ਸਾਹਿਬਜਾਦਿਆਂ ਨੂੰ ਹਿੰਦੂਆਂ ਦੇ ਅਵਤਾਰ ਦੱਸਣ ਵਾਲੇ ਗਿਆਨੀ ਇਕਬਾਲ ਸਿੰਘ ਨੂੰ ਕੋਈ ਹੱਕ ਨਹੀਂ ਕਿ ਉਹ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਅਖਵਾਉਣ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 31 ਮਾਰਚ ( ) “ਆਰ.ਐਸ.ਐਸ, ਵਿਸ਼ਵ ਹਿੰਦੂ ਪ੍ਰੀਸ਼ਦ, ਸਿ਼ਵ ਸੈਨਾ ਅਤੇ ਬੀਜੇਪੀ ਵਰਗੇ ਸੰਗਠਨਾਂ ਦਾ ਸਿੱਖ ਵਿਰੋਧੀ ਪ੍ਰਚਾਰ ਐਨਾ ਡੂੰਘਾਂ ਤੇ ਜ਼ਹਿਰੀਲਾ ਹੈ ਕਿ ਇਨ੍ਹਾਂ ਤਾਕਤਾਂ ਵੱਲੋਂ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਨੂੰ ਆਪਣੇ ਮੰਦਭਾਵਨਾ ਭਰੇ ਮਨਸੂਬਿਆਂ ਵਿਚ ਪੂਰੀ ਤਰ੍ਹਾਂ ਗ੍ਰਸਤ ਕਰ ਲਿਆ ਗਿਆ ਹੈ । ਇਹੀ ਵਜਹ ਹੈ ਕਿ ਉਹ ਇਨ੍ਹਾਂ ਮੁਤੱਸਵੀਆਂ ਨੂੰ ਖੁਸ਼ ਕਰਨ ਅਤੇ ਪੰਜਾਬ ਤੋਂ ਬਾਹਰ ਪਟਨਾ ਸਾਹਿਬ ਦੇ ਤਖ਼ਤ ਸਾਹਿਬ ਦੀ ਜਥੇਦਾਰੀ ਨੂੰ ਕਾਇਮ ਰੱਖਣ ਹਿੱਤ ਸਿੱਖ ਕੌਮ ਦੇ ਫਖ਼ਰ ਵਾਲੇ ਇਤਿਹਾਸ ਨੂੰ ਗੰਧਲਾ ਹੀ ਨਹੀਂ ਕਰ ਰਹੇ, ਬਲਕਿ ਸਾਹਿਬਜ਼ਾਦਿਆਂ ਨੂੰ ਹਿੰਦੂਆਂ ਦੇ ਅਵਤਾਰ ਦੱਸਕੇ ਸਮੁੱਚੀ ਸਿੱਖ ਕੌਮ ਦੇ ਮਨਾਂ ਤੇ ਆਤਮਾਵਾਂ ਨੂੰ ਡੂੰਘੀ ਠੇਸ ਵੀ ਪਹੁੰਚਾ ਰਹੇ ਹਨ । ਅਜਿਹੇ ਜਥੇਦਾਰਾਂ ਨੂੰ ਕੋਈ ਇਖ਼ਲਾਕੀ ਹੱਕ ਨਹੀਂ ਰਹਿ ਜਾਂਦਾ ਕਿ ਉਹ ਸਿੱਖ ਕੌਮ ਦੇ ਤਖ਼ਤ ਦੇ ਸੇਵਾਦਾਰ ਅਖਵਾਉਣ ਅਤੇ ਸਿੱਖੀ ਆਨ-ਸ਼ਾਨ ਨੂੰ ਢਾਹ ਲਗਾਉਣ । ਇਕ ਪਾਸੇ ਤਾਂ ਸਿੱਖ ਇਤਿਹਾਸ ਉਸ ਸਤਿਕਾਰਯੋਗ ਨਵਾਬ ਕਪੂਰ ਸਿੰਘ ਦੀ ਗੱਲ ਕਰਦਾ ਹੈ, ਜਿਨ੍ਹਾਂ ਨੇ ਸਿੱਖੀ ਅਤੇ ਹੱਥੀ ਸੇਵਾ ਨੂੰ ਮੁੱਖ ਰੱਖਦੇ ਹੋਏ ਨਵਾਬੀ ਨੂੰ ਠੋਕਰ ਮਾਰ ਦਿੱਤੀ ਸੀ। ਦੂਸਰੇ ਪਾਸੇ ਅਜਿਹੇ ਅਜੋਕੇ ਮੁਤੱਸਵੀਆਂ ਦੇ ਹੱਥ ਠੋਕੇ ਬਣੇ ਜਥੇਦਾਰ ਵੀ ਹਨ ਜੋ ਆਪਣੇ ਦੁਨਿਆਵੀ ਤੇ ਧਾਰਮਿਕ ਰੁਤਬਿਆ ਨੂੰ ਕਾਇਮ ਰੱਖਣ ਹਿੱਤ ਆਰ.ਐਸ.ਐਸ. ਵਰਗੀਆਂ ਮੁਤੱਸਵੀ ਜਥੇਬੰਦੀਆਂ ਲਈ ਮਹਾਨ ਸਿੱਖ ਇਤਿਹਾਸ ਨੂੰ ਹਿੰਦੂਤਵ ਰੂਪ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦੇ । ਸ. ਇਕਬਾਲ ਸਿੰਘ ਵੱਲੋਂ ਹਿੰਦੂਤਵ ਸੋਚ ਦਾ ਗੁਲਾਮ ਬਣਕੇ ਸਾਹਿਬਜ਼ਾਦਿਆ ਨੂੰ ਹਿੰਦੂਆਂ ਦੇ ਅਵਤਾਰ ਦੱਸਣ ਵਾਲੇ ਗੁੰਮਰਾਹਕੁੰਨ ਪ੍ਰਚਾਰ ਕਰਨ ਵਾਲਿਆ ਨੂੰ ਚਾਹੀਦਾ ਹੈ ਕਿ ਉਹ ਸਿੱਖ ਕੌਮ ਦੇ ਤਖ਼ਤ ਦੇ ਰੁਤਬੇ ਦੇ ਮੁੱਖ ਸੇਵਾਦਾਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਆਰ.ਐਸ.ਐਸ. ਵਿਚ ਸ਼ਾਮਿਲ ਹੋ ਜਾਣ। ਸਿੱਖ ਕੌਮ ਨੇ ਅਜਿਹੇ ਅਖੌਤੀ ਸਿੱਖਾਂ ਤੇ ਜਥੇਦਾਰਾਂ ਨੂੰ ਬੀਤੇ ਸਮੇਂ ਵਿਚ ਵੀ ਕਦੇ ਪ੍ਰਵਾਨਗੀ ਨਹੀਂ ਦਿੱਤੀ ਤੇ ਆਉਣ ਵਾਲੇ ਸਮੇਂ ਵਿਚ ਵੀ ਅਜਿਹੀਆ ਪੰਥ ਵਿਰੋਧੀ ਤਾਕਤਾਂ ਨਾਲ ਮਿਲੀਭੁਗਤ ਕਰਕੇ ਸਿੱਖ ਇਤਿਹਾਸ ਨੂੰ ਤੋੜਨ-ਮਰੋੜਨ ਵਾਲੇ ਕਿਸੇ ਵੀ ਕਿੰਨੇ ਵੀ ਉੱਚ ਅਹੁਦੇ ਤੇ ਕੋਈ ਸਿੱਖ ਕਿਉਂ ਨਾ ਬੈਠਾ ਹੋਵੇ, ਉਨ੍ਹਾਂ ਦੀਆਂ ਅਜਿਹੀਆਂ ਗੈਰ-ਦਲੀਲ ਅਤੇ ਗੈਰ-ਧਾਰਮਿਕ ਅਮਲਾਂ ਨੂੰ ਸਿੱਖ ਕੌਮ ਕਤਈ ਪ੍ਰਵਾਨ ਨਹੀਂ ਕਰੇਗੀ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗਿਆਨੀ ਇਕਬਾਲ ਸਿੰਘ ਵੱਲੋਂ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੇ ਅਮਲਾਂ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਅਤੇ ਸਿੱਖ ਕੌਮ ਦੇ ਉੱਚ ਰੁਤਬਿਆ ਉਤੇ ਬੈਠੀਆਂ ਸਖਸ਼ੀਅਤਾਂ ਵੱਲੋਂ ਇਸ ਗੈਰ-ਧਾਰਮਿਕ ਹੋਏ ਅਮਲ ਵਿਰੁੱਧ ਜੁਬਾਨ ਨਾ ਖੋਲਣ ਦੇ ਅਮਲਾਂ ਉਤੇ ਗਹਿਰੀ ਚਿੰਤਾ ਅਤੇ ਅਫ਼ਸੋਸ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਹੁਤ ਦੁੱਖ ਅਤੇ ਅਫ਼ਸੋਸ ਵਾਲਾ ਵਰਤਾਰਾ ਸਭ ਪਾਸਿਓ ਹੋ ਰਿਹਾ ਹੈ ਕਿ ਕੋਈ ਸਿੱਖ ਪ੍ਰਚਾਰਕ ਨੌਵੀ ਪਾਤਸਾਹੀ ਦੇ ਅਮਲੀ ਜੀਵਨ ਉਤੇ ਗੈਰ-ਦਲੀਲ ਬਿਆਨਬਾਜੀ ਕਰਕੇ ਸਿੱਖ ਕੌਮ ਵਿਚ ਭੰਬਲਭੂਸੇ ਵੀ ਪਾ ਰਿਹਾ ਹੈ, ਕੋਈ ਸਿੱਖ ਕੌਮ ਨੂੰ ਲਵ ਅਤੇ ਕੁਸ ਦੀ ਔਲਾਦ ਕਹਿਕੇ ਆਪਣੀ ਅਕਲ ਦਾ ਜ਼ਨਾਜਾਂ ਕੱਢ ਰਿਹਾ ਹੈ ਅਤੇ ਅੱਜ ਗਿਆਨੀ ਇਕਬਾਲ ਸਿੰਘ ਵੱਲੋਂ ਸਾਹਿਬਜ਼ਾਦਿਆ ਨੂੰ ਹਿੰਦੂਆਂ ਦੇ ਅਵਤਾਰ ਦੱਸਣ ਦੀ ਬਿਆਨਬਾਜੀ ਹੋਣਾ ਪ੍ਰਤੱਖ ਕਰਦੀ ਹੈ ਕਿ ਸਿੱਖ ਵਿਰੋਧੀ ਤਾਕਤਾਂ ਡੂੰਘੀਆਂ ਸਾਜਿ਼ਸਾਂ ਰਾਹੀ ਸਿੱਖੀ ਸੰਸਥਾਵਾਂ ਅਤੇ ਉੱਚ ਅਹੁਦਿਆ ਤੇ ਬੈਠੀਆ ਧਾਰਮਿਕ ਸਖਸ਼ੀਅਤਾਂ ਨੂੰ ਵਰਗਲਾਉਣ ਵਿਚ ਕਾਮਯਾਬ ਹੁੰਦੀਆਂ ਜਾ ਰਹੀਆਂ ਹਨ । ਜਿਸ ਨਾਲ ਸਿੱਖ ਕੌਮ ਵਿਚ ਭੰਬਲਭੂਸੇ ਪੈਦਾ ਹੋਣ ਅਤੇ ਸਿੱਖ ਕੌਮ ਵਿਚ ਖਾਨਾਜੰਗੀ ਸੁਰੂ ਹੋ ਜਾਵੇ । ਕਿਉਂਕਿ ਜਦੋਂ ਕੋਈ ਸਿੱਖ ਪ੍ਰਚਾਰਕ ਜਾਂ ਉੱਚ ਅਹੁਦੇ ਉਤੇ ਕੋਈ ਬੈਠਾ ਸਿੱਖ ਗੈਰ-ਧਾਰਮਿਕ ਅਤੇ ਸਿੱਖ ਵਿਰੋਧੀ ਗੱਲ ਕਰੇਗਾ ਤਾਂ ਸਰਧਾਵਾਨ ਸਿੱਖਾਂ ਦੇ ਮਨਾਂ ਤੇ ਆਤਮਾਵਾਂ ਨੂੰ ਠੇਸ ਪਹੁੰਚਣਾ ਕੁਦਰਤੀ ਹੈ । ਇਸੇ ਇਵਜ ਵਿਚ ਅਜਿਹੇ ਵਿਸਿਆ ਉਤੇ ਸਿੱਖ ਕੌਮ ਦਾ ਦੋ ਗਰੁੱਪਾਂ ਵਿਚ ਵੰਡੇ ਜਾਣਾ ਵੀ ਕੁਦਰਤੀ ਹੈ । ਇਹੀ ਸਾਜਿ਼ਸ ਦੁਸ਼ਮਣ ਤਾਕਤ ਦੀ ਹੈ । ਜਿਸ ਨੂੰ ਸਮਝਣ ਅਤੇ ਖ਼ਾਲਸਾ ਪੰਥ ਵਿਚ ਸਿੱਖੀ ਪਹਿਰਾਵੇ ਵਿਚ ਘੁਸਪੈਠ ਕਰ ਚੁੱਕੇ ਉੱਚ ਅਹੁਦਿਆ ਤੇ ਬੈਠੇ ਅਜਿਹੇ ਸਿੱਖਾਂ ਨੂੰ ਪਹਿਚਾਨਣ ਅਤੇ ਉਨ੍ਹਾਂ ਤੋਂ ਸੁਚੇਤ ਰਹਿਣ ਅਤੇ ਉਨ੍ਹਾਂ ਨੂੰ ਅਜਿਹੇ ਸਤਿਕਾਰਯੋਗ ਅਹੁਦਿਆ ਤੋਂ ਬਾਦਲੀਲ ਢੰਗ ਨਾਲ ਲਾਭੇ ਕਰਨ ਦਾ ਸਮੁੱਚੀ ਸਿੱਖ ਕੌਮ ਦਾ ਫ਼ਰਜ ਬਣ ਜਾਂਦਾ ਹੈ । ਇਸ ਲਈ ਬਿਹਾਰ ਵਿਚ ਵੱਸਣ ਵਾਲੇ ਸਿੱਖਾਂ ਦੀ ਇਹ ਵੱਡੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਜਿਸ ਸ. ਇਕਬਾਲ ਸਿੰਘ ਨੇ ਸਿੱਖ ਕੌਮ ਦੇ ਤਖ਼ਤ ਦੇ ਉੱਚ ਅਹੁਦੇ ਦੀ ਦੁਰਵਰਤੋ ਕਰਕੇ ਮੁਤੱਸਵੀਆਂ ਨੂੰ ਖੁਸ਼ ਕਰਨ ਅਤੇ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਉਣ ਦੇ ਅਮਲ ਕੀਤੇ ਹਨ, ਉਹ ਉਚੇਚੇ ਤੌਰ ਤੇ ਸਮੁੱਚੀ ਸਿੱਖ ਕੌਮ ਤਹਿਤ ਉਸ ਸੇਵਾ ਤੋਂ ਲਾਭੇ ਕਰਨ ਦੀ ਜਿੰਮੇਵਾਰੀ ਨਿਭਾਉਣ । ਤਾਂ ਕਿ ਅਜਿਹੇ ਲੋਕ ਸਿੱਖ ਕੌਮ ਵਿਚ ਖਾਨਾਜੰਗੀ ਕਰਵਾਉਣ ਜਾਂ ਸਿੱਖ ਕੌਮ ਦੇ ਫਖ਼ਰ ਵਾਲੇ ਇਤਿਹਾਸ ਨੂੰ ਦਾਗੀ ਕਰਨ ਦੀ ਗੁਸਤਾਖੀ ਨਾ ਕਰ ਸਕਣ ਅਤੇ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਤੇ ਇੱਜਤ-ਮਾਣ ਬਰਕਰਾਰ ਰਹੇ ।