ਸਿਕਲੀਗਰ ਸਿੱਖਾਂ ਦੇ ਫਿਰਕੂ ਸੋਚ ਅਧੀਨ ਹੋਏ ਹਮਲਿਆ ਦੀ ਜਾਂਚ ਲਈ 4 ਮੈਬਰੀ ਕਮੇਟੀ 17 ਮਈ ਨੂੰ ਮੱਧ ਪ੍ਰਦੇਸ਼ ਰਵਾਨਾ ਹੋਵੇਗੀ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 13 ਮਈ ( ) “ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਵੱਸਣ ਵਾਲੇ ਸਿਕਲੀਗਰ ਸਿੱਖ ਜਿਨ੍ਹਾਂ ਦੀ ਸਿੱਖ ਕੌਮ ਨੂੰ ਬਹੁਤ ਵੱਡੀ ਦੇਣ ਹੈ ਅਤੇ ਜੋ ਸਿੱਖ ਕੌਮ ਦਾ ਅਟੁੱਟ ਅੰਗ ਹਨ, ਉਨ੍ਹਾਂ ਉਤੇ ਮੱਧ ਪ੍ਰਦੇਸ਼ ਵਿਖੇ ਫਿਰਕੂਆਂ ਵੱਲੋਂ ਕੀਤੇ ਗਏ ਹਮਲੇ ਅਤੇ ਇਨ੍ਹਾਂ ਸਿੱਖਾਂ ਵਿਚ ਦਹਿਸਤ ਪਾ ਕੇ ਧਰਮ ਤਬਦੀਲ ਕਰਨ ਲਈ ਮਜ਼ਬੂਰ ਕਰਨ ਵਾਲੇ ਗੈਰ-ਵਿਧਾਨਿਕ ਅਤੇ ਗੈਰ-ਸਮਾਜਿਕ ਅਮਲਾਂ ਦੀ ਜਾਂਚ ਲਈ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 4 ਮੈਬਰੀ ਜਾਂਚ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਜਾਂਦਾ ਹੈ । ਜਿਸ ਵਿਚ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ. ਹਰਭਜਨ ਸਿੰਘ ਕਸ਼ਮੀਰੀ, ਸ. ਪ੍ਰਗਟ ਸਿੰਘ, ਸ. ਬਲਵੀਰ ਸਿੰਘ ਬੱਛੋਆਣਾ ਹੋਣਗੇ । ਇਹ ਟੀਮ 17 ਮਈ ਨੂੰ ਮੱਧ ਪ੍ਰਦੇਸ਼ ਨੂੰ ਘਟਨਾ ਵਾਲੇ ਸਥਾਨ ਵੱਲ ਰਵਾਨਾ ਹੋਵੇਗੀ । ਜੋ ਉਥੋ ਦੇ ਸਿਕਲੀਗਰ ਸਿੱਖ ਭਰਾਵਾਂ ਨਾਲ ਮੁਲਾਕਾਤ ਕਰਨ ਦੇ ਨਾਲ-ਨਾਲ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਸਿ਼ਵਰਾਜ ਚੌਹਾਨ ਅਤੇ ਸੰਬੰਧਤ ਜਿ਼ਲ੍ਹੇ ਦੀ ਅਫ਼ਸਰਸ਼ਾਹੀ ਨਾਲ ਵੀ ਮੁਲਾਕਾਤ ਕਰਕੇ ਆਪਣੀ ਰਿਪੋਰਟ ਤਿਆਰ ਕਰੇਗੀ ਅਤੇ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੂੰ ਸੋਪੇਗੀ ।”
ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਕ ਪਾਰਟੀ ਦੇ ਦਫ਼ਤਰ ਤੋਂ ਜਾਰੀ ਕੀਤੇ ਗਏ ਪ੍ਰੈਸ ਬਿਆਨ ਰਾਹੀ ਦਿੱਤੀ । ਜੋ ਜਾਂਚ ਕਮੇਟੀ ਇੰਦੌਰ ਦੇ ਗੁਰੂਘਰ ਨੂੰ ਨੁਕਸਾਨ ਪਹੁੰਚਾਉਣ ਦੀ ਤਫ਼ਤੀਸ ਲਈ ਭੇਜੀ ਗਈ ਸੀ, ਉਸ ਨੇ ਆਪਣੀ ਰਿਪੋਰਟ ਤਿਆਰ ਕਰ ਲਈ ਹੈ ਜੋ 15 ਮਈ ਨੂੰ ਪਾਰਟੀ ਪ੍ਰਧਾਨ ਨੂੰ ਸੌਪੇਗੀ, ਉਪਰੰਤ ਪੀ.ਏ.ਸੀ. ਵਿਚ ਵਿਚਾਰ ਕਰਨ ਉਪਰੰਤ ਗੁਰੂਘਰ ਦੇ ਹੋਏ ਨੁਕਸਾਨ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਅਗਲੇਰੀ ਕਾਰਵਾਈ ਦਾ ਐਲਾਨ ਕਰੇਗੀ ।