Select your Top Menu from wp menus
Header
Header
ਤਾਜਾ ਖਬਰਾਂ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮਾਝਾ-ਦੋਆਬਾ ਜੋ਼ਨ ਦੇ ਦਫ਼ਤਰ ਵਿਚ ਹੋਈ ਚੋਰੀ ਕਿਸੇ ਵੱਡੀ ਸਾਜਿ਼ਸ ਦਾ ਹਿੱਸਾ : ਮਾਨ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮਾਝਾ-ਦੋਆਬਾ ਜੋ਼ਨ ਦੇ ਦਫ਼ਤਰ ਵਿਚ ਹੋਈ ਚੋਰੀ ਕਿਸੇ ਵੱਡੀ ਸਾਜਿ਼ਸ ਦਾ ਹਿੱਸਾ : ਮਾਨ

ਅੰਮ੍ਰਿਤਸਰ, 12 ਮਾਰਚ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਬੀਤੇ ਲੰਮੇਂ ਸਮੇਂ ਤੋਂ ਨਿਰੰਤਰ ਜਨਤਾ ਦੀ ਸੇਵਾ ਵਿਚ ਹਾਜ਼ਰ ਰਹਿੰਦੇ ਹੋਏ ਅਤੇ ਮਾਝਾ-ਦੋਆਬਾ ਜੋ਼ਨ ਦੇ ਨਿਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਮੁੱਖ ਰੱਖਦੇ ਹੋਏ ਪੂਰੀ ਦ੍ਰਿੜਤਾ ਅਤੇ ਸੰਜ਼ੀਦਗੀ ਨਾਲ ਕੰਮ ਕਰਦੇ ਆ ਰਹੇ ਦਫ਼ਤਰ ਵਿਚੋਂ ਜੋ ਬੀਤੇ ਦਿਨੀਂ ਜਿੰਦਰੇ ਤੋੜਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਕੰਪਿਊਟਰ, ਸੀ.ਸੀ.ਟੀ.ਵੀ. ਕੈਮਰੇ, ਹਾਰਡ ਡਿਸਕਾਂ ਤੇ ਹੋਰ ਪਾਰਟੀ ਨਾਲ ਸੰਬੰਧਤ ਗੁਪਤ ਦਸਤਾਵੇਜ਼ ਚੋਰੀ ਕੀਤੇ ਗਏ ਹਨ, ਇਹ ਕੋਈ ਚੋਰੀ ਦੀ ਘਟਨਾ ਨਹੀਂ, ਬਲਕਿ ਇਹ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀਆਂ ਕੌਮਾਂਤਰੀ ਪੱਧਰ ਅਤੇ ਸੂਬਾ ਪੱਧਰ ਤੇ ਵੱਧ ਰਹੀਆ ਸਮਾਜ ਪੱਖੀ ਅਤੇ ਕੌਮ ਪੱਖੀ ਸਰਗਰਮੀਆਂ ਨੂੰ ਰੋਕਣ ਅਤੇ ਸਾਡੇ ਅਹੁਦੇਦਾਰਾਂ ਨੂੰ ਗੈਰ-ਕਾਨੂੰਨੀ ਢੰਗਾਂ ਰਾਹੀ ਡਰਾਉਣ-ਦਬਕਾਉਣ ਦੀ ਇਕ ਵੱਡੀ ਤੇ ਡੂੰਘੀ ਸਾਜਿ਼ਸ ਹੈ । ਜਿਸ ਤੋਂ ਹੁਕਮਰਾਨਾਂ, ਸੰਬੰਧਤ ਨਿਜਾਮ, ਅਫ਼ਸਰਸ਼ਾਹੀ ਅਤੇ ਖੂਫੀਆਂ ਏਜੰਸੀਆਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਾਝੇ-ਦੋਆਬੇ ਦੇ ਅੰਮ੍ਰਿਤਸਰ ਵਿਖੇ ਚੱਲ ਰਹੇ ਪਾਰਟੀ ਦੇ ਦਫ਼ਤਰ ਵਿਚ ਸਾਜ਼ਸੀ ਢੰਗ ਨਾਲ ਕੀਤੀ ਗਈ ਚੋਰੀ ਅਤੇ ਸਾਡੇ ਅਹਿਮ ਦਸਤਾਵੇਜ਼ ਅਤੇ ਸਮਾਨ ਨੂੰ ਮੰਦਭਾਵਨਾ ਅਧੀਨ ਨੁਕਸਾਨ ਪਹੁੰਚਾਉਣ ਦੇ ਹੋਏ ਅਮਲਾਂ ਲਈ ਹੁਕਮਰਾਨਾਂ, ਨਿਜਾਮ, ਅਫ਼ਸਰਸ਼ਾਹੀ, ਖੂਫੀਆਂ ਏਜੰਸੀਆਂ ਅਤੇ ਵਿਰੋਧੀ ਸਿਆਸਤਦਾਨਾਂ ਨੂੰ ਇਸ ਹੋਏ ਦੁੱਖਦਾਇਕ ਅਤੇ ਕੌਮ ਵਿਰੋਧੀ ਅਮਲ ਵਿਚ ਸ਼ੱਕ ਦੀ ਸੂਈ ਉਨ੍ਹਾਂ ਵੱਲ ਕਰਦੇ ਹੋਏ, ਇਕ ਡੂੰਘੀ ਸਾਜਿ਼ਸ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸ਼ੱਕ ਸਾਜਿ਼ਸਕਾਰਾਂ ਨੇ ਇਕ ਗਿਣੀਮਿਥੀ ਸਾਜਿ਼ਸ ਅਧੀਨ ਸਾਡੀ ਪਾਰਟੀ ਦੇ ਦਫ਼ਤਰ ਦੀਆਂ ਕੌਮਾਂਤਰੀ, ਸੂਬੇ ਪ੍ਰਤੀ ਅਤੇ ਦੂਸਰੇ ਸੂਬਿਆਂ ਦੇ ਵੱਸਣ ਵਾਲੇ ਦਲਿਤ, ਕਿਸਾਨ ਆਗੂਆਂ ਨਾਲ ਹੋਣ ਵਾਲੀਆ ਮੁਲਾਕਾਤਾਂ ਅਤੇ ਸਾਂਝੀਆ ਸਰਗਰਮੀਆਂ ਨੂੰ ਮੁੱਖ ਰੱਖਕੇ ਨਿਸ਼ਾਨਾਂ ਬਣਾਇਆ ਗਿਆ ਹੈ ਅਤੇ ਸਾਡੇ ਹੌਸਲੇ ਪਸਤ ਕਰਨ ਲਈ ਅਸਫ਼ਲ ਕੋਸਿ਼ਸ਼ਾਂ ਹੋਈਆ ਹਨ । ਪਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੀਆ ਸਾਜਿ਼ਸਾਂ ਤੋਂ ਘਬਰਾਕੇ ਆਪਣੇ ਚੱਲ ਰਹੇ ਸੰਪੂਰਨ ਪ੍ਰਭੂਸਤਾ ਆਜ਼ਾਦ ਸਿੱਖ ਰਾਜ ਪ੍ਰਾਪਤ ਕਰਨ ਅਤੇ ਸਮੁੱਚੇ ਦਲਿਤ, ਕਿਸਾਨਾਂ, ਵਿਦਿਆਰਥੀਆਂ, ਖੇਤ-ਮਜ਼ਦੂਰਾਂ, ਮੁਲਾਜ਼ਮਾਂ, ਵਪਾਰੀਆਂ ਆਦਿ ਦੀ ਬਿਹਤਰੀ ਕਰਨ ਤੇ ਉਨ੍ਹਾਂ ਨੂੰ ਦਰਪੇਸ਼ ਆ ਰਹੀਆ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਮਿਸ਼ਨ ਵਿਚ ਰਤੀਭਰ ਵੀ ਰੁਕਾਵਟ ਨਹੀਂ ਆਉਣ ਦੇਵੇਗਾ । ਉਨ੍ਹਾਂ ਸੰਬੰਧਤ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਇਸ ਵਿਸ਼ੇ ਤੇ ਉਹ ਨਿਰਪੱਖਤਾ ਤੇ ਦ੍ਰਿੜਤਾ ਨਾਲ ਸਮਾਬੰਧ ਜਾਂਚ-ਪੜਤਾਲ ਕਰਕੇ ਸਾਡੇ ਦਫ਼ਤਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਤੇ ਸਾਡੇ ਅਹਿਮ ਦਸਤਾਵੇਜ਼ ਅਤੇ ਡੀ.ਵੀ.ਆਰ. ਵਗੈਰਾਂ ਰਿਕਾਰਡ ਭਰਪੂਰ ਵਸਤਾਂ ਚੋਰੀ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਸਾਹਮਣੇ ਲਿਆਉਣ ਦੀ ਆਪਣੀ ਜਿੰਮੇਵਾਰੀ ਪੂਰਨ ਕਰਨ ਤਾਂ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਇਸ ਵਿਸ਼ੇ ਤੇ ਅੰਮ੍ਰਿਤਸਰ ਦੇ ਨਿਜਾਮ ਵਿਰੁੱਧ ਕੋਈ ਸੰਘਰਸ਼ ਉਲੀਕਣ ਲਈ ਮਜ਼ਬੂਰ ਨਾ ਹੋਣਾ ਪਵੇ ।

ਸ. ਮਾਨ ਨੇ ਅੰਮ੍ਰਿਤਸਰ ਦਫ਼ਤਰ ਦੀ ਦੇਖਰੇਖ ਕਰਨ ਵਾਲੇ ਸ. ਅਮਰੀਕ ਸਿੰਘ ਬੱਲੋਵਾਲ ਜਰਨਲ ਸਕੱਤਰ, ਸ. ਜਰਨੈਲ ਸਿੰਘ ਸਖੀਰਾ ਸੀਨੀਅਰ ਆਗੂ, ਸ. ਨਵਦੀਪ ਸਿੰਘ ਸਕੱਤਰ, ਸ. ਹਰਬੀਰ ਸਿੰਘ ਸੰਧੂ ਸਕੱਤਰ ਅਤੇ ਮੁੱਖ ਸੰਪਾਦਕ ਪਾਰਟੀ ਵੱਲੋਂ ਛਪਣ ਵਾਲੇ ਪੰਜਾਬੀ ਵਰਲਡ ਮੈਗਜੀਨ ਅਤੇ ਹੋਰ ਪਾਰਟੀ ਅਹੁਦੇਦਾਰਾਂ ਨੂੰ ਇਸ ਸੰਬੰਧੀ ਦ੍ਰਿੜਤਾ ਨਾਲ ਅਗਲੇਰੀ ਕਾਰਵਾਈ ਕਰਨ ਅਤੇ ਨਿਜਾਮ ਨੂੰ ਸੱਚ ਨੂੰ ਸਾਹਮਣੇ ਲਿਆਉਣ ਲਈ ਆਪਣੀਆ ਜਿੰਮੇਵਾਰੀਆ ਜਿਥੇ ਪੂਰਨ ਕਰਨ ਦੀ ਅਪੀਲ ਕੀਤੀ, ਉਥੇ ਉਨ੍ਹਾਂ ਨੇ ਤੁਰੰਤ ਉਸੇ ਰੂਪ ਵਿਚ ਦਫ਼ਤਰ ਨੂੰ ਨਿਰੰਤਰ ਚਲਾਉਣ ਅਤੇ ਹੈੱਡ ਆਫਿਸ ਕਿਲ੍ਹਾ ਸ. ਹਰਨਾਮ ਸਿੰਘ ਨਾਲ ਅਤੇ ਪਾਰਟੀ ਦੇ ਮੁੱਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ ਅਤੇ ਪਾਰਟੀ ਦੇ ਮੁੱਖ ਦਫ਼ਤਰ ਸਕੱਤਰ ਸ. ਲਖਵੀਰ ਸਿੰਘ ਨਾਲ ਹਰ ਪੱਖ ਤੋਂ ਸੰਪਰਕ ਬਣਾਈ ਰੱਖਣ ਦੀ ਵੀ ਅਪੀਲ ਕੀਤੀ ।

About The Author

Related posts

Leave a Reply

Your email address will not be published. Required fields are marked *