Select your Top Menu from wp menus
Header
Header
ਤਾਜਾ ਖਬਰਾਂ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ 71ਵੇਂ ਜਨਮ ਦਿਹਾੜੇ ਦੇ ਵੱਡੇ ਪ੍ਰਭਾਵਸ਼ਾਲੀ ਇਕੱਠ ਵਿਚ ਸਰਬਸੰਮਤੀ ਨਾਲ ਪਾਸ ਕੀਤੇ ਗਏ ਕੌਮੀ ਅਤੇ ਧਾਰਮਿਕ ਮਤੇ

12 ਫਰਵਰੀ 2018,
ਸ੍ਰੀ ਫ਼ਤਹਿਗੜ੍ਹ ਸਾਹਿਬ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ 71ਵੇਂ ਜਨਮ ਦਿਹਾੜੇ ਦੇ ਵੱਡੇ ਪ੍ਰਭਾਵਸ਼ਾਲੀ ਇਕੱਠ ਵਿਚ ਸਰਬਸੰਮਤੀ ਨਾਲ ਪਾਸ ਕੀਤੇ ਗਏ ਕੌਮੀ ਅਤੇ ਧਾਰਮਿਕ ਮਤੇ
ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਮਹਾਨ ਕੌਮ ਪੱਖੀ ਦ੍ਰਿੜਤਾ ਭਰੀ ਸਖਸ਼ੀਅਤ ਨੂੰ ਸਮਰਪਿਤ ਅੱਜ ਦਾ ਇਕੱਠ ਸੰਤ ਜੀ ਦੇ 71ਵੇਂ ਜਨਮ ਦਿਹਾੜੇ ਨੂੰ ਸਰਧਾ ਤੇ ਸਤਿਕਾਰ ਸਹਿਤ ਮਨਾਉਦੇ ਹੋਏ ਜਿਥੇਂ ਸਮੁੱਚੀ ਮਨੁੱਖਤਾ ਤੇ ਸਿੱਖ ਕੌਮ ਨੂੰ ਮੁਬਾਰਕਬਾਦ ਦਿੰਦਾ ਹੈ, ਉਥੇਂ ਉਨ੍ਹਾਂ ਵੱਲੋਂ ਕੌਮੀ ਆਜ਼ਾਦੀ ਦੀ ਪ੍ਰਾਪਤੀ ਲਈ ਅਤੇ ਇਨਸਾਨੀਅਤ ਕਦਰਾ-ਕੀਮਤਾ ਨੂੰ ਕਾਇਮ ਰੱਖਣ ਹਿੱਤ ਜ਼ਮਹੂਰੀਅਤ ਅਤੇ ਅਮਨਮਈ ਤਰੀਕੇ ਸੁਰੂ ਕੀਤੇ ਗਏ ਸੰਘਰਸ਼ ਨੂੰ ਦ੍ਰਿੜਤਾ ਤੇ ਸੁਹਿਰਦਤਾ ਨਾਲ ਸਭ ਘੱਟ ਗਿਣਤੀ ਕੌਮਾਂ, ਧਰਮਾਂ, ਫਿਰਕਿਆਂ, ਕਬੀਲਿਆਂ ਨੂੰ ਹਰ ਪੱਖੋਂ ਵਿਸ਼ਵਾਸ ਵਿਚ ਲੈਦੇ ਹੋਏ ਸਭਨਾਂ ਦੇ ਸਾਂਝੇ ਯਤਨਾਂ ਸਦਕਾ ਹਿੰਦੂਤਵ (ਬ੍ਰਾਹਮਣਵਾਦ) ਦੀ ਗੁਲਾਮੀ ਤੋਂ ਆਜ਼ਾਦ ਕਰਵਾਕੇ ‘ਸਰਬੱਤ ਦੇ ਭਲੇ’ ਦੀ ਮਨੁੱਖਤਾ ਪੱਖੀ ਸਰਬਸਾਂਝੀ ਸੋਚ ਅਧੀਨ ਸੰਤ ਜਰਨੈਲ ਸਿੰਘ ਖ਼ਾਲਸਾ ਜੀ ਦੇ ਬਚਨਾਂ ਅਨੁਸਾਰ ‘ਆਜ਼ਾਦ ਬਾਦਸ਼ਾਹੀ ਸਿੱਖ ਰਾਜ’ ਨੂੰ ਕਾਇਮ ਕਰਨ ਦਾ ਤਹੱਈਆ ਅਤੇ ਪ੍ਰਣ ਕਰਦਾ ਹੈ । ਜਿਸ ਨਿਜ਼ਾਮ ਵਿਚ ਕਿਸੇ ਵੀ ਕੌਮ, ਧਰਮ, ਫਿਰਕੇ, ਕਬੀਲੇ ਆਦਿ ਨਾਲ ਕਿਸੇ ਵੀ ਖੇਤਰ ਵਿਚ ਨਾ ਤਾਂ ਕੋਈ ਰਤੀਭਰ ਵਿਤਕਰਾ ਹੋਵੇਗਾ ਅਤੇ ਨਾ ਹੀ ਉਨ੍ਹਾਂ ਦੇ ਮਾਣ-ਸਨਮਾਨ ਨੂੰ ਕੋਈ ਠੇਸ ਪਹੁੰਚਾਉਣ ਦਿੱਤੀ ਜਾਵੇਗੀ । ਇਸ ਰਾਜ ਪ੍ਰਬੰਧ ਵਿਚ ਸਭਨਾਂ ਨੂੰ ਬਰਾਬਰਤਾ ਦੇ ਆਧਾਰ ਤੇ ਹੱਕ ਪ੍ਰਾਪਤ ਹੋਣਗੇ ਅਤੇ ਹਰ ਇਨਸਾਨ ਆਪਣੀ ਇੱਛਾ ਅਨੁਸਾਰ ਆਜ਼ਾਦੀ ਨਾਲ ਆਪਣਾ ਧਰਮ ਗ੍ਰਹਿਣ ਕਰਨ ਅਤੇ ਉਸਦੀਆਂ ਰਹੁ-ਰੀਤੀਆਂ ਉਤੇ ਚੱਲਣ ਲਈ ਪੂਰਨ ਆਜ਼ਾਦੀ ਪ੍ਰਦਾਨ ਕਰੇਗਾ । ਸਾਫ਼-ਸੁਥਰਾ, ਰਿਸ਼ਵਤ ਤੋ ਰਹਿਤ, ਇਨਸਾਫ਼ ਵਾਲਾ ਅਤੇ ਪਾਰਦਰਸ਼ੀ ਵਾਲਾ ਰਾਜ ਪ੍ਰਬੰਧ ਕਾਇਮ ਕਰਨ ਦਾ ਅੱਜ ਦਾ ਪ੍ਰਭਾਵਸ਼ਾਲੀ ਇਕੱਠ ਪ੍ਰਣ ਕਰਦਾ ਹੈ । ਅੱਜ ਦੇ ਇਸ ਇਕੱਠ ਵਿਚ ਸਮੁੱਚੀਆਂ ਕੌਮਾਂ, ਧਰਮਾਂ ਅਤੇ ਫਿਰਕਿਆ ਦੇ ਸਾਂਝੇ ਇਕੱਠ ਵਿਚ ਸਰਬਸੰਮਤੀ ਨਾਲ ਨਿਮਨਲਿਖਤ ਮਤੇ ਪਾਸ ਕੀਤੇ ਜਾਂਦੇ ਹਨ :-
1. ਹਿੰਦੂਤਵ (ਬ੍ਰਾਹਮਣਵਾਦ) ਤਾਕਤਾਂ ਵੱਲੋਂ ਜਾਤ-ਪਾਤ ਨੂੰ ਉਭਾਰਨ ਦੇ ਸਿੱਖ ਸੋਚ ਵਿਰੋਧੀ ਅਮਲਾਂ ਨੂੰ ਹਰ ਕੀਮਤ ਤੇ ਖ਼ਤਮ ਕਰਨ, ਸਾਂਝਾ ਸਮਾਜ ਸਿਰਜਣ ਲਈ ਦ੍ਰਿੜ ਰਹਾਂਗੇ :- ਅੱਜ ਦੇ ਇਸ ਇਕੱਠ ਜਿਸ ਵਿਚ ਸਾਨੂੰ ਬੀਤੇ ਸਮੇਂ ਦਾ ਇਤਿਹਾਸ ਬਾਦਲੀਲ ਢੰਗ ਨਾਲ ਹਰ ਤਰ੍ਹਾਂ ਦੇ ਸਰਕਾਰੀ ਜ਼ਬਰ-ਜੁਲਮ ਵਿਰੁੱਧ ਜੂਝਣ ਅਤੇ ਸਮਾਜਿਕ ਕਦਰਾ-ਕੀਮਤਾਂ ਨੂੰ ਕਾਇਮ ਰੱਖਣ ਦੀ ਅਗਵਾਈ ਦਿੰਦਾ ਹੈ, ਉਸ ਤੋਂ ਪ੍ਰੇਰਣਾ ਲੈਦੇ ਹੋਏ ਜਿਥੇ ਵੀ ਕਿਸੇ ਵੀ ਘੱਟ ਗਿਣਤੀ ਕੌਮ, ਦਲਿਤਾਂ, ਰੰਘਰੇਟਿਆਂ ਅਤੇ ਕਬੀਲਿਆਂ ਆਦਿ ਨਾਲ ਵਿਤਕਰਾ ਜਾਂ ਜ਼ਬਰ-ਜੁਲਮ ਹੋਵੇਗਾ, ਅਸੀਂ ਉਸ ਵਿਰੁੱਧ ਜਿਥੇ ਦ੍ਰਿੜਤਾਂ ਨਾਲ ਆਵਾਜ਼ ਬੁਲੰਦ ਕਰਨ ਦੀ ਜਿੰਮੇਵਾਰੀ ਨਿਭਾਵਾਂਗੇ, ਉਥੇ ਹਿੰਦੂਤਵ ਮੁਤੱਸਵੀ ਤਾਕਤਾਂ ਵੱਲੋਂ ਜੋ ਜਾਤ-ਪਾਤ ਦੇ ਸਮਾਜਿਕ ਵਿਤਕਰੇ ਨੂੰ ਉਭਾਰਕੇ ਇਥੋ ਦੇ ਨਿਵਾਸੀਆਂ ਵਿਚ ਵੱਖਰੇਵੇ ਖੜ੍ਹੇ ਕਰਕੇ ‘ਪਾੜੋ ਅਤੇ ਰਾਜ ਕਰੋ’ ਦੀ ਸਮਾਜ ਵਿਰੋਧੀ ਨੀਤੀ ਤੇ ਅਮਲ ਕੀਤਾ ਜਾ ਰਿਹਾ ਹੈ, ਉਸ ਨੂੰ ਅਸੀਂ ਸਭ ਘੱਟ ਗਿਣਤੀ ਕੌਮਾਂ ਇਕ ਪਲੇਟਫਾਰਮ ਤੇ ‘ਸਰਬੱਤ ਦੇ ਭਲੇ’ ਦੀ ਸੋਚ ਉਤੇ ਪਹਿਰਾ ਦਿੰਦੇ ਹੋਏ ਇਸ ਜਾਤ-ਪਾਤ ਦੀ ਸਮਾਜਿਕ ਬੁਰਾਈ ਦਾ ਖਾਤਮਾ ਵੀ ਕਰਾਂਗੇ ਅਤੇ ਸਿੱਖ ਸੋਚ ਅਨੁਸਾਰ ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ ਅਤੇ ਸਨਮਾਨ ਦੇਣ ਵਾਲਾ ਸਾਫ਼-ਸੁਥਰਾਂ ਰਿਸ਼ਵਤ ਤੋਂ ਰਹਿਤ ਸਰਬਸਾਂਝਾ ਰਾਜ ਪ੍ਰਬੰਧ ਵੀ ਕਾਇਮ ਕਰਨ ਲਈ ਬਚਨਬੰਧ ਹਾਂ ।
2. ਭੀਮਾ ਕੋਰੇਗਾਓ (ਪੂਣੇ) ਵਿਖੇ ਹੋਏ ਇਥੋਂ ਦੇ ਮੂਲਨਿਵਾਸੀ ਅਤੇ ਘੱਟ ਗਿਣਤੀ ਕੌਮਾਂ ਦੇ ਇਕੱਠ ਉਤੇ ਸਾਜ਼ਸੀ ਜ਼ਬਰ-ਜੁਲਮ ਦੀ ਪੁਰਜੋਰ ਸ਼ਬਦਾਂ ‘ਚ ਨਿਖੇਧੀ ਕੀਤੀ ਜਾਂਦੀ ਹੈ :- ਅੱਜ ਦਾ ਇਕੱਠ 1 ਜਨਵਰੀ 2018 ਨੂੰ ਭੀਮਾ ਕੋਰੇਗਾਓ (ਪੂਣੇ) ਵਿਖੇ ਇਥੋ ਦੇ ਅਸਲ ਮੂਲਨਿਵਾਸੀਆਂ, ਦਲਿਤਾਂ, ਰੰਘਰੇਟਿਆਂ, ਘੱਟ ਗਿਣਤੀ ਕੌਮਾਂ, ਭਾਰਤੀ ਮੁਕਤੀ ਮੋਰਚਾਂ, ਬਾਮਸੇਫ਼ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਾਂਝੇ ਤੌਰ ਤੇ ‘ਫ਼ਤਹਿ’ ਦੇ ਪ੍ਰਤੀਕ ਇਕੱਠ ਜੋ ਕਿ ਅਮਨਮਈ ਤੇ ਜਮਹੂਰੀਅਤ ਲੀਹਾਂ ‘ਤੇ ਹੋਇਆ ਸੀ, ਜਿਸ ਵਿਚ ਉਪਰੋਕਤ ਸਭ ਵਰਗਾਂ ਨੇ ਸਮੁੱਚੇ ਇੰਡੀਆਂ ਵਿਚੋਂ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਇਸ ਦਿਨ ਨੂੰ ਸਾਂਝੇ ਤੌਰ ਤੇ ਮਨਾਉਦੇ ਹੋਏ ਹਿੰਦੂਤਵ ਹੁਕਮਰਾਨਾਂ ਦੇ ਜ਼ਬਰ-ਜੁਲਮਾਂ ਨੂੰ ਸਹਿਣ ਨਾ ਕਰਨ ਅਤੇ ਇਕੱਠੇ ਹੋ ਕੇ ਇਸਦਾ ਪ੍ਰਭਾਵਸ਼ਾਲੀ ਜੁਆਬ ਦੇਣ ਦਾ ਪ੍ਰਣ ਕੀਤਾ ਸੀ । ਉਸ ਇਕੱਠ ਉਤੇ ਹਿੰਦੂਤਵ ਹੁਕਮਰਾਨਾਂ ਅਤੇ ਮਹਾਰਾਸਟਰ ਦੀ ਹਕੂਮਤ ਵੱਲੋਂ ਸਾਂਝੇ ਤੌਰ ਤੇ ਸਾਜ਼ਸੀ ਢੰਗ ਨਾਲ ਇੰਡੀਆਂ ਦੇ ਮੂਲਵਾਦੀ ਨਿਵਾਸੀਆਂ ਅਤੇ ਘੱਟ ਗਿਣਤੀ ਕੌਮਾਂ ਉਤੇ ਮੰਦਭਾਵਨਾ ਅਧੀਨ ਕੀਤੇ ਗਏ ਹਮਲਿਆ, ਸਰਕਾਰੀ ਅਤੇ ਨਿੱਜੀ ਜ਼ਾਇਦਾਦਾਂ, ਮੋਟਰਾਂ, ਕਾਰਾਂ ਆਦਿ ਦੀ ਭੰਨਤੋੜ ਕਰਨ ਅਤੇ ਹਿੰਦੂਤਵ ਦਹਿਸ਼ਤ ਫੈਲਾਉਣ ਦੀਆਂ ਕਾਰਵਾਈਆਂ ਦੀ ਅੱਜ ਦਾ ਇਕੱਠ ਜਿਥੇ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦਾ ਹੈ, ਉਥੇ ਹਿੰਦੂਤਵ ਹੁਕਮਰਾਨਾਂ ਦੇ ਅਜਿਹੇ ਦਹਿਸਤਗਰਦੀ ਕਾਰਵਾਈਆ ਨੂੰ ਅਤੇ ਇਨ੍ਹਾਂ ਦੇ ਕਿਸੇ ਵੀ ਹਿੰਦੂਤਵ ਠੋਸੇ ਜਾਣ ਵਾਲੇ ਪ੍ਰੋਗਰਾਮਾਂ ਨੂੰ ਬਿਲਕੁਲ ਵੀ ਪ੍ਰਵਾਨ ਨਾ ਕਰਨ ਦਾ ਪ੍ਰਣ ਵੀ ਕਰਦਾ ਹੈ ।
3. ਹਿੰਦੂਤਵ ਤਾਕਤਾਂ ਵੱਲੋਂ ਹਕੂਮਤੀ ਤਾਕਤ, ਧਨ-ਦੌਲਤਾਂ ਦੀ ਦੁਰਵਰਤੋਂ ਕਰਕੇ ਸਮੁੱਚੇ ਇੰਡੀਆਂ ਵਿਚ ਕੀਤੇ ਜਾ ਰਹੇ ‘ਭਗਵੇਕਰਨ’ ਨੂੰ ਬਿਲਕੁਲ ਪ੍ਰਵਾਨ ਨਹੀਂ ਕਰਾਂਗੇ :- ਅੱਜ ਦਾ ਇਕੱਠ ਹਿੰਦੂਤਵ ਹੁਕਮਰਾਨਾਂ ਵੱਲੋਂ ਸਮੁੱਚੇ ਇੰਡੀਆਂ ਵਿਚ ਵੱਸਣ ਵਾਲੇ ਇਥੋ ਦੇ ਮੂੁਲਨਿਵਾਸੀ, ਦਲਿਤਾਂ, ਰੰਘਰੇਟਿਆਂ, ਘੱਟ ਗਿਣਤੀ ਕੌਮਾਂ ਆਦਿ ਉਤੇ ਜੋ ਜ਼ਬਰੀ ਹਿੰਦੂਤਵ ਸੋਚ ਅਤੇ ਪ੍ਰੋਗਰਾਮਾਂ ਨੂੰ ਠੋਸਕੇ ਅਤੇ ਇਥੇ ਹਰ ਸਥਾਂਨ ਤੇ ਵਸਤੂ ਦਾ ਭਗਵਾਂਕਰਨ ਕਰਨ ਦੇ ਜੋ ਅਮਲ ਕੀਤੇ ਜਾ ਰਹੇ ਹਨ, ਇਹ ਕੇਵਲ ਇੰਡੀਆਂ ਦੇ ਵਿਧਾਨ ਦੀ ਧਾਰਾ 14 ਜੋ ਇਥੋ ਦੇ ਸਭ ਨਾਗਰਿਕਾਂ, ਧਰਮਾਂ, ਕੌਮਾਂ, ਫਿਰਕਿਆ ਨੂੰ ਬਰਾਬਰਤਾ ਦੇ ਅਧਿਕਾਰ, ਸਨਮਾਨ ਦੇਣ ਦੀ ਗੱਲ ਕਰਦੀ ਹੈ, ਉਸਦਾ ਜ਼ਬਰੀ ਉਲੰਘਣ ਕੀਤਾ ਜਾ ਰਿਹਾ ਹੈ । ਦੂਸਰਾ ਇਥੇ ਵੱਖ-ਵੱਖ ਧਰਮ ਤੇ ਕੌਮਾਂ ਜੋ ਵੱਸਦੇ ਹਨ, ਉਨ੍ਹਾਂ ਨੂੰ ਵਿਧਾਨ ਦੇ ਰਾਹੀ ਆਪੋ-ਆਪਣੇ ਧਰਮ ਗ੍ਰਹਿਣ ਕਰਨ ਅਤੇ ਉਨ੍ਹਾਂ ਦੇ ਨਿਯਮਾਂ ਨੂੰ ਮੰਨਣ ਦੀ ਆਜ਼ਾਦੀ ਦੇਣ ਦੇ ਨਾਲ-ਨਾਲ ਬਿਨ੍ਹਾਂ ਕਿਸੇ ਡਰ-ਭੈ ਤੋਂ ਜਿੰਦਗੀ ਬਸਰ ਕਰਨ ਦੀ ਖੁੱਲ੍ਹ ਦਿੰਦਾ ਹੈ । ਪਰ ਹਿੰਦੂਤਵ ਹੁਕਮਰਾਨ ਉਪਰੋਕਤ ਸਭ ਵਿਧਾਨਿਕ ਲੀਹਾਂ, ਕਾਨੂੰਨਾਂ, ਨਿਯਮਾਂ ਦਾ ਘੋਰ ਉਲੰਘਣ ਕਰਕੇ ਇਥੇ ਵੱਸਣ ਵਾਲੇ ਉਪਰੋਕਤ ਸਭ ਵਰਗਾਂ ਉਤੇ ਹਿੰਦੂ ਸੋਚ ਵਾਲੇ ਅਮਲ ਥੋਪ ਰਹੇ ਹਨ ਜਿਸ ਨੂੰ ਕੋਈ ਵੀ ਵਰਗ ਸਮੇਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਭਾਰਤੀ ਮੁਕਤੀ ਮੋਰਚਾਂ, ਬਾਮਸੇਫ਼ ਆਦਿ ਬਿਲਕੁਲ ਪ੍ਰਵਾਨ ਨਹੀਂ ਕਰਦੇ ।
ਹੁਣੇ ਹੀ ਸ੍ਰੀ ਮੋਦੀ ਦੀ ਨੋਟਬੰਦੀ ਦੇ ਅਮਲਾਂ ਤੋਂ ਬਾਅਦ ਜੋ 200 ਰੁਪਏ ਦਾ ਨੋਟ ਰਿਜਰਵ ਬੈਂਕ ਵੱਲੋਂ ਜਾਰੀ ਕੀਤਾ ਗਿਆ ਹੈ, ਉਸਦਾ ਪੂਰਨ ਰੂਪ ਵਿਚ ਭਗਵਾਂਕਰਨ ਕੀਤਾ ਹੋਇਆ ਹੈ । ਯੂਪੀ ਦੇ ਮੁਸਲਮਾਨਾਂ ਦੇ ਹਜ ਦੇ ਦਫ਼ਤਰ ਨੂੰ ਵੀ ਜ਼ਬਰੀ ਭਗਵਾਕਰਨ ਕਰਕੇ, ਰੰਗ-ਜਾਤ ਆਦਿ ਦੇ ਸਮਾਜਿਕ ਬੁਰਾਈਆ ਨਾਲ ਭਰਪੂਰ ਵਰਤਾਰਾ ਬਿਲਕੁਲ ਬਰਦਾਸਤ ਕਰਨ ਯੋਗ ਨਹੀਂ । ਯੂਪੀ ਦੇ ਮੁੱਖ ਮੰਤਰੀ ਸ੍ਰੀ ਅਦਿਤਿਆਨਾਥ ਜੋਗੀ ਵੱਲੋਂ ਉਚੇਚੇ ਤੌਰ ਤੇ ਆਪਣੇ ਸੂਬੇ ਵਿਚ ਤੇਜ਼ੀ ਨਾਲ ਭਗਵਾਂਕਰਨ ਕਰਨ ਦੇ ਅਮਲ ਉਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਲਈ ਜਿਥੇ ਅਸਹਿ ਹਨ, ਉਥੇ ਹਿੰਦੂਤਵ ਹੁਕਮਰਾਨਾਂ ਵੱਲੋਂ ਅਜਿਹੀਆਂ ਕਾਰਵਾਈਆ ਇਹ ਵੀ ਸਪੱਸਟ ਕਰਦੀਆ ਹਨ ਕਿ ਕਿਸੇ ਡੂੰਘੀ ਸਾਜਿ਼ਸ ਅਧੀਨ ਹਰ ਵਸਤੂ ਅਤੇ ਹਰ ਕੰਮ ਨੂੰ ਭਗਵਾਂ ਰੂਪ ਦੇ ਕੇ ਦੂਸਰੀਆ ਕੌਮਾਂ ਵਿਚ ਦਹਿਸਤ ਪਾਈ ਜਾ ਰਹੀ ਹੈ । ਜਿਸ ਦੀ ਅੱਜ ਦਾ ਇਕੱਠ ਪੁਰਜੋਰ ਨਿਖੇਧੀ ਕਰਦਾ ਹੋਇਆ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਨੂੰ ਚੁਣੋਤੀ ਦਿੰਦਾ ਹੈ ਕਿ ਉਨ੍ਹਾਂ ਦੇ ਅਜਿਹੇ ਹਿੰਦੂ ਰਾਸ਼ਟਰਵਾਦੀ ਪ੍ਰੋਗਰਾਮਾਂ ਨੂੰ ਘੱਟ ਗਿਣਤੀ ਕੌਮਾਂ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਿਲਕੁਲ ਪ੍ਰਵਾਨ ਨਹੀਂ ਕਰਦੇ ।
4. ਸਿੱਖ ਕੌਮ ਨੇ 1947 ਤੋਂ ਲੈਕੇ ਅੱਜ ਤੱਕ ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਮਾਰੂ ਇੰਡੀਆਂ ਦੇ ਵਿਧਾਨ ਨੂੰ ਅਤੇ ਤਿਰੰਗੇ ਝੰਡੇ ਨੂੰ ਪ੍ਰਵਾਨ ਹੀ ਨਹੀਂ ਕੀਤਾ:- ਜਦੋਂ 1947 ਤੋਂ ਅੰਗਰੇਜ਼ ਹਕੂਮਤ ਛੱਡਕੇ ਗਏ ਹਨ, ਉਸ ਉਪਰੰਤ ਹਿੰਦੂਤਵ ਹੁਕਮਰਾਨ ਅਤੇ ਇਨ੍ਹਾਂ ਦੀ ਫਿਰਕੂ ਸੋਚ ਤੇ ਨੀਤੀ ਨੂੰ ਉਜਾਗਰ ਕਰਨ ਵਾਲੇ ਇੰਡੀਆਂ ਵਿਧਾਨ ਨੂੰ ਸਿੱਖ ਕੌਮ ਨੇ ਪ੍ਰਵਾਨ ਹੀ ਨਹੀਂ ਕੀਤਾ । ਇਸ ਲਈ ਹੀ ਇੰਡੀਆਂ ਦੇ ਵਿਧਾਨ ਘਾਟਤਾ ਕਮੇਟੀ ਵਿਚ ਸ਼ਾਮਿਲ ਸਿੱਖ ਨੁਮਾਇੰਦਿਆ ਸ. ਭੁਪਿੰਦਰ ਸਿੰਘ ਮਾਨ, ਸ. ਹੁਕਮ ਸਿੰਘ ਨੇ ਇਸ ਵਿਧਾਨ ਉਤੇ ਦਸਤਖ਼ਤ ਹੀ ਨਹੀਂ ਸਨ ਕੀਤੇ । ਜਿਸਦਾ ਸਪੱਸਟ ਅਰਥ ਹੈ ਕਿ 1950 ਵਿਚ ਹੀ ਸਿੱਖ ਕੌਮ ਨੇ ਇਸ ਵਿਧਾਨ ਨੂੰ ਰੱਦ ਕਰ ਦਿੱਤਾ ਸੀ ।
ਜੋ ਹਿੰਦੂਤਵ ਸੋਚ ਵਾਲੇ ਆਗੂਆਂ ਨੇ ਇੰਡੀਆਂ ਦਾ ਤਿਰੰਗਾਂ ਝੰਡਾਂ ਬਣਾਇਆ ਹੈ, ਇਸ ਨਾਲ ਸਿੱਖ ਕੌਮ ਦਾ ਕੋਈ ਸੰਬੰਧ ਨਹੀਂ । ਕਿਉਂਕਿ ਇਸ ਵਿਚ ਜੋ ਭਗਵਾ ਰੰਗ ਹੈ, ਇਹ ਹਿੰਦੂਆਂ ਦਾ ਹੈ । ਜੋ ਚਿੱਟਾ ਰੰਗ ਹੈ, ਉਹ ਜੈਨੀਆ ਦਾ ਹੈ । ਜੋ ਵਿਚ ਅਸੋਕ ਚੱਕਰ ਹੈ, ਉਹ ਬੁੱਧ ਧਰਮ ਦਾ ਹੈ ਅਤੇ ਜੋ ਹਰਾ ਰੰਗ ਹੈ, ਉਹ ਮੁਸਲਮਾਨਾਂ ਦਾ ਹੈ । ਜਿਸ ਝੰਡੇ ਵਿਚ ਸਿੱਖ ਧਰਮ ਤੇ ਸਿੱਖ ਕੌਮ ਨੂੰ ਕੋਈ ਸਤਿਕਾਰ ਹੀ ਨਹੀਂ ਦਿੱਤਾ ਗਿਆ, ਉਸ ਝੰਡੇ ਨੂੰ ਸਿੱਖ ਕੌਮ ਕਿਵੇਂ ਪ੍ਰਵਾਨ ਕਰ ਸਕਦੀ ਹੈ ? ਇਸ ਲਈ ਅੱਜ ਦਾ ਇਕੱਠ ਜਿਥੇ ਹਿੰਦ ਦੇ ਵਿਧਾਨ ਤੇ ਹੁਕਮਰਾਨਾਂ ਵੱਲੋਂ ਘੱਟ ਗਿਣਤੀ ਕੌਮਾਂ ਸਿੱਖਾਂ, ਮੁਸਲਮਾਨਾਂ, ਇਸਾਈ, ਰੰਘਰੇਟਿਆਂ, ਕਬੀਲਿਆਂ ਅਤੇ ਲਿੰਗਾਇਤ ਧਰਮ ਦੇ ਹੱਕ-ਹਕੂਕਾਂ ਦੀ ਹਿਫਾਜ਼ਤ ਹੀ ਨਹੀਂ ਕੀਤੀ ਗਈ, ਉਥੇ ਇੰਡੀਆਂ ਦੇ ਝੰਡੇ ਵਿਚ ਵੀ ਸਿੱਖ ਕੌਮ ਦਾ ਕੋਈ ਨਿਸ਼ਾਨ ਨਹੀਂ ਰੱਖਿਆ ਗਿਆ । ਜਦੋਂਕਿ ਵੰਡ ਤੋਂ ਪਹਿਲੇ ਤਿੰਨੇ ਕੌਮਾਂ ਮੁਸਲਿਮ, ਹਿੰਦੂ ਅਤੇ ਸਿੱਖ ਵੱਲੋਂ ਸਾਂਝੇ ਫਤਵੇ ਅਨੁਸਾਰ ਸਾਰਿਆਂ ਦਾ ਸਾਂਝਾ ਰਾਜ ਪ੍ਰਬੰਧ ਕਾਇਮ ਕਰਨਾ ਸੀ, ਜਿਸ ਵਿਚ ਸਾਰਿਆਂ ਦੇ ਬਰਾਬਰਤਾ ਦੇ ਆਧਾਰ ਤੇ ਰਾਜ ਭਾਗ ਵਿਚ ਹਿੱਸਾ ਪ੍ਰਵਾਨ ਕੀਤਾ ਸੀ । ਦੋਵੇਂ ਮੁਸਲਿਮ ਤੇ ਹਿੰਦੂ ਕੌਮਾਂ ਦੇ ਆਗੂਆਂ ਨੇ “ਸਾਂਝੇ ਫਤਵੇ” ਨੂੰ ਧੋਖਾ ਦੇ ਕੇ ਚਲਾਕੀ ਅਤੇ ਫਰੇਬੀ ਨਾਲ ਅੰਗਰੇਜ਼ਾਂ ਨਾਲ ਗੱਲਬਾਤ ਕਰਕੇ ਆਪੋ-ਆਪਣੇ ਹਿੰਦੂ ਤੇ ਮੁਸਲਿਮ ਮੁਲਕ ਇੰਡੀਆਂ ਤੇ ਪਾਕਿਸਤਾਨ ਬਣਾ ਲਏ । ਜੋ ਤੀਜੀ ਮੁੱਖ ਧਿਰ ਸਿੱਖ ਕੌਮ ਸੀ, ਉਸ ਨਾਲ ਧੋਖਾ ਕੀਤਾ। ਇਸ ਲਈ ਅੱਜ ਦਾ ਇਕੱਠ ਉਸ ਸਮੇਂ ਤੋਂ ਹੀ ਹਿੰਦ ਦੇ ਵਿਧਾਨ, ਤਿਰੰਗੇ ਝੰਡੇ ਨੂੰ ਰੱਦ ਕਰ ਚੁੱਕਾ ਹੈ । ਜਿਸ ਨੂੰ ਅੱਜ ਫਿਰ ਪ੍ਰਵਾਨਗੀ ਦਿੰਦੇ ਹਾਂ ।
ਕਿਉਂਕਿ ਅਸੀਂ ਅਮਨ ਪਸੰਦ ਅਤੇ ਜ਼ਮਹੂਰੀਅਤ ਢੰਗਾਂ ਵਿਚ ਵਿਸ਼ਵਾਸ ਕਰਦੇ ਹਾਂ । ਇਸ ਲਈ ਹੀ ਅਸੀਂ ਕਾਨੂੰਨ ਨਹੀਂ ਤੋੜਦੇ । ਪਰ ਇਸਦਾ ਮਤਲਬ ਇਹ ਬਿਲਕੁਲ ਨਹੀਂ ਕਿ ਸਿੱਖ ਕੌਮ ਨੇ ਇਸ ਮੰਦਭਾਵਨਾ ਭਰੇ ਇੰਡੀਆਂ ਵਿਧਾਨ ਨੂੰ ਪ੍ਰਵਾਨ ਕਰ ਲਿਆ ਹੈ ਜਾਂ ਇਨ੍ਹਾਂ ਦੀ ਅਸੀਂ ਗੁਲਾਮੀ ਪ੍ਰਵਾਨ ਕਰ ਲਈ ਹੈ । ਸਾਡੀ ਇਨ੍ਹਾਂ ਹੁਕਮਰਾਨਾਂ ਨਾਲ ਇਨਸਾਫ਼ ਪ੍ਰਾਪਤੀ ਲਈ ਜੰਗ ਉਸ ਸਮੇਂ ਤੋਂ ਹੀ ਸੁਰੂ ਹੋ ਗਈ ਸੀ, ਜਦੋਂ ਇਥੋ ਦੇ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਨਹਿਰੂ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਆਏ ਸਨ ਅਤੇ ਉਨ੍ਹਾਂ ਵੱਲੋਂ ਸਿੱਖ ਕੌਮ ਤੇ ਪੰਜਾਬ ਸੂਬੇ ਨਾਲ ਕੀਤੇ ਗਏ ਧੋਖੇ-ਫਰੇਬ ਦੀ ਬਦੌਲਤ ਇੱਟਾ-ਪੱਥਰ ਮਾਰਕੇ ਸਿੱਖ ਕੌਮ ਨੇ ਆਪਣੀ ਵਿਰੋਧਤਾ ਦਾ ਇਜ਼ਹਾਰ ਕੀਤਾ ਸੀ । ਇਹ ਪੱਥਰ ਮਾਰਨ ਵਾਲੇ ਸਤਿਕਾਰਯੋਗ ਸਖ਼ਸ ਸ. ਅਮਰ ਸਿੰਘ ਗਲਵੱਡਾ (ਖੰਨਾਂ) ਰਾਮਗੜ੍ਹੀਏ ਸਿੱਖ ਸਨ । ਸਿੱਖ ਕੌਮ ਨੇ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਨੂੰ ਉਸ ਸਮੇਂ ਹੀ ਚੁਣੋਤੀ ਦੇ ਦਿੱਤੀ ਸੀ, ਜੋ ਅੱਜ ਵੀ ਜਾਰੀ ਹੈ ਅਤੇ ਆਜ਼ਾਦ ਬਾਦਸ਼ਾਹੀ ਸਿੱਖ ਰਾਜ ‘ਖ਼ਾਲਿਸਤਾਨ’ ਦੀ ਪ੍ਰਾਪਤੀ ਤੱਕ ਜਾਰੀ ਰਹੇਗੀ ।
5. ਲਿੰਗਾਇਤ ਧਰਮ ਅਤੇ ਉਸਦੇ ਮੁੱਖੀ ਸ੍ਰੀ ਸਵਾਮੀ ਕੰਨੇਸਵਰ ਅੱਪਾ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਪੂਰਨ ਰੂਪ ਵਿਚ ਮਾਨਤਾ ਪ੍ਰਦਾਨ ਕਰਦੀ ਹੈ :- ਅੱਜ ਦਾ ਇਕੱਠ ਦੱਖਣੀ ਸੂਬਿਆਂ ਵਿਚ ਜਿਨ੍ਹਾਂ ਲੱਖਾਂ ਹੀ ਨਿਵਾਸੀਆਂ ਦਾ ਹਿੰਦੂ ਧਰਮ ਨਾਲ ਨਾ ਪਹਿਲੇ ਕੋਈ ਸੰਬੰਧ ਰਿਹਾ ਹੈ ਅਤੇ ਨਾ ਹੀ ਅੱਜ ਹੈ, ਉਨ੍ਹਾਂ ਨੂੰ ਹੁਕਮਰਾਨਾਂ ਨੇ ਜ਼ਬਰੀ ਹਿੰਦੂ ਧਰਮ ਦਾ ਹਿੱਸਾ ਗਰਦਾਨਿਆ ਹੋਇਆ ਸੀ । ਜਿਸ ਨੂੰ ਸਵਾਮੀ ਕੰਨੇਸਵਰ ਅੱਪਾ ਵਰਗੇ ਸੂਝਵਾਨ, ਦੂਰਅੰਦੇਸ਼ੀ ਦੀ ਸੋਚ ਰੱਖਣ ਵਾਲੇ ਧਾਰਮਿਕ ਤੇ ਸਮਾਜਿਕ ਆਗੂ ਵੱਲੋਂ ਆਪਣੇ ਧਰਮ ਨਾਲ ਸੰਬੰਧਤ ਨਿਵਾਸੀਆਂ ਨੂੰ ਆਪਣੀ ਜੜ੍ਹ ਤੋਂ ਜਾਣੂ ਕਰਵਾਉਦੇ ਹੋਏ ਜੋ ਲਿੰਗਾਇਤ ਧਰਮ ਨੂੰ ਫਿਰ ਤੋਂ ਮਜ਼ਬੂਤੀ ਬਖਸਣ ਦਾ ਬੀੜਾ ਚੁੱਕਿਆ ਹੈ ਅਤੇ ਜਿਨ੍ਹਾਂ ਨੇ ਥੋੜੇ ਸਮੇਂ ਪਹਿਲੇ ਹੀ ਮਹਾਰਾਸ਼ਟਰ ਦੇ ਕੋਲ੍ਹਾਪੁਰ ਇਲਾਕੇ ਵਿਚ ਸਮੁੱਚੇ ਇੰਡੀਆਂ ਵਿਚੋਂ ਆਪਣੇ ਧਰਮ ਨਾਲ ਸੰਬੰਧਤ ਲੱਖਾਂ ਦੀ ਗਿਣਤੀ ਵਿਚ ਪੈਰੋਕਾਰਾਂ ਦਾ ਇਕੱਠ ਕਰਕੇ ਜੋ ਹਿੰਦੂ ਧਰਮ ਤੋਂ ਵੱਖਰਾਂ ਸਾਫ਼-ਸੁਥਰਾਂ ਤੇ ਮਨੁੱਖਤਾ ਪੱਖੀ ਲਿੰਗਾਇਤ ਧਰਮ ਦੀ ਸੁਚੱਜੀ ਅਗਵਾਈ ਕਰਨ ਦੀ ਜਿੰਮੇਵਾਰੀ ਨਿਭਾਈ ਹੈ, ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਦਾ ਅੱਜ ਦਾ ਇਕੱਠ ਜਿਥੇ ਲਿੰਗਾਇਤ ਧਰਮ ਨੂੰ ਪੂਰਨ ਰੂਪ ਵਿਚ ਵਿਲੱਖਣਤਾ ਅਤੇ ਆਜ਼ਾਦ ਧਰਮ ਵੱਜੋਂ ਮਾਨਤਾ ਦਿੰਦਾ ਹੈ, ਉਥੇ ਸ੍ਰੀ ਸਵਾਮੀ ਕੰਨੇਸਵਰ ਅੱਪਾ ਨੂੰ ਆਪਣੇ ਧਰਮ ਨਾਲ ਸੰਬੰਧਤ ਨਿਵਾਸੀਆਂ ਨੂੰ ਬਾਦਲੀਲ ਢੰਗ ਨਾਲ ਜਾਗਰਿਤ ਕਰਨ ਅਤੇ ਹਿੰਦੂਤਵ ਹੁਕਮਰਾਨਾਂ ਦੇ ਜ਼ਬਰ-ਜੁਲਮਾਂ ਅਤੇ ਬੇਇਨਸਾਫ਼ੀਆਂ ਵਿਰੁੱਧ ਡੱਟਣ ਦੀ ਹਾਰਦਿਕ ਮੁਬਾਰਕਬਾਦ ਦਿੰਦਾ ਹੋਇਆ ਵਿਸ਼ਵਾਸ ਦਿਵਾਉਦਾ ਹੈ ਕਿ ਅਸੀਂ ਸਭ ਇਕੱਤਰ ਹੋ ਕੇ ਆਪਣੀ ਆਜ਼ਾਦੀ ਦੇ ਮਿਸ਼ਨ ਦੀ ਪ੍ਰਾਪਤੀ ਕਰਾਂਗੇ ।
6. ਦੱਖਣੀ ਏਸੀਆ ਖਿੱਤੇ ਦੇ ਅਮਨ-ਚੈਨ ਨੂੰ ਕਾਇਮ ਰੱਖਣ ਅਤੇ ਜੰਗ ਤੋਂ ਰਹਿਤ ਰੱਖਣ ਲਈ ਇੰਡੀਅਨ ਓਸੀਅਨ ਵਿਚ ਇੰਡੀਆਂ ਆਪਣੀ ਫ਼ੌਜੀ ਕਾਰਵਾਈਆ ਤੁਰੰਤ ਬੰਦ ਕਰੇ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਜੋ ਇੰਡੀਅਨ ਓਸੀਅਨ ਹੈ, ਉਸ ਨਾਲ ਦੱਖਣੀ ਏਸੀਆ ਖਿੱਤੇ ਦੇ ਮੁਲਕਾਂ ਪਾਕਿਸਤਾਨ, ਚੀਨ, ਇੰਡੀਆਂ, ਲੰਕਾ, ਮਾਲਦੀਵ, ਬਰਮਾ, ਨੇਪਾਲ, ਭੁਟਾਨ, ਬੰਗਲਾਦੇਸ਼ ਆਦਿ ਮੁਲਕਾਂ ਦੇ ਅਮਨ-ਚੈਨ ਅਤੇ ਉਥੋਂ ਦੀ ਸਮਾਜਿਕ ਅਤੇ ਵਪਾਰਿਕ ਤਰੱਕੀ ਜੁੜੀ ਹੋਈ ਹੈ । ਇਸ ਲਈ ਇੰਡੀਆਂ ਨੂੰ ਇੰਡੀਅਨ ਓਸੀਅਨ ਵਿਚ ਕੋਈ ਵੀ ਅਜਿਹੀ ਜੰਗੀ ਜਾਂ ਫੌ਼ਜੀ ਸਰਗਰਮੀ ਬਿਲਕੁਲ ਨਹੀਂ ਕਰਨੀ ਚਾਹੀਦੀ, ਜਿਸ ਨਾਲ ਉਸਦੇ ਗੁਆਢੀ ਮੁਲਕਾਂ ਪਾਕਿਸਤਾਨ, ਚੀਨ ਆਦਿ ਵਿਚ ਕੋਈ ਕੁੜੱਤਣ ਭਰੀ ਭਾਵਨਾ ਉੱਠੇ ਅਤੇ ਇਹ ਦੱਖਣੀ ਏਸੀਆ ਖਿੱਤੇ ਦੇ ਇਲਾਕੇ ਵਿਚ ਜੰਗ ਵਰਗੀਆਂ ਮਾਰੂ ਕਾਰਵਾਈਆ ਨੂੰ ਉਤਸਾਹ ਮਿਲੇ । ਜੋ ਇੰਡੀਆਂ ਨੇ ਅਮਰੀਕਾ, ਜਪਾਨ ਅਤੇ ਆਸਟ੍ਰੇ਼ਲੀਆ ਨਾਲ ਫ਼ੌਜੀ ਸਮਝੋਤੇ ਕੀਤੇ ਹਨ, ਸਿੱਖ ਕੌਮ ਨਹੀਂ ਚਾਹੁੰਦੀ ਕਿ ਇੰਡੀਆਂ ਕੌਮਾਂਤਰੀ ਪੱਧਰ ਤੇ ਪਮਾਣੂ ਤਾਕਤਾਂ ਨਾਲ ਲੈਸ ਉਪਰੋਕਤ ਮੁਲਕਾਂ ਦੀ ਧੜੇਬੰਦੀ ਖੜ੍ਹੀ ਕਰੇ, ਜਿਸ ਨਾਲ ਨਿਊਕਲੀਅਰ ਜੰਗ ਦਾ ਖ਼ਤਰਾ ਖੜ੍ਹਾ ਹੋ ਜਾਵੇ ।
ਦੂਸਰਾ ਜੋ ਪਾਕਿਸਤਾਨ ਅਤੇ ਇੰਡੀਆਂ ਦੀਆਂ ਸਰਹੱਦਾਂ ਉਤੇ ਰੋਜ਼ਾਨਾ ਹੀ ਦੋਵਾਂ ਪਾਸਿਆ ਦੇ ਨਾਗਰਿਕ ਗੋਲਾਬਾਰੀ ਜਾਂ ਜੰਗੀ ਛੇੜਛਾੜ ਅਧੀਨ ਕਾਰਵਾਈਆ ਹੋ ਰਹੀਆ ਹਨ, ਇਹ ਵੀ ਮਨੁੱਖਤਾ ਮਾਰੂ, ਪੰਜਾਬ, ਪੰਜਾਬੀ ਅਤੇ ਸਿੱਖ ਕੌਮ ਮਾਰੂ ਦੁੱਖਦਾਇਕ ਅਮਲ ਹਨ । ਕਿਉਂਕਿ ਅਜਿਹੀਆ ਕਾਰਵਾਈਆ ਦੀ ਬਦੌਲਤ ਇਨ੍ਹਾਂ ਦੋ ਦੁਸ਼ਮਣ ਗੁਆਢੀ ਮੁਲਕਾਂ ਵਿਚ ਕਿਸੇ ਸਮੇਂ ਵੀ ਖ਼ਤਰਨਾਕ ਪ੍ਰਮਾਣੂ ਜੰਗ ਦੇ ਆਸਾਰ ਬਣ ਸਕਦੇ ਹਨ । ਅਜਿਹੀ ਜੰਗ ਲੱਗਣ ਦੀ ਹਾਲਤ ਵਿਚ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦੇ ਕੱਛ ਨੂੰ ਮੈਦਾਨ-ਏ-ਜੰਗ ਬਣਨਗੇ ਅਤੇ ਸਿੱਖ ਕੌਮ ਦਾ ਤਾਂ ਨਾਸ ਹੋ ਕੇ ਰਹਿ ਜਾਵੇਗਾ । ਇਸ ਲਈ ਅੱਜ ਦਾ ਇਕੱਠ ਦੱਖਣੀ ਏਸੀਆ ਖਿੱਤੇ ਵਿਚ ਕਿਸੇ ਤਰ੍ਹਾਂ ਦੀ ਜੰਗ ਬਿਲਕੁਲ ਨਹੀਂ ਚਾਹੁੰਦਾ ਅਤੇ ਇਸੇ ਸੋਚ ਨੂੰ ਮੁੱਖ ਰੱਖਕੇ ਇੰਡੀਆਂ ਵੱਲੋਂ ਇੰਡੀਅਨ ਓਸੀਅਨ ਵਿਚ ਕੀਤੀਆ ਜਾ ਰਹੀਆ ਫ਼ੌਜੀ ਕਾਰਵਾਈਆ ਜਾਂ ਮਾਲਦੀਵ ਦੇ ਅੰਦਰੂਨੀ ਪ੍ਰਬੰਧ ਵਿਚ ਦਿੱਤੇ ਜਾਣ ਵਾਲੇ ਦਖ਼ਲ ਜਾਂ ਪਾਕਿਸਤਾਨ-ਚੀਨ ਦੀਆਂ ਸਰਹੱਦਾਂ ਉਤੇ ਕੀਤੀ ਜਾ ਰਹੀ ਛੇੜਛਾੜ ਤੁਰੰਤ ਬੰਦ ਕਰਨ ਦੀ ਜੋਰਦਾਰ ਮੰਗ ਕਰਦਾ ਹੈ ਤਾਂ ਕਿ ਦੱਖਣੀ ਏਸੀਆ ਖਿੱਤੇ ਦੇ ਅਮਨ-ਚੈਨ ਅਤੇ ਜਮਹੂਰੀਅਤ ਨੂੰ ਸਥਾਈ ਤੌਰ ਤੇ ਕਾਇਮ ਰੱਖਿਆ ਜਾ ਸਕੇ।
7. ਜੇਕਰ ਕੱਟੜਵਾਦੀ ਫਿਰਕੂ ਸੋਚ ਵਾਲੇ ਤੋਗੜੀਆ ਵਿਰੁੱਧ ਗੁਜਰਾਤ ਵਿਚ ਅਤੇ ਰਾਜਸਥਾਂਨ ਵਿਚ ਕਤਲ ਕੇਸ ਵਾਪਸ ਹੋ ਸਕਦੇ ਹਨ, ਤਾਂ ਜੇਲ੍ਹਾਂ ਵਿਚ ਬੰਦੀ ਸਿੱਖਾਂ ਦੇ ਕੇਸ ਕਿਉਂ ਨਹੀਂ? :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਹਿੰਦੂਤਵ ਹੁਕਮਰਾਨ ਆਪਣੇ ਪ੍ਰਚਾਰ ਸਾਧਨਾਂ ‘ਤੇ ਇਹ ਝੂਠਾ ਪ੍ਰਚਾਰ ਕਰ ਰਹੇ ਹਨ ਕਿ ਇੰਡੀਆਂ ਵਿਚ ਵੱਸਣ ਵਾਲੀਆ ਵੱਖ-ਵੱਖ ਕੌਮਾਂ, ਧਰਮ, ਫਿਰਕਿਆਂ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਵਿਤਕਰਾ ਜਾਂ ਜ਼ਬਰ-ਜੁਲਮ ਨਹੀਂ ਹੁੰਦਾ । ਜਦੋਂਕਿ ਜੇਕਰ ਹੁਕਮਰਾਨਾਂ ਦੇ ਅਮਲਾਂ ਤੇ ਨਿਰਪੱਖਤਾ ਨਾਲ ਨਜ਼ਰ ਮਾਰੀ ਜਾਵੇ ਤਾਂ ਵਿਧਾਨ ਦੇ ਨਿਯਮ ਤੇ ਕਾਨੂੰਨ ਕੁਝ ਕਹਿੰਦੇ ਹਨ ਅਤੇ ਹੁਕਮਰਾਨਾਂ ਦੇ ਅਮਲ ਉਨ੍ਹਾਂ ਕਾਨੂੰਨਾਂ ਤੇ ਨਿਯਮਾਂ ਦੇ ਵਿਰੁੱਧ ਹੁੰਦੇ ਆ ਰਹੇ ਹਨ । 1947 ਵਿਚ ਸਿੱਖ ਕੌਮ ਦੀ ਨਸ਼ਲੀ ਸਫ਼ਾਈ ਹੋਈ । ਇਸ ਲਈ ਅੱਜ ਤੱਕ ਸਿੱਖ ਕੌਮ ਦੇ 1984 ਵਿਚ ਹੋਏ ਕਤਲੇਆਮ ਜਿਸ ਨੂੰ 34 ਸਾਲ ਦਾ ਸਮਾਂ ਹੋ ਗਿਆ ਹੈ, ਕਿਸੇ ਇਕ ਵੀ ਕਾਤਲ ਦੋਸ਼ੀ ਨੂੰ ਹੁਕਮਰਾਨਾਂ ਤੇ ਅਦਾਲਤਾਂ ਨੇ ਸਜ਼ਾ ਨਹੀਂ ਦਿੱਤੀ। ਹੁਣੇ ਹੀ ਸ੍ਰੀ ਮੋਦੀ ਦੇ ਕਹਿਣ ਤੇ ਫਿਰਕੂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਸ੍ਰੀ ਤੋਗੜੀਆ ਵਿਰੁੱਧ ਗੁਜਰਾਤ ਅਤੇ ਰਾਜਸਥਾਂਨ ਵਿਚ ਚੱਲ ਰਹੇ ਇਰਾਦਾ ਕਤਲ ਅਤੇ ਹੋਰ ਸੰਗੀਨ ਜੁਰਮਾਂ ਦੇ ਕੇਸ ਵਾਪਸ ਲੈ ਲਏ ਗਏ ਹਨ । ਜੋ ਕਿ ਵਿਧਾਨ ਦੀ ਧਾਰਾ 14 ਜੋ ਇਥੋਂ ਦੇ ਸਭ ਨਾਗਰਿਕਾਂ, ਕੌਮਾਂ, ਧਰਮਾਂ ਅਤੇ ਨਿਵਾਸੀਆਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ, ਉਸਦੀ ਘੋਰ ਉਲੰਘਣਾ ਕਰਨ ਦੇ ਅਮਲ ਹਨ । ਜਿਸ ਤੋਂ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਜਦੋਂ ਕਾਨੂੰਨ ਦੀ ਨਜ਼ਰ ਵਿਚ ਕਿਸੇ ਕੱਟੜਵਾਦੀ ਹਿੰਦੂ ਆਗੂ ਜਾਂ ਹਿੰਦੂ ਦਹਿਸਤਗਰਦਾਂ ਸਾਧਵੀ ਪ੍ਰਿਗਿਆ ਸਿੰਘ ਠਾਕੁਰ, ਕਰਨਲ ਪ੍ਰੋਹਿਤ, ਸਵਾਮੀ ਅਸੀਮਾਨੰਦ, ਫਿਲਮੀ ਐਕਟਰ ਸੰਜੇ ਦੱਤ ਆਦਿ ਉਤੇ ਕੋਈ ਅਪਰਾਧਿਕ ਕੇਸ ਬਣਦਾ ਹੈ, ਤਾਂ ਅਜਿਹੇ ਹਿੰਦੂ ਦਹਿਸਤਗਰਦਾਂ ਨੂੰ ਇਥੋਂ ਦਾ ਕਾਨੂੰਨ ਤੇ ਅਦਾਲਤਾਂ ਬਰੀ ਕਰ ਦਿੰਦੀਆ ਹਨ ਅਤੇ ਜਦੋਂ ਕੋਈ ਘੱਟ ਗਿਣਤੀ ਕੌਮ ਨਾਲ ਸੰਬੰਧਤ ਵਿਅਕਤੀ ਦਾ ਨਾਮ ਆਉਦਾ ਹੈ, ਜਿਵੇਂ ਸ਼ਹੀਦ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਨੂੰ ਫ਼ਾਂਸੀਆਂ ਜਾਂ ਉਮਰਕੈਦ ਦੀਆਂ ਸਜ਼ਾਵਾਂ ਦੇ ਦਿੱਤੀਆ ਜਾਂਦੀਆ ਹਨ। ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੌਤ ਦੀ ਸਜ਼ਾ ਦੇ ਸਖਤ ਖਿਲਾਫ਼ ਹੈ । ਜੇਕਰ ਸ੍ਰੀ ਤੋਗੜੀਆ ਵਰਗੇ ਵਿਰੁੱਧ ਸੰਗੀਨ ਜੁਰਮ ਦਾ ਕੇਸ ਵਾਪਸ ਹੋ ਸਕਦਾ ਹੈ, ਤਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਜੇਲ੍ਹਾਂ ਵਿਚ ਬੰਦੀ ਸਿੱਖਾਂ ਭਾਈ ਜਗਤਾਰ ਸਿੰਘ ਤਾਰਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਪਰਮਜੀਤ ਸਿੰਘ ਭਿਓਰਾ, ਦਿਆ ਸਿੰਘ ਲਾਹੋਰੀਆ, ਜਗਤਾਰ ਸਿੰਘ ਤਾਰਾ, ਲਖਵਿੰਦਰ ਸਿੰਘ ਲੱਖਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਬਲਵੰਤ ਸਿੰਘ ਰਾਜੋਆਣਾ ਆਦਿ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾਂਦਾ ? ਵਿਧਾਨ ਦੀ ਧਾਰਾ 14 ਦੇ ਆਧਾਰ ਤੇ ਜਿਵੇਂ ਤੋਗੜੀਆ ਦੇ ਕੇਸ ਵਾਪਸ ਹੋਏ ਹਨ, ਉਸੇ ਤਰ੍ਹਾਂ ਬੰਦੀ ਸਿੰਘਾਂ ਦੇ ਕੇਸ ਵੀ ਤੁਰੰਤ ਵਾਪਸ ਹੋਣ ਅਤੇ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ ।
8. ਯੂਪੀ ਅਤੇ ਹਰਿਆਣੇ ਵਿਚ ਦਲਿਤਾਂ ਉਤੇ ਹੋ ਰਹੇ ਜ਼ਬਰ ਅਤੇ ਬੀਬੀਆਂ ਨਾਲ ਬਲਾਤਕਾਰ ਦੇ ਦੁੱਖਦਾਇਕ ਅਮਲ ਬਹੁਗਿਣਤੀ ਹੁਕਮਰਾਨਾਂ ਦੀ ਮਨੁੱਖਤਾ ਵਿਰੋਧੀ ਕਾਰਵਾਈ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਹਿੰਦੂਤਵ ਹੁਕਮਰਾਨ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਦਲਿਤਾਂ, ਰੰਘਰੇਟਿਆਂ, ਕਬੀਲਿਆ, ਕਸ਼ਮੀਰ ਤੋਂ ਆਏ ਵਿਦਿਆਰਥੀਆਂ ਆਦਿ ਉਤੇ ਹਿੰਦੂਤਵ (ਬ੍ਰਾਹਮਣਵਾਦ) ਦੀ ਫਿਰਕੂ ਸੋਚ ਅਧੀਨ ਸਾਜ਼ਸੀ ਢੰਗ ਨਾਲ ਜ਼ਬਰ-ਜੁਲਮ ਇਸ ਲਈ ਕੀਤੇ ਜਾ ਰਹੇ ਹਨ ਤਾਂ ਕਿ ਇਨ੍ਹਾਂ ਘੱਟ ਗਿਣਤੀ ਕੌਮਾਂ ਅਤੇ ਦਲਿਤਾਂ ਨੂੰ ਹਿੰਦੂਤਵ ਸੋਚ ਦਾ ਗੁਲਾਮ ਬਣਾਇਆ ਜਾ ਸਕੇ । ਬੀਤੇ ਕੁਝ ਸਮੇਂ ਪਹਿਲੇ ਯੂਪੀ ਦੀ ਸ੍ਰੀ ਯੋਗੀ ਹਕੂਮਤ ਵੱਲੋਂ ਯੂਪੀ ਵਿਚ ਸਹਾਰਨਪੁਰ, ਮੁਰਾਦਾਬਾਦ ਅਤੇ ਹੋਰ ਕਈ ਸਥਾਨਾਂ ਤੇ ਅਕਹਿ ਅਤੇ ਅਸਹਿ ਜ਼ਬਰ-ਜੁਲਮ ਹੋਏ । ਇਹ ਅਮਲ ਇਸ ਕਰਕੇ ਹੋਇਆ ਕਿਉਂਕਿ ਉਥੇਂ ਫਿਰਕੂ ਬੀਜੇਪੀ ਦੀ ਉਹ ਯੋਗੀ ਹਕੂਮਤ ਹੈ ਜੋ ਜ਼ਬਰੀ ਹਿੰਦੂਤਵ ਪ੍ਰੋਗਰਾਮਾਂ ਅਤੇ ਭਗਵੇਕਰਨ ਨੂੰ ਲਾਗੂ ਕਰ ਰਹੀ ਹੈ । ਇਸੇ ਤਰ੍ਹਾਂ ਹਰਿਆਣੇ ਵਿਚ ਵੀ ਦਲਿਤ ਬੀਬੀਆਂ ਨਾਲ ਬਹੁਗਿਣਤੀ ਵੱਲੋਂ ਬਲਾਤਕਾਰ ਹੋਏ । ਇਥੇਂ ਹੀ ਬਸ ਨਹੀਂ, ਬਲਕਿ ਇਕ ਮੌਤ ਦੇ ਮੂੰਹ ਵਿਚ ਗਈ ਬੀਬੀ ਨਾਲ ਵੀ ਬਲਾਤਕਾਰੀ ਬਲਾਤਕਾਰ ਕਰਦੇ ਰਹੇ ਜੋ ਕਿ ਅਤਿ ਸ਼ਰਮਨਾਕ ਅਤੇ ਇਨ੍ਹਾਂ ਹਿੰਦੂਤਵ ਸੋਚ ਵਾਲੇ ਹੁਕਮਰਾਨਾਂ ਤੇ ਵੱਡਾ ਕਲੰਕ ਹੈ । ਅੱਜ ਦਾ ਇਕੱਠ ਅਜਿਹੀਆ ਵੈਹਿਸੀਆਨਾ ਅਤੇ ਇਖ਼ਲਾਕ ਤੋਂ ਗਿਰ ਚੁੱਕੀਆ ਕਾਰਵਾਈਆ ਲਈ ਉਪਰੋਕਤ ਯੂਪੀ ਦੀ ਯੋਗੀ ਹਕੂਮਤ ਅਤੇ ਹਰਿਆਣੇ ਦੀ ਖੱਟਰ ਹਕੂਮਤ ਨੂੰ ਸਿੱਧੇ ਤੌਰ ਤੇ ਦੋਸ਼ੀ ਠਹਿਰਾਉਦਾ ਹੈ ਅਤੇ ਇਨ੍ਹਾਂ ਹੁਕਮਰਾਨਾਂ ਨੂੰ ਖ਼ਬਰਦਾਰ ਕਰਦਾ ਹੈ ਕਿ ਦਲਿਤਾਂ, ਮਜ਼ਲੂਮਾਂ, ਬੇਸਹਾਰਿਆ ਅਤੇ ਗਰੀਬਾਂ ਉਤੇ ਅਜਿਹੇ ਹੋਣ ਵਾਲੇ ਹੁਕਮਰਾਨੀ ਜ਼ਬਰ ਨੂੰ ਬਿਲਕੁਲ ਵੀ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਅਜਿਹੀਆ ਗੈਰ-ਇਨਸਾਨੀਅਤ ਕਾਰਵਾਈਆ ਕਰਨ ਵਾਲਿਆ ਨੂੰ ਕਾਨੂੰਨ ਅਨੁਸਾਰ ਸਖਤ ਸਜ਼ਾਵਾਂ ਦੇਣ ਦੀ ਮੰਗ ਕਰਦਾ ਹੈ ।
9. ਅਮਰੀਕਾ, ਕੈਨੇਡਾ, ਬਰਤਾਨੀਆ, ਜਰਮਨ ਦੇ ਸੂਝਵਾਨ ਸਿੱਖਾਂ ਵੱਲੋਂ ਆਪਣੇ ਗੁਰੂਘਰਾਂ ਵਿਚ ਇੰਡੀਆਂ ਦੇ ਡਿਪਲੋਮੈਟਸ (ਸਫ਼ੀਰ), ਸਰਕਾਰੀ ਅਧਿਕਾਰੀਆਂ ਦੇ ਦਾਖਲੇ ਉਤੇ ਲਗਾਈ ਗਈ ਪਾਬੰਦੀ ਦਾ ਭਰਪੂਰ ਸਵਾਗਤ ਕਰਦਾ ਹੈ :- ਅੱਜ ਦਾ ਇਕੱਠ ਉਨ੍ਹਾਂ ਬਾਹਰਲੇ ਮੁਲਕਾਂ ਵਿਚ ਵੱਸਦੇ ਅਮਰੀਕਾ, ਕੈਨੇਡਾ, ਬਰਤਾਨੀਆ, ਜਰਮਨ ਆਦਿ ਦੇਸ਼ਾਂ ਦੇ ਸੂਝਵਾਨ ਅਤੇ ਦੂਰਅੰਦੇਸ਼ੀ ਸੋਚ ਰੱਖਣ ਵਾਲੇ ਸਿੱਖਾਂ ਵੱਲੋਂ ਸਰਬਸੰਮਤੀ ਨਾਲ ਕੀਤੇ ਗਏ ਉਨ੍ਹਾਂ ਫੈਸਲਿਆਂ ਜਿਨ੍ਹਾਂ ਵਿਚ ਉਨ੍ਹਾਂ ਦੇ ਇੰਡੀਆਂ ਦੇ ਮੁਤੱਸਵੀ ਹੁਕਮਰਾਨਾਂ ਦੀਆਂ ਸਿੱਖ ਵਿਰੋਧੀ ਸਾਜਿ਼ਸਾਂ ਨੂੰ ਸਮਝਦੇ ਹੋਏ ਆਪਣੇ ਗੁਰੂਘਰਾਂ ਵਿਚ ਇੰਡੀਆਂ ਦੇ ਡਿਪਲੋਮੈਟਸ (ਸਫ਼ੀਰ), ਸਰਕਾਰੀ ਅਧਿਕਾਰੀਆਂ ਜਾਂ ਖੂਫੀਆਂ ਏਜੰਸੀਆਂ ਦੇ ਅਫ਼ਸਰਾਨ ਦੇ ਦਾਖਲੇ ਉਤੇ ਪਾਬੰਦੀ ਲਗਾਉਣ ਦਾ ਜੋ ਫੈਸਲਾ ਕੀਤਾ ਹੈ, ਉਨ੍ਹਾਂ ਫੈਸਲਿਆਂ ਦਾ ਅੱਜ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਭਾਰਤੀ ਮੁਕਤੀ ਮੋਰਚਾਂ, ਬਾਮਸੇਫ਼, ਘੱਟ ਗਿਣਤੀ ਕੌਮਾਂ, ਦਲਿਤਾਂ ਅਤੇ ਰੰਘਰੇਟਿਆਂ ਦਾ ਸਾਂਝਾ ਇਕੱਠ ਜਿਥੇ ਭਰਪੂਰ ਸਵਾਗਤ ਕਰਦਾ ਹੈ, ਉਥੇ ਮੱਧ ਅਮਰੀਕਾ, ਵੈਸਟ ਅਮਰੀਕਾ, ਵੈਸਟ ਕੈਨੇਡਾ, ਆਸਟ੍ਰੇਲੀਆ, ਨਿਊਜੀਲੈਡ, ਯੂਰਪ ਦੇ ਮੁਲਕਾਂ, ਏਸੀਆ ਵਿਚ ਆਉਣ ਵਾਲੇ ਸਮੁੱਚੇ ਮੁਲਕਾਂ ਵਿਚ ਵੱਸਣ ਵਾਲੇ ਸਿੱਖਾਂ ਨੂੰ ਵੀ ਇਹ ਪੁਰਜੋਰ ਅਪੀਲ ਕਰਦਾ ਹੈ ਕਿ ਉਹ ਵੀ ਈਸਟ ਅਮਰੀਕਾ, ਈਸਟ ਕੈਨੇਡਾ, ਬਰਤਾਨੀਆ ਅਤੇ ਜਰਮਨ ਆਦਿ ਮੁਲਕਾਂ ਦੇ ਸਿੱਖਾਂ ਦੀ ਤਰ੍ਹਾਂ ਆਪੋ-ਆਪਣੇ ਗੁਰੂਘਰਾਂ ਵਿਚ ਅਜਿਹੇ ਮਤੇ ਪਾ ਕੇ ਸਰਬਸੰਮਤੀ ਨਾਲ ਇੰਡੀਅਨ ਡਿਪਲੋਮੈਟਸ ਅਤੇ ਸਰਕਾਰੀ ਅਧਿਕਾਰੀਆਂ ਦੇ ਦਾਖਲੇ ‘ਤੇ ਮੁਕੰਮਲ ਪਾਬੰਦੀ ਲਗਾਉਣ । ਤਾਂ ਜੋ ਮੁਤੱਸਵੀ ਹਿੰਦੂਤਵ ਹੁਕਮਰਾਨ ਬਾਹਰਲੇ ਮੁਲਕਾਂ ਦੇ ਸਾਡੇ ਗੁਰੂਘਰਾਂ ਦੇ ਪ੍ਰਬੰਧ ਵਿਚ ਦਖਲ ਦੇ ਕੇ ਜਾਂ ਉਥੋ ਦੀਆਂ ਪ੍ਰਬੰਧਕ ਕਮੇਟੀਆਂ ਵਿਚ ਗਰੁੱਪਬਾਜੀ ਖੜ੍ਹੀ ਕਰਕੇ ਸਿੱਖ ਕੌਮ ਵਿਚ ਭਰਾਮਾਰੂੁ ਜੰਗ ਕਰਵਾਉਣ ਅਤੇ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਬਦਨਾਮ ਕਰਨ ਦੇ ਆਪਣੇ ਮਨਸੂਬਿਆਂ ਵਿਚ ਸਫਲ ਨਾ ਹੋ ਸਕਣ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਜੋ ਇੰਡੀਆਂ ਗੌਰਮਿੰਟ ਵੱਲੋਂ ਦੂਜੇ ਮੁਲਕਾਂ ਵਿਚ ਆਪਣੇ ਸਫ਼ੀਰ ਲਗਾਏ ਜਾਂਦੇ ਹਨ, ਉਹ ਅਕਸਰ ਹੀ ਇੰਡੀਆਂ ਦੀ ਖੂਫੀਆ ਏਜੰਸੀਆਂ ਆਈ.ਬੀ ਅਤੇ ਰਾਅ ਦੇ ਅਧਿਕਾਰੀ ਹੁੰਦੇ ਹਨ । ਇਹੀ ਵਜਹ ਹੈ ਕਿ ਕਨਿਸਕਾ ਹਵਾਈ ਕਾਂਡ ਵਿਚ ਵੀ ਅਜਿਹੇ ਸਫ਼ੀਰਾਂ ਦੀ ਹੀ ਮੁੱਖ ਭੂਮਿਕਾ ਸੀ । ਜਿਨ੍ਹਾਂ ਉਤੇ ਇੰਟਰਨੈਸ਼ਨਲ ਕਰੀਮੀਨਲ ਐਕਟ ਅਧੀਨ ਕਾਰਵਾਈ ਹੋਣੀ ਚਾਹੀਦੀ ਹੈ । ਸਿੱਖ ਕੌਮ ਇਕ ਤਾਕਤ ਇਕ ਰੂਪ ਹੋ ਕੇ ਗੁਰੂ ਸਾਹਿਬਾਨ ਜੀ ਦੀ ਵੱਡਮੁੱਲੀ ਸੋਚ ਨੂੰ ਸਮੁੱਚੇ ਸੰਸਾਰ ਨਿਵਾਸੀਆਂ ਵਿਚ ਪਹੁੰਚਾ ਸਕੇ ਅਤੇ ਆਪਣੀ ਸਰਬੱਤ ਦੇ ਭਲੇ ਦੀ ਸੋਚ ਨੂੰ ਪ੍ਰਫੁੱਲਿਤ ਕਰਦੇ ਹੋਏ ਸਿੱਖ ਕੌਮ ‘ਤੇ ਅਧਾਰਿਤ ‘ਆਜ਼ਾਦ ਬਾਦਸ਼ਾਹੀ (ੰੋਵੲਰੲਗਿਨ) ਸਿੱਖ ਰਾਜ’ ਸਭ ਵਰਗਾਂ ਦਾ ਸਾਂਝਾ ਮੁਲਕ ਕਾਇਮ ਕਰ ਸਕੇ ।
10. ਹੁਕਮਰਾਨਾਂ, ਮੀਡੀਏ ਅਤੇ ਅਖ਼ਬਾਰਾਂ ਵੱਲੋਂ ਸਿੱਖ ਕੌਮ ਨੂੰ ਅੱਤਵਾਦੀ, ਵੱਖਵਾਦੀ, ਗਰਮਦਲੀਏ, ਸ਼ਰਾਰਤੀ ਅਨਸਰ ਅਤੇ ਹੁਣ ‘ਗੈਂਗਸਟਰ’ ਦੇ ਨਾਮ ਦੇਕੇ ਬਦਨਾਮ ਕਰਨ ਅਤੇ ਮਾਰਨਾ ਮਨੁੱਖਤਾ ਵਿਰੋਧੀ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਇਕ ਬਹੁਤ ਹੀ ਗਿਣੀ-ਮਿੱਥੀ ਡੂੰਘੀ ਸਾਜਿ਼ਸ ਅਧੀਨ ਬੀਤੇ ਸਮੇਂ ਵਿਚ ਹਿੰਦੂਤਵ ਹੁਕਮਰਾਨਾਂ, ਏਜੰਸੀਆਂ, ਅਫ਼ਸਰਸ਼ਾਹੀ ਅਤੇ ਮੀਡੀਏ ਵੱਲੋਂ ਵਿਸ਼ੇਸ਼ ਤੌਰ ਤੇ ਹਿੰਦੂਸਤਾਨ ਟਾਈਮਜ਼, ਟਾਈਮਜ਼ ਆਫ਼ ਇੰਡੀਆ, ਇੰਡੀਅਨ ਐਕਸਪ੍ਰੈਸ ਅਤੇ ਦਾ ਟ੍ਰਿਬਿਊਨ ਵਰਗੇ ਅੰਗਰੇਜ਼ੀ ਅਖ਼ਬਾਰ, ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਨੂੰ ਅੱਤਵਾਦੀ, ਵੱਖਵਾਦੀ, ਗਰਮਦਲੀਏ, ਸ਼ਰਾਰਤੀ ਅਨਸਰ ਦੇ ਨਾਮ ਦੇਕੇ ਬਦਨਾਮ ਵੀ ਕਰਦੇ ਰਹੇ ਹਨ ਅਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਸਿੱਖ ਨੌਜ਼ਵਾਨੀ ਨੂੰ ਮੌਤ ਦੇ ਮੂੰਹ ਵਿਚ ਝੂਠੇ ਪੁਲਿਸ ਮੁਕਾਬਲਿਆ ਅਤੇ ਤਸੱਦਦ, ਜੁਲਮ ਕਰਕੇ ਇਹ ਹੁਕਮਰਾਨ ਧਕੇਲਦੇ ਰਹੇ ਹਨ । ਜਿਸ ਲਈ ਇਹ ਹੁਕਮਰਾਨ ਅਤੇ ਹਿੰਦੂਤਵ ਸਭ ਪਾਰਟੀਆਂ ਅਤੇ ਸੰਗਠਨ ਦੋਸ਼ੀ ਹਨ । ਜਿਨ੍ਹਾਂ ਦੋਸ਼ੀਆਂ ਨੂੰ ਅੱਜ ਤੱਕ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਹੀ ਨਹੀਂ ਕੀਤਾ ਜਾ ਰਿਹਾ । ਹੁਣ ਇਨ੍ਹਾਂ ਨੇ ਸਿੱਖ ਕੌਮ ਨੂੰ ਫਿਰ ਤੋਂ ਨਿਸ਼ਾਨਾਂ ਬਣਾਉਣ ਹਿੱਤ ‘ਗੈਂਗਸਟਰ’ ਦਾ ਨਵਾਂ ਨਾਮ ਦੇਕੇ ਉਪਰੋਕਤ ਮਨੁੱਖਤਾ ਵਿਰੋਧੀ ਕਾਰਵਾਈਆ ਸੁਰੂ ਕਰ ਦਿੱਤੀਆ ਹਨ । ਜਿਵੇਂਕਿ ਬੀਤੇ ਕੁਝ ਦਿਨ ਪਹਿਲੇ ਬਠਿੰਡੇ ਵਿਖੇ ਕਾਕਾ ਮਨਪ੍ਰੀਤ ਮੰਨਾ, ਪ੍ਰਭਦੀਪ ਸਿੰਘ, ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਆਦਿ ਨੂੰ ਗੈਂਗਸਟਰ ਐਲਾਨਕੇ ਪੁਲਿਸ ਗੋਲੀਆਂ ਨਾਲ ਖ਼ਤਮ ਕਰ ਦਿੱਤਾ। ਜਦੋਂਕਿ ਉਪਰੋਕਤ ਤਿੰਨੇ ਨੌਜ਼ਵਾਨ ਕਿਸੇ ਵੀ ਜੁਰਮ ਵਿਚ ਨਾ ਤਾਂ ਪਹਿਲਾ ਕਦੇ ਸਜ਼ਾਯਾਫਤਾ ਹੋਏ ਹਨ ਅਤੇ ਨਾ ਹੀ ਉਹ ਕਿਸੇ ਅਪਰਾਧਿਕ ਕਾਰਵਾਈ ਵਿਚ ਸਾਮਿਲ ਹੋਏ ਸਨ । ਫਿਰ ਉਪਰੋਕਤ ਨੌਜ਼ਵਾਨਾਂ ਉਤੇ ਝੂਠੇ ਇਲਜਾਮ ਲਗਾਕੇ, ਖ਼ਤਰਨਾਕ ਦਹਿਦਤਗਰਦ ਐਲਾਨਕੇ ਪੁਲਿਸ ਵੱਲੋਂ ਗੋਲੀ ਨਾਲ ਮਾਰ ਦੇਣ ਦੇ ਅਧਿਕਾਰ ਕਿਸ ਨਿਯਮ ਅਧੀਨ ਮਿਲੇ ਹਨ ? ਅੱਜ ਦਾ ਇਕੱਠ ਉਪਰੋਕਤ ਸਿੱਖ ਨੌਜ਼ਵਾਨਾਂ ਨੂੰ ਨਿਸ਼ਾਨਾਂ ਬਣਾਕੇ ਮਾਰ ਦੇਣ ਅਤੇ ਉਨ੍ਹਾਂ ਉਤੇ ਤਸੱਦਦ ਢਾਹੁਣ ਦੇ ਗੈਰ-ਕਾਨੂੰਨੀ ਤੇ ਅਣਮਨੁੱਖੀ ਅਮਲਾਂ ਦੀ ਜਿਥੇ ਪੁਰਜੋਰ ਵਿਰੋਧਤਾ ਕਰਦਾ ਹੈ, ਉਥੇ ਇਸ ਹੋਏ ਦੁੱਖਦਾਇਕ ਮਨੁੱਖਤਾ ਵਿਰੋਧੀ ਵਰਤਾਰੇ ਦੀ ਕਿਸੇ ਨਿਰਪੱਖ ਏਜੰਸੀ ਜਾਂ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਵੀ ਮੰਗ ਕਰਦਾ ਹੈ । ਕਿਉਂਕਿ (ਨੋ ਪੲਰਸੋਨ ਸਿ ਗੁਲਿਟੇ ਟਲਿਲ ਹੲ ਸਿ ਪਰੋਵੲਦ ਟੋ ਬੲ ਸੋ ਨਿ ਅ ਚੋੁਰਟ ੋਾ ਲਅੱ) ਕੋਈ ਵੀ ਵਿਅਕਤੀ ਉਸ ਸਮੇਂ ਤੱਕ ਦੋਸ਼ੀ ਨਹੀਂ ਹੋਵੇਗਾ, ਜਦੋਂ ਤੱਕ ਕਾਨੂੰਨ ਦੀ ਅਦਾਲਤ ਵਿਚ ਉਹ ਦੋਸ਼ੀ ਸਾਬਤ ਨਹੀਂ ਹੋ ਜਾਂਦਾ । ਹੁਕਮਰਾਨਾਂ ਦੀ ਇਸ ਸਾਜਿ਼ਸ ਦੀ ਅੱਜ ਦਾ ਇਕੱਠ ਜਿਥੇ ਪੁਰਜੋਰ ਵਿਰੋਧਤਾ ਕਰਦਾ ਹੈ, ਉਥੇ ਖ਼ਬਰਦਾਰ ਕਰਦਾ ਹੈ ਕਿ ਅਜਿਹੇ ਸਿੱਖ ਵਿਰੋਧੀ ਅਮਲਾਂ ਨੂੰ ਬਿਲਕੁਲ ਵੀ ਬਰਦਾਸਤ ਨਹੀਂ ਕੀਤਾ ਜਾਵੇਗਾ ।
11. ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੀਆਂ ਤੁਰੰਤ ਜਰਨਲ ਚੋਣਾਂ ਦਾ ਐਲਾਨ ਕਰਕੇ ਸਿੱਖ ਕੌਮ ਤੋਂ ਫਤਵਾ ਲਿਆ ਜਾਵੇ :- ਅੱਜ ਦਾ ਇਕੱਠ ਸੈਂਟਰ ਦੀ ਮੋਦੀ ਹਕੂਮਤ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਹਕੂਮਤ ਨੂੰ ਇਸ ਗੱਲ ਤੋਂ ਖ਼ਬਰਦਾਰ ਕਰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖ ਕੌਮ ਦੀ ਪਾਰਲੀਮੈਂਟ ਹੈ, ਉਸਦੀਆਂ ਜਰਨਲ ਚੋਣਾਂ ਕਰਵਾਉਣ ਤੋਂ ਸੈਂਟਰ ਦੀ ਹਕੂਮਤ ਅਤੇ ਪੰਜਾਬ ਦੀ ਹਕੂਮਤ ਬਾਦਲ ਦਲ ਨਾਲ ਮਿਲੀਭੁਗਤ ਕਰਕੇ ਲੰਮੇ ਸਮੇਂ ਤੋਂ ਜਰਨਲ ਚੋਣਾਂ ਕਰਵਾਉਣ ਦੀ ਕਾਨੂੰਨੀ ਪ੍ਰਕਿਰਿਆ ਤੋਂ ਜਾਣਬੁੱਝ ਕੇ ਭੱਜ ਰਹੀ ਹੈ, ਜਦੋਂਕਿ ਐਸ.ਜੀ.ਪੀ.ਸੀ. ਇਸ ਸਮੇਂ (Lame Duck Parliament) ਲੰਗੜੀ ਬੱਤਖ਼ ਦੀ ਤਰ੍ਹਾਂ ਹੈ, ਜੋ ਆਪਣਾ ਕਾਨੂੰਨੀ ਸਮਾਂ ਪਾਰ ਕਰ ਚੁੱਕੀ ਹੈ ਅਤੇ ਫਿਰ ਵੀ ਕਾਨੂੰਨ ਤੇ ਨਿਯਮਾਂ ਅਨੁਸਾਰ ਬੀਤੇ ਲੰਮੇਂ ਸਮੇਂ ਤੋਂ ਇਸ ਦੀਆਂ ਜਰਨਲ ਚੋਣਾਂ ਨਹੀਂ ਕਰਵਾਈਆ ਜਾ ਰਹੀਆ। ਮੌਜੂਦਾ ਐਸ.ਜੀ.ਪੀ.ਸੀ. ਦੇ ਮੈਬਰਾਂ ਅਤੇ ਹਾਊਂਸ ਦੀ ਚੋਣ 2011 ਵਿਚ ਹੋਈ ਸੀ, ਜਿਸਦੀ ਮਿਆਦ 2016 ਵਿਚ ਖ਼ਤਮ ਹੋ ਚੁੱਕੀ ਹੈ । ਜਿਸ ਨੂੰ ਕੋਈ ਵੀ ਕਾਨੂੰਨੀ ਅਧਿਕਾਰ ਹਾਸਿ਼ਲ ਨਹੀਂ ਕਿ ਉਹ ਸਿੱਖ ਕੌਮ ਦਾ ਫਿਰ ਤੋਂ ਫਤਵਾ ਲਏ ਬਗੈਰ ਇਸੇ ਤਰ੍ਹਾਂ ਜ਼ਬਰੀ ਐਸ.ਜੀ.ਪੀ.ਸੀ. ਦੇ ਪ੍ਰਬੰਧ ਨੂੰ ਜਾਰੀ ਰੱਖੇ । ਇਹ ਜਮਹੂਰੀਅਤ ਦੇ ਅਸੂਲਾਂ ਦੇ ਜਿਥੇ ਵਿਰੁੱਧ ਹੈ, ਉਥੇ ਸਿੱਖ ਕੌਮ ਨਾਲ ਵੀ ਦੋਵੇਂ ਸੈਟਰ ਤੇ ਪੰਜਾਬ ਦੀਆਂ ਹਕੂਮਤਾਂ ਵੱਲੋਂ ਵੱਡਾ ਧੋਖਾ ਕੀਤਾ ਜਾ ਰਿਹਾ ਹੈ ਅਤੇ ਐਸ.ਜੀ.ਪੀ.ਸੀ. ਦੇ ਕੌਮੀ ਖਜਾਨੇ, ਉਸਦੇ ਸਾਧਨਾਂ ਦੀ ਵੱਡੇ ਪੱਧਰ ਤੇ ਦੁਰਵਰਤੋਂ ਕਰਨ ਨੂੰ ਸਹਿ ਦਿੱਤੀ ਜਾ ਰਹੀ ਹੈ । ਇਸ ਲਈ ਸਿੱਖ ਕੌਮ ਮੰਗ ਕਰਦੀ ਹੈ ਕਿ ਸਭ ਅਦਾਲਤਾਂ ਵਿਚ ਇਸ ਸੰਬੰਧੀ ਚੱਲ ਰਹੇ ਕੇਸਾਂ ਦਾ ਫੌਰੀ ਸੀਮਤ ਸਮੇਂ ਵਿਚ ਨਿਪਟਾਰਾ ਕਰਕੇ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਕਰਵਾਉਣ ਦਾ ਪ੍ਰਬੰਧ ਕਰਕੇ ਸਿੱਖ ਕੌਮ ਤੋਂ ਫਤਵਾ ਲਿਆ ਜਾਵੇ ਕਿ ਇਸ ਧਾਰਮਿਕ ਸੰਸਥਾਂ ਦਾ ਪ੍ਰਬੰਧ ਕਿਨ੍ਹਾਂ ਸਿੱਖਾਂ ਨੂੰ ਸੌਪਣਾ ਹੈ ।
ਐਸ.ਜੀ.ਪੀ.ਸੀ. ਦੇ ਮੌਜੂਦਾ ਕਾਬਜ ਬਾਦਲ ਦਲੀਆ ਨੇ ਬੀਤੇ ਲੰਮੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ, ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰ ਕਾਲਜ, ਪੋਲੀਟੈਕਨੀਕਲ ਕਾਲਜ, ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਪਬਲਿਕ ਸਕੂਲ ਅਤੇ ਹੋਰ ਕਈ ਵਿਦਿਅਕ ਅਤੇ ਸਿਹਤ ਅਦਾਰਿਆ ਨੂੰ ਨਿੱਜੀ ਨਾਵਾਂ ਨਾਲ ਟਰੱਸਟਾਂ ਵਿਚ ਬਦਲ ਦਿੱਤਾ ਹੈ । ਜਿਨ੍ਹਾਂ ਦੀ ਆਮਦਨ ਆਦਿ ਦਾ ਐਸ.ਜੀ.ਪੀ.ਸੀ. ਦਾ ਕੋਈ ਕੰਟਰੋਲ ਨਹੀਂ ਹੈ । ਇਨ੍ਹਾ ਅਦਾਰਿਆ ਦੀ ਆਮਦਨ ਨਿੱਜੀ ਨਾਵਾਂ ਦੇ ਟਰੱਸਟਾਂ ਦੇ ਮੈਬਰਾਂ ਨੂੰ ਜਾ ਰਹੀ ਹੈ, ਜਦੋਂਕਿ ਇਨ੍ਹਾਂ ਅਦਾਰਿਆ ਦੀਆਂ ਬਿਲਡਿੰਗਾਂ ਅਤੇ ਹੋਰ ਸਭ ਪ੍ਰਬੰਧਕੀ ਖਰਚੇ ਐਸ.ਜੀ.ਪੀ.ਸੀ. ਦੇ ਖਜਾਨੇ ਵਿਚੋ ਹੋ ਰਹੇ ਹਨ । ਇਹ ਧਾਰਿਮਕ ਲੁੱਟ-ਖਸੁੱਟ ਜਾਰੀ ਹੈ । ਜੋ ਜਰਨਲ ਚੋਣਾਂ ਨਾ ਹੋਣ ਦੀ ਬਦੌਲਤ ਸਾਰਾ ਪ੍ਰਬੰਧ ਅਸਤ-ਵਿਅਸਤ ਹੋਇਆ ਪਿਆ ਹੈ । ਇਸ ਲਈ ਅੱਜ ਦਾ ਇਕੱਠ ਸੈਟਰ ਦੀ ਮੋਦੀ ਹਕੂਮਤ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਹਕੂਮਤ ਤੋਂ ਇਹ ਜੋਰਦਾਰ ਮੰਗ ਕਰਦਾ ਹੈ ਕਿ ਜਿਸ ਐਸ.ਜੀ.ਪੀ.ਸੀ. ਦੀ ਕਾਨੂੰਨੀ ਮਿਆਦ ਖ਼ਤਮ ਹੋ ਚੁੱਕੀ ਹੈ, ਉਸ ਦੀਆਂ ਤੁਰੰਤ ਜਰਨਲ ਚੋਣਾਂ ਕਰਵਾਉਣ ਦਾ ਪ੍ਰਬੰਧ ਕਰਨ ।
12. ਚੀਨ-ਪਾਕਿਸਤਨ ਗਵਾਡਰ ਬੰਦਰਗਾਹ ਤੇ ਬਣੇ ‘ਈਕੋਨੋਮਿਕ ਕੋਰੀਡੋਰ’ ਦਾ ਉੱਤਰੀ ਸੂਬਿਆਂ ਨੂੰ ਭਾਗੀਦਾਰ ਬਣਾਉਣਾ ਅਤਿ ਜ਼ਰੂਰੀ:- ਅੱਜ ਦਾ ਇਕੱਠ ਮਹਿਸੂਸ ਕਰਦਾ ਹੈ ਕਿ ਉੱਤਰੀ ਸੂਬਿਆਂ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਰਾਜਸਥਾਂਨ ਆਦਿ ਸੂਬਿਆਂ ਦੀ ਮਾਲੀ, ਵਪਾਰਿਕ ਅਤੇ ਜਿੰਮੀਦਾਰਾਂ ਦੀ ਹਾਲਤ ਉਸ ਸਮੇਂ ਤੱਕ ਨਹੀਂ ਸੁਧਰ ਸਕਦੀ, ਜਦੋਂ ਤੱਕ ਇਨ੍ਹਾਂ ਸੂਬਿਆਂ ਨੂੰ ਚੀਨ-ਪਾਕਿਸਤਾਨ ਦੀ ਗਵਾਡਰ ਬੰਦਰਗਾਹ ਤੱਕ ਬਣੇ ‘ਈਕੋਨੋਮਿਕ ਕੋਰੀਡੋਰ’ ਦਾ ਸਰਹੱਦਾਂ ਖੋਲ੍ਹਕੇ ਹਿੱਸਾ ਨਹੀਂ ਬਣਾਇਆ ਜਾਂਦਾ । ਜਦੋਂ ਇਹ ਪੂਰਨ ਹੋ ਗਈ ਤਦ ਹੀ ਇਥੋ ਦਾ ਵਪਾਰੀ, ਜਿੰਮੀਦਾਰ, ਟਰਾਸਪੋਰਟਰ ਆਪਣੀਆ ਉਤਪਾਦ ਵਸਤਾਂ ਨੂੰ ਅਰਬ ਮੁਲਕਾਂ ਰੂਸ, ਇਰਾਨ, ਇਰਾਕ, ਮੱਧ ਏਸੀਆ ਆਦਿ ਵਿਚ ਲਿਜਾਕੇ ਸਹੀ ਕੀਮਤਾਂ ਉਤੇ ਵੇਚਣ ਦੇ ਸਮਰੱਥ ਹੋ ਸਕੇਗਾ ਅਤੇ ਮਾਲੀ ਤੌਰ ਤੇ ਇਹ ਸਭ ਵਰਗ ਅਤੇ ਸੂਬੇ ਮਜ਼ਬੂਤ ਹੋਣ ਉਪਰੰਤ ਹੀ ਇਨ੍ਹਾਂ ਸੂਬਿਆਂ ਦੀ ਮਾਲੀ ਹਾਲਤ ਸੁਧਰੇਗੀ । ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਉਤਰੀ ਸੂਬਿਆਂ ਨੂੰ ਪਹਿਲ ਦੇ ਆਧਾਰ ਤੇ ਉਪਰੋਕਤ ਈਕੋਨੋਮਿਕ ਕੋਰੀਡੋਰ ਰਾਹੀ ਚੀਨ-ਪਾਕਿਸਤਾਨ ਗਵਾਡਰ ਬੰਦਰਗਾਹ ਨਾਲ ਤੁਰੰਤ ਜੋੜਿਆ ਜਾਵੇ ।
13. ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦੇਣ ਤੋਂ ਹੁਕਮਰਾਨ ਕਿਉਂ ਭੱਜ ਰਹੇ ਹਨ? :- ਅੱਜ ਦਾ ਇਕੱਠ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਸੈਂਟਰ ਦੇ ਅਜੋਕੇ ਹੁਕਮਰਾਨਾਂ ਤੋਂ ਪੁੱਛਣਾ ਚਾਹੇਗਾ ਕਿ ਜਦੋਂ ਇਕ ਡੂੰਘੀ ਸਾਜਿ਼ਸ ਤਹਿਤ ਸਿੱਖ ਕੌਮ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਈ 95 ਵਾਰ ਪੰਜਾਬ ਦੇ ਵੱਖ-ਵੱਖ ਸਥਾਨਾਂ ਤੇ ਅਪਮਾਨ ਕੀਤੇ ਗਏ । ਨਾ ਤਾਂ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਹਕੂਮਤ ਸਮੇਂ ਅਤੇ ਨਾ ਹੀ ਹੁਣ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਮਾਨਿਤ ਕਰਨ ਵਾਲੇ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ ਅਤੇ ਨਾ ਹੀ ਕਿਸੇ ਕਿਸਮ ਦੀ ਸਜ਼ਾ ਦਾ ਪ੍ਰਬੰਧ ਕੀਤਾ ਹੈ । ਕੀ ਇਹ ਅਮਲ ਇਸ ਗੱਲ ਨੂੰ ਪ੍ਰਤੱਖ ਨਹੀਂ ਕਰਦੇ ਕਿ ਭਾਵੇ ਸੈਂਟਰ ਵਿਚ ਹੁਕਮਰਾਨ ਕਾਂਗਰਸੀ ਹੋਣ, ਭਾਵੇ ਬੀਜੇਪੀ, ਭਾਵੇ ਆਮ ਆਦਮੀ ਪਾਰਟੀ, ਭਾਵੇ ਸੀ.ਪੀ.ਆਈ, ਸੀ.ਪੀ.ਐਮ ਸਭ ਪਾਰਟੀਆਂ ਹਿੰਦੂ ਸੋਚ ਤੇ ਮੁਤੱਸਵੀ ਸੋਚ ਨੂੰ ਹੀ ਉਭਾਰਦੀਆਂ ਹਨ ਅਤੇ ਘੱਟ ਗਿਣਤੀ ਕੌਮਾਂ ਨਾਲ ਜ਼ਬਰ-ਜੁਲਮ ਕਰਦੀਆ ਹਨ । ਅਸੀਂ ਇਸ ਧਾਰਮਿਕ ਤੇ ਇਖ਼ਲਾਕੀ ਸਟੇਜ਼ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਤੁਰੰਤ ਕਾਨੂੰਨ ਅਨੁਸਾਰ ਸਜ਼ਾਵਾਂ ਦੇਣ ਦੀ ਮੰਗ ਕਰਦੇ ਹਾਂ ।
14. ਪੰਜਾਬ ਦੇ ਪਾਣੀਆਂ, ਹੈੱਡਵਰਕਸ, ਪੰਜਾਬੀ ਬੋਲਦੇ ਇਲਾਕਿਆ ਦੇ ਮਸਲੇ ਦਾ ਸਹੀ ਹੱਲ, 1966 ਪੰਜਾਬ ਪੂਨਰਗੰਠਨ ਐਕਟ ਨੂੰ ਸੁਪਰੀਮ ਕੋਰਟ ਵਿਚ ਚੁਣੋਤੀ ਦਿੱਤੀ ਜਾਵੇ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਪੰਜਾਬ ਸੂਬੇ ਅਤੇ ਇਥੋ ਦੇ ਨਿਵਾਸੀਆਂ ਨਾਲ ਲੰਮੇਂ ਸਮੇਂ ਤੋਂ ਹਰ ਖੇਤਰ ਵਿਚ ਸੈਂਟਰ ਦੇ ਹੁਕਮਰਾਨ ਅਤੇ ਪੰਜਾਬ ਦੀਆਂ ਹਕੂਮਤਾਂ ਤੇ ਰਾਜ ਕਰਨ ਵਾਲੀਆ ਪਾਰਟੀਆਂ ਵੱਲੋਂ ਵੱਡੇ ਵਿਤਕਰੇ, ਬੇਇਨਸਾਫ਼ੀਆਂ, ਜ਼ਬਰ-ਜੁਲਮ ਨਿਰੰਤਰ ਹੁੰਦੇ ਆ ਰਹੇ ਹਨ । ਪੰਜਾਬ ਦੇ ਮਲਕੀਅਤ ਪਾਣੀਆਂ, ਹੈੱਡਵਰਕਸਾਂ, ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਪੰਜਾਬੀ ਬੋਲੀ, ਜਿੰਮੀਦਾਰਾਂ ਦੀਆਂ ਖੁਦਕਸੀਆਂ, ਬੇਰੁਜ਼ਗਾਰੀ ਦੇ ਗੰਭੀਰ ਮਸਲੇ ਅੱਜ ਤੱਕ ਹੱਲ ਨਹੀਂ ਹੋਏ, ਇਨ੍ਹਾਂ ਸਭ ਮਸਲਿਆ ਦੀ ਅਸਲ ਜੜ੍ਹ ਮੰਦਭਾਵਨਾ ਅਧੀਨ 1966 ਵਿਚ ਬਣਾਏ ਗਏ ਕਾਨੂੰਨ ਪੰਜਾਬ ਪੂਨਰਗੰਠਨ ਐਕਟ ਹੈ । ਜਦੋਂ ਤੱਕ ਪੰਜਾਬ ਸੂਬੇ ‘ਤੇ ਹੁਣ ਤੱਕ ਰਾਜ ਕਰਦੀਆ ਆ ਰਹੀਆ ਪਾਰਟੀਆਂ ਜਾਂ ਉਨ੍ਹਾਂ ਦੇ ਮੁੱਖ ਮੰਤਰੀ ਉਪਰੋਕਤ 1966 ਪੰਜਾਬ ਪੂਨਰਗੰਠਨ ਐਕਟ ਨੂੰ ਸੁਪਰੀਮ ਕੋਰਟ ਵਿਚ ਦ੍ਰਿੜਤਾਂ ਨਾਲ ਚੁਣੋਤੀ ਨਹੀਂ ਦਿੰਦੇ, ਉਸ ਸਮੇਂ ਤੱਕ ਇਹ ਗੰਭੀਰ ਮਸਲੇ ਹੱਲ ਨਹੀਂ ਹੋ ਸਕਦੇ । ਮਰਹੂਮ ਇੰਦਰਾ ਗਾਂਧੀ ਨੇ ਪੰਜਾਬ ਦੇ ਪਾਣੀਆਂ ਨੂੰ ਗੈਰ-ਕਾਨੂੰਨੀ ਤਰੀਕੇ ਖੋਹਣ ਹਿੱਤ ਰਾਜਸਥਾਂਨ, ਕਰਨਾਲ ਦੇ ਨਾਮ ਤੇ ਨਹਿਰ ਕੱਢ ਦਿੱਤੀ । ਜਿਸ ਨੂੰ ਬਾਅਦ ਵਿਚ ਇੰਦਰਾ ਗਾਂਧੀ ਕੈਨਾਲ ਐਲਾਨਿਆ ਗਿਆ । ਉਸ ਸਮੇਂ ਸੀ.ਪੀ.ਆਈ, ਸੀ.ਪੀ.ਐਮ, ਕਾਂਗਰਸ ਤੇ ਬਾਦਲ ਦਲੀਆਂ ਦੇ ਕਿਸੇ ਵੀ ਆਗੂ ਨੇ ਇਨ੍ਹਾਂ ਪਾਣੀਆਂ ਦੇ ਖੋਹੇ ਜਾਣ ਦਾ ਵਿਰੋਧ ਨਾ ਕੀਤਾ ਅਤੇ ਇਹ ਆਗੂ ਉਪਰੋਕਤ ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵੀ ਪੰਜਾਬ ਦੀ ਮਲਕੀਅਤ ਵੱਜੋ ਪ੍ਰਾਪਤ ਨਾ ਕਰ ਸਕੇ । ਇਸ ਲਈ ਅੱਜ ਦਾ ਇਕੱਠ ਇਸ ਸਟੇਜ਼ ਤੋਂ ਕਾਂਗਰਸ, ਬਾਦਲ ਦਲੀਆ, ਬੀਜੇਪੀ, ਸੀ.ਪੀ.ਆਈ, ਸੀ.ਪੀ.ਐਮ, ਆਮ ਆਦਮੀ ਪਾਰਟੀ ਆਦਿ ਨੂੰ ਇਹ ਗੰਭੀਰਤਾਂ ਭਰੀ ਗੁਜ਼ਾਰਿਸ ਤੇ ਅਪੀਲ ਕਰਨੀ ਚਾਹੇਗਾ ਕਿ ਪੰਜਾਬ ਪੂਨਰਗੰਠਨ ਐਕਟ 1966 ਨੂੰ ਸੁਪਰੀਮ ਕੋਰਟ ਵਿਚ ਚੁਣੋਤੀ ਦੇ ਕੇ ਕਾਨੂੰਨੀ ਅਮਲ ਕਰਦੇ ਹੋਏ ਪੰਜਾਬ ਅਤੇ ਸਿੱਖ ਕੌਮ ਨਾਲ ਸੰਬੰਧਤ ਮਸਲਿਆ ਨੂੰ ਸੁਹਿਰਦਤਾ ਨਾਲ ਹੱਲ ਕਰਵਾਇਆ ਜਾਵੇ । ਇਹ ਜਿੰਮੇਵਾਰੀ ਪੰਜਾਬ ਸੂਬੇ ਉਤੇ ਰਾਜ ਕਰਨ ਵਾਲੀਆਂ ਪਾਰਟੀਆਂ ਤੇ ਆਗੂਆਂ ਦੀ ਇਖ਼ਲਾਕੀ ਤੌਰ ਤੇ ਬਣਦੀ ਹੈ। ਇਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਤਰ੍ਹਾਂ ਸਹਿਯੋਗ ਕਰੇਗਾ ।
15. ਕਿਸਾਨੀ ਅਤੇ ਖੇਤ-ਮਜ਼ਦੂਰਾਂ ਨਾਲ ਸੰਬੰਧਤ ਸਭ ਮਸਲੇ ਸੰਜ਼ੀਦਗੀ ਨਾਲ ਹੱਲ ਹੋਣ :- ਅੱਜ ਦਾ ਇਕੱਠ ਮਹਿਸੂਸ ਕਰਦਾ ਹੈ ਕਿ ਜੋ ਪੰਜਾਬ ਵਿਚ ਵੱਡੇ ਪੱਧਰ ਤੇ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਖੁਦਕਸੀਆਂ ਹੋਈਆ ਹਨ, ਉਸ ਲਈ ਸਰਕਾਰ ਦੀਆਂ ਕਿਸਾਨ ਤੇ ਖੇਤ-ਮਜ਼ਦੂਰ ਮਾਰੂ ਨੀਤੀਆਂ ਅਤੇ ਅਮਲ ਜਿੰਮੇਵਾਰ ਹਨ । ਕਿਉਂਕਿ ਕਿਸਾਨ ਤੇ ਖੇਤ-ਮਜ਼ਦੂਰ ਦੀ ਮਾਲੀ ਹਾਲਤ ਖੇਤੀ ਧੰਦੇ ਅਤੇ ਇਸ ਤੋ ਉਤਪਾਦ ਹੋਣ ਵਾਲੀਆ ਵਸਤਾਂ ਦੀ ਸਹੀ ਕੀਮਤ ਨਿਸਚਿਤ ਕਰਨ ਅਤੇ ਇਨ੍ਹਾਂ ਕਿਸਾਨੀ ਉਤਪਾਦਾਂ ਦੇ ਮੰਡੀਕਰਨ ਲਈ ਸਰਕਾਰੀ ਪੱਧਰ ਤੇ ਉਚੇਚੇ ਤੌਰ ਤੇ ਪ੍ਰਬੰਧ ਕਰਨ ਉਤੇ ਨਿਰਭਰ ਹੈ । ਜੋ ਕਿ ਹੁਣ ਤੱਕ ਦੀਆਂ ਪੰਜਾਬ ਤੇ ਸੈਟਰ ਦੀਆਂ ਸਰਕਾਰਾਂ ਉਪਰੋਕਤ ਜਿੰਮੇਵਾਰੀ ਨੂੰ ਅਤੇ ਪੰਜਾਬ ਦੀ 46 ਲੱਖ ਦੀ ਬੇਰੁਜ਼ਗਾਰੀ ਦੇ ਮਸਲੇ ਨੂੰ ਹੱਲ ਕਰਨ ਵਿਚ ਅਸਫ਼ਲ ਹੋਈਆ ਹਨ । ਅੱਜ ਤੱਕ ਗੰਨੇ ਦਾ ਹਜ਼ਾਰਾਂ ਕਰੋੜ ਰੁਪਏ ਦਾ ਬਕਾਇਆ ਕਿਸਾਨਾਂ ਨੂੰ ਨਾ ਦੇਣਾ, ਉਨ੍ਹਾਂ ਦੀਆਂ ਫ਼ਸਲਾਂ ਨੂੰ ਇੰਡੀਆਂ ਦੇ ਕੀਮਤ ਸੂਚਕ ਅੰਕ ਨਾਲ ਨਾ ਜੋੜਨਾ, ਖਾਦਾਂ, ਕੀੜੇਮਾਰ-ਦਵਾਈਆ, ਡੀਜ਼ਲ, ਖੇਤੀ ਔਜਾਰਾਂ ਦੀਆਂ ਵੱਧਦੀਆਂ ਕੀਮਤਾਂ ਦੀ ਬਦੌਲਤ ਕਿਸਾਨੀ ਫ਼ਸਲਾਂ ਦੀ ਲਾਗਤ ਕੀਮਤ ਬਹੁਤ ਵੱਧ ਗਈ ਹੈ ਅਤੇ ਮੰਡੀ ਵਿਚ ਵੇਚਣ ਉਪਰੰਤ ਵੀ ਉਨ੍ਹਾਂ ਦੀ ਲਾਗਤ ਪੂਰੀ ਨਹੀਂ ਹੁੰਦੀ । ਜਿਸ ਕਾਰਨ ਕਿਸਾਨ ਤੇ ਖੇਤ ਮਜ਼ਦੂਰ ਦਿਨ-ਬ-ਦਿਨ ਮਾਲੀ ਤੌਰ ਤੇ ਨਿਘਰਦਾ ਜਾ ਰਿਹਾ ਹੈ । ਅੱਜ ਦਾ ਇਕੱਠ ਇਹ ਮੰਗ ਕਰਦਾ ਹੈ ਕਿ ਕਿਸਾਨਾਂ ਤੇ ਖੇਤ-ਮਜ਼ਦੂਰਾਂ ਉਤੇ ਸਰਕਾਰੀ ਨੀਤੀਆਂ ਦੀ ਬਦੌਲਤ ਚੜ੍ਹੇ ਭਾਰੀ ਕਰਜ਼ੇ ਉਤੇ ਉਸੇ ਤਰ੍ਹਾਂ ਲੀਕ ਮਾਰੀ ਜਾਵੇ । ਜਿਵੇਂ ਸ੍ਰੀ ਮੋਦੀ ਨੇ 72 ਹਜ਼ਾਰ ਕਰੋੜ ਰੁਪਏ ਵੱਡੇ-ਵੱਡੇ ਉਦਯੋਗਪਤੀਆਂ ਦੇ ਕਰਜਿਆ ਉਤੇ ਲੀਕ ਮਾਰੀ ਹੈ । ਕਿਸਾਨੀ ਉਤਪਾਦਾਂ ਦੀ ਸਹੀ ਕੀਮਤ ਦੇਣ ਲਈ ਪੰਜਾਬ, ਰਾਜਸਥਾਂਨ, ਜੰਮੂ-ਕਸ਼ਮੀਰ, ਹਿਮਾਚਲ ਆਦਿ ਦੀਆਂ ਸਰਹੱਦਾਂ ਨੂੰ ਖੋਲ੍ਹਕੇ ਪਾਕਿਸਤਾਨ ਦੀ ਗਵਾਡਰ ਬੰਦਰਗਾਹ ਨਾਲ ਜੋੜਦੇ ਹੋਏ ਇਕੋਨੋਮਿਕ ਕੋਰੀਡੋਰ ਦਾ ਹਿੱਸਾ ਬਣਾਇਆ ਜਾਵੇ । ਜਿਸ ਨਾਲ ਖੁਦ-ਬ-ਖੁਦ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਦੀ ਮਾਲੀ ਹਾਲਤ ਸਹੀ ਹੋ ਜਾਵੇਗੀ ਅਤੇ 46 ਲੱਖ ਦੀ ਬੇਰੁਜ਼ਗਾਰੀ ਦਾ ਵੱਡਾ ਮਸਲਾਂ ਵੀ ਹੱਲ ਹੋਣ ਵਿਚ ਵੱਡਾ ਸਹਿਯੋਗ ਮਿਲੇਗਾ ।
ਇਸੇ ਲਹਿਜੇ ਵਿਚ ਵਾਹਗਾ-ਹੁਸੈਨੀਵਾਲੀਆ ਸਰਹੱਦਾਂ ਤੁਰੰਤ ਖੋਲੀਆ ਜਾਣ ਜਿਸ ਨਾਲ ਇਨ੍ਹਾਂ ਪਾਕਿਸਤਾਨ, ਚੀਨ ਅਤੇ ਹੋਰ ਅਰਬ ਮੁਲਕਾਂ ਨਾਲ ਖੇਤੀ ਵਸਤਾਂ, ਉਦਯੋਗਿਕ ਵਸਤਾਂ ਅਤੇ ਹੋਰ ਵਪਾਰ ਵੱਧਣ ਵਿਚ ਵੱਡਾ ਸਹਿਯੋਗ ਮਿਲੇਗਾ । ਇਹ ਸਰਹੱਦਾਂ ਵੀ ਇਸ ਈਕੋਨੋਮਿਕ ਕੋਰੀਡੋਰ ਦਾ ਹਿੱਸਾ ਬਣ ਜਾਣਗੀਆ ।
16. ਸਿੱਖ ਕੌਮ ਨੂੰ ਬਦਨਾਮ ਕਰਨ ਹਿੱਤ ਸਾਜ਼ਸੀ ਸੋਚ ਅਧੀਨ ਬਣਾਈ ਗਈ ਸਿੱਖਾਂ ਦੀ ਕਾਲੀ-ਸੂਚੀ ਤੁਰੰਤ ਖ਼ਤਮ ਕਰਕੇ ਬਾਹਰਲੇ ਮੁਲਕਾਂ ਦੇ ਸਿੱਖਾਂ ਨੂੰ ਆਪਣੀ ਜਨਮ ਭੂਮੀ ਤੇ ਆਉਣ ਦੀ ਖੁੱਲ੍ਹ ਦਿੱਤੀ ਜਾਵੇ:- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਇਕ ਡੂੰਘੀ ਸਾਜਿ਼ਸ ਤਹਿਤ ਸਰਬੱਤ ਦਾ ਭਲਾ ਚਾਹੁੰਣ ਵਾਲੀ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਬਦਨਾਮ ਕਰਨ ਹਿੱਤ ਅਤੇ ਉਸ ਨੂੰ ਪੁਲਿਸ ਜ਼ਬਰ-ਜੁਲਮ ਦਾ ਨਿਸ਼ਾਨਾਂ ਬਣਾਉਣ ਦੀ ਮੰਦਭਾਵਨਾ ਅਧੀਨ ਹੀ ਸਿੱਖ ਕੌਮ ਦੀ “ਕਾਲੀ-ਸੂਚੀ” ਬਣਾਈ ਗਈ ਹੈ । ਬਹੁਤ ਲੰਮੇ ਸਮੇਂ ਤੋਂ ਜੋ ਸਿੱਖ ਕੌਮ ਦੀ ਸੰਪੂਰਨ ਆਜ਼ਾਦੀ ਪ੍ਰਾਪਤੀ ਲਈ ਜਮਹੂਰੀਅਤ ਅਤੇ ਅਮਨਮਈ ਤਰੀਕੇ ਹਿੰਦ ਵਿਚ ਅਤੇ ਬਾਹਰਲੇ ਮੁਲਕਾਂ ਵਿਚ ਕੰਮ ਕਰਦੇ ਹਨ, ਉਨ੍ਹਾਂ ਦੀ ਕਾਲੀ ਸੂਚੀ ਬਣਾਕੇ ਸਿੱਖ ਕੌਮ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਜਦੋਂਕਿ ਹੋਰ ਕਿਸੇ ਵੀ ਕੌਮ ਨਾਲ ਸੰਬੰਧਤ ਹਿੰਦੂਤਵ ਹੁਕਮਰਾਨਾਂ ਨੇ ਅਜਿਹੀ ਨਾ ਤਾਂ ਕਦੀ ਕਾਲੀ ਸੂਚੀ ਬਣਾਈ ਹੈ ਅਤੇ ਨਾ ਹੀ ਅਜਿਹੀ ਹਿੰਦ ਵਿਚ ਦਾਖਲ ਹੋਣ ਤੇ ਪਾਬੰਦੀ ਵਾਲੇ ਅਮਲ ਕੀਤੇ ਹਨ । ਇਹ ਅਮਲ ਵੀ ਵਿਧਾਨ ਦੀ ਧਾਰਾ 14 ਦਾ ਘੋਰ ਉਲੰਘਣ ਹੈ । ਇਹ ਕਾਰਵਾਈ ਤੁਰੰਤ ਬੰਦ ਕਰਕੇ ਸਿੱਖ ਕੌਮ ਦੀ ਸਮੁੱਚੀ ਬਣੀ ਕਾਲੀ ਸੂਚੀ ਨੂੰ ਖ਼ਤਮ ਕਰਕੇ ਬਾਹਰਲੇ ਮੁਲਕਾਂ ਵਿਚ ਵਿਚਰ ਰਹੇ ਲਿਆਕਤਮੰਦ ਸਿੱਖਾਂ ਨੂੰ ਆਪਣੀ ਜਨਮ ਭੂਮੀ ਵਿਚ ਆਉਣ ਦੀ ਪ੍ਰਵਾਨਗੀ ਦਿੱਤੀ ਜਾਵੇ ਅਤੇ ਬਰਾਬਰਤਾ ਵਾਲੇ ਨਿਯਮ ਅਤੇ ਕਾਨੂੰਨ ਅਮਲੀ ਰੂਪ ਵਿਚ ਲਾਗੂ ਕੀਤੇ ਜਾਣ ਅਤੇ ਸਿੱਖ ਕੌਮ ਨੂੰ ਅਜਿਹੀਆ ਸਾਜਿ਼ਸਾ ਰਾਹੀ ਕੌਮਾਂਤਰੀ ਪੱਧਰ ਤੇ ਬਦਨਾਮ ਕਰਨਾ ਬੰਦ ਕੀਤਾ ਜਾਵੇ ।
17. ਬਲਿਊ ਸਟਾਰ, ਸਿੱਖ ਕਤਲੇਆਮ 1984 ਅਤੇ ਨਸ਼ਲਕੁਸੀ ਦੇ ਜਿ਼ੰਮੇਵਾਰ ਕੌਣ, ਇਸਦੇ ਦਸਤਾਵੇਜ਼ ਖੋਲ੍ਹੇ ਜਾਣ :- ਅੱਜ ਦਾ ਇਕੱਠ ਇਹ ਮੰਗ ਕਰਦਾ ਹੈ ਕਿ ਬਲਿਊ ਸਟਾਰ ਦਾ ਜੋ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ 36 ਹੋਰ ਇਤਿਹਾਸਿਕ ਗੁਰੂਘਰਾਂ ਉਤੇ ਇਕ ਡੂੰਘੀ ਸਾਜਿ਼ਸ ਤਹਿਤ ਫ਼ੌਜੀ ਹਮਲਾ ਕੀਤਾ ਗਿਆ ਹੈ ਅਤੇ ਜਿਸ ਹਮਲੇ ਸੋਵੀਅਤ ਅਤੇ ਬਰਤਾਨੀਆ ਦੀ ਫ਼ੌਜ ਨੇ ਵੀ ਹਿੰਦ ਫ਼ੌਜ ਨਾਲ ਰਲਕੇ ਇਹ ਗੈਰ-ਕਾਨੂੰਨੀ ਅਤੇ ਅਣਮਨੁੱਖੀ ਅਮਲ ਕੀਤੇ ਅਤੇ ਜਿਸ ਵਿਚ 25 ਹਜ਼ਾਰ ਦੇ ਕਰੀਬ ਨਿਰਦੋਸ਼, ਨਿਹੱਥੇ, ਮਾਸੂਮ ਸਰਧਾਲੂਆਂ ਜਿਨ੍ਹਾਂ ਵਿਚ ਬਜੁਰਗ, ਬੀਬੀਆਂ, ਨੌਜ਼ਵਾਨ, ਬੱਚੇ ਆਦਿ ਸਨ, ਕਤਲੇਆਮ ਕਰ ਦਿੱਤਾ ਗਿਆ ਸੀ । ਫਿਰ ਅਕਤੂਬਰ 1984 ਵਿਚ ਸਿੱਖ ਕੌਮ ਦਾ ਇੰਡੀਆਂ ਦੇ ਵੱਖ-ਵੱਖ ਹਿੱਸਿਆ ਵਿਚ ਇਸੇ ਤਰ੍ਹਾਂ ਸਾਜਿ਼ਸ ਅਧੀਨ ਯੋਜਨਾਬੰਧ ਢੰਗ ਰਾਹੀ ਕਤਲੇਆਮ ਅਤੇ ਨਸ਼ਲਕੁਸੀ ਕੀਤੀ ਗਈ । 25 ਹਜ਼ਾਰ ਦੇ ਕਰੀਬ ਸਿੱਖ ਨੌਜ਼ਵਾਨਾਂ ਦੀਆਂ ਅਣਪਛਾਤੀਆ ਲਾਸਾਂ ਗਰਦਾਨਕੇ ਜਾਂ ਤਾਂ ਉਨ੍ਹਾਂ ਨੂੰ ਦਰਿਆਵਾਂ ਤੇ ਨਦੀਆਂ ਵਿਚ ਵਹਾਅ ਦਿੱਤਾ ਗਿਆ ਜਾਂ ਉਨ੍ਹਾਂ ਦੇ ਜ਼ਬਰੀ ਸਿੱਖ ਰਵਾਇਤਾ ਨੂੰ ਨਜ਼ਰ ਅੰਦਾਜ ਕਰਕੇ ਪੁਲਿਸ ਤੇ ਫ਼ੌਜ ਵੱਲੋਂ ਸੰਸਕਾਰ ਕਰ ਦਿੱਤੇ ਗਏ । ਉਪਰੋਕਤ ਹੋਏ ਸਿੱਖ ਕਤਲੇਆਮ ਦੇ ਕਿਸੇ ਇਕ ਵੀ ਦੋਸ਼ੀ ਨੂੰ ਇੰਡੀਅਨ ਕਾਨੂੰਨ, ਅਦਾਲਤਾਂ ਨੇ ਅੱਜ ਤੱਕ ਸਜ਼ਾਂ ਨਹੀਂ ਦਿੱਤੀ । ਸਿੱਖ ਕਤਲੇਆਮ ਦਿੱਲੀ ਦੇ ਜੋ ਮੁੱਖ ਕਾਤਲ ਜਗਦੀਸ ਟਾਈਟਲਰ, ਸੱਜਣ ਕੁਮਾਰ ਆਦਿ ਦੋਸ਼ੀ ਹਨ, ਉਹ ਅੱਜ ਵੀ ਆਜ਼ਾਦ ਦਨਦਨਾਉਦੇ ਫਿਰਦੇ ਹਨ । ਸਿੱਖ ਕੌਮ ਲਈ ਕੋਈ ਵੀ ਇਨਸਾਫ਼ ਨਾਮ ਦੀ ਚੀਜ ਨਹੀਂ ਰਹੀ । ਸਿੱਖ ਕੌਮ ਦੇ ਸ੍ਰੀ ਦਰਬਾਰ ਸਾਹਿਬ ਤੋਂ ਫ਼ੌਜ ਵੱਲੋਂ ਲੁੱਟੇ ਗਏ ਬੇਸ਼ਕੀਮਤੀ ਵਸਤਾਂ, ਇਤਿਹਾਸ, ਲਿਟਰੇਚਰ, ਸਿੱਖ ਰੈਫਰੈਸ ਲਾਈਬ੍ਰੇਰੀ ਅਤੇ ਤੋਸਾਖਾਨਾ ਵਿਚੋਂ ਅਮੁੱਲ ਕੌਮੀ ਵਸਤਾਂ ਜੋ ਫ਼ੌਜ ਚੁੱਕ ਕੇ ਲੈ ਗਈ ਸੀ, ਉਹ ਅੱਜ ਤੱਕ ਵਾਪਸ ਨਹੀਂ ਕੀਤੀਆ ਗਈਆ । ਇਸ ਸੰਬੰਧੀ ਰੂਸ ਦੀ ਕਰੈਮਲਿਨ, ਹਿੰਦ ਦੀ ਪਾਰਲੀਮੈਂਟ ਅਤੇ ਬਰਤਾਨੀਆ ਦੀ ਪਾਰਲੀਮੈਂਟ ਰਾਹੀ ਕੌਮਾਂਤਰੀ ਕਾਨੂੰਨਾਂ ਦੀ ਦੇਖ-ਰੇਖ ਹੇਠ ਦਸਤਾਵੇਜ਼ ਡੀਕਲਾਸੀਫਾਈ (ਧੲਚਲਅਸਸਾਿੇ) ਕੀਤੇ ਜਾਣ । ਜਿਵੇਂ ਸੁਭਾਸ ਚੰਦਰਬੋਸ ਦੇ ਦਸਤਾਵੇਜ਼ ਲੰਮੇ ਸਮੇਂ ਬਾਅਦ ਸਾਹਮਣੇ ਲਿਆਂਦੇ ਗਏ ਹਨ, ਉਸੇ ਤਰ੍ਹਾਂ ਉਪਰੋਕਤ ਸਿੱਖ ਕੌਮ ਉਤੇ ਕੀਤੇ ਗਏ ਬਲਿਊ ਸਟਾਰ ਦੇ ਫ਼ੌਜੀ ਹਮਲੇ, 1984 ਦਾ ਕਤਲੇਆਮ, ਨਸ਼ਲਕੁਸੀ ਅਤੇ ਝੂਠੇ ਪੁਲਿਸ ਮੁਕਾਬਲਿਆ ਵਿਚ ਸ਼ਹੀਦ ਕੀਤੇ ਗਏ ਹਜ਼ਾਰਾਂ ਦੀ ਗਿਣਤੀ ਵਿਚ ਨੌਜ਼ਵਾਨਾਂ ਦੇ ਕਾਤਲਾਂ ਨੂੰ ਡੀਕਲਾਸੀਫਾਈ (Declassify) ਕੀਤਾ ਜਾਵੇ ਅਤੇ ਸਭ ਸੱਚ ਸਾਹਮਣੇ ਲਿਆਂਦਾ ਜਾਵੇ ।
ਕਿਉਂਕਿ ਇਥੇਂ ਕੋਈ ਵੀ ਸਿੱਖ, ਇਸਾਈ, ਮੁਸਲਿਮ ਕੌਮ ਨਾਲ ਨਿਵਾਸੀ ਜੋ ਵੱਸਦੇ ਹਨ, ਉਹ ਇਨਸਾਫ਼ ਦੇ ਬਿਨ੍ਹਾਂ ‘ਤੇ ਜਾਨਣਾ ਚਾਹੁੰਦੇ ਹਨ ਕਿ ਇਹ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਿਉਂ ਕੀਤਾ ਗਿਆ, ਇਸ ਪਿੱਛੇ ਕਿਨ੍ਹਾਂ ਲੋਕਾਂ ਦੀ ਸਾਜਿ਼ਸ ਸੀ, ਉਸ ਸਮੇਂ ਸਿੱਖ ਕੌਮ ਦੀ ਧਾਰਮਿਕ ਅਤੇ ਸਿਆਸੀ ਤੌਰ ਤੇ ਅਗਵਾਈ ਕਰਨ ਵਾਲੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨਾਲ “ਗੱਲਬਾਤ” (Table-Talk) ਦਾ ਸਮਾਜਿਕ ਅਤੇ ਸਹਿਜ਼ਚਾਰੀ ਪੱਖੀ ਰਸਤਾ ਚੁਣਨ ਦਾ ਅਮਲ ਕਿਉਂ ਨਹੀਂ ਕੀਤਾ ਗਿਆ ? ਇਸਦੀ ਸਮੁੱਚੀ ਜਾਣਕਾਰੀ ਸੰਬੰਧੀ ਅਸਲ ਤੱਥ ਅਤੇ ਦਸਤਾਵੇਜ਼ ਸਾਹਮਣੇ ਲਿਆਂਦੇ ਜਾਣ ।
18. ਸਿੱਖ ਸੋਚ ਤੇ ਸਿੱਖ ਧਰਮ ਨੂੰ ਡੂੰਘਾਂ ਨੁਕਸਾਨ ਪਹੁੰਚਾਉਣ ਵਾਲੀ “ਡੇਰਾਵਾਦ” ਦੀ ਸਰਕਾਰੀ ਸਰਪ੍ਰਸਤੀ ਵਾਲੇ ਅਮਲਾਂ ਨੂੰ ਸਿੱਖ ਕੌਮ ਨਕਾਰੇ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਨਾਲ ਸੰਬੰਧਤ ਸਮੁੱਚੇ ਪੰਜਾਬ ਅਤੇ ਇੰਡੀਆਂ ਵਿਚ ਵੱਡੇ ਇਤਿਹਾਸਿਕ ਤੇ ਧਾਰਮਿਕ ਅਸਥਾਂਨ ਮੌਜੂਦ ਹਨ ਅਤੇ ਉਥੇ ਸਿੱਖ ਕੌਮ ਦੀ ਆਸਥਾ ਅਤੇ ਵਿਸ਼ਵਾਸ ਇਨ੍ਹਾਂ ਇਤਿਹਾਸਿਕ ਸਥਾਨਾਂ ਵਿਚ ਜੁੜਿਆ ਹੋਇਆ ਹੈ । ਪਰ ਇਕ ਡੂੰਘੀ ਸਿੱਖ ਵਿਰੋਧੀ ਸਾਜਿ਼ਸ ਅਧੀਨ ਸੈਂਟਰ ਦੀਆਂ ਹੁਣ ਤੱਕ ਦੀਆਂ ਹਕੂਮਤਾਂ ਅਤੇ ਫਿਰਕੂ ਜਮਾਤਾਂ ਵੱਲੋਂ ਪੰਜਾਬ ਸੂਬੇ ਵਿਚ ਥਾਂ-ਥਾਂ ਤੇ ਡੇਰਾਵਾਦ ਨੂੰ ਉਭਾਰਕੇ ਇਨ੍ਹਾਂ ਸਥਾਨਾਂ ਉਤੇ ਵੱਡੇ ਪੱਧਰ ਤੇ ਪ੍ਰਚਾਰ ਕਰਕੇ ਸਿੱਖ ਧਰਮ ਤੇ ਸਿੱਖ ਕੌਮ ਦੀਆਂ ਮਨੁੱਖਤਾ ਪੱਖੀ ਅਤੇ ਇਨਸਾਨੀ ਕਦਰਾ-ਕੀਮਤਾ ਨੂੰ ਕਾਇਮ ਰੱਖਣ ਵਾਲੇ ਅਮਲਾਂ ਨੂੰ ਸੱਟ ਮਾਰਨ ਲਈ ਸਿੱਖ ਕੌਮ ਵਿਚ ਵੱਖਰੇਵੇ ਪੈਦਾ ਕਰਨ ਲਈ ਸਰਕਾਰੀ ਸਰਪ੍ਰਸਤੀ ਅਧੀਨ ਡੇਰਾਵਾਦ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ । ਜੋ ਖ਼ਾਲਸਾ ਪੰਥ ਮਾਰੂ ਸਾਜ਼ਸੀ ਅਮਲ ਹਨ । ਅੱਜ ਦਾ ਇਕੱਠ ਸਿੱਖ ਕੌਮ ਤੇ ਸਮੁੱਚੀ ਮਨੁੱਖਤਾ ਨੂੰ ਇਹ ਅਪੀਲ ਕਰਦਾ ਹੈ ਕਿ ਇਸ ਡੇਰਾਵਾਦ ਦੀ ਮਾਰੂ ਸੋਚ ਨੂੰ ਖ਼ਤਮ ਕਰਨ ਅਤੇ ਆਪਣੇ ਕੌਮੀ ਅਕੀਦੇ ਨਾਲ ਧੁਰ ਤੱਕ ਜੁੜਨ ਲਈ ਇਸ ਮਹਾਨ ਦਿਨ ਤੇ ਪ੍ਰਣ ਕਰਕੇ ਜਾਣ । ਤਾਂ ਕਿ ਅਸੀਂ ਆਉਣ ਵਾਲੇ ਸਮੇਂ ਵਿਚ ਇਸ ਡੇਰਾਵਾਦ ਦੀ ਘੁਣ ਵਾਂਗੂ ਸਿੱਖ ਧਰਮ ਤੇ ਸਿੱਖ ਸੋਚ ਨੂੰ ਲੱਗੀ ਬਿਮਾਰੀ ਦਾ ਪੂਰਨ ਤੌਰ ਤੇ ਖਾਤਮਾ ਕਰ ਸਕੀਏ ਅਤੇ ਸਿੱਖ ਕੌਮ ਦੀ ਅਸੀਮਤ ਸ਼ਕਤੀ ਨੂੰ ਕੌਮੀ ਧੁਰੇ ਨਾਲ ਜੋੜਕੇ ਰੱਖ ਸਕੀਏ ।
19. ਜੇਟਲੀ ਵੱਲੋਂ ਸੈਂਟਰ ਦੇ ਰੱਖੇ ਗਏ ਬਜਟ ਵਿਚ ਪੰਜਾਬ ਸੂਬੇ, ਸਿੱਖ ਕੌਮ ਅਤੇ ਪੰਜਾਬੀਆਂ ਨੂੰ ਕੁਝ ਵੀ ਨਾ ਦੇਣਾ ਪੰਜਾਬੀਆਂ ਅਤੇ ਸਿੱਖ ਕੌਮ ਨਾਲ ਇਕ ਹੋਰ ਧੋਖਾ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਸੈਂਟਰ ਦੀ ਹਕੂਮਤ ਉਤੇ ਕਿਸੇ ਵੀ ਜਮਾਤ, ਸੰਗਠਨ, ਸਿਆਸੀ ਪਾਰਟੀ ਦੀ ਹਕੂਮਤ ਹੋਵੇ, ਉਥੇ ਬਹੁਗਿਣਤੀ ਹਿੰਦੂਵਾਦ (ਬ੍ਰਾਹਮਣਵਾਦ) ਦਾ ਹੀ ਬੋਲਬਾਲਾ ਹੁੰਦਾ ਹੈ ਅਤੇ ਉਨ੍ਹਾਂ ਵੱਲੋਂ ਕਦੇ ਵੀ ਪੰਜਾਬ ਸੂਬੇ, ਪੰਜਾਬੀਆਂ, ਸਿੱਖ ਕੌਮ ਅਤੇ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦੀ ਮਾਲੀ, ਸਮਾਜਿਕ, ਧਾਰਮਿਕ, ਇਖ਼ਲਾਕੀ ਅਤੇ ਵਪਾਰਿਕ ਗੱਲ ਨੂੰ ਮਜ਼ਬੂਤ ਕਰਨ ਲਈ ਸੈਂਟਰ ਦੀਆਂ ਹਕੂਮਤਾਂ ਵੱਲੋਂ ਠੂਠਾ ਦਿਖਾ ਦਿੱਤਾ ਜਾਂਦਾ ਹੈ ਅਤੇ ਪੰਜਾਬ ਸੂਬੇ ਤੇ ਪੰਜਾਬੀਆਂ ਨਾਲ ਜਿਵੇਂ 1947 ਤੋਂ ਹੀ ਵਿਤਕਰੇ ਅਤੇ ਬੇਇਨਸਾਫ਼ੀਆਂ ਜਾਰੀ ਹਨ, ਉਸੇ ਤਰ੍ਹਾਂ ਅਜੋਕੀ ਮੋਦੀ ਦੀ ਫਿਰਕੂ ਹਕੂਮਤ ਅਤੇ ਜੇਟਲੀ ਦੇ ਬਜਟ ਨੇ ਅਮਲ ਕੀਤਾ ਹੈ । ਜਿਸ ਦੀ ਅੱਜ ਦਾ ਇਕੱਠ ਪੁਰਜੋਰ ਨਿਖੇਧੀ ਕਰਦਾ ਹੈ । ਕਿਉਂਕਿ ਇਨ੍ਹਾਂ ਨੇ ਇਸ ਬਜਟ ਵਿਚ ਪੰਜਾਬ ਨੂੰ ਕੋਈ ਵੀ ਉਦਯੋਗ, ਕਿਸਾਨ ਅਤੇ ਖੇਤ-ਮਜ਼ਦੂਰ ਦੀ ਖੁਸ਼ਹਾਲੀ ਲਈ, ਵਿਦਿਆਰਥੀਆਂ, ਮੁਲਾਜ਼ਮਾਂ, ਮਜ਼ਦੂਰਾਂ, ਵਪਾਰੀਆਂ ਆਦਿ ਸਭ ਵਰਗ ਨਾਲ ਵੱਡਾ ਧੋਖਾ ਕੀਤਾ ਹੈ । ਇਸ ਲਈ ਅੱਜ ਦਾ ਇਕੱਠ ਪੰਜਾਬ ਸੂਬੇ ਵਿਚ ਵੱਸਣ ਵਾਲੇ ਸਭ ਕੌਮਾਂ, ਵਰਗਾਂ, ਫਿਰਕਿਆ, ਕਬੀਲਿਆ ਨੂੰ ਇਹ ਜੋਰਦਾਰ ਅਪੀਲ ਕਰਦਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਬਰਾਬਰਤਾ ਦੇ ਆਧਾਰ ਤੇ ਅਮਲੀ ਰੂਪ ਵਿਚ ਸੋਚ ਨੂੰ ਲਾਗੂ ਕਰਨ ਹਿੱਤ ਜੋ ਆਜ਼ਾਦੀ ਪ੍ਰਾਪਤੀ ਦਾ ਸੰਘਰਸ਼ ਆਪਣੀ ਮੰਜਿ਼ਲ ਵੱਲ ਜਾ ਰਿਹਾ ਹੈ, ਉਸ ਨੂੰ ਬਿਨ੍ਹਾਂ ਕਿਸੇ ਡਰ-ਭੈ ਜਾਂ ਸੰਕਿਆਂ ਤੋ ਦੂਰ ਰਹਿਕੇ ਸਹਿਯੋਗ ਕਰਨ ਤਾਂ ਕਿ ਅਸੀਂ ਸਭ ਇਥੇ ਆਪਣੀ ਸਾਂਝ ਅਤੇ ਸਹਿਯੋਗ ਰਾਹੀ ਅਮਲੀ ਰੂਪ ਵਿਚ ‘ਬੇਗਮਪੁਰਾ’ ਕਾਇਮ ਕਰਨ ਦੇ ਮਿਸ਼ਨ ਵਿਚ ਕਾਮਯਾਬ ਹੋ ਸਕੀਏ ।
ਖ਼ਾਲਿਸਤਾਨ ਜਿ਼ੰਦਾਬਾਦ !!!
ਗੁਰੂਘਰ ਤੇ ਪੰਥ ਦਾ ਦਾਸ,
 
ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

About The Author

Related posts

Leave a Reply

Your email address will not be published. Required fields are marked *