ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਐਕਟਿਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਉਚੇਚੇ ਤੌਰ ਤੇ ਸ. ਸਿਮਰਨਜੀਤ ਸਿੰਘ ਮਾਨ ਨੂੰ ਮਿਲਣ ਪਹੁੰਚੇ

ਫ਼ਤਹਿਗੜ੍ਹ ਸਾਹਿਬ, 24 ਦਸੰਬਰ ( ) “ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਐਕਟਿਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਬਾਬਾ ਰਾਮ ਸਿੰਘ ਸਿੰਗੜਾਵਾਲਿਆ ਦੀ ਆਤਮਾ ਦੀ ਸ਼ਾਂਤੀ ਲਈ ਰਖਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਦੀ ਭੋਗ ਰਸਮ ਵਿਚ ਸਮੂਲੀਅਤ ਕਰਨ ਉਪਰੰਤ ਜਾਂਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਗ੍ਰਹਿ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਉਚੇਚੇ ਤੌਰ ਤੇ ਮੁਲਾਕਾਤ ਕਰਨ ਲਈ ਆਏ । ਉਨ੍ਹਾਂ ਦੇ ਇਥੇ ਪਹੁੰਚਣ ਤੇ ਸ. ਸਿਮਰਨਜੀਤ ਸਿੰਘ ਮਾਨ, ਇਕਬਾਲ ਸਿੰਘ ਟਿਵਾਣਾ, ਗੁਰਜੰਟ ਸਿੰਘ ਕੱਟੂ, ਲਖਵੀਰ ਸਿੰਘ ਮਹੇਸ਼ਪੁਰੀਆ ਅਤੇ ਰਣਦੀਪ ਸਿੰਘ ਨੇ ਜੀ-ਆਇਆ ਆਖਦੇ ਹੋਏ ਭਰਪੂਰ ਸਵਾਗਤ ਕੀਤਾ । ਉਪਰੰਤ ਸ. ਸਿਮਰਨਜੀਤ ਸਿੰਘ ਮਾਨ ਅਤੇ ਭਾਈ ਧਿਆਨ ਸਿੰਘ ਮੰਡ ਵਿਚਕਾਰ ਕੋਈ ਡੇਢ-ਦੋ ਘੰਟੇ ਲੰਮੀਆ ਸੰਜ਼ੀਦਾ ਪੰਥਕ ਤੇ ਸਿਆਸੀ ਵਿਚਾਰ-ਵਟਾਂਦਰਾ ਵੀ ਹੋਇਆ ।”
ਇਹ ਜਾਣਕਾਰੀ ਪਾਰਟੀ ਦੇ ਮੁੱਖ ਦਫ਼ਤਰ ਤੋਂ ਸ. ਲਖਵੀਰ ਸਿੰਘ ਮਹੇਸ਼ਪੁਰੀਆ ਨੇ ਪਾਰਟੀ ਹੁਕਮਾਂ ਅਨੁਸਾਰ ਸਿੱਖ ਕੌਮ ਨੂੰ ਇਕ ਪ੍ਰੈਸ ਨੋਟ ਰਾਹੀ ਦਿੱਤੀ । ਉਨ੍ਹਾਂ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਕਿ ਇਸ ਗੱਲਬਾਤ ਦੌਰਾਨ ਮੌਜੂਦਾ ਚੱਲ ਰਹੇ ਅਰਥ ਭਰਪੂਰ ਕਿਸਾਨ ਸੰਘਰਸ਼ ਨੂੰ ਮੰਜਿਲ ਤੱਕ ਪਹੁੰਚਾਉਣ ਅਤੇ ਇਸ ਸੰਘਰਸ਼ ਦੌਰਾਨ ਸਰਬੱਤ ਦਾ ਭਲਾ ਚਾਹੁੰਣ ਵਾਲੀ ਅਤੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਵਾਲੀ ਸੋਚ ਨੂੰ ਕੌਮਾਂਤਰੀ ਪੱਧਰ ਤੇ ਉਭਰਨ ਉਤੇ ਤਸੱਲੀ ਜਾਹਰ ਕਰਦੇ ਹੋਏ ਇਹ ਵਿਚਾਰਾਂ ਵੀ ਹੋਈਆ ਕਿ ਜਿਵੇਂ ਪੁਰਾਤਨ ਸਮੇਂ ਦੇ ਸਭ ਪੰਥਕ ਮੋਰਚਿਆ ਅਤੇ ਸਿਆਸੀ ਮੋਰਚਿਆ ਵਿਚ ਗੁਰੂ ਸਾਹਿਬਾਨ ਜੀ ਦੀ ਸਿੱਖੀ ਸੋਚ ਨੇ ਵੱਡੀ ਅਗਵਾਈ ਦਿੱਤੀ ਹੈ, ਉਸੇ ਤਰ੍ਹਾਂ ਇਸ ਸੰਘਰਸ਼ ਵਿਚ ਵੀ ਕਿਉਂਕਿ ਪੰਜਾਬ ਅਤੇ ਹਰਿਆਣੇ ਦੇ ਕਿਸਾਨ ਨੇ ਆਪਣੀ ਇਨਸਾਨੀਅਤ ਪੱਖੀ ਜਿ਼ੰਮੇਵਾਰੀ ਸਮਝਦੇ ਹੋਏ ਅਗਵਾਈ ਕੀਤੀ ਹੈ । ਪੰਜਾਬ-ਹਰਿਆਣੇ ਦਾ ਕਿਸਾਨ ਪਹਿਲੇ ਸਿੱਖ ਹੈ ਅਤੇ ਬਾਅਦ ਵਿਚ ਕਿਸਾਨ । ਕਿਉਂਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਮੁਖਾਰਬਿੰਦ ਤੋਂ ਵੀ ਕਿਸਾਨੀ ਦੀ ਮਿਹਨਤ ਅਤੇ ਇਮਾਨਦਾਰੀ ਨੂੰ ਮੁੱਖ ਰੱਖਦੇ ਹੋਏ ਉਚਾਰਿਆ ਸੀ ‘ਉੱਤਮ ਖੇਤੀ ਮੱਧਮ ਵਪਾਰ ਨਖਿਧ ਚਾਕਰੀ ਭੀਖ ਗਵਾਰ’ । ਉਨ੍ਹਾਂ ਵੱਲੋਂ ਉਦਾਸੀਆ ਕਰਦੇ ਹੋਏ ਹਰਿਦੁਆਰ ਪਹੁੰਚੇ ਤਾਂ ਬ੍ਰਾਹਮਣ ਲੋਕ ਜੋ ਸੂਰਜ ਨੂੰ ਪਾਣੀ ਦੇ ਰਹੇ ਸਨ, ਤਾਂ ਗੁਰੂ ਨਾਨਕ ਸਾਹਿਬ ਨੇ ਉਸੇ ਜਲ ਨੂੰ ਪੰਜਾਬ ਕਰਤਾਰਪੁਰ ਵੱਲ ਵਗਾਉਦੇ ਹੋਏ ਲੋਕਾਈ ਨੂੰ ਸਮਝਾਉਣ ਹਿੱਤ ਜਦੋਂ ਅਜਿਹਾ ਕੀਤਾ ਤਾਂ ਬ੍ਰਾਹਮਣਾ ਨੇ ਸਵਾਲ ਕੀਤਾ ਕਿ ਆਪ ਜੀ ਇਹ ਕੀ ਕਰ ਰਹੇ ਹੋ, ਤਾਂ ਉਨ੍ਹਾਂ ਦਾ ਜੁਆਬ ਸੀ ਕਿ ਮੈਂ ਆਪਣੇ ਕਰਤਾਰਪੁਰ ਸਾਹਿਬ ਦੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ । ਜਿਥੇ ਉਨ੍ਹਾਂ ਨੇ ਅਜਿਹਾ ਕਰਕੇ ਵਹਿਮਾ-ਭਰਮਾਂ ਵਿਚ ਫਸੀ ਲੋਕਾਈ ਨੂੰ ਸਿੱਧੇ ਰਾਹ ਪਾਇਆ, ਉਥੇ ਉਨ੍ਹਾਂ ਨੇ ਖੇਤੀ ਦੇ ਧੰਦੇ ਨੂੰ ਉਤਮ ਕਰਾਰ ਦਿੱਤਾ। ਜੇਕਰ ਖੇਤੀ ਕਰਨ ਵਾਲਾ ਮਿਹਨਤਕਸ ਕਿਸਾਨ ਮਾਲੀ ਤੌਰ ਤੇ ਮਜਬੂਤ ਹੋਵੇਗਾ, ਤਦ ਹੀ ਦੂਸਰੇ ਸੰਬੰਧਤ ਸਭ ਕਾਰੋਬਾਰ ਪ੍ਰਫੁੱਲਿਤ ਹੋਣਗੇ ਅਤੇ ਸਭ ਨਿਵਾਸੀ ਅਮਨਮਈ ਜੀਵਨ ਬਸਰ ਕਰ ਸਕਣਗੇ ।
ਇਸ ਮੁਲਾਕਾਤ ਵਿਚ ਜਿਥੇ ਧਰਮੀ ਸੋਚ ਅਸੂਲਾਂ, ਨਿਯਮਾਂ ਨੂੰ ਪ੍ਰਸਾਰਨ ਅਤੇ ਲੋਕਾਈ ਵਿਚ ਮਜਬੂਤ ਕਰਨ ਦੇ ਢੰਗ-ਤਰੀਕਿਆ ਉਤੇ ਦੋਵਾਂ ਸਖਸ਼ੀਅਤਾਂ ਦਾ ਆਪਸੀ ਵਿਚਾਰ-ਵਟਾਂਦਰਾ ਹੋਇਆ ਉਥੇ ਉਨ੍ਹਾਂ ਨੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਹਰ ਖੇਤਰ ਵਿਚ ਮਜਬੂਤੀ ਲਈ ਅਸੂਲਾਂ ਅਤੇ ਸਿੱਖੀ ਸੋਚ ਤੇ ਅਧਾਰਿਤ ਮਜ਼ਬੂਤ ਸਿਆਸਤ ਸੰਬੰਧੀ ਵੀ ਵਿਚਾਰਾਂ ਕੀਤੀਆ । ਸ. ਮਾਨ ਨੇ ਉਨ੍ਹਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਕਰਤਾਰਪੁਰ ਸਾਹਿਬ ਦੇ ਮਹਾਨ ਗੁਰੂ ਸਾਹਿਬਾਨ ਨਾਲ ਸੰਬੰਧਤ ਅਸਥਾਂਨ ਦੀ ਗੱਲ ਕੀਤੀ ਕਿ ਇਸ ਸਥਾਂਨ ਤੇ ਵੱਗ ਰਹੇ ਦਰਿਆ ਜਿਥੇ ਗੁਰੂ ਨਾਨਕ ਸਾਹਿਬ ਨੇ ਆਪਣੇ ਹੱਥੀ ਖੇਤੀ ਵੀ ਕੀਤੀ ਅਤੇ ਜਿਸ ਸਥਾਂਨ ਤੇ ਗੁਰੂ ਸਾਹਿਬ ਜੋਤੀ-ਜੋਤ ਸਮਾਏ, ਜਿਵੇਂ ਸਭ ਸਿੱਖ ਆਪਣੀਆ ਅਸਥੀਆ ਕੀਰਤਪੁਰ ਸਾਹਿਬ ਜਲਪ੍ਰਵਾਹ ਕਰਦੇ ਹਨ, ਉਥੇ ਇਸ ਕਰਤਾਰਪੁਰ ਸਾਹਿਬ ਦੇ ਸਥਾਂਨ ਤੇ ਜਿਥੇ ਰਾਵੀ ਦਰਿਆ ਵੱਗਦਾ ਹੈ, ਉਥੇ ਜੰਮੂ-ਕਸ਼ਮੀਰ, ਪੰਜਾਬ ਦੇ ਮਾਝੇ ਦੇ ਨਿਵਾਸੀ ਆਪਣੀਆ ਅਸਥੀਆ ਜਲਪ੍ਰਵਾਹ ਕਰ ਸਕਣ, ਇਸ ਤਰ੍ਹਾਂ ਇਸ ਸਥਾਂਨ ਨੂੰ ਵਿਕਸਿਤ ਕੀਤਾ ਜਾਵੇ । ਤਾਂ ਕਿ ਸਿੱਖ ਕੌਮ ਇਸ ਸਥਾਂਨ ਦੇ ਖੁੱਲ੍ਹ ਦਿਲੀ ਨਾਲ ਆਪਣੇ ਦਰਸ਼ਨ ਵੀ ਕਰਦੀ ਰਹੇ । ਦੋਵਾਂ ਸਖਸ਼ੀਅਤਾਂ ਨੇ ਸਮੁੱਚੇ ਖ਼ਾਲਸਾ ਪੰਥ ਨੂੰ ਪੰਥਕ ਲੀਹਾਂ ਉਤੇ ਸੰਜ਼ੀਦਗੀ ਨਾਲ ਇਕੱਤਰ ਕਰਨ ਅਤੇ ਫਿਰ ਪੰਜਾਬ ਸੂਬੇ, ਪੰਜਾਬੀਆ, ਸਿੱਖ ਕੌਮ ਨਾਲ ਹੋ ਰਹੀਆ ਹਕੂਮਤੀ ਬੇਇਨਸਾਫ਼ੀਆਂ ਦਾ ਖਾਤਮਾ ਕਰਨ ਲਈ ਆਪਣੀਆ ਸੇਵਾਵਾਂ ਨੂੰ ਦ੍ਰਿੜਤਾ ਤੇ ਸੰਜ਼ੀਦਗੀ ਨਾਲ ਜਾਰੀ ਰੱਖਣ ਦਾ ਪ੍ਰਣ ਵੀ ਕੀਤਾ । ਕਿਉਂਕਿ ਸਾਡੇ ਗੁਰੂ ਸਾਹਿਬਾਨ ਸਾਨੂੰ ਬਿਨ੍ਹਾਂ ਕਿਸੇ ਤਰ੍ਹਾਂ ਦੇ ਭੇਦਭਾਵ ਤੇ ਬਿਨ੍ਹਾਂ ਕਿਸੇ ਡਰ-ਭੈ ਦੇ ਮਨੁੱਖਤਾ ਲਈ ਉਦਮ ਕਰਨ ਅਤੇ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਆਵਾਜ਼ ਉਠਾਉਣ ਦਾ ਸੰਦੇਸ਼ ਦਿੰਦੇ ਹਨ ।