Verify Party Member
Header
Header
ਤਾਜਾ ਖਬਰਾਂ

ਸਿੱਖ ਕੌਮ ਦੇ ਸ਼੍ਰੋਮਣੀ ਭਗਤ ਰਵੀਦਾਸ ਜੀ ਦੇ ਦਿੱਲੀ ਵਿਖੇ ਧਾਰਮਿਕ ਸਥਾਂਨ ਨੂੰ ਮੋਦੀ ਹਕੂਮਤ ਅਤੇ ਕੇਜਰੀਵਾਲ ਹਕੂਮਤ ਵੱਲੋਂ ਢਹਿ-ਢੇਰੀ ਕਰਨ ਵਾਲੀਆ ਫਿਰਕੂ ਤਾਕਤਾਂ ਅਤੇ ਹੁਕਮਰਾਨਾਂ ਵਿਰੁੱਧ ਫੌਰੀ ਕਾਰਵਾਈ ਕਰਦੇ ਹੋਏ ਸਮੁੱਚੀ ਸਿੱਖ ਕੌਮ ਅਤੇ ਰੰਘਰੇਟਿਆ ਦੇ ਮਨਾਂ ਨੂੰ ਪਹੁੰਚੀ ਠੇਸ ਦੀ ਬਦੌਲਤ ਉਠੇ ਰੋਸ ਨੂੰ ਸ਼ਾਂਤ ਕਰਨ ਸੰਬੰਧੀ ।

ਯਾਦ-ਪੱਤਰ

ਵੱਲੋਂ: ਜਿ਼ਲ੍ਹਾ ਜਥੇਬੰਦੀ ਸ੍ਰੀ ਫ਼ਤਹਿਗੜ੍ਹ ਸਾਹਿਬ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।

ਵੱਲ: ਸ੍ਰੀ ਰਾਮ ਨਾਥ ਕੋਵਿੰਦ,
ਸਦਰ-ਏ-ਇੰਡੀਆ,
ਰਾਸ਼ਟਰਪਤੀ ਭਵਨ ਦਿੱਲੀ,
ਮਾਰਫ਼ਤ,
ਨਾਮ ਪ੍ਰਸ਼ਾਤ ਕੁਮਾਰ ਗੋਇਲ, ਆਈ.ਏ.ਐਸ
ਡਿਪਟੀ ਕਮਿਸ਼ਨਰ,
ਜਿ਼ਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ।

6550/ਸਅਦਅ/2019    19 ਅਗਸਤ 2019

ਵਿਸ਼ਾ: ਸਿੱਖ ਕੌਮ ਦੇ ਸ਼੍ਰੋਮਣੀ ਭਗਤ ਰਵੀਦਾਸ ਜੀ ਦੇ ਦਿੱਲੀ ਵਿਖੇ ਧਾਰਮਿਕ ਸਥਾਂਨ ਨੂੰ ਮੋਦੀ ਹਕੂਮਤ ਅਤੇ ਕੇਜਰੀਵਾਲ ਹਕੂਮਤ ਵੱਲੋਂ ਢਹਿ-ਢੇਰੀ ਕਰਨ ਵਾਲੀਆ ਫਿਰਕੂ ਤਾਕਤਾਂ ਅਤੇ ਹੁਕਮਰਾਨਾਂ ਵਿਰੁੱਧ ਫੌਰੀ ਕਾਰਵਾਈ ਕਰਦੇ ਹੋਏ ਸਮੁੱਚੀ ਸਿੱਖ ਕੌਮ ਅਤੇ ਰੰਘਰੇਟਿਆ ਦੇ ਮਨਾਂ ਨੂੰ ਪਹੁੰਚੀ ਠੇਸ ਦੀ ਬਦੌਲਤ ਉਠੇ ਰੋਸ ਨੂੰ ਸ਼ਾਂਤ ਕਰਨ ਸੰਬੰਧੀ ।

ਸਤਿਕਾਰਯੋਗ ਸ੍ਰੀ ਰਾਮ ਨਾਥ ਕੋਵਿੰਦ ਜੀਓ,

ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਹਿ॥

ਨਿਮਰਤਾ ਸਹਿਤ ਆਪ ਜੀ ਦੇ ਧਿਆਨ ਹਿੱਤ ਲਿਆਂਦਾ ਜਾਂਦਾ ਹੈ ਕਿ ਸਿੱਖ ਕੌਮ ਤੇ ਸਿੱਖ ਧਰਮ ਦੇ ਜਿਸ ਸ਼੍ਰੌਮਣੀ ਭਗਤ ਰਵੀਦਾਸ ਜੀ ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਹਰ ਤਰ੍ਹਾਂ ਦੇ ਸਮਾਜਿਕ, ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ, ਵਿਤਕਰਿਆ ਆਦਿ ਨੂੰ ਖ਼ਤਮ ਕਰਨ ਅਤੇ ਸਮੁੱਚੀ ਮਨੁੱਖਤਾ ਲਈ ਬਰਾਬਰਤਾ ਦੇ ਸਿਧਾਂਤ ਨੂੰ ਦ੍ਰਿੜਤਾ ਨਾਲ ਉਜਾਗਰ ਕਰਨ ਲਈ ਆਪਣਾ ਜੀਵਨ ਲਗਾਇਆ ਅਤੇ ਜੋ ਸਮੁੱਚੀ ਮਨੁੱਖਤਾ ਦੇ ਉੱਚ ਦਰਜੇ ਦੇ ਸਤਿਕਾਰਯੋਗ ਭਗਤ ਹਨ ਅਤੇ ਜਿਨ੍ਹਾਂ ਦੇ ਪਵਿੱਤਰ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੁਸੋਭਿਤ ਹਨ, ਉਨ੍ਹਾਂ ਨਾਲ ਸੰਬੰਧਤ 500 ਸਾਲ ਪੁਰਾਤਨ ਮੰਦਿਰ ਜੋ ਦਿੱਲੀ ਦੇ ਤੁਗਲਕਾਬਾਦ ਵਿਖੇ ਸਥਿਤ ਹੈ, ਜਿਥੇ ਸਦੀਆਂ ਤੋਂ ਸਮੁੱਚੇ ਵਰਗ ਵਿਸ਼ੇਸ਼ ਤੌਰ ਤੇ ਰੰਘਰੇਟੇ ਤੇ ਸਿੱਖ ਕੌਮ ਆਪਣੀ ਸਰਧਾ ਸਹਿਤ ਨਤਮਸਤਕ ਹੁੰਦੀ ਆ ਰਹੀ ਹੈ, ਹਿੰਦੂਤਵ ਮੋਦੀ ਹਕੂਮਤ ਵਿਚ ਸਾਮਿਲ ਫਿਰਕੂ ਤਾਕਤਾਂ ਨੇ ਮੰਦਭਾਵਨਾ ਅਧੀਨ ਅਤੇ ਇਸ ਧਰਮ ਸਥਾਂਨ ਨਾਲ ਸੰਬੰਧਤ ਨਿਵਾਸੀਆ ਨੂੰ ਹਿੰਦੂਤਵ ਹਕੂਮਤ ਦੀ ਅਧੀਨਗੀ ਪ੍ਰਵਾਨ ਕਰਨ ਦੀ ਸੋਚ ਅਧੀਨ 11 ਅਗਸਤ ਨੂੰ ਇਕ ਡੂੰਘੀ ਸਾਜਿ਼ਸ ਤਹਿਤ ਸ੍ਰੀ ਕੇਜਰੀਵਾਲ ਦੇ ਅਧੀਨ ਕੰਮ ਕਰ ਰਹੀ ਡੀ.ਡੀ.ਏ ਨੇ ਸਾਂਝੀ ਸਾਜਿ਼ਸ ਅਧੀਨ ਢਹਿ-ਢੇਰੀ ਕਰ ਦਿੱਤਾ ਹੈ । ਲੱਖਾਂ, ਕਰੋੜਾਂ ਸਿੱਖਾਂ, ਰੰਘਰੇਟਿਆ ਅਤੇ ਦਲਿਤਾਂ ਦੇ ਮਨ-ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਗਈ ਹੈ । ਜਿਸ ਨਾਲ ਕੇਵਲ ਇੰਡੀਆਂ ਵਿਚ ਹੀ ਨਹੀਂ, ਬਾਹਰਲੇ ਮੁਲਕਾਂ ਵਿਚ ਵੱਸਣ ਵਾਲੀ ਸਿੱਖ ਕੌਮ ਅਤੇ ਰੰਘਰੇਟਿਆ ਵਿਚ ਵੀ ਬਹੁਤ ਵੱਡਾ ਰੋਹ ਉਤਪੰਨ ਹੋ ਚੁੱਕਾ ਹੈ । ਹੁਕਮਰਾਨਾਂ ਨੇ ਅਜਿਹੀ ਘਿਣੋਨੀ ਕਾਰਵਾਈ ਕਰਕੇ ਇੰਡੀਆਂ ਤੇ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਇੰਡੀਅਨ ਵਿਚ ਇਕ ਨਫ਼ਰਤ ਦੀ ਦੀਵਾਰ ਖੜ੍ਹੀ ਕਰ ਦਿੱਤੀ ਹੈ । ਇਸ ਕੀਤੀ ਗਈ ਅਸਹਿ ਤੇ ਅਕਹਿ ਕਾਰਵਾਈ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚਾ ਰੰਘਰੇਟਾ ਵਰਗ ਜੋ ਇਨਸਾਨੀਅਤ ਕਦਰਾ-ਕੀਮਤਾ ਉਤੇ ਪਹਿਰਾ ਦਿੰਦਾ ਆ ਰਿਹਾ ਹੈ, ਉਹ ਇਸ ਨੂੰ ਸਾਹਿਬ ਸ੍ਰੀ ਗੁਰੂ ਗ੍ਰ੍ਰੰਥ ਸਾਹਿਬ ਉਤੇ ਹਮਲਾ ਕਰਾਰ ਦਿੰਦਾ ਹੋਇਆ ਆਪ ਜੀ ਨੂੰ ਇੰਡੀਆਂ ਦੇ ਸਦਰ ਦੇ ਉੱਚ ਅਹੁਦੇ ਤੇ ਬਿਰਾਜਮਾਨ ਹੋਣ ਦੇ ਨਾਤੇ ਸਮੂਹਿਕ ਤੌਰ ਤੇ ਲੱਖਾਂ-ਕਰੋੜਾਂ ਸਿੱਖਾਂ ਅਤੇ ਰੰਘਰੇਟੇ ਵਰਗ ਦੇ ਬਿਨ੍ਹਾਂ ਤੇ ਇਹ ਜੋਰਦਾਰ ਅਪੀਲ ਕਰਨੀ ਚਾਹੇਗਾ ਕਿ ਜਿਨ੍ਹਾਂ ਹਿੰਦੂਤਵ ਤਾਕਤਾਂ ਅਤੇ ਹੁਕਮਰਾਨਾਂ ਨੇ ਇਹ ਅਤਿ ਸ਼ਰਮਨਾਕ ਅਤੇ ਘਿਣੋਨੀ ਕਾਰਵਾਈ ਕੀਤੀ ਹੈ, ਉਨ੍ਹਾਂ ਵਿਰੁੱਧ ਆਪ ਜੀ ਆਪਣੇ ਮਿਲੇ ਵਿਧਾਨਿਕ ਹੱਕਾਂ ਦੀ ਵਰਤੋਂ ਕਰਦੇ ਹੋਏ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਜੋ ਸਮੁੱਚੀ ਸਿੱਖ ਕੌਮ ਤੇ ਰੰਘਰੇਟੇ ਵਰਗ ਦੇ ਮਨ-ਆਤਮਾ ਵਿਚ ਵੱਡਾ ਰੋਹ ਉੱਠਿਆ ਹੈ, ਉਸ ਨੂੰ ਸ਼ਾਂਤ ਕਰਨ ਦੀ ਜਿ਼ੰਮੇਵਾਰੀ ਨਿਭਾਈ ਜਾਵੇ । ਤਾਂ ਕਿ ਇੰਡੀਆਂ ਵਿਚ ਅਰਾਜਕਤਾ ਫੈਲਾਉਣ ਵਾਲੀਆ ਹਿੰਦੂਤਵ ਤਾਕਤਾਂ ਆਪਣੇ ਮਨੁੱਖਤਾ ਵਿਰੋਧੀ ਮਿਸ਼ਨ ਵਿਚ ਨਾ ਤਾਂ ਕਾਮਯਾਬ ਹੋ ਸਕਣ ਅਤੇ ਨਾ ਹੀ ਵੱਖ-ਵੱਖ ਧਰਮਾਂ, ਕੌਮਾਂ ਵਿਚ ਨਫ਼ਰਤ ਪੈਦਾ ਕਰਨ ਦੀ ਸੋਚ ਅਧੀਨ ਕੋਈ ਗੈਰ-ਸਮਾਜਿਕ ਅਤੇ ਗੈਰ-ਕਾਨੂੰਨੀ ਕਾਰਵਾਈ ਕਰਨ ਦਾ ਅਮਲ ਨਾ ਕਰ ਸਕੇ ।

ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਇਹ ਦੁੱਖਦਾਇਕ ਅਮਲ ਕਿਸੇ ਅਣਜਾਣਪੁਣੇ ਜਾਂ ਅਣਗਹਿਲੀ ਨਾਲ ਨਹੀਂ ਹੋਇਆ, ਬਲਕਿ ਹਿੰਦੂਤਵ ਫਿਰਕੂ ਤਾਕਤਾਂ ਦੀ ਇਥੇ ਹਿੰਦੂ ਰਾਸ਼ਟਰ ਕਾਇਮ ਕਰਨ ਦੀ ਵਿਊਤਬੰਦੀ ਦੇ ਹਿੱਸੇ ਦੀ ਇਕ ਸੋਚੀ-ਸਮਝੀ ਲੜੀ ਹੈ । ਇਸੇ ਅਧੀਨ 1984 ਵਿਚ ਇਨ੍ਹਾਂ ਹਿੰਦੂਤਵ ਤਾਕਤਾਂ ਨੇ ਇਕ ਹੋ ਕੇ ਸਿੱਖ ਕੌਮ ਦੇ ਧਾਰਮਿਕ ਅਸਥਾਂਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਸਾਡੇ ਧਾਰਮਿਕ ਅਸਥਾਂਨਾਂ ਨੂੰ ਹੀ ਸ਼ਹੀਦ ਨਹੀਂ ਕੀਤਾ, ਬਲਕਿ ਕੋਈ 25 ਹਜ਼ਾਰ ਦੇ ਕਰੀਬ ਉਥੇ ਪਹੁੰਚੇ ਸਿੱਖ ਸਰਧਾਲੂਆ ਜਿਨ੍ਹਾਂ ਵਿਚ ਬੱਚੇ, ਬੀਬੀਆਂ, ਨੌਜ਼ਵਾਨ ਤੇ ਬਜੁਰਗ ਅਤੇ ਨਿਹੱਥੇ ਸਨ, ਨੂੰ ਸ਼ਹੀਦ ਕਰ ਦਿੱਤਾ । ਤਾਂ ਕਿ ਸਿੱਖ ਕੌਮ ਹਿੰਦੂਤਵ ਸੋਚ ਦੀ ਗੁਲਾਮੀਅਤ ਨੂੰ ਪ੍ਰਵਾਨ ਕਰੇ । ਇਸੇ ਸੋਚ ਅਧੀਨ ਫਿਰ ਅਕਤੂਬਰ-ਨਵੰਬਰ 1984 ਵਿਚ ਹੁਕਮਰਾਨਾਂ ਨੇ ਸਿੱਖ ਕੌਮ ਦਾ ਬਹੁਤ ਬੇਰਹਿੰਮੀ ਨਾਲ ਕਤਲੇਆਮ ਤੇ ਨਸ਼ਲਕੁਸੀ ਕੀਤੀ । ਇਸੇ ਸੋਚ ਅਧੀਨ 6 ਦਸੰਬਰ 1992 ਨੂੰ ਮੁਸਲਿਮ ਕੌਮ ਦੇ ਧਾਰਮਿਕ ਅਸਥਾਂਨ ਸ੍ਰੀ ਬਾਬਰੀ ਮਸਜਿਦ ਨੂੰ ਸਭ ਕਾਂਗਰਸੀਆਂ, ਬੀਜੇਪੀ-ਆਰ.ਐਸ.ਐਸ, ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ, ਸਿ਼ਵ ਸੈਨਾ ਸਭ ਹਿੰਦੂਤਵ ਜਮਾਤਾਂ ਨੇ ਇਕੱਤਰ ਹੋ ਕੇ ਮੁਸਲਿਮ ਕੌਮ ਦੇ ਮਨ-ਆਤਮਾਵਾਂ ਨੂੰ ਜਖ਼ਮੀ ਕਰਨ ਵਾਲੀ ਇਹ ਕਾਰਵਾਈ ਕਰਦੇ ਹੋਏ ਸ਼ਹੀਦ ਕੀਤਾ ਸੀ । ਫਿਰ ਜਨਵਰੀ 1999 ਵਿਚ ਦੱਖਣੀ ਸੂਬਿਆਂ ਕੇਰਲਾ, ਕਰਨਾਟਕ, ਓੜੀਸਾ ਆਦਿ ਵਿਚ ਇਸਾਈਆ ਦੇ ਚਰਚਾਂ ਨੂੰ ਅੱਗਾਂ ਲਗਾਈਆ, ਉਨ੍ਹਾਂ ਦੀਆਂ ਨਨਜ਼ਾਂ ਨਾਲ ਬਲਾਤਕਾਰ ਕੀਤੇ । ਆਸਟ੍ਰੇਲੀਅਨ ਇਸਾਈ ਪ੍ਰਚਾਰਕ ਸ੍ਰੀ ਗ੍ਰਾਂਹਮ ਸਟੇਨਜ਼ ਅਤੇ ਉਸਦੇ ਦੋ ਮਾਸੂਮ ਬੱਚਿਆਂ ਨੂੰ ਗੱਡੀ ਵਿਚ ਅੱਗ ਲਗਾਕੇ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਗਿਆ । 2000 ਜਦੋਂ ਸੈਂਟਰ ਵਿਚ ਸ੍ਰੀ ਵਾਜਪਾਈ ਦੀ ਬੀਜੇਪੀ ਹਕੂਮਤ ਸੀ, ਉਸ ਸਮੇਂ ਜੰਮੂ-ਕਸ਼ਮੀਰ ਦੇ ਚਿੱਠੀ ਸਿੰਘ ਪੁਰਾ ਵਿਚ 43 ਨਿਹੱਥੇ, ਨਿਰਦੋਸ਼ ਅਤੇ ਅੰਮ੍ਰਿਤਧਾਰੀ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹੇ ਕਰਕੇ ਫ਼ੌਜ ਵੱਲੋਂ ਗੋਲੀਆ ਮਾਰਕੇ ਸ਼ਹੀਦ ਕਰ ਦਿੱਤਾ ਗਿਆ । 2002 ਵਿਚ ਜਦੋਂ ਗੁਜਰਾਤ ਵਿਚ ਸ੍ਰੀ ਮੋਦੀ ਮੁੱਖ ਮੰਤਰੀ ਸਨ, ਤਾਂ ਉਸ ਸਮੇਂ 2 ਹਜ਼ਾਰ ਮੁਸਲਮਾਨਾਂ ਦਾ ਕਤਲੇਆਮ ਕਰਕੇ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਗਿਆ ਅਤੇ ਉਨ੍ਹਾਂ ਦੀਆਂ ਬੀਬੀਆਂ ਨਾਲ ਜ਼ਬਰ-ਜਿਨਾਹ ਕਰਦਿਆ ਦੀਆਂ ਵੀਡੀਓਜ਼ ਬਣਾਈਆ ਗਈਆ । 2013 ਵਿਚ ਇਸੇ ਸ੍ਰੀ ਮੋਦੀ ਨੇ ਗੁਜਰਾਤ ਵਿਚ ਪੱਕੇ ਤੌਰ ਤੇ 50-50 ਸਾਲਾ ਤੋਂ ਵੱਸੇ ਸਿੱਖ ਜਿ਼ੰਮੀਦਾਰਾਂ ਜਿਨ੍ਹਾਂ ਦੀਆਂ ਆਪਣੀਆ ਮਲਕੀਅਤ ਜ਼ਮੀਨਾਂ ਅਤੇ ਘਰ ਸਨ, ਨੂੰ ਜ਼ਬਰੀ ਬੇਘਰ ਤੇ ਬੇਜ਼ਮੀਨੇ ਕਰਕੇ ਉਜਾੜ ਦਿੱਤਾ ਗਿਆ। ਬੀਤੇ ਲੰਮੇਂ ਸਮੇਂ ਤੋਂ ਕਸ਼ਮੀਰ ਵਿਚ ਫ਼ੌਜ, ਅਰਧ ਸੈਨਿਕ ਬਲ ਰੋਜ਼ਾਨਾ ਹੀ ਕਸ਼ਮੀਰੀਆਂ ਨੂੰ ਬਾਗੀ, ਦੇਸ਼ਧ੍ਰੋਹੀ ਗਰਦਾਨਕੇ ਗੋਲੀਆ ਦਾ ਨਿਸ਼ਾਨਾਂ ਬਣਾਉਦੇ ਆ ਰਹੇ ਹਨ ਅਤੇ ਹੁਣੇ ਹੀ ਕਸ਼ਮੀਰ ਵਿਚ ਧਾਰਾ 35ਏ ਅਤੇ ਆਰਟੀਕਲ 370 ਜਿਸ ਅਨੁਸਾਰ ਕਸ਼ਮੀਰੀਆਂ ਨੂੰ ਆਜ਼ਾਦੀ ਅਤੇ ਖੁਦਮੁਖਤਿਆਰੀ ਦੇ ਹੱਕ ਵਿਧਾਨਿਕ ਤੌਰ ਤੇ ਮਿਲੇ ਹੋਏ ਸਨ, ਨੂੰ ਖ਼ਤਮ ਕਰਕੇ ਉਨ੍ਹਾਂ ਨੂੰ ਵੀ ਆਪਣੇ ਘਸਿਆਰੇ ਬਣਾਉਣਾ ਲੋਚਦੇ ਹਨ । ਜੋ ਉਥੇ ਅਫਸਪਾ ਕਾਨੂੰਨ ਜ਼ਬਰੀ ਲਾਗੂ ਕੀਤਾ ਗਿਆ ਹੈ, ਇਹ ਉਨ੍ਹਾਂ ਉਤੇ ਜੁਲਮ ਢਾਹਕੇ ਉਨ੍ਹਾਂ ਨੂੰ ਆਪਣੀ ਗੁਲਾਮੀਅਤ ਪ੍ਰਵਾਨ ਕਰਨ ਦੇ ਮੰਦਭਾਵਨਾ ਭਰੇ ਮਨਸੂਬਿਆਂ ਤੇ ਅਮਲ ਹੋ ਰਿਹਾ ਹੈ । ਜੋ ਇਥੇ ਜੈ ਸ੍ਰੀ ਰਾਮ ਜਾਂ ਭਾਰਤ ਮਾਤਾ ਕੀ ਜੈ ਆਦਿ ਦੇ ਨਾਅਰੇ ਨਹੀਂ ਲਗਾਵੇਗਾ, ਉਸ ਨੂੰ ਮਾਰਨ ਅਤੇ ਉਸ ਉਤੇ ਤਸੱਦਦ ਕਰਨ ਦੇ ਅਮਲ ਹੋ ਰਹੇ ਹਨ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਪੰਜਾਬ ਦੀ ਸਰਕਾਰ ਨੇ ਜਿਸ ਤਰ੍ਹਾਂ ਭਗਤ ਰਵੀਦਾਸ ਮੰਦਿਰ ਢਹਿਣ ਉਤੇ ਬਹੁਤ ਹੀ ਸਹਿਜ ਅਤੇ ਨਿਮਰਤਾ ਨਾਲ ਇਥੇ ਵਿਗੜਦੀ ਸਥਿਤੀ ਨੂੰ ਕਾਬੂ ਵਿਚ ਰੱਖਿਆ ਅਤੇ ਸੰਬੰਧਤ ਨਾਗਰਿਕਾਂ ਦੇ ਰੋਸ ਨੂੰ ਉਜਾਗਰ ਕਰਨ ਵਿਚ ਦੂਰਅੰਦੇਸ਼ੀ ਤੋਂ ਕੰਮ ਲੈਦੇ ਹੋਏ ਸਹਿਯੋਗ ਕੀਤਾ ਜਿਸਦੀ ਅਸੀਂ ਪ੍ਰਸ਼ੰਸ਼ਾਂ ਵੀ ਕਰਦੇ ਹਾਂ, ਉਸੇ ਤਰ੍ਹਾਂ ਦੀ ਸਥਿਤੀ ਕਸ਼ਮੀਰ ਵਿਚ ਵੀ ਕਸ਼ਮੀਰੀਆਂ ਵਿਚ ਉੱਠੇ ਰੋਹ ਨੂੰ ਸਹਿਜ ਅਤੇ ਨਿਮਰਤਾ ਨਾਲ ਕਾਬੂ ਕਰਨਾ ਚਾਹੀਦਾ ਸੀ । ਨਾ ਕਿ ਜ਼ਬਰ-ਜੁਲਮ, ਫ਼ੌਜ, ਅਰਧ ਸੈਨਿਕ ਬਲ, ਸੰਚਾਰ ਸਾਧਨ ਬੰਦ ਕਰਕੇ ਉਨ੍ਹਾਂ ਉਤੇ ਮਾਨਸਿਕ ਜ਼ਬਰ-ਜੁਲਮ ਕਰਨਾ ਬਣਦਾ ਸੀ ।

ਇਹ ਹੋਰ ਵੀ ਦੁੱਖਦਾਇਕ ਕਾਨੂੰਨ ਤੇ ਇਨਸਾਨੀਅਤ ਵਿਰੋਧੀ ਵਰਤਾਰਾ ਹੋ ਰਿਹਾ ਹੈ ਕਿ ਉਪਰੋਕਤ ਹੋਏ ਗੈਰ-ਇਨਸਾਨੀ ਅਮਲਾਂ ਦੇ ਦੋਸ਼ੀਆਂ ਨੂੰ ਅੱਜ ਤੱਕ ਕੋਈ ਵੀ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਨਾ ਤਾਂ ਸਜ਼ਾਵਾਂ ਦਿੱਤੀਆ ਗਈਆ ਹਨ ਅਤੇ ਨਾ ਹੀ ਘੱਟ ਗਿਣਤੀ ਕੌਮਾਂ ਨੂੰ ਕੋਈ ਇਨਸਾਫ਼ ਦਿੱਤਾ ਜਾ ਰਿਹਾ ਹੈ । ਇਹ ਸਭ ਅਮਲ ਹਿੰਦੂਤਵ ਰਾਸਟਰ ਨੂੰ ਜ਼ਬਰੀ ਗੈਰ-ਇਨਸਾਨੀਅਤ ਅਤੇ ਕੌਮਾਂਤਰੀ ਕਾਨੂੰਨਾਂ, ਕਦਰਾ-ਕੀਮਤਾ ਦਾ ਉਲੰਘਣ ਕਰਕੇ ਸਮੁੱਚੇ ਮੁਲਕ ਵਿਚ ਹੁਕਮਰਾਨਾਂ ਵੱਲੋਂ ਵੱਡੇ ਪੱਧਰ ਤੇ ਅਰਾਜਕਤਾ ਫੈਲਾਈ ਜਾ ਰਹੀ ਹੈ ਅਤੇ ਘੱਟ ਗਿਣਤੀ ਕੌਮਾਂ, ਰੰਘਰੇਟਿਆ, ਆਦਿਵਾਸੀਆ, ਕਬੀਲਿਆ ਆਦਿ ਦੇ ਸਭ ਜਿੰਦਗੀ ਜਿਊਂਣ, ਬਰਾਬਰਤਾ ਦੇ ਹੱਕਾਂ ਦਾ ਆਨੰਦ ਮਾਨਣ, ਅਣਖ਼-ਗੈਰਤ ਨਾਲ ਜੀਵਨ ਬਸਰ ਕਰਨ ਦੇ ਜ਼ਬਰੀ ਅਧਿਕਾਰ ਤੇ ਹੱਕ ਖੋਹੇ ਜਾ ਰਹੇ ਹਨ । ਜੋ ਭਗਤ ਰਵੀਦਾਸ ਜੀ ਦੇ ਧਾਰਮਿਕ ਅਸਥਾਂਨ ਨੂੰ ਸ਼ਹੀਦ ਕੀਤਾ ਗਿਆ ਹੈ, ਇਹ ਇਥੇ ਵੱਸਣ ਵਾਲੇ ਰੰਘਰੇਟੇ ਵਰਗ ਉਤੇ ਹੀ ਕੋਝਾ ਹਮਲਾ ਨਹੀਂ, ਬਲਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਿਸ਼ਾਨਾਂ ਬਣਾਉਦੇ ਹੋਏ ਇਹ ਹਮਲਾ ਕੀਤਾ ਗਿਆ ਹੈ । ਇਸ ਨੂੰ ਸਮੁੱਚੀ ਸਿੱਖ ਕੌਮ ਆਪਣੇ ਉਤੇ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਉਤੇ ਹਮਲਾ ਕਰਾਰ ਦਿੰਦੀ ਹੋਈ ਅਤੇ ਇਸ ਯਾਦ-ਪੱਤਰ ਰਾਹੀ ਆਪ ਜੀ ਕੋਲ ਸਮੁੱਚੇ ਰੰਘਰੇਟਿਆ ਜੋ ਸਿੱਖ ਕੌਮ ਦਾ ਹਿੱਸਾ ਹਨ ਅਤੇ ਸਮੁੱਚੀ ਸਿੱਖ ਕੌਮ ਵੱਲੋਂ ਵੱਡਾ ਰੋਹ ਦਰਜ ਕਰਦੇ ਹੋਏ ਇਹ ਮੰਗ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਹਕੂਮਤੀ ਆਗੂਆਂ, ਹੁਕਮਰਾਨਾਂ ਅਤੇ ਹੋਰ ਸੰਸਥਾਵਾਂ ਨੇ ਇਕ ਸਾਜਿ਼ਸ ਅਧੀਨ ਭਗਤ ਰਵੀਦਾਸ ਜੀ ਦੇ ਧਾਰਮਿਕ ਸਥਾਂਨ ਉਤੇ ਧਾਵਾ ਬੋਲਕੇ ਸ਼ਹੀਦ ਕੀਤਾ ਹੈ, ਉਨ੍ਹਾਂ ਵਿਰੁੱਧ ਤੁਰੰਤ ਆਪ ਜੀ ਕਾਨੂੰਨੀ ਕਾਰਵਾਈ ਕਰਦੇ ਹੋਏ ਅਤੇ ਇਥੇ ਜੋ ਹੁਕਮਰਾਨਾਂ ਵੱਲੋਂ ਅਰਾਜਕਤਾ ਫੈਲਾਈ ਜਾ ਰਹੀ ਹੈ, ਉਸ ਨੂੰ ਤੁਰੰਤ ਵੱਧਣ ਤੋਂ ਫੈਲਣ ਤੋਂ ਰੋਕਣ ਲਈ ਦੋਸ਼ੀ ਹੁਕਮਰਾਨਾਂ ਅਤੇ ਆਗੂਆਂ ਵਿਰੁੱਧ ਫ਼ੌਰੀ ਕਾਰਵਾਈ ਕਰਕੇ ਸਮੁੱਚੀ ਸਿੱਖ ਕੌਮ ਅਤੇ ਰੰਘਰੇਟੇ ਵਰਗ ਵਿਚ ਇੰਡੀਆ ਅਤੇ ਬਾਹਰਲੇ ਮੁਲਕਾਂ ਵਿਚ ਉੱਠੇ ਵੱਡੇ ਰੋਹ ਨੂੰ ਸ਼ਾਂਤ ਕੀਤਾ ਜਾਵੇ ਅਤੇ ਜੋ ਹੁਕਮਰਾਨਾਂ ਵੱਲੋਂ ਮੁਸਲਿਮ, ਸਿੱਖ, ਇਸਾਈ, ਰੰਘਰੇਟਿਆ ਦੇ ਵਿਧਾਨਿਕ ਹੱਕ ਜ਼ਬਰੀ ਕੁੱਚਲੇ ਜਾ ਰਹੇ ਹਨ, ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਸ਼ਹੀਦ ਕਰਕੇ ਉਨ੍ਹਾਂ ਨੂੰ ਆਪਣੇ ਗੁਲਾਮ ਬਣਾਉਣ ਦੇ ਮਨਸੂਬੇ ਘੜੇ ਜਾ ਰਹੇ ਹਨ । ਉਨ੍ਹਾਂ ਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਖ਼ਤੀ ਨਾਲ ਰੋਕਿਆ ਜਾਵੇ ਤਾਂ ਕਿ ਸ਼੍ਰੋਮਣੀ ਭਗਤ ਰਵੀਦਾਸ ਜੀ ਦੀ ਹਰ ਤਰ੍ਹਾਂ ਦੇ ਵਲਗਣਾ ਤੋਂ ਉਪਰ ਉੱਠਕੇ ਇਨਸਾਨੀਅਤ ਵਿਚ ਬਰਾਬਰਤਾ, ਸੋਚ ਲਈ ਬਹੁਤ ਸਦੀਆ ਪਹਿਲੇ ਕੀਤੇ ਗਏ ਕ੍ਰਾਂਤੀਕਾਰੀ ਉਦਮਾਂ ਨੂੰ ਹੋਰ ਅੱਗੇ ਵਧਾਇਆ ਜਾਵੇ ਤਾਂ ਕਿ ਇਥੇ ਸਦਾ ਲਈ ਅਮਨ-ਚੈਨ ਅਤੇ ਜਮਹੂਰੀਅਤ ਕਦਰਾ-ਕੀਮਤਾ ਕਾਇਮ ਹੋ ਸਕਣ ਅਤੇ ਕਿਸੇ ਵੀ ਧਰਮ ਜਾਂ ਕੌਮ ਜਾਂ ਘੱਟ ਗਿਣਤੀਆਂ ਦੇ ਮਨ-ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਣ ਦੀਆਂ ਸਾਜਿ਼ਸਾਂ ਦਾ ਖਾਤਮਾ ਕੀਤਾ ਜਾ ਸਕੇ।
ਪੂਰਨ ਉਮੀਦ ਕਰਦੇ ਹਾਂ ਕਿ ਆਪ ਜੀ ਇਸ ਯਾਦ-ਪੱਤਰ ਵਿਚ ਪ੍ਰਗਟਾਈਆ ਗਈਆ ਘੱਟ ਗਿਣਤੀ ਕੌਮਾਂ ਦੇ ਵਿਰੁੱਧ ਕੀਤੇ ਹੋਏ ਜ਼ਬਰ-ਜੁਲਮ, ਬੇਇਨਸਾਫ਼ੀਆਂ ਅਤੇ ਹਿੰਦੂਤਵ ਹੁਕਮਰਾਨਾਂ ਦੀਆਂ ਇਥੇ ਅਰਾਜਕਤਾ ਫੈਲਾਉਣ ਵਾਲੀਆ ਸਾਜਿਸਾ ਨੂੰ ਸਮਝਦੇ ਹੋਏ ਦਿੱਲੀ ਵਿਖੇ ਭਗਤ ਰਵੀਦਾਸ ਜੀ ਦੇ ਧਾਰਮਿਕ ਸਥਾਂਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਦੋਸ਼ੀਆਂ ਦੀ ਕਿਸੇ ਨਿਰਪੱਖ ਏਜੰਸੀ ਰਾਹੀ ਜਾਂਚ ਕਰਵਾਕੇ ਸਾਹਮਣੇ ਲਿਆਉਣ ਦੇ ਉਦਮ ਵੀ ਕਰੋਗੇ ਅਤੇ ਉਨ੍ਹਾਂ ਨੂੰ ਅਮਲੀ ਰੂਪ ਵਿਚ ਕਾਨੂੰਨੀ ਸਜ਼ਾਵਾਂ ਦਿਵਾਉਣ ਦਾ ਪ੍ਰਬੰਧ ਕਰਕੇ ਆਪਣੇ ਨਿਰਪੱਖਤਾ ਵਾਲੇ ਸਦਰ ਦੇ ਅਹੁਦੇ ਦੀ ਆਨ-ਸ਼ਾਨ ਨੂੰ ਬਹਾਲ ਕਰਨ ਵਿਚ ਮੁੱਖ ਭੂਮਿਕਾ ਨਿਭਾਉਗੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿੱਖ ਕੌਮ, ਸਮੁੱਚਾ ਰੰਘਰੇਟਾ ਅਤੇ ਦਲਿਤ, ਆਦਿਵਾਸੀ, ਕਬੀਲੇ ਆਦਿ ਵਰਗ ਆਪ ਜੀ ਦੇ ਤਹਿ ਦਿਲੋਂ ਸੁਕਰ ਗੁਜ਼ਾਰ ਹੋਣਗੇ ।

ਪੂਰਨ ਸਤਿਕਾਰ ਤੇ ਉਮੀਦ ਸਹਿਤ,

ਗੁਰੂਘਰ ਤੇ ਪੰਥ ਦੇ ਦਾਸ,

ਇਕਬਾਲ ਸਿੰਘ ਟਿਵਾਣਾ, 
ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ,

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *