵੇਂ ਨਿਯੁਕਤ ਕੀਤੇ ਗਏ ਜੱਜਾਂ ਵਿਚ ਜਿਨ੍ਹਾਂ ਦੀ ਗਿਣਤੀ 20 ਹੈ, ਇਕ ਵੀ ਸਿੱਖ ਨੂੰ ਇਸ ਅਹਿਮ ਅਹੁਦੇ ਤੇ ਸੇਵਾ ਨਾ ਦੇਣ ਦੀ ਕਾਰਵਾਈ ਨੂੰ ਅਤਿ ਵਿਤਕਰੇ ਭਰੀ ਅਤੇ ਸਮਾਜਿਕ ਸੰਤੁਲਨ ਨੂੰ ਸੱਟ ਮਾਰਨ ਵਾਲੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਹੈਰਾਨੀ ਅਤੇ ਦੁੱਖ ਪ੍ਰਗਟ ਕੀਤਾ ਕਿ ਜਦੋਂ ਬਹੁਤ ਹੀ ਲਿਆਕਤਮੰਦ ਤੁਜਰਬੇਕਾਰ ਸਿੱਖ ਵਕੀਲ ਹਨ ਤਾਂ ਇਹ ਨਿਯੁਕਤੀਆਂ ਕਰਦੇ ਸਮੇਂ ਸਿੱਖ ਕੌਮ ਨੂੰ ਨਜ਼ਰ ਅੰਦਾਜ ਕਰਕੇ ਹਿੰਦੂਤਵ ਫਿਰਕੂ ਸੋਚ ਨੂੰ ਹੀ ਪੱਠੇ ਪਾਏ ਜਾ ਰਹੇ ਹਨ । ਜਦੋਂਕਿ ਪੰਜਾਬ-ਹਰਿਆਣਾ ਹਾਈਕੋਰਟ, ਜੰਮੂ-ਕਸ਼ਮੀਰ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਕੇਰਲਾ, ਕਰਨਾਟਕਾ ਅਤੇ ਇਲਾਹਾਬਾਦ ਦੀਆਂ ਹਾਈਕੋਰਟਾਂ ਵਿਚ ਨਿਯੁਕਤੀਆਂ ਕਰਦੇ ਸਮੇਂ ਪੱਖਪਾਤੀ ਅਮਲ ਕੀਤੇ ਗਏ ਹਨ । ਅਜਿਹਾ ਕਰਕੇ ਇਹ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ ਸਿੱਖਾਂ ਵਿਚ ਕਾਬਲ ਕਾਨੂੰਨਦਾਨ ਅਤੇ ਲਿਆਕਤਮੰਦ ਨਹੀਂ ਹਨ । ਜਦੋਂਕਿ ਵੱਡਾ ਤੁਜਰਬਾ ਅਤੇ ਲਿਆਕਤ ਰੱਖਣ ਵਾਲੇ ਵਕੀਲ, ਕਾਨੂੰਨਦਾਨ ਸਿੱਖ ਕੌਮ ਵਿਚ ਪਹਿਲੇ ਵੀ ਅਤੇ ਅਜੋਕੇ ਸਮੇਂ ਵਿਚ ਵੀ ਵੱਡੀ ਗਿਣਤੀ ‘ਚ ਮੌਜੂਦ ਹਨ । ਇਹ ਨਜ਼ਰ ਅੰਦਾਜ ਇਸ ਕਰਕੇ ਕੀਤਾ ਜਾ ਰਿਹਾ ਹੈ ਤਾਂ ਕਿ ਆਪਣੀ ਅਣਖ਼ ਅਤੇ ਗੈਰਤ ਨੂੰ ਕਾਇਮ ਰੱਖਦੇ ਹੋਏ ਹੁਕਮਰਾਨਾਂ ਦੀ ਗੁਲਾਮੀਅਤ ਨੂੰ ਪ੍ਰਵਾਨ ਨਾ ਕਰਦੇ ਹੋਏ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਸੰਜ਼ੀਦਾ ਮੁੱਦਿਆ ਉਤੇ ਅਜਿਹੇ ਜੱਜ ਸਰਕਾਰ ਵਿਰੋਧੀ ਫੈਸਲੇ ਨਾ ਦੇ ਸਕਣ ਅਤੇ ਇਨਸਾਫ਼ ਦੇ ਨਾਮ ਤੇ ‘ਸਿੱਖ’ ਸ਼ਬਦ ਨੂੰ ਸਥਾਪਿਤ ਨਾ ਕਰ ਸਕਣ । ਅਜਿਹਾ ਵਰਤਾਰਾ ਸਿੱਖ ਕੌਮ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਵਾਲਾ ਹੈ । ਉਥੇ ਕਾਬਲੀਅਤ ਅਤੇ ਤੁਜਰਬਾ ਰੱਖਣ ਵਾਲੇ ਸਿੱਖਾਂ ਨੂੰ ਨਜ਼ਰ ਅੰਦਾਜ ਕਰਕੇ ਵੱਡਾ ਵਿਤਕਰੇ ਕਰਨ ਵਾਲਾ ਨਿੰਦਣਯੋਗ ਹੈ ।