Verify Party Member
Header
Header
ਤਾਜਾ ਖਬਰਾਂ

ਸਿੱਖ ਕੌਮ ਦਾ ਹੁਕਮਰਾਨਾਂ, ਨਿਜਾਮ, ਅਦਾਲਤਾਂ ਆਦਿ ਤੋਂ ਵਿਸ਼ਵਾਸ ਖ਼ਤਮ ਹੋ ਚੁੱਕਿਆ ਹੈ, ਕੌਮੀ ਆਜ਼ਾਦੀ ਹੀ ਸਭ ਸਮੱਸਿਆਵਾਂ ਦਾ ਇਕੋ-ਇਕ ਹੱਲ : ਮਾਨ

ਸਿੱਖ ਕੌਮ ਦਾ ਹੁਕਮਰਾਨਾਂ, ਨਿਜਾਮ, ਅਦਾਲਤਾਂ ਆਦਿ ਤੋਂ ਵਿਸ਼ਵਾਸ ਖ਼ਤਮ ਹੋ ਚੁੱਕਿਆ ਹੈ, ਕੌਮੀ ਆਜ਼ਾਦੀ ਹੀ ਸਭ ਸਮੱਸਿਆਵਾਂ ਦਾ ਇਕੋ-ਇਕ ਹੱਲ : ਮਾਨ

ਫ਼ਤਹਿਗੜ੍ਹ ਸਾਹਿਬ, 15 ਜੁਲਾਈ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਪਹਿਲੇ ਪੰਜਾਬ ਦੀ ਬਾਦਲ ਹਕੂਮਤ ਵੀ ਇਸ ਕਰਕੇ ਸਰਪ੍ਰਸਤੀ ਕਰਦੀ ਰਹੀ ਕਿਉਂਕਿ ਇਸ ਕੌਮ ਵਿਰੋਧੀ ਘਿਣੋਨੀ ਖੇਂਡ ਵਿਚ ਬਾਦਲ ਪਰਿਵਾਰ ਦੀ ਸਿਰਸੇ ਵਾਲੇ ਸਾਧ ਦੇ ਡੇਰੇ ਦੇ ਪੈਰੋਕਾਰ ਦੇ ਨਾਲ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਸਾਂਝ ਕਾਇਮ ਰੱਖੀ ਹੋਈ ਸੀ । ਬਾਦਲ ਪਰਿਵਾਰ ਕੇਵਲ ਆਪਣੇ ਸਿਆਸੀ ਤੇ ਪਰਿਵਾਰਿਕ ਫਾਇਦਿਆ ਲਈ ਹੀ ਆਪਣੀ ਜ਼ਮੀਰ ਨੂੰ ਬੀਜੇਪੀ-ਆਰ.ਐਸ.ਐਸ ਹਿੰਦੂਤਵ ਜਮਾਤਾਂ ਦੇ ਗਹਿਣੇ ਪਾ ਕੇ ਪੰਜਾਬ ਸੂਬੇ ਤੇ ਸਿੱਖ ਕੌਮ ਦਾ ਨਿਰੰਤਰ ਨੁਕਸਾਨ ਕਰਦੇ ਆ ਰਹੇ ਹਨ । ਇਹੀ ਵਜਹ ਹੈ ਕਿ ਅੱਜ ਸੀ.ਬੀ.ਆਈ. ਨੇ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਦੇ ਕੇਸ ਬੰਦ ਕਰਨ ਦੀ ਅਰਜੀ ਲਗਾਈ ਹੈ । ਜਦੋਂ ਮੋਦੀ ਹਕੂਮਤ ਅਤੇ ਸੀ.ਬੀ.ਆਈ. ਵਰਗੀ ਅਦਾਲਤ ਵੀ ਸਿੱਖ ਕੌਮ ਦੇ ਦੁੱਖ-ਦਰਦ ਨੂੰ ਸਮਝਣ ਦੀਆਂ ਕੋਸਿ਼ਸ਼ਾਂ ਨਹੀਂ ਕਰ ਰਹੀਆ ਤਾਂ ਪਹਿਲੋ ਹੀ ਤੜਫ ਰਹੇ ਸਿੱਖ ਕੌਮ ਦੇ ਮਨ-ਆਤਮਾ ਨੂੰ ਕੌਣ ਸ਼ਾਂਤ ਕਰੇਗਾ, ਕੌਣ ਇਨਸਾਫ਼ ਦੇਵੇਗਾ ? ਇਹ ਸਵਾਲ ਅੱਜ ਸਭ ਤੋਂ ਅਹਿਮ ਤੇ ਗੰਭੀਰ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੁਕਮਰਾਨਾਂ ਤੇ ਅਦਾਲਤਾਂ ਵੱਲੋਂ ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਨੂੰ ਬਣਦਾ ਇਨਸਾਫ਼ ਨਾ ਦੇਣ ਅਤੇ ਉਨ੍ਹਾਂ ਉਤੇ ਸਾਜ਼ਸੀ ਢੰਗਾਂ ਰਾਹੀ ਜ਼ਬਰ-ਜੁਲਮ ਕਰਨ ਅਤੇ ਸਿੱਖਾਂ ਉਤੇ ਜੁਲਮ ਕਰਨ ਵਾਲੇ ਬਹੁਗਿਣਤੀ ਨਾਲ ਸੰਬੰਧਤ ਦੋਸ਼ੀਆਂ ਨੂੰ ਰਬੜ ਦੇ ਕਾਨੂੰਨ ਦਾ ਨੱਕ ਮਰੋੜਕੇ ਅਦਾਲਤਾਂ ਤੇ ਕਾਨੂੰਨ ਤੋਂ ਬਰੀ ਕਰਵਾਉਣ ਦੇ ਦੁੱਖਦਾਇਕ ਅਮਲਾਂ ਨੂੰ ਅਰਾਜਕਤਾ ਫੈਲਾਉਣ ਵਾਲੇ ਮਨੁੱਖਤਾ ਵਿਰੋਧੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ. ਬਾਦਲ ਅਤੇ ਬਾਦਲ ਪਰਿਵਾਰ ਦੀ ਬਦੌਲਤ 1984 ਵਿਚ ਸਿੱਖ ਗੁਰਧਾਮਾਂ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਹੋਇਆ । 26 ਹਜ਼ਾਰ ਨਿਰਦੋਸ਼ ਸਿੱਖ ਸਰਧਾਲੂ ਮੌਤ ਦੇ ਮੂੰਹ ਵਿਚ ਗਏ । ਸਿੱਖ ਰੈਫਰੈਸ ਲਾਈਬ੍ਰੇਰੀ ਅਤੇ ਤੋਸਾਖਾਨਾ ਵਿਚ ਬੇਸਕੀਮਤੀ ਅਮੁੱਲ ਕੌਮੀ ਸਰਮਾਇਆ, ਦਸਤਾਵੇਜ, ਇਤਿਹਾਸ ਅਤੇ ਹੋਰ ਦੁਰਲੱਭ ਵਸਤਾਂ ਫ਼ੌਜ ਚੁੱਕ ਕੇ ਲੈ ਗਈ । ਵਾਪਿਸ ਆਉਣ ਸੰਬੰਧੀ ਵੀ ਐਸ.ਜੀ.ਪੀ.ਸੀ. ਅਤੇ ਬਾਦਲ ਦਲੀਆ ਨੇ ਸਿੱਖ ਕੌਮ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਇਹ ਵੀ ਜਾਣਕਾਰੀ ਨਹੀਂ ਦਿੱਤੀ ਕਿ ਕਿਹੜਾ ਸਮਾਨ ਵਾਪਿਸ ਆਇਆ ਹੈ ਅਤੇ ਕੀ ਫ਼ੌਜ ਕੋਲ ਬਾਕੀ ਰਹਿ ਗਿਆ ਹੈ । ਇਹ ਦੁੱਖਦਾਇਕ ਅਮਲ ਕੌਮ ਨਾਲ ਵੱਡਾ ਧੋਖਾ, ਫਰੇਬ ਨਹੀਂ ਤਾਂ ਹੋਰ ਕੀ ਹੈ ? ਫਿਰ ਅਕਤੂਬਰ 1984 ਵਿਚ ਸਿੱਖ ਕੌਮ ਦੀ ਨਸ਼ਲਕੁਸੀ ਤੇ ਨਸ਼ਲੀ ਸਫ਼ਾਈ ਕੀਤੀ ਗਈ । ਪੰਜਾਬ ਦੇ ਦਰਿਆਵਾ, ਨਹਿਰਾਂ ਦੇ ਕੀਮਤੀ ਪਾਣੀਆ ਨੂੰ ਸ. ਬਾਦਲ ਦੀ ਰਜਾਮੰਦੀ ਨਾਲ ਹਰਿਆਣੇ, ਰਾਜਸਥਾਂਨ ਅਤੇ ਦਿੱਲੀ ਨੂੰ ਦਿੱਤਾ ਗਿਆ । ਪੰਜਾਬ ਦੇ ਪੰਜਾਬੀ ਬੋਲਦੇ ਇਲਾਕਿਆ ਨੂੰ ਹਰਿਆਣੇ ਵਿਚ ਸਾਮਿਲ ਕਰਨ ਲਈ ਵੀ ਸ. ਬਾਦਲ ਤੇ ਬਾਦਲ ਪਰਿਵਾਰ ਸਿੱਧੇ ਤੌਰ ਤੇ ਦੋਸ਼ੀ ਹੈ । ਬਿਜਲੀ ਪੈਦਾ ਕਰਨ ਵਾਲੇ ਪੰਜਾਬ ਦੇ ਹੈੱਡਵਰਕਸਾਂ ਨੂੰ ਇੰਡੀਆਂ ਹਕੂਮਤ ਦੇ ਅਧੀਨ ਕਰਨ ਵਿਚ ਵੀ ਇਹ ਪਰਿਵਾਰ ਮੁੱਖ ਤੌਰ ਤੇ ਦੋਸ਼ੀ ਹੈ ।

1992 ਵਿਚ ਜਦੋਂ ਬਾਬਰੀ ਮਸਜਿਦ ਸ਼ਹੀਦ ਕੀਤੀ ਗਈ, ਗੁਰਜਾਤ ਦੇ ਗੋਧਰਾ ਵਿਚ 2 ਹਜ਼ਾਰ ਮੁਸਲਮਾਨਾਂ ਦਾ ਕਤਲੇਆਮ ਹੋਇਆ ਤਾਂ ਉਸਦੀ ਮੁੱਖ ਦੋਸ਼ੀ ਬੀਜੇਪੀ-ਆਰ.ਐਸ.ਐਸ. ਤਾਂ ਹਨ ਹੀ, ਲੇਕਿਨ ਇਨ੍ਹਾਂ ਵੱਲੋਂ ਅਜਿਹੇ ਜ਼ਬਰ ਸਮੇਂ ਚੁੱਪ ਰਹਿਣਾ ਇਹ ਦਰਸਾਉਦਾ ਹੈ ਕਿ ਹਿੰਦੂਤਵ ਤਾਕਤਾਂ ਵੱਲੋਂ ਘੱਟ ਗਿਣਤੀ ਕੌਮਾਂ ਦੇ ਹੱਕਾਂ ਨੂੰ ਕੁੱਚਲਣ ਤੇ ਉਨ੍ਹਾਂ ਤੇ ਜ਼ਬਰ-ਜੁਲਮ ਢਾਹੁਣ ਸਮੇਂ ਇਨ੍ਹਾਂ ਜ਼ਾਬਰ ਤਾਕਤਾਂ ਦਾ ਹੀ ਪੱਖ ਪੂਰਦੇ ਰਹੇ ਹਨ । ਫਿਰ 2000 ਵਿਚ ਸ੍ਰੀ ਵਾਜਪਾਈ ਦੀ ਹਕੂਮਤ ਸਮੇਂ ਚਿੱਠੀ ਸਿੰਘ ਪੁਰਾ ਵਿਚ 43 ਸਿੱਖਾਂ ਨੂੰ ਇਕ ਲਾਈਨ ਵਿਚ ਖੜ੍ਹਾ ਕਰਕੇ ਫੌ਼ਜ ਵੱਲੋਂ ਗੋਲੀਆਂ ਨਾਲ ਸ਼ਹੀਦ ਕਰ ਦਿੱਤਾ ਗਿਆ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆ ਹੋਈਆ । ਬੀਤੇ ਸਮੇਂ ਵਿਚ ਪੰਜਾਬ ਵਿਚ ਵੱਡੀ ਗਿਣਤੀ ਵਿਚ ਅੰਮ੍ਰਿਤਧਾਰੀ ਸਿੱਖ ਨੌਜ਼ਵਾਨੀ ਨੂੰ ਘਰਾਂ ਤੋਂ ਚੁੱਕਕੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ । ਉਸ ਸਮੇਂ ਇਹ ਬਾਦਲ ਪਰਿਵਾਰ ਜਾਬਰ ਕਾਂਗਰਸ, ਬੀਜੇਪੀ ਅਤੇ ਹਿੰਦੂਤਵ ਜਮਾਤਾਂ ਦੀ ਪਿੱਠ ਪੂਰਦੇ ਰਹੇ । ਦੱਖਣੀ ਸੂਬਿਆਂ ਉੜੀਸਾ, ਕੇਰਲਾ, ਕਰਨਾਟਕਾ ਆਦਿ ਸੂਬਿਆਂ ਵਿਚ ਘੱਟ ਗਿਣਤੀ ਇਸਾਈ ਕੌਮ ਨਾਲ ਸੰਬੰਧਤ ਨਨਜ਼ਾਂ ਨਾਲ ਬਲਾਤਕਾਰ ਹੋਏ, ਉਨ੍ਹਾਂ ਦੇ ਚਰਚ ਅਗਨ ਭੇਟ ਕੀਤੇ ਗਏ । ਸ੍ਰੀ ਗ੍ਰਾਂਹਮ ਸਟੇਨਜ਼ ਅਤੇ ਉਨ੍ਹਾਂ ਦੇ ਦੋ ਮਾਸੂਮ ਬੱਚਿਆ ਨੂੰ ਬਹੁਤ ਬੇਰਹਿੰਮੀ ਨਾਲ ਗੱਡੀ ਵਿਚ ਹੀ ਅੱਗ ਲਗਾਕੇ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਗਿਆ । 2013 ਵਿਚ ਇਨ੍ਹਾਂ ਦੇ ਸਿਆਸੀ ਅਕਾਵਾਂ ਸ੍ਰੀ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਅਤੇ ਸੈਂਟਰ ਵਿਚ ਡਾ. ਮਨਮੋਹਨ ਸਿੰਘ ਦੀ ਕਾਂਗਰਸ ਹਕੂਮਤ ਸੀ, ਉਸ ਸਮੇਂ ਗੁਜਰਾਤ ਵਿਚ ਪੱਕੇ ਤੌਰ ਤੇ ਵੱਸੇ 60 ਹਜ਼ਾਰ ਸਿੱਖ ਜਿ਼ੰਮੀਦਾਰਾਂ ਨੂੰ ਉਨ੍ਹਾਂ ਦੀਆਂ ਮਲਕੀਅਤ ਜ਼ਮੀਨਾਂ ਅਤੇ ਘਰਾਂ ਤੋਂ ਬੇਘਰ ਤੇ ਬੇਜ਼ਮੀਨੇ ਕਰ ਦਿੱਤਾ ਗਿਆ । ਜਿਨ੍ਹਾਂ ਨੂੰ ਅੱਜ ਤੱਕ ਇਨਸਾਫ਼ ਨਹੀਂ ਦਿੱਤਾ ਗਿਆ । ਇਹ ਹੋਰ ਵੀ ਦੁੱਖ ਤੇ ਅਫ਼ਸੋਸ ਵਾਲੇ ਅਮਲ ਹਨ ਕਿ ਪੰਜਾਬ ਵਿਚ ਬਾਦਲ ਹਕੂਮਤ ਹੁੰਦਿਆ ਇਨ੍ਹਾਂ ਸਿੱਖਾਂ ਨੂੰ ਇਨਸਾਫ਼ ਦਿਵਾਉਣ ਲਈ ਨਾ ਤਾਂ ਕੋਈ ਅਮਲ ਹੋਇਆ ਅਤੇ ਨਾ ਹੀ ਜੇਲ੍ਹਾਂ ਵਿਚ ਬੰਦੀ ਸਿੱਖਾਂ ਦੀ ਰਿਹਾਈ ਲਈ ਗਵਰਨਰ ਪੰਜਾਬ ਨੂੰ ਲਿਖਕੇ ਉਨ੍ਹਾਂ ਦੀ ਰਿਹਾਈ ਕਰਵਾਉਣ ਵਿਚ ਕੋਈ ਜਿ਼ੰਮੇਵਾਰੀ ਨਿਭਾਈ ਗਈ । ਹੁਣ ਪੰਜਾਬ ਅਤੇ ਸਿੱਖ ਕੌਮ ਨਾਲ ਸੰਬੰਧਤ ਸਿੱਖ ਮੁੱਦਿਆ ਉਤੇ ਫੌਕੀ ਬਿਆਨਬਾਜੀ ਕਰਕੇ ਸਿੱਖ ਕੌਮ ਵਿਚ ਪਹਿਲੋ ਹੀ ਦਾਗੋ-ਦਾਗ ਹੋਈ ਆਪਣੀ ਸਾਂਖ ਨੂੰ ਬਹਾਲ ਕਰਨ ਦੀਆਂ ਨਾਕਾਮ ਕੋਸਿ਼ਸ਼ਾਂ ਹੋ ਰਹੀਆ ਹਨ । ਜਦੋਂਕਿ ਦੂਸਰੇ ਪਾਸੇ ਕਿਸਾਨ, ਖੇਤ-ਮਜ਼ਦੂਰ ਰੋਜ਼ਾਨਾ ਹੀ ਖੁਦਕਸੀਆ ਕਰ ਰਹੇ ਹਨ । ਜਿਸ ਲਈ ਸੈਂਟਰ ਦੀ ਮੋਦੀ ਹਕੂਮਤ, ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਹਕੂਮਤ ਅਤੇ ਬੀਤੇ ਸਮੇਂ ਦੀ ਬਾਦਲ ਹਕੂਮਤ ਇਸ ਲਈ ਜਿ਼ੰਮੇਵਾਰ ਹਨ ਕਿਉਂਕਿ ਇਨ੍ਹਾਂ ਨੇ ਕਿਸਾਨ ਤੇ ਖੇਤ-ਮਜ਼ਦੂਰ ਦੀ ਮਾਲੀ, ਇਖ਼ਲਾਕੀ ਅਤੇ ਸਮਾਜਿਕ ਹਾਲਤ ਨੂੰ ਬਿਹਤਰ ਬਣਾਉਣ ਲਈ ਨਾ ਪਹਿਲੇ ਕੋਈ ਜਿ਼ੰਮੇਵਾਰੀ ਨਿਭਾਈ ਅਤੇ ਨਾ ਹੀ ਅੱਜ ਨਿਭਾਅ ਰਹੇ ਹਨ । ਫਿਰ ਇਥੇ ਰੋਜ਼ਾਨਾ ਹੀ ਹਿੰਦੂਤਵ ਜਮਾਤਾਂ ਅਤੇ ਆਗੂ ਘੱਟ ਗਿਣਤੀ ਕੌਮਾਂ ਨੂੰ ‘ਜੈ ਸ੍ਰੀ ਰਾਮ, ਭਾਰਤ ਮਾਤਾ ਕੀ ਜੈ’ ਆਦਿ ਨਾਅਰੇ ਲਗਵਾਉਣ ਲਈ ਮਜ਼ਬੂਰ ਕਰ ਰਹੇ ਹਨ ਜੋ ਨਾਅਰੇ ਨਹੀਂ ਲਗਾਉਦੇ ਉਨ੍ਹਾਂ ਨੂੰ ਇਹ ਹਿੰਦੂਤਵ ਜਮਾਤਾਂ ਤੇ ਆਗੂ ਮੌਤ ਦੇ ਮੂੰਹ ਵਿਚ ਧਕੇਲ ਦਿੰਦੇ ਹਨ । ਰਾਮਦੇਵ ਕਹਿ ਰਿਹਾ ਹੈ ਕਿ ਜੋ ਭਾਰਤ ਮਾਤਾ ਕੀ ਜੈ ਨਹੀਂ ਕਹੇਗਾ, ਉਨ੍ਹਾਂ ਲੱਖਾਂ ਦੇ ਸਿਰ ਕਲਮ ਕਰ ਦਿੱਤੇ ਜਾਣਗੇ । ਸੁਨੀਤਾ ਗੌੜ ਬੀਜੇਪੀ ਆਗੂ ਕਹਿੰਦੀ ਹੈ ਕਿ 10-10 ਹਿੰਦੂ ਇਕੱਠੇ ਹੋ ਕੇ ਮੁਸਲਿਮ ਬੀਬੀਆਂ ਨਾਲ ਜ਼ਬਰ-ਜ਼ਨਾਹ ਕਰੋ ਅਤੇ ਫਿਰ ਉਨ੍ਹਾਂ ਨੂੰ ਮਾਰਕੇ ਦਰੱਖਤਾਂ ਨਾਲ ਟੰਗ ਦਿਓ । ਅਜਿਹੇ ਗੈਰ-ਵਿਧਾਨਿਕ ਤੇ ਫਿਰਕੂ ਅਮਲ ਕਰਨ ਵਾਲੀਆ ਜਮਾਤਾਂ ਤੇ ਆਗੂਆਂ ਨੂੰ ਜੇ ਇਥੋਂ ਦਾ ਵਿਧਾਨ ਤੇ ਕਾਨੂੰਨ ਕੋਈ ਸਜ਼ਾ ਨਹੀਂ ਦਿੰਦਾ, ਤਾਂ ਇਥੇ ਫੈਲਣ ਵਾਲੀ ਅਰਾਜਕਤਾ ਅਤੇ ਘੱਟ ਗਿਣਤੀ ਕੌਮਾਂ ਵਿਚ ਪੈਦਾ ਹੋਣ ਵਾਲੇ ਸਹਿਮ ਅਤੇ ਦਹਿਸਤ ਲਈ ਇਹ ਹੁਕਮਰਾਨ ਜਿ਼ੰਮੇਵਾਰ ਨਹੀਂ ਤਾਂ ਹੋਰ ਕੌਣ ਹੈ ? ਇਹੀ ਵਜਹ ਹੈ ਕਿ ਅੱਜ ਜਦੋਂ ਇਹ ਫਿਰਕੂ ਆਗੂ ਤੇ ਜਮਾਤਾਂ ਅਜਿਹਾ ਨਫ਼ਰਤ ਤੇ ਕੁੜੱਤਣ ਭਰਿਆ ਮਾਹੌਲ ਤਿਆਰ ਕਰ ਰਹੇ ਹਨ ਅਤੇ ਅਮਲੀ ਰੂਪ ਵਿਚ ਘੱਟ ਗਿਣਤੀਆਂ ਉਤੇ ਹਮਲੇ ਅਤੇ ਕਤਲ ਕਰ ਰਹੇ ਹਨ ਤਾਂ ਸਮੁੱਚੀਆ ਘੱਟ ਗਿਣਤੀ ਕੌਮਾਂ, ਆਦਿਵਾਸੀਆ, ਕਬੀਲਿਆ, ਫਿਰਕਿਆ, ਕਸ਼ਮੀਰੀਆਂ ਆਦਿ ਲਈ ਇਹ ਜ਼ਰੂਰੀ ਬਣ ਗਿਆ ਹੈ ਕਿ ਉਹ ਕੌਮਾਂਤਰੀ ਵਿਧਾਨਿਕ ਕਾਨੂੰਨਾਂ ਤੇ ਲੀਹਾਂ ਉਤੇ ਚੱਲਦੇ ਹੋਏ ਇਕ ਰੂਪ ਹੋ ਕੇ ਇਨ੍ਹਾਂ ਹਿੰਦੂਤਵ ਜਮਾਤਾਂ ਦੀ ਗੁਲਾਮੀ ਤੋਂ ਆਜ਼ਾਦ ਹੋਣ ਲਈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉਨ੍ਹਾਂ ਬਚਨਾਂ ਬਾਬਰ-ਜ਼ਾਬਰ, ਨਾ ਅਸੀ ਹਿੰਦੂ ਨਾ ਮੁਸਲਮਾਨ ਅਤੇ ਨਾ ਕੋ ਵੈਰੀ ਨਾਹਿ ਬੈਗਾਨਾਂ, ਸਗਲ ਸੰਗਿ ਹਮਕੋ ਬਨਿ ਆਇ ਦੇ ਅਨੁਸਾਰ ਅਤੇ ਭਗਤ ਰਵੀਦਾਸ ਜੀ ਦੇ ਬੇਗਮਪੁਰਾ ਦੀ ਸੋਚ ਤੇ ਅਧਾਰਿਤ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਕਾਇਮ ਕਰਨ ਵਿਚ ਸੰਜ਼ੀਦਗੀ ਨਾਲ ਯੋਗਦਾਨ ਪਾਈਏ ਅਤੇ ਇਨ੍ਹਾਂ ਦੇ ਜ਼ਬਰ-ਜੁਲਮਾਂ ਤੇ ਵਿਤਕਰਿਆ ਦਾ ਅੰਤ ਕਰਕੇ ਕੌਮਾਂਤਰੀ ਫਿਜਾ ਵਿਚ ਆਜ਼ਾਦੀ, ਅਮਨ-ਚੈਨ ਤੇ ਜਮਹੂਰੀਅਤ ਦਾ ਸਾਹ ਲੈਣ ਦਾ ਕੌਮੀ ਫਰਜ ਪੂਰਾ ਕਰੀਏ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *