Verify Party Member
Header
Header
ਤਾਜਾ ਖਬਰਾਂ

ਸਿੱਖ ਕੌਮ ਵਿਚ ਬੁੱਤ ਪੂਜਾ ਪੂਰਨ ਵਰਜਿਤ, ਫਿਰਕੂ ਮੋਦੀ ਹੁਕਮਰਾਨਾਂ ਨੂੰ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਬੁੱਤ ਲਗਾਉਣ ਦੀ ਇਜ਼ਾਜਤ ਬਿਲਕੁਲ ਨਹੀਂ ਦਿੱਤੀ ਜਾਵੇਗੀ : ਮਾਨ

ਸਿੱਖ ਕੌਮ ਵਿਚ ਬੁੱਤ ਪੂਜਾ ਪੂਰਨ ਵਰਜਿਤ, ਫਿਰਕੂ ਮੋਦੀ ਹੁਕਮਰਾਨਾਂ ਨੂੰ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਬੁੱਤ ਲਗਾਉਣ ਦੀ ਇਜ਼ਾਜਤ ਬਿਲਕੁਲ ਨਹੀਂ ਦਿੱਤੀ ਜਾਵੇਗੀ : ਮਾਨ

ਚੰਡੀਗੜ੍ਹ, 05 ਅਪ੍ਰੈਲ ( ) “ਸਿੱਖ ਧਰਮ ਅਤੇ ਸਿੱਖ ਕੌਮ ਵਿਚ ਮੂਰਤੀ ਪੂਜਾ ਜਾਂ ਬੁੱਤ ਪੂਜਾ ਪੂਰਨ ਤੌਰ ਤੇ ਗੁਰੂ ਸਾਹਿਬਾਨ ਵੱਲੋਂ ਸਖ਼ਤੀ ਨਾਲ ਵਰਜਿਤ ਕੀਤੀ ਹੋਈ ਹੈ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਫਿਰਕੂ ਹੁਕਮਰਾਨ, ਮੋਦੀ ਹਕੂਮਤ, ਸਿੱਖ ਧਰਮ ਦੇ ਮਨੁੱਖਤਾ ਪੱਖੀ ਨਿਯਮ ਅਤੇ ਅਸੂਲਾਂ ਵਿਚ ਜ਼ਬਰੀ ਦਖ਼ਲ ਦੇ ਕੇ ਸਿੱਖ ਕੌਮ ਦੇ ਕੌਮਾਂਤਰੀ ਪੱਧਰ ਤੇ ਬਣੇ ਸਤਿਕਾਰਿਤ ਅਕਸ ਨੂੰ ਅਕਸਰ ਹੀ ਆਪਣੀਆ ਸਾਜਿ਼ਸਾਂ ਅਤੇ ਮੰਦਭਾਵਨਾ ਰਾਹੀ ਨੁਕਸਾਨ ਪਹੁੰਚਾਉਣ ਉਤੇ ਅਮਲ ਕਰਦੇ ਰਹਿੰਦੇ ਹਨ । ਜਦੋਂ ਕੌਮਾਂਤਰੀ ਜਥੇਬੰਦੀਆਂ ਅਤੇ ਸਮੁੱਚੀ ਸਿੱਖ ਕੌਮ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਕੇ ਆਪਣੀ ਸੋਚ ਅਤੇ ਸਿਧਾਤਾਂ ਅਨੁਸਾਰ ਪ੍ਰੋਗਰਾਮ ਦੇ ਰਹੀ ਹੈ ਅਤੇ ਇਸ ਦਿਹਾੜੇ ਨੂੰ ਬਤੌਰ ‘ਮਨੁੱਖੀ ਹੱਕਾਂ ਦੀ ਰਾਖੀ’ ਵੱਜੋਂ ਮਨਾਉਣ ਜਾ ਰਹੀ ਹੈ ਤਾਂ ਹੁਕਮਰਾਨਾਂ ਵੱਲੋਂ ਸਿੱਖ ਕੌਮ ਦੇ ਸਿਧਾਤਾਂ, ਸੋਚ ਦੇ ਉਲਟ ਜਾ ਕੇ ਦਿੱਲੀ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਦੇ ਸਾਹਮਣੇ ਚੌਕ ਵਿਚ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਬੁੱਤ ਲਗਾਉਣ ਦੀ ਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੇ ਅਮਲ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿੱਖ ਕੌਮ ਨਾ ਤਾਂ ਪ੍ਰਵਾਨ ਕਰੇਗਾ ਅਤੇ ਨਾ ਹੀ ਹੁਕਮਰਾਨਾਂ ਨੂੰ ਸਿੱਖ ਧਰਮ ਤੇ ਸਿੱਖ ਕੌਮ ਦੇ ਮਸਲਿਆ ਵਿਚ ਦਖਲ ਦੇ ਕੇ ਗੈਰ-ਸਿਧਾਂਤਿਕ ਤਰੀਕੇ ਸਾਡੇ ਗੁਰੂ ਸਾਹਿਬਾਨ ਜੀ ਦੇ ਬੁੱਤ ਬਣਾਉਣ ਜਾਂ ਲਗਾਉਣ ਦੀ ਬਿਲਕੁਲ ਇਜਾਜਤ ਨਹੀਂ ਦਿੱਤੀ ਜਾਵੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੀ ਮੋਦੀ ਹਕੂਮਤ ਵੱਲੋਂ ਸਿੱਖ ਕੌਮ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਦਿੱਲੀ ਸੀਸਗੰਜ ਗੁਰਦੁਆਰਾ ਸਾਹਿਬ ਦੇ ਸਾਹਮਣੇ ਬੁੱਤ ਲਗਾਉਣ ਦੇ ਗੈਰ-ਸਿਧਾਂਤਿਕ ਅਤੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੇ ਕੀਤੇ ਗਏ ਐਲਾਨ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਹੁਕਮਰਾਨਾਂ ਨੂੰ ਸਿੱਖੀ ਮਾਮਲਿਆ ਵਿਚ ਮੰਦਭਾਵਨਾ ਅਧੀਨ ਦਖ਼ਲਅੰਦਾਜੀ ਕਰਨ ਲਈ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਅਤੇ ਸਾਡੇ ਗੁਰੂ ਸਾਹਿਬਾਨ ਨੇ ਸਿੱਖ ਧਰਮ ਦੀ ਨੀਂਹ ਰੱਖਦੇ ਹੋਏ ਸਿੱਖ ਧਰਮ ਵਿਚ ਵਿਸ਼ਵਾਸ ਰੱਖਣ ਵਾਲੇ ਸਿੱਖਾਂ ਅਤੇ ਮਨੁੱਖਤਾ ਨੂੰ ਇਸ ਗੱਲੋਂ ਸਖ਼ਤੀ ਨਾਲ ਵਰਜਿਆ ਹੋਇਆ ਹੈ ਕਿ ਨਾ ਤਾਂ ਸਿੱਖ ਮੂਰਤੀ ਪੂਜਾ ਕਰਦਾ ਹੈ, ਨਾ ਅਜਿਹੀਆ ਕਾਰਵਾਈਆ ਵਿਚ ਵਿਸ਼ਵਾਸ ਰੱਖਦਾ ਹੈ । ਸਿੱਖ ਕੌਮ ਕੇਵਲ ਤੇ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਦਸ ਗੁਰੂ ਸਾਹਿਬਾਨ ਅਤੇ ਗ੍ਰੰਥ ਸਾਹਿਬ ਵਿਚ ਦਰਜ ਸ਼ਬਦ ਰੂਪੀ ਬਾਣੀ ਵਿਚ ਵਿਸ਼ਵਾਸ ਰੱਖਦੀ ਹੈ, ਨਾ ਕਿ ਦੇਹਧਾਰੀ ਗੁਰੂਆਂ, ਮੂਰਤੀ ਜਾਂ ਬੁੱਤ ਪੂਜਾ ਵਿਚ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ, ਇੰਡੀਆ ਦੇ ਸਭ ਸੂਬਿਆਂ ਅਤੇ ਬਾਹਰਲੇ ਮੁਲਕਾਂ ਵਿਚ ਬੈਠੀ ਸਿੱਖ ਕੌਮ ਦੇ ਬਿਨ੍ਹਾਂ ਤੇ ਸੈਂਟਰ ਦੀ ਮੋਦੀ ਹਕੂਮਤ ਨੂੰ ਅਤਿ ਸੰਜ਼ੀਦਗੀ ਨਾਲ ਇਹ ਤਾੜਨਾ ਕਰਦਾ ਹੈ ਕਿ ਜੋ ਉਸ ਵੱਲੋਂ ਸਾਹਿਬ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖਕੇ ਸਿੱਖੀ ਸਿਧਾਤਾਂ ਅਤੇ ਸੋਚ ਨੂੰ ਪਿੱਠ ਦਿੰਦਿਆ ਸਰਕਾਰ ਵੱਲੋਂ ਉਨ੍ਹਾਂ ਦਾ ਬੁੱਤ ਦਿੱਲੀ ਵਿਖੇ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ ਹੈ । ਇਹ ਸਿੱਖ ਧਰਮ ਅਤੇ ਸਿੱਖ ਕੌਮ ਦੀਆਂ ਮਰਿਯਾਦਾਵਾਂ, ਨਿਯਮਾਂ, ਅਸੂਲਾਂ ਵਿਚ ਹਿੰਦੂਤਵ ਹੁਕਮਰਾਨਾਂ ਵੱਲੋਂ ਇਕ ਤਾਂ ਸਿੱਧਾਂ ਦਖਲ ਦੇਣ ਦੇ ਅਸਹਿ ਅਮਲ ਕੀਤੇ ਜਾ ਰਹੇ ਹਨ, ਦੂਸਰਾ ਸਾਡੀਆ ਮਰਿਯਾਦਾਵਾਂ ਤੇ ਨਿਯਮਾਂ ਦਾ ਘਾਣ ਕਰਨ ਦੀ ਬਜ਼ਰ ਗੁਸਤਾਖੀ ਕੀਤੀ ਜਾ ਰਹੀ ਹੈ ਜੋ ਅੱਜ ਤੱਕ ਅਸੀਂ ਦੁਨੀਆ ਦੀ ਕਿਸੇ ਵੀ ਕੌਮ, ਧਰਮ, ਹੁਕਮਰਾਨਾਂ ਨੂੰ ਨਹੀਂ ਦਿੱਤੀ ਅਤੇ ਨਾ ਹੀ ਇੰਡੀਆ ਦੇ ਇਨ੍ਹਾਂ ਫਿਰਕੂ ਹੁਕਮਰਾਨਾਂ ਨੂੰ ਅਜਿਹਾ ਕਰਨ ਦੀ ਇਜਾਜਤ ਦੇਵਾਂਗੇ ।

ਇਸ ਲਈ ਸੈਂਟਰ ਦੇ ਹੁਕਮਰਾਨਾਂ ਵੱਲੋਂ ਇਹ ਬਿਹਤਰ ਹੋਵੇਗਾ ਕਿ ਉਨ੍ਹਾਂ ਵੱਲੋਂ ਆਪਣੇ ਤੌਰ ਤੇ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਬੁੱਤ ਲਗਾਉਣ ਦੇ ਕੀਤੇ ਗਏ ਹਿਰਦੇਵੇਧਕ ਐਲਾਨ ਨੂੰ ਤੁਰੰਤ ਵਾਪਸ ਲੈਕੇ ਸਿੱਖ ਮਨਾਂ ਵਿਚ ਉਠੇ ਵੱਡੇ ਰੋਹ ਤੇ ਗੁੱਸੇ ਨੂੰ ਫੌਰੀ ਸ਼ਾਂਤ ਕਰਨ, ਵਰਨਾ ਸਿੱਖ ਕੌਮ ਵੱਲੋਂ ਆਪਣੀਆ ਮਰਿਯਾਦਾਵਾਂ ਤੇ ਨਿਯਮਾਂ ਦੀ ਰਾਖੀ ਕਰਨ ਲਈ ਕਿਸੇ ਤਰ੍ਹਾਂ ਦਾ ਹੋਣ ਵਾਲਾ ਵਿਰੋਧ ਜਾਂ ਸਮੂਹਿਕ ਐਕਸ਼ਨ ਦੇ ਮਾਰੂ ਨਤੀਜਿਆ ਲਈ ਇਹ ਹਿੰਦੂਤਵ ਹੁਕਮਰਾਨ ਜੋ ਸਿੱਖ ਧਰਮ ਵਿਚ ਸਿੱਧੀ ਦਖਲਅੰਦਾਜੀ ਕਰ ਰਹੇ ਹਨ, ਉਹ ਜਿ਼ੰਮੇਵਾਰ ਹੋਣਗੇ । ਸ. ਮਾਨ ਨੇ ਦਿੱਲੀ ਗੁਰਦੁਆਰਾ ਮੈਨੇਜਮੈਟ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਵੱਖ-ਵੱਖ ਟਕਸਾਲਾ, ਸੰਪਰਦਾਵਾਂ, ਫੈਡਰੇਸ਼ਨਾਂ, ਸਿੱਖ ਸਭਾਵਾਂ, ਸੁਖਮਨੀ ਸਾਹਿਬ ਸੁਸਾਇਟੀਆ, ਪੰਥਕ ਬੁੱਧੀਜੀਵੀਆ, ਵਿਦਵਾਨਾਂ, ਰਾਗੀਆ, ਢਾਡੀਆ, ਪ੍ਰਚਾਰਕਾਂ, ਗ੍ਰੰਥੀਆ ਆਦਿ ਸਭਨਾਂ ਨੂੰ ਇਸ ਗੰਭੀਰ ਵਿਸ਼ੇ ਤੇ ਇਕ ਤਾਕਤ ਹੋ ਕੇ ਹਿੰਦੂਤਵ ਹੁਕਮਰਾਨਾਂ ਦੇ ਮੰਦਭਾਵਨਾ ਭਰੇ ਅਮਲਾਂ ਨੂੰ ਰੋਕਣ ਲਈ ਜਿਥੇ ਜੋਰਦਾਰ ਅਪੀਲ ਕੀਤੀ, ਉਥੇ ਅਜਿਹੀਆ ਸਿੱਖ ਵਿਰੋਧੀ ਸਾਜਿ਼ਸਾਂ ਕਰਨ ਵਾਲਿਆ ਨੂੰ ਨੇਕ ਰਾਏ ਦਿੱਤੀ ਕਿ ਉਹ ਫਿਰਕੂ ਸੋਚ ਅਧੀਨ ਤੁਰੰਤ ਅਜਿਹੀਆ ਕਾਰਵਾਈ ਬੰਦ ਕਰ ਦੇਣ ਤਾਂ ਕਿ ਇੰਡੀਆ ਦੇ ਪਹਿਲੋ ਹੀ ਹੁਕਮਰਾਨਾਂ ਦੀਆਂ ਗਲਤ ਨੀਤੀਆ ਤੇ ਅਮਲਾਂ ਦੀ ਬਦੌਲਤ ਬਣੀ ਅਤਿ ਵਿਸਫੋਟਕ ਸਥਿਤੀ ਹੋਰ ਗੰਭੀਰ ਨਾ ਹੋ ਜਾਵੇ ਅਤੇ ਇਥੇ ਅਮਨ-ਚੈਨ ਬਰਕਰਾਰ ਰਹਿ ਸਕੇ ।

About The Author

Related posts

Leave a Reply

Your email address will not be published. Required fields are marked *