Verify Party Member
Header
Header
ਤਾਜਾ ਖਬਰਾਂ

ਸਿੱਖ ਪੰਥ ਦਾ ਨਵਾਂ ਆਪੇ ਬਣਿਆ ਅਕਾਊਂਟੈਟ (ਅਖੌਤੀ ਬੁੱਧੀਜੀਵੀ)

ਸਿੱਖ ਪੰਥ ਦਾ ਨਵਾਂ ਆਪੇ ਬਣਿਆ ਅਕਾਊਂਟੈਟ (ਅਖੌਤੀ ਬੁੱਧੀਜੀਵੀ)

ਸਰਦਾਰ ਗੁਰਤੇਜ ਸਿੰਘ ਸਾਬਕਾ ਆਈ.ਏ.ਐਸ ਜੀਓ,

ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਹਿ॥

ਅਸੀਂ ਪਿਛਲੇ ਦਿਨੀਂ ਸਿੱਖਾਂ ਦੀ ਕੌਮੀ ਪੱਧਰ ਦੀ ਇਕੋਂ-ਇਕ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸ. ਸਿਮਰਨਜੀਤ ਸਿੰਘ ਮਾਨ ਸੰਬੰਧੀ ਭੰਬਲਭੂਸਾ ਪਾਉਣ ਵਾਲਾ ਅਤੇ ਗੁੰਮਰਾਹ ਕਰਨ ਵਾਲਾ ਇਕ ਲੰਬਾ ਚੌੜਾ ਮੰਦਭਾਵਨਾ ਅਤੇ ਬਦਲਾਖੋਰੀ ਭਰਿਆ ਲੇਖ ਪੜ੍ਹਿਆ । ਸਾਨੂੰ ਇਸ ਵਿਚ ਕੋਈ ਗੱਲ ਵੀ ਨਵੀਂ ਤੇ ਦਲੀਲ ਵਾਲੀ ਨਹੀਂ ਜਾਪੀ । ਪਰ ਆਪ ਜੀ ਵੱਲੋਂ ਸਿੱਖ ਕੌਮ ਦੇ ਮਹੱਤਵਪੂਰਨ ਮੌਕਿਆਂ ਉਤੇ ਖ਼ਾਸ ਕਰਕੇ ਚੋਣਾਂ ਵਕਤ ਇਹੋ ਜਿਹੇ ਇੰਟਰਵਿਊ, ਲੇਖ ਅਤੇ ਬਿਆਨ ਅਕਸਰ ਹੀ ਛਪਦੇ ਰਹਿੰਦੇ ਹਨ । ਜੋ ਕਿ ਆਪਣੇ ਆਪ ਵਿਚ ਹੀ ਕਿਸੇ ਸਰਕਾਰੀ ਆਦੇਸ਼ਾਂ ਅਨੁਸਾਰ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਸੰਦੇਸ਼ ਖੁਦ ਪ੍ਰਤੱਖ ਕਰਦੇ ਹਨ । ਖੈਰ ਇਸ ਬਾਰੇ ਤੁਹਾਨੂੰ ਜਿਆਦਾ ਪਤਾ ਹੋਵੇਗਾ, ਪਰ ਸਰਦਾਰ ਸਾਹਿਬ… ! ਜਦੋਂ ਵੀ ਕੁਝ ਲਿਖਿਆ ਜਾਵੇ ਉਹ ਤੱਥਾਂ ਤੇ ਅਧਾਰਿਤ ਬਾਦਲੀਲ ਢੰਗ ਨਾਲ ਖਿਆਲਾਤ ਨਸ਼ਰ ਹੋਣੇ ਚਾਹੀਦੇ ਹਨ । ਸਿਆਸੀ ਵਿਰੋਧ ਜਾਂ ਵਿਚਾਰਧਾਰਕ ਵਿਰੋਧ ਅਧਾਰਹੀਣ ਬਿਲਕੁਲ ਨਹੀਂ ਹੋਣਾ ਚਾਹੀਦਾ । ਇਸ ਲੇਖ ਵਿਚ ਆਪ ਜੀ ਵੱਲੋਂ ਉਠਾਏ ਨੁਕਤੇ ਕਿਸੇ ਅਣਜਾਨ ਬੰਦੇ ਦੀ ਲਿਖਤ ਦਾ ਪ੍ਰਭਾਵ ਨਹੀਂ ਦੇਣੇ ਚਾਹੀਦੇ । ਕਿਉਂਕਿ ਜਿਸ ਕਲਮ ਨੇ ਸਿੰਘ ਨਾਦ ਵਰਗੀ ਇਤਿਹਾਸਿਕ ਕਿਤਾਬ ਲਿਖੀ ਹੋਵੇ, ਉਹ ਕਲਮ ਐਨਾ ਹਲਕਾ ਲਿਖੇਗੀ, ਇਹ ਸਾਡੀ ਸੋਚ ਅਤੇ ਸਮਝ ਤੋਂ ਬਾਹਰ ਹੈ । ਤੁਹਾਡੇ ਇਸ ਲੇਖ ਨੇ ਸਿੱਖਾਂ ਨੂੰ ਭੰਬਲਭੂਸੇ ਵਿਚ ਪਾਉਣ ਦਾ ਕੰਮ ਕੀਤਾ ਹੈ । ਇਸ ਲਈ ਸਾਡਾ ਕੌਮੀ ਤੇ ਧਰਮੀ ਫਰਜ ਬਣਦਾ ਹੈ ਕਿ ਇਸ ਲੇਖ ਦਾ ਜੁਆਬ ਦੇਈਏ :-

1. ਵਿਦੇਸ਼ਾਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੈਬਰਾਂ ਨੂੰ ਮਿਲਣ ਵਾਲੀ ਸਿਆਸੀ ਪਨਾਹ ਤੋਂ ਇਕ ਗੱਲ ਸਪੱਸਟ ਹੈ ਕਿ ਬਾਹਰਲੇ ਮੁਲਕ ਅਤੇ ਯੂਨਾਈਟਡ ਨੇਸ਼ਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਹੀ ਸਿੱਖਾਂ ਦੀ ਸਿਆਸੀ ਜਥੇਬੰਦੀ ਅਤੇ ਸ. ਸਿਮਰਨਜੀਤ ਸਿੰਘ ਮਾਨ ਨੂੰ ਸਿੱਖਾਂ ਦਾ ਸਿਆਸੀ ਨੇਤਾ ਪ੍ਰਵਾਨ ਕਰਦੀਆ ਹਨ ।

2. 1989 ਤੋਂ ਸਿੱਖਾਂ ਦੀ ਸਿਆਸੀ ਲੜਾਈ ਲੜ੍ਹ ਰਹੇ ਅਤੇ ਉਸ ਤੋਂ ਬਾਅਦ ਅੰਮ੍ਰਿਤਸਰ ਐਲਾਨਨਾਮਾ (ਜਿਸ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ) ਕਰਕੇ ਹੋਂਦ ਵਿਚ ਆਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿਚ ਹੋ ਰਹੇ ਨੌਜ਼ਵਾਨਾਂ ਦੇ ਫਰਜੀ ਝੂਠੇ ਪੁਲਿਸ ਮੁਕਾਬਲਿਆ ਅਤੇ ਝੂਠੇ ਮੁਕੱਦਮਿਆ ਵਿਚੋਂ ਸੁਰੱਖਿਅਤ ਬਾਹਰ ਕੱਢਣ ਦੀ ਸੁਰੂਆਤ ਕੀਤੀ । ਜਿਸਦੀ ਬਦੌਲਤ ਵੱਡੀ ਗਿਣਤੀ ਵਿਚ ਨੌਜ਼ਵਾਨ ਅਤੇ ਸਿੱਖ ਆਗੂ ਬਚ ਗਏ ਅਤੇ ਜੋ ਬਾਹਰਲੇ ਮੁਲਕਾਂ ਵਿਚ ਵਿਚਰਕੇ ਬਾਦਲੀਲ ਢੰਗ ਨਾਲ ਕੌਮਾਂਤਰੀ ਪੱਧਰ ਤੇ ਖ਼ਾਲਿਸਤਾਨ ਦੀ ਲੜਾਈ ਵਿਚ ਯੋਗਦਾਨ ਪਾ ਰਹੇ ਹਨ । ਇਸਦੇ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕਿਸੇ ਤੋਂ ਕੋਈ ਫੰਡ ਵਗੈਰਾਂ ਨਹੀਂ ਲਿਆ ਗਿਆ । ਪਰ ਲਗਾਤਾਰ 30 ਸਾਲਾ ਤੋਂ ਇਹ ਕੌਮੀ ਲੜਾਈ ਲੜ੍ਹਨ ਕਰਕੇ ਪਾਰਟੀ ਨੂੰ ਮਾਲੀ, ਸਰੀਰਕ ਤੌਰ ਤੇ ਵੱਡੀਆ ਮੁਸ਼ਕਿਲਾਂ ਅਤੇ ਦਿੱਕਤਾ ਦਾ ਸਾਹਮਣਾ ਕਰਨਾ ਪਿਆ । ਜਿਸ ਕਰਕੇ ਪਹਿਲਾਂ ਪਾਰਟੀ ਨੇ ਆਪਣੀ ਮੈਂਬਰਸਿ਼ਪ ਪਾਲਸੀ ਬਣਾਈ । ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਿਰਫ਼ ਇਸਦੇ ਮੈਂਬਰ ਹੀ ਚੰਦਾ ਦੇ ਕੇ ਫ਼ੀਸ ਭਰਕੇ ਮਾਲੀ ਮਦਦ ਕਰਦੇ ਹਨ । ਇਹ ਆਪ ਜੀ ਵੀ ਬਹੁਤ ਅੱਛੀ ਤਰ੍ਹਾਂ ਖੁਦ ਸਮਝ ਸਕਦੇ ਹੋ ਕਿ ਸਿਆਸੀ ਪਾਰਟੀ ਚਲਾਉਣੀ ਕਿੰਨੀ ਔਖੀ ਹੈ ? ਕਿਉਂਕਿ ਤੁਸੀਂ ਖੁਦ ਵੀ ਇਕ ਸਿਆਸੀ ਪਾਰਟੀ ਬਣਾ ਚੁੱਕੇ ਹੋ । ਸਾਡੀ ਆਪ ਜੀ ਨੂੰ ਵੀ ਬੇਨਤੀ ਹੈ ਕਿ ਤੁਸੀਂ ਆਪਣੀ ਪਾਰਟੀ ਦੇ ਮੈਬਰਾਂ ਬਾਰੇ ਵੀ ਸਿੱਖ ਕੌਮ ਨੂੰ ਜਾਣਕਾਰੀ ਦੇਣ ਲਈ ਨਸ਼ਰ ਕਰ ਦਿਆ ਕਰੋ ।

3. ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲੰਮਾਂ ਸਮਾਂ ਕਾਂਗਰਸ ਅਤੇ ਅਕਾਲੀ ਦਲ ਬਾਦਲ ਦੇ ਤੀਜੇ ਬਦਲ ਵਾਂਗ ਮੁਕਾਬਲਾ ਕੀਤਾ ਅਤੇ ਆਪਣੀਆ ਜਿ਼ੰਮੇਵਾਰੀਆ ਨਿਭਾਈਆ । ਪਰ ਇਸ ਪਾਰਟੀ ਨੂੰ ਭਾਰਤੀ ਬ੍ਰਾਹਮਣਵਾਦੀ ਫਿਰਕੂ ਸਿਸਟਮ ਦੇ ਨਾਲ-ਨਾਲ ਤੁਹਾਡੇ ਵਰਗੇ ਅਖੌਤੀ ਬੁੱਧੀਜੀਵੀਆਂ ਨਾਲ ਵੀ ਇਕ ਜੋਰਦਾਰ ਲੜਾਈ ਲੜਨੀ ਪਈ । ਆਪ ਜੀ ਨੂੰ ਬਾਦਲ ਦਲ ਅਤੇ ਕੈਪਟਨ ਨੂੰ ਮਿਲਦੇ ਫੰਡਾਂ ਦੇ ਕਰੌੜਾਂ ਰੁਪਏ ਅਤੇ ਆਮਦਨ ਤੋਂ ਵੱਧ ਜ਼ਾਇਦਾਦ ਕਦੇ ਨਜ਼ਰ ਨਹੀਂ ਆਈ ? ਪਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋ ਇੰਡੀਆਂ, ਪੰਜਾਬ ਅਤੇ ਕੌਮਾਂਤਰੀ ਪੱਧਰ ਉਤੇ ਕੌਮੀ ਆਜ਼ਾਦੀ ਦੀ ਆਪਣੀ ਅਣਖ਼-ਗੈਰਤ ਵਾਲੀ ਲੜਾਈ ਦ੍ਰਿੜਤਾ ਨਾਲ ਲੜ੍ਹਦੀ ਆ ਰਹੀ ਹੈ, ਉਸ ਵੱਲੋਂ ਆਪਣੀ ਮੈਂਬਰਸਿ਼ਪ ਪਾਲਸੀ ਤਹਿਤ ਮਿਲਦੇ ਕੁਝ ਹਜ਼ਾਰ ਰੁਪਏ ਵੀ ਚੁੱਭਦੇ ਹਨ । ਇਸ ਸੰਬੰਧੀ ਸ. ਸਿਮਰਨਜੀਤ ਸਿੰਘ ਮਾਨ ਪਹਿਲਾਂ ਵੀ ਅਤੇ ਹੁਣ ਵੀ ਕਈ ਵਾਰੀ ਅਖ਼ਬਾਰਾਂ ਵਿਚ ਬੇਨਤੀ ਕਰ ਚੁੱਕੇ ਹਨ ਕਿ ਸਰਕਾਰ ਇਕ ਕਮਿਸ਼ਨ ਬਿਠਾਕੇ ਜਾਂਚ ਕਰਵਾਏ ਕਿ 1984 ਤੋਂ ਬਾਅਦ ਕਿਸ-ਕਿਸ ਆਗੂ ਦੀ ਜ਼ਾਇਦਾਦ ਵਿਚ ਵਾਧਾ ਹੋਇਆ ਹੈ, ਕਿਸ ਨੂੰ ਮਾਲੀ ਤੇ ਸਰੀਰਕ ਨੁਕਸਾਨ ਹੋਇਆ ਹੈ, ਤਾਂ ਕਿ ਪੰਜਾਬ, ਸਿੱਖ ਕੌਮ ਅਤੇ ਆਮ ਜਨਤਾ ਨੂੰ ਵੀ ਇਸ ਮੁੱਦੇ ਤੇ ਸਹੀ ਤਸਵੀਰ ਸਾਹਮਣੇ ਆ ਸਕੇ ?

4. ਸਰਦਾਰ ਸਾਹਿਬ… ! ਤੁਸੀਂ ਭੰਬਲਭੂਸੇ ਵਾਲੀਆ ਲਿਖਤਾਂ ਨਾਲ ਹਮੇਸ਼ਾਂ ਪੰਥ ਵਿਚ ਦੁਬਿੱਧਾ ਪਾਉਣ ਅਤੇ ਭਰਾਮਾਰੂ ਜੰਗ ਨੂੰ ਵਧਾਉਣ ਦਾ ਹੀ ਕੰਮ ਕੀਤਾ ਹੈ, ਜਿਸ ਕਰਕੇ ਤੁਹਾਨੂੰ ਆਸਟ੍ਰੇਲੀਆ ਤੋਂ ਮਸਾਂ ਜਾਨ ਬਚਾਕੇ ਵਾਪਿਸ ਭੱਜਣਾ ਪਿਆ ਸੀ ।

5. ਸਰਦਾਰ ਸਾਹਿਬ… ! ਤੁਸੀਂ ਇਸ ਲਿਖਤ ਵਿਚ ਸਿੱਖਾਂ ਦੇ ਪਨਾਹ ਦੇ ਕੇਸਾਂ ਦਾ ਜਿਕਰ ਕਰਦੇ ਹੋਏ ਕਿਹਾ ਹੈ ਕਿ ਇਹ ਅੰਕੜੇ ਸਰਕਾਰੀ ਪ੍ਰਸਤੀ ਦੀ ਦੇਣ ਹੈ । ਸਾਡੀ ਇਸ ਸੰਬੰਧ ਵਿਚ ਤੁਹਾਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਯੂਨਾਈਟਡ ਨੇਸ਼ਨ ਦੀ ਜਨੇਵਾ ਚਾਰਟਰ ਜ਼ਰੂਰ ਪੜ੍ਹ ਲਵੋ ਤੇ ਦੁਨੀਆਂ ਭਰ ਤੋਂ ਕੇਵਲ ਅਮਰੀਕਾ ਵਿਚ ਸਿਆਸੀ ਪਨਾਹ ਲੈਣ ਵਾਲਿਆ ਦੀ ਗਿਣਤੀ ਦੀ ਜਾਣਕਾਰੀ ਲੈ ਲਵੋ । ਕਿਉਂਕਿ ਅਮਰੀਕਾ ਇਕੋ-ਇਕ ਅਜਿਹਾ ਮੁਲਕ ਹੈ ਜਿਸਨੇ ਬੇਘਰਾਂ ਨੂੰ ਅਤੇ ਬੇਰੁਜਗਾਰਾਂ ਨੂੰ ਆਪਣੇ ਕਲਾਵੇ ਵਿਚ ਲਿਆ ਹੈ, ਉਹ ਭਾਵੇ ਕਿਸੇ ਵੀ ਮੁਲਕ ਦੇ ਹੋਣ । ਪੰਜਾਬੀ ਅਤੇ ਸਿੱਖ ਇਸ ਮਾਮਲੇ ਵਿਚ ਪੰਜਵੇਂ ਨੰਬਰ ਤੇ ਆਉਦੇ ਹਨ ।

6. ਤੁਸੀਂ ਜਿੰਨੀ ਗਿਣਤੀ ਦੀ ਗੱਲ ਕੀਤੀ ਹੈ, ਉਸ ਨੂੰ ਲਗਭਗ 30 ਸਾਲ ਦਾ ਲੰਮਾਂ ਸੰਕਟਮਈ ਸਮਾਂ ਲੱਗਿਆ ਹੈ ਅਤੇ ਇਹ ਸੰਭਵ ਹੈ ਕਿ ਇਨ੍ਹਾਂ ਚਿੱਠੀਆਂ ਵਿਚ ਸਿਮਰਨਜੀਤ ਸਿੰਘ ਮਾਨ ਦੇ ਨਾਮ ਤੇ ਫਰਜੀ ਚਿੱਠੀਆਂ ਵੀ ਵਰਤੀਆ ਹਨ । ਜਿਸਦੀ ਸਿ਼ਕਾਇਤ ਅਤੇ ਸੁਧਾਰ ਹਰ ਪੱਧਰ ਤੇ ਕੀਤੀ ਗਈ ਹੈ । ਇਹ ਚਿੱਠੀ ਸਿਰਫ਼ ਪਾਰਟੀ ਦੇ ਮੁੱਖ ਦਫ਼ਤਰ ਅਤੇ ਪ੍ਰਧਾਨ ਜਾਰੀ ਕਰਦਾ ਹੈ ਅਤੇ ਇਸ ਚਿੱਠੀ ਦੇ ਅੰਤ ਵਿਚ ਇਹ ਗੱਲ ਲਿਖੀ ਹੁੰਦੀ ਹੈ ਕਿ ਜੇਕਰ ਚਿੱਠੀ ਦੇ ਹਵਾਲੇ ਨਾਲ ਸਿਆਸੀ ਪਨਾਹ ਲੈਣ ਵਾਲਾ ਕੇਸਾਧਾਰੀ ਨਹੀਂ ਹੈ ਤਾਂ ਇਹ ਚਿੱਠੀ ਖੁਦ-ਬ-ਖੁਦ ਰੱਦ ਸਮਝੀ ਜਾਵੇ ।

7. ਖ਼ਾਲਿਸਤਾਨ ਦਾ ਮੁੱਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਪੇਟੈਂਟ ਨਹੀਂ । ਇਸ ਮੁੱਦੇ ਨੂੰ ਕੋਈ ਵੀ ਸਿਆਸੀ ਪਾਰਟੀ ਆਧਾਰ ਬਣਾ ਸਕਦੀ ਹੈ, ਬੇਸ਼ੱਕ ਉਸਦੇ ਪੈਰਾਂ ਥੱਲ੍ਹੇ ਜ਼ਮੀਨ ਹੋਵੇ ਜਾਂ ਨਾ ਹੋਵੇ । ਚੰਡੀਗੜ੍ਹ ਦੀਆਂ ਏ.ਸੀ. ਕੋਠੀਆਂ ਵਿਚੋਂ ਨਿਕਲਕੇ ਪਿੰਡ ਪੱਧਰ ਅਤੇ ਸ਼ਹਿਰ ਦੇ ਹਰ ਗਲੀ-ਮੁਹੱਲੇ ਵਿਚ ਜਾਣਾ ਪੈਦਾ ਹੈ, ਫਿਰਕੂ ਸਰਕਾਰਾਂ ਦੇ ਨਾਲ-ਨਾਲ ਸਿੱਖਾਂ ਵਿਚ ਹੁਕਮਰਾਨਾਂ ਵੱਲੋਂ ਘੁਸਪੈਠ ਕੀਤੇ ਗਏ ਅਤੇ ਛੱਡੇ ਗਏ ਬਹਿਰੂਪੀਆ ਨਾਲ ਵੀ ਬਾਦਲੀਲ ਢੰਗ ਨਾਲ ਲੜਾਈ ਲੜ੍ਹਨੀ ਪੈਦੀ ਹੈ । ਆਪ ਜੀ ਨੂੰ ਅਤੇ ਹਰ ਉਸ ਇਨਸਾਨ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੂੰ ਵੀ ਸਰਦਾਰ ਮਾਨ ਦੀ ਖ਼ਾਲਿਸਤਾਨ ਦੀ ਕੌਮੀ ਲੜਾਈ ਪਸ਼ੰਦ ਨਹੀਂ ਆਉਦੀ ਤਾਂ ਉਹ ਆਪਣੇ ਪੱਧਰ ਤੇ ਆਪਣੇ ਤਰੀਕੇ ਨਾਲ ਲੜਾਈ ਲੜ੍ਹ ਸਕਦਾ ਹੈ, ਮੈਦਾਨ ਖਾਲੀ ਹੈ ।

8. ਆਪ ਜੀ ਨੂੰ ਬੇਨਤੀ ਹੈ ਕਿ ਇਹੋ ਜਿਹੇ ਪੁੱਠੇ-ਸਿੱਧੇ ਕੌਮੀ ਸੋਚ ਅਤੇ ਮੰਜਿ਼ਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਬਿਆਨ ਦੇ ਕੇ ਜਾਂ ਲਿਖਤਾਂ ਲਿਖਕੇ ਉਨ੍ਹਾਂ ਪੰਜਾਬੀ ਤੇ ਸਿੱਖ ਨੌਜ਼ਵਾਨਾ ਦੇ ਪੇਟ ਵਿਚ ਲੱਤ ਬਿਲਕੁਲ ਨਾ ਮਾਰੋ ਜੋ ਮਜ਼ਬੂਰੀਆਂ ਵੱਸ ਬੁਰੇ ਹਾਲਾਤਾਂ ਵਿਚੋਂ ਨਿਕਲਕੇ ਸਿਆਸੀ ਪਨਾਹ ਪ੍ਰਾਪਤ ਕਰਦੇ ਹਨ ।

9. ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਿਸੇ ਵੀ ਸੱਜ਼ਣ ਕੋਲ ਮੈਂਬਰਸਿ਼ਪ ਦੀ ਚਿੱਠੀ ਲੈਣ ਨਹੀਂ ਗਿਆ । ਜਿਨ੍ਹਾਂ ਸੱਜਣਾਂ ਨੂੰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਨਾਮ ਤੋਂ ਸਿਆਸੀ ਪਨਾਹ ਲੈਣ ਵਿਚ ਦਿੱਕਤ ਪੇਸ਼ ਆਉਦੀ ਹੈ, ਤਾਂ ਉਹ ਪੰਜਾਬ ਦੀਆਂ ਅਨੇਕਾਂ ਹੋਰ ਸਿਆਸੀ ਪਾਰਟੀਆ (ਤੁਹਾਡੀ ਖੁਦ ਦੀ 3 ਮੈਬਰੀ ਪਾਰਟੀ) ਤੋਂ ਵੀ ਲੈ ਸਕਦੇ ਹਨ ।

10. ਜਿਹੜੇ ਬਾਹਰਲੇ ਮੁਲਕਾਂ ਵਿਚ ਬੈਠੇ ਖ਼ਾਲਿਸਤਾਨੀਆਂ ਨੂੰ ਤੁਸੀਂ ਭੰਡ ਰਹੇ ਹੋ, ਯਾਦ ਰੱਖੋ ਉਨ੍ਹਾਂ ਦੀਆਂ ਦਸਾਂ ਨੌਹਾਂ ਦੀਆਂ ਕਿਰਤਾਂ ਵਿਚੋਂ ਉਹ ਟਿਕਟਾਂ ਹੁੰਦੀਆ ਹਨ, ਜਿਨ੍ਹਾਂ ਨਾਲ ਆਪ ਜੀ ਅਤੇ ਆਪ ਜੀ ਵਰਗੇ ਜਹਾਜ਼ ਚੜ੍ਹਕੇ ਵਿਦੇਸ਼ਾਂ ਵਿਚ ਘੁੰਮਦੇ ਹਨ ਅਤੇ ਆਨੰਦ ਲੈਦੇ ਹਨ ।
ਸਰਦਾਰ ਸਾਹਿਬ… ! ਜਿਸ ਸਿਮਰਨਜੀਤ ਸਿੰਘ ਮਾਨ ਨੂੰ ਤੁਸੀਂ ਠੰਡਾ ਪਾਣੀ ਪੀ-ਪੀ ਕੇ ਕੋਸਦੇ ਨਹੀਂ ਥੱਕਦੇ, ਉਹ ਸਰਦਾਰ ਮਾਨ ਭਾਰਤ ਦੀ ਸਰਕਾਰ ਦੇ ਦਬਾਅ ਥੱਲ੍ਹੇ ਦੇਸ਼ ਅੰਦਰ ਹੀ ਨਜ਼ਰ ਬੰਦ ਕੀਤਾ ਹੋਇਆ ਹੈ । ਕਿਉਂਕਿ ਕੈਨੇਡਾ, ਅਮਰੀਕਾ ਅਤੇ ਇੰਗਲੈਡ ਨੇ ਭਾਰਤੀ ਹਕੂਮਤ ਦੇ ਆਦੇਸ਼ਾਂ ਉਤੇ ਸਰਦਾਰ ਮਾਨ ਦੇ ਦੌਰੇ ਦੀ ਮਨਾਹੀ ਕੀਤੀ ਹੋਈ ਹੈ, ਜਦੋਂਕਿ ਤੁਹਾਨੂੰ ਅੱਜ ਦੁਨੀਆਂ ਘੁੰਮਣ ਦੀ ਪੂਰਨ ਆਜ਼ਾਦੀ ਹੈ ।

ਅੰਤ ਵਿਚ ਇਹ ਉਮੀਦ ਕਰਦੇ ਹਾਂ ਕਿ ਆਪ ਜੀ ਆਧਾਰਹੀਣ, ਬੇਬੁਨਿਆਦ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਵਾਲੇ ਤੇ ਭੰਬਲਭੂਸੇ ਵਿਚ ਪਾਉਣ ਵਾਲੀਆ ਲਿਖਤਾਂ ਦੀ ਥਾਂ, ਸਾਰਥਿਕ ਵਿਰੋਧ ਕਰੋਗੇ ਅਤੇ ਪੰਥ ਵਿਚ ਧੜ੍ਹੇਬੰਦੀ ਨੂੰ ਉਤਸਾਹਿਤ ਕਰਨ ਵਾਲੇ ਕੰਮਾਂ ਤੋਂ ਸੰਕੋਚ ਕਰੋਗੇ ।

ਗੁਰੂ ਦੇ  ਭਾਣੇ ਵਿਚ,

ਬੂਟਾ ਸਿੰਘ ਖੜੌਦ ਕੰਨਵੀਨਰ,
ਸੁਰਜੀਤ ਸਿੰਘ ਕੁਲਾਰ ਪ੍ਰਧਾਨ,
ਰੁਪਿੰਦਰ ਸਿੰਘ ਬਾਠ ਜਰਨਲ ਸਕੱਤਰ
ਜੀਤ ਸਿੰਘ ਆਲੋਅਰਖ ਜਰਨਲ ਸਕੱਤਰ,
ਮੱਖਣ ਸਿੰਘ ਕਲੇਰ ਸਿਕਾਗੋ ਜਰਨਲ ਸਕੱਤਰ,
ਪੰਜ ਮੈਂਬਰੀ ਪੈਨਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਇਕਾਈ

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *