Verify Party Member
Header
Header
ਤਾਜਾ ਖਬਰਾਂ

ਸਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਨ ਦੀ ਜ਼ਮੀਰ ਨੂੰ ਸੁਬੋਧਿਤ ਹੁੰਦੇ ਹੋਏ ਖੁੱਲ੍ਹਾ ਖੱਤ

ਸਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਨ ਦੀ ਜ਼ਮੀਰ ਨੂੰ ਸੁਬੋਧਿਤ ਹੁੰਦੇ ਹੋਏ ਖੁੱਲ੍ਹਾ ਖੱਤ

ਸਤਿਕਾਰਯੋਗ ਗੁਰੂ ਰੂਪ ਖ਼ਾਲਸਾ ਜੀਓ,

ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਹਿ॥

ਜਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿੱਖ ਕੌਮ ਦੀ ਪਾਰਲੀਮੈਂਟ ਦੀ ਮਹਾਨ ਸੰਸਥਾਂ ਜੋ ਬਹੁਤ ਵੱਡੀਆਂ ਕੁਰਬਾਨੀਆਂ ਉਪਰੰਤ 1925 ਵਿਚ ਗੁਰੂਘਰਾਂ ਦੇ ਸੁਚਾਰੂ ਪ੍ਰਬੰਧ ਲਈ ਅਤੇ ਸਿੱਖ ਧਰਮ ਦੇ ਪ੍ਰਚਾਰ ਦੇ ਮਕਸਦ ਨੂੰ ਲੈਕੇ ਸਮੁੱਚੀ ਮਨੁੱਖਤਾ ਦੀ ਹਰ ਪੱਖੋ ਬਿਹਤਰੀ ਕਰਨ ਹਿੱਤ ਹੋਂਦ ਵਿਚ ਆਈ ਸੀ । ਅੱਜ ਇਸ ਐਸ.ਜੀ.ਪੀ.ਸੀ. ਦੀ ਸੰਸਥਾਂ ਦੇ ਉਪਰੋਕਤ ਦੋਵੇ ਮੁੱਖ ਉਦੇਸ਼ਾਂ ਪ੍ਰਤੀ ਜਾਂ ਇਸ ਸੰਸਥਾਂ ਨੂੰ ਮਿਲੀਆ ਕੌਮੀ ਜਿ਼ੰਮੇਵਾਰੀਆਂ ਪ੍ਰਤੀ ਜੇਕਰ ਨਿਰਪੱਖਤਾ ਅਤੇ ਸੰਜ਼ੀਦਗੀ ਨਾਲ ਵਿਚਾਰ ਕੀਤੀ ਜਾਵੇ ਤਾਂ ਇਹ ਗੱਲ ਨਿਖਰਕੇ ਸਾਹਮਣੇ ਆਉਦੀ ਹੈ ਕਿ ਐਸ.ਜੀ.ਪੀ.ਸੀ. ਦੀ ਧਾਰਮਿਕ ਸੰਸਥਾਂ ਆਪਣੀ ਜਿ਼ੰਮੇਵਾਰੀ ਨੂੰ ਪੂਰਨ ਕਰਨ ਵਿਚ ਪੂਰੀ ਤਰ੍ਹਾਂ ਅਸਫ਼ਲ ਹੀ ਨਹੀਂ ਹੋ ਚੁੱਕੀ, ਬਲਕਿ ਐਸ.ਜੀ.ਪੀ.ਸੀ. ਦੀ ਅਗਜੈਕਟਿਵ ਅਤੇ ਇਸ ਵਿਚ ਉੱਚੇ ਪਦ ਵਾਲੇ ਅਧਿਕਾਰੀਆਂ ਨੇ ਇਸ ਧਾਰਮਿਕ ਸੰਸਥਾਂ ਨੂੰ ਵੱਡੀ ਰਿਸ਼ਵਤਖੋਰੀ, ਘਪਲਿਆ, ਗੈਰ-ਇਖਲਾਕੀ ਅਤੇ ਗੈਰ ਧਾਰਮਿਕ ਕੰਮਾਂ ਦਾ ਕੇਂਦਰ ਬਣਾਕੇ ਸਿੱਖ ਕੌਮ ਦੇ ਕੌਮਾਂਤਰੀ ਉੱਚੇ-ਸੁੱਚੇ ਇਖਲਾਕ ਉਤੇ ਵੀ ਵੱਡਾ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ । ਜਿਸ ਨਾਲ ਪੰਜਾਬ ਜਾਂ ਇੰਡੀਆਂ ਵਿਚ ਹੀ ਨਹੀਂ ਸਗੋ, ਸਮੁੱਚੇ ਸੰਸਾਰ ਵਿਚ ਜਿਸ ਸਿੱਖ ਕੌਮ ਨੂੰ ਦੂਸਰੇ ਧਰਮਾਂ ਅਤੇ ਕੌਮਾਂ ਦੇ ਲੋਕ ਇਕ ਵਿਸ਼ੇਸ਼ ਸਤਿਕਾਰ-ਮਾਣ ਦੀ ਨਜ਼ਰ ਨਾਲ ਵੇਖਦੇ ਹਨ, ਸਿੱਖ ਕੌਮ ਦੀ ਬਹਾਦਰੀ ਅਤੇ ਕੁਰਬਾਨੀ ਸਦਕਾ ਵਿਸ਼ੇਸ਼ ਇੱਜ਼ਤ ਦਿੰਦੇ ਹਨ । ਉਸ ਕੌਮ ਦੀ ਵਿਲੱਖਣਤਾ ਵਾਲੇ ਅਕਸ ਨੂੰ ਇਕ ਇਖਲਾਕੀ ਗ੍ਰਹਿਣ ਦੀ ਤਰ੍ਹਾਂ ਮਹਿਸੂਸ ਕਰਦੇ ਹੋਏ ਸਾਡੇ ਕੌਮੀ ਇਖ਼ਲਾਕ ਉਤੇ ਵੱਡਾ ਪ੍ਰਸ਼ਨ ਚਿੰਨ੍ਹ ਲਗਾ ਰਹੇ ਹਨ । ਜੋ ਸਿੱਖ ਕੌਮ ਲਈ ਹੀ ਨਹੀਂ, ਬਲਕਿ ਸਮੁੱਚੇ ਐਸ.ਜੀ.ਪੀ.ਸੀ. ਮੈਬਰਾਂ ਲਈ ਅਤਿ ਨਮੋਸ਼ੀਜਨਕ ਅਤੇ ਸ਼ਰਮਨਾਕ ਹੈ । ਕਿਉਂਕਿ ਕੌਮ ਦੀਆਂ ਵੋਟਾਂ ਦੁਆਰਾ ਜਮਹੂਰੀਅਤ ਢੰਗ ਨਾਲ ਚੁਣੇ ਗਏ 170 ਮੈਬਰਾਂ ਦੇ ਕਿਰਦਾਰ ਨੂੰ ਕੌਮਾਂਤਰੀ ਚੁਰਾਹੇ ਵਿਚ ਅਜਿਹੀਆਂ ਕਾਰਵਾਈਆ ਦਾਗੋ-ਦਾਗ ਕਰ ਰਹੀਅਰਾ ਹਨ । ਜੋ ਗੁਰੂ ਸਾਹਿਬਾਨ ਜੀ ਦੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ ਅਤੇ ਅਮਲਾਂ ਤੋਂ ਮੂੰਹ ਮੋੜ੍ਹਨ ਵਾਲਾ ਇਨ੍ਹਾਂ ਮੈਬਰਾਂ ਅਤੇ ਅਹੁਦੇਦਾਰਾਂ ਵੱਲੋਂ ਦੁੱਖਦਾਇਕ ਵਰਤਾਰਾ ਹੋ ਰਿਹਾ ਹੈ । ਜਿਸ ਨਾਲ ਸਾਡੀ ਕੌਮਾਂਤਰੀ ਵਿੱਲਖਣ ਅਤੇ ਸਾਫ਼-ਸੁਥਰੀ ਪਹਿਚਾਣ ਧੁੰਦਲੀ ਹੋ ਕੇ ਰਹਿ ਗਈ ਹੈ ਅਤੇ ਗੁਰੂਘਰਾਂ ਵਿਚ ਸਰਧਾ ਅਤੇ ਸਤਿਕਾਰ ਨੂੰ ਡੂੰਘੀ ਠੇਸ ਪਹੁੰਚ ਰਹੀ ਹੈ ।

ਇਥੇ ਹੀ ਬਸ ਨਹੀਂ ਜਿਸ ਸਿੱਖ ਕੌਮ ਵੱਲੋਂ ਮਨੁੱਖਤਾ ਦੀ ਹੱਥੀ ਸੇਵਾ ਕਰਨ, ਲੋੜਵੰਦਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ, ਵਿਧਵਾਵਾਂ, ਬੇਸਹਾਰਿਆ, ਮਜਲੂਮਾਂ ਦੀ ਮਦਦ ਕਰਨ, ਦਸਵੰਧ ਕੱਢਕੇ ਨੇਕ ਉਦਮਾਂ ਵਿਚ ਲਾਉਣ ਅਤੇ ਮਨੁੱਖਤਾ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਹੋਏ ਜੀਵਨ ਜਿਊਣ ਦੀ ਜਾਂਚ ਸਿਖਾਉਣ ਦੀ ਬਦੌਲਤ ਸਿੱਖ ਕੌਮ ਦੇ ਸਤਿਕਾਰ-ਮਾਣ ਵਿਚ ਕੌਮਾਂਤਰੀ ਪੱਧਰ ਤੇ ਵਾਧਾ ਹੋਇਆ ਸੀ, ਉਸ ਨੂੰ ਮੌਜੂਦਾ ਐਸ.ਜੀ.ਪੀ.ਸੀ. ਦੀ ਅਗਜੈਕਟਿਵ ਕਮੇਟੀ ਅਤੇ ਇਸ ਸੰਸਥਾਂ ਦੇ ਅਹੁਦੇਦਾਰਾਂ ਅਤੇ ਅਧਿਕਾਰੀਆਂ ਦੀਆਂ ਹੋਣ ਵਾਲੀਆ ਨਿਯੁਕਤੀਆਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੇ ਦਿਸ਼ਾਹੀਣ ਬੰਦ ਲਿਫਾਫਿਆ ਵਿਚੋ ਹੋਣ ਦੀ ਬਦੌਲਤ ਇਸ ਐਸ.ਜੀ.ਪੀ.ਸੀ. ਦੇ ਸਮੁੱਚੇ ਪ੍ਰਬੰਧ ਵਿਚ ਲੰਮੇ ਸਮੇਂ ਤੋਂ ਵੱਡੀਆਂ ਇਖਲਾਕੀ, ਧਰਮੀ ਗਿਰਾਵਟਾ ਨੇ ਜਨਮ ਲੈ ਲਿਆ ਹੈ । ਇਥੋਂ ਤੱਕ ਕਿ ਸਿੱਖ ਕੌਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਇਸ ਸੰਸਥਾਂ ਦੇ ਜਥੇਦਾਰ ਸਾਹਿਬਾਨ ਦਾ ਜੋ ਸਰਬਉੱਚ ਰੁਤਬਾ ਹਾਸਿਲ ਸੀ, ਉਸ ਰੁਤਬੇ ਅਤੇ ਇਸ ਮਹਾਨ ਸੰਸਥਾਂ ਦੇ ਮਾਣ-ਸਨਮਾਨ ਨੂੰ ਤਹਿਸ-ਨਹਿਸ ਕਰ ਦਿੱਤਾ ਹੈ । ਐਸ.ਜੀ.ਪੀ.ਸੀ. ਦੀ ਸੰਸਥਾਂ ਜਿਸ ਮਕਸਦ ਦੀ ਪ੍ਰਾਪਤੀ ਲਈ ਹੋਂਦ ਵਿਚ ਆਈ ਸੀ, ਉਸ ਤੋਂ ਭਟਕ ਚੁੱਕੀ ਹੈ । ਕੇਵਲ ਤੇ ਕੇਵਲ ਇਸ ਐਸ.ਜੀ.ਪੀ.ਸੀ. ਦੇ ਅਹੁਦੇਦਾਰ ਅਤੇ ਅਧਿਕਾਰੀ ਵੱਡੀਆ ਇਖਲਾਕੀ, ਧਾਰਮਿਕ, ਸਮਾਜਿਕ ਅਤੇ ਇਨਸਾਨੀ ਖਾਮੀਆ ਦਾ ਕੇਦਰ ਬਣਕੇ ਰਹਿ ਗਏ ਹਨ । ਜੇਕਰ ਇਸ ਸੰਸਥਾਂ ਉਤੇ ਕਾਬਜ ਬਾਦਲ ਪਰਿਵਾਰ, ਸੰਸਥਾਂ ਦੇ ਅਹੁਦੇਦਾਰ, ਅਧਿਕਾਰੀਆਂ ਦੀ ਟੋਲੀ ਨੂੰ “ਅਲੀ ਬਾਬਾ ਚਾਲੀ ਚੋਰ” ਦਾ ਨਾਮ ਦੇ ਦਿੱਤਾ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ । ਕਿਉਂਕਿ ਇਨ੍ਹਾਂ ਸਿਆਸਤਦਾਨਾਂ, ਅਗਜੈਕਟਿਵ ਮੈਬਰਾਂ, ਰਿਸ਼ਵਤਖੋਰ ਅਤੇ ਐਯਾਸ ਅਧਿਕਾਰੀਆਂ ਦੀਆਂ ਕਾਰਵਾਈਆ ਨੇ ਅੱਜ ਸਿੱਖ ਕੌਮ ਨੂੰ ਅਤੇ ਇਸ ਮਹਾਨ ਸੰਸਥਾਂ ਨੂੰ ਕੌਮਾਂਤਰੀ ਚੁਰਾਹੇ ਵਿਚ ਦੋਸ਼ੀ ਬਣਾਕੇ ਖੜ੍ਹਾ ਕਰ ਦਿੱਤਾ ਹੈ ।

ਸਾਡੀ ਇਸ ਮਹਾਨ ਸੰਸਥਾਂ ਵਿਚ ਜਿਥੇ ਕਿਸੇ ਵੀ ਕੌਮ, ਧਰਮ, ਫਿਰਕੇ, ਕਬੀਲੇ ਜਾਂ ਬਾਹਰਲੇ ਮੁਲਕਾਂ ਦੇ ਨਿਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਉਗਲ ਕਰਨ ਦੀ ਗੱਲ ਅਮਲ ਵਿਚ ਨਹੀਂ ਸੀ ਆਉਣੀ ਚਾਹੀਦੀ, ਉਥੇ ਦੋਸ਼ਪੂਰਨ ਪ੍ਰਬੰਧ ਦੀ ਬਦੌਲਤ ਸਭ ਕੌਮਾਂ, ਫਿਰਕਿਆ ਦੀ ਨਜ਼ਰ ਅਤੇ ਉਗਲ ਸਾਡੀ ਐਸ.ਜੀ.ਪੀ.ਸੀ. ਦੀ ਮਹਾਨ ਸੰਸਥਾਂ ਵੱਲ ਉੱਠ ਰਹੀਆ ਹਨ । ਕਿਉਂਕਿ ਇਸ ਸੰਸਥਾਂ ਵਿਚ ਲੰਮੇ ਸਮੇਂ ਤੋਂ ਹਰ ਤਰ੍ਹਾਂ ਦੀਆਂ ਵਸਤਾਂ ਜਿਵੇਂ ਲੰਗਰ ਦੀ ਵਰਤੋ ਵਿਚ ਆਉਣ ਵਾਲੀਆ ਦਾਲਾ, ਸਬਜੀਆ, ਕੜਾਹ ਪ੍ਰਸ਼ਾਦ ਦੀ ਦੇਗ ਲਈ ਵਰਤੋਂ ਵਾਲੇ ਦੇਸ਼ੀ ਘੀ, ਸਿਰਪਾਓ, ਗੁਰੂ ਸਾਹਿਬਾਨ ਜੀ ਦੇ ਚੰਦੋਏ, ਇਮਾਰਤੀ ਸਾਜੋ-ਸਮਾਨ, ਰੇਤ, ਬਜਰੀ, ਇੱਟਾਂ, ਸੀਮਿੰਟ, ਲੱਕੜੀ, ਬਿਜਲੀ ਉਪਕਰਨਾਂ, ਪੱਖਿਆ, ਏ.ਸੀ. ਬੱਲਬਾਂ ਆਦਿ ਵਸਤਾਂ ਦੀ ਖਰੀਦੋ-ਫਰੋਖਤ ਕਰਦੇ ਸਮੇਂ ਵੱਡੇ-ਵੱਡੇ ਘਪਲੇ ਨਿੱਤ ਦਿਹਾੜੇ ਸਿੱਖ ਸੰਗਤ ਦੇ ਸਾਹਮਣੇ ਆ ਰਹੇ ਹਨ । ਇਥੋਂ ਤੱਕ ਜੋ ਐਸ.ਜੀ.ਪੀ.ਸੀ. ਦੇ ਅਧੀਨ ਵੱਡੇ-ਵੱਡੇ ਵਿਦਿਅਕ ਅਦਾਰੇ, ਸਿਹਤ, ਸੰਬੰਧੀ ਅਦਾਰੇ, ਯੂਨੀਵਰਸਿਟੀਆਂ, ਤਕਨੀਕੀ ਸੰਸਥਾਵਾਂ ਚੱਲ ਰਹੀਆ ਹਨ ਉਨ੍ਹਾਂ ਨੂੰ ਬਾਦਲ ਪਰਿਵਾਰ ਨੇ ਆਪਣੇ ਰਿਸਤੇਦਾਰਾਂ ਜਾਂ ਨਜ਼ਦੀਕੀਆਂ ਦੇ 5-5 ਮੈਬਰੀ ਟਰੱਸਟ ਬਣਾਕੇ ਇਨ੍ਹਾਂ ਕੌਮੀ ਜ਼ਾਇਦਾਦਾਂ, ਸਾਧਨਾਂ ਦੀ ਲੁੱਟ-ਖਸੁੱਟ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਹੋਈ ਹੈ । ਇਸ ਕੌਮੀ ਖਜਾਨੇ ਅਤੇ ਜਾਇਦਾਦਾਂ ਨੂੰ ਪ੍ਰਾਈਵੇਟ ਬਣਾ ਦਿੱਤਾ ਗਿਆ ਹੈ । ਜੋ ਗੁਰੂਘਰ ਦੀਆਂ ਜ਼ਮੀਨਾਂ ਹਨ ਉਨ੍ਹਾਂ ਨੂੰ ਕੌਡੀਆਂ ਦੇ ਭਾਅ, ਮਾਰਕਿਟ ਕੀਮਤ ਤੋਂ ਨਜ਼ਰਅੰਦਾਜ ਕਰਕੇ ਆਪਣੇ ਰਿਸਤੇਦਾਰਾਂ ਅਤੇ ਸੰਬੰਧੀਆਂ ਨੂੰ ਠੇਕੇ ਤੇ ਦਿੱਤੀਆ ਹੋਈਆ ਹਨ, ਜੋ ਵੱਡੀ ਲੁੱਟ ਨੂੰ ਜਾਹਰ ਕਰ ਰਿਹਾ ਹੈ । ਐਸ.ਜੀ.ਪੀ.ਸੀ. ਨਾਲ ਸੰਬੰਧਤ ਵਹੀਕਲਜ, ਡਰਾਈਵਰਾਂ, ਐਸ.ਜੀ.ਪੀ.ਸੀ. ਦੇ ਸਟਾਫ਼, ਪੈਟਰੋਲ, ਡੀਜ਼ਲ ਦੀ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਵਿਚ ਦੁਰਵਰਤੋਂ ਕੀਤੀ ਜਾ ਰਹੀ ਹੈ । ਇਥੋਂ ਤੱਕ ਕਿ ਐਸ.ਜੀ.ਪੀ.ਸੀ. ਦੇ ਵੱਡੇ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੇ ਘਰਾਂ ਵਿਚ ਰਾਸ਼ਨ-ਪਾਣੀ ਗੁਰੂਘਰਾਂ ਵਿਚੋਂ ਜਾ ਰਹੇ ਹਨ । ਗੁਰੂਘਰਾਂ ਦੀਆਂ ਸਰਾਵਾਂ ਜੋ ਸਰਧਾਲੂਆਂ ਅਤੇ ਯਾਤਰੂਆਂ ਦੀ ਸਹੂਲਤ ਲਈ ਬਣਾਈਆ ਗਈਆ ਹਨ, ਉਹ ਸਹੀ ਢੰਗ ਨਾਲ ਸਹੀ ਸਮੇਂ ਤੇ ਉਨ੍ਹਾਂ ਨੂੰ ਨਾ ਦੇ ਕੇ ਆਪਣੀਆ ਐਯਾਸੀਆ ਅਤੇ ਗਲਤ ਕੰਮਾਂ ਲਈ ਦੁਰਵਰਤੋਂ ਕੀਤੀ ਜਾਂਦੀ ਆ ਰਹੀ ਹੈ । ਜਿਸ ਨਾਲ ਸਿੱਖ ਕੌਮ ਦੀ ਸਤਿਕਾਰ ਅਤੇ ਸਥਿਤੀ ਨੂੰ ਹਾਸੋਹੀਣੀ ਬਣਾਉਣ ਅਤੇ ਸਿੱਖਾਂ ਦੇ ਕਿਰਦਾਰ ਨੂੰ ਦਾਗੀ ਕਰਨ ਵਿਚ ਐਸ.ਜੀ.ਪੀ.ਸੀ. ਦੇ ਅਧਿਕਾਰੀ ਕੋਈ ਕਸਰ ਬਾਕੀ ਨਹੀਂ ਛੱਡ ਰਹੇ ।

ਜਿਨ੍ਹਾਂ ਮਹਾਨ ਪੰਜ ਤਖ਼ਤਾਂ ਤੋਂ ਮਨੁੱਖਤਾ ਪੱਖੀ ਸੰਦੇਸ਼ ਸਮੇਂ-ਸਮੇਂ ਤੇ ਜਾਰੀ ਹੁੰਦੇ ਹਨ, ਉਥੇ ਆਪਣੇ ਬੰਦ ਲਿਫਾਫਿਆ ਵਿਚੋਂ ਕੱਢੇ ਗਏ ਅਤੇ ਗੈਰ-ਨਿਯਮਾਂ, ਅਨੁਸਾਰ ਨਿਯੁਕਤ ਕੀਤੇ ਗਏ ਜਥੇਦਾਰ ਸਾਹਿਬਾਨਾਂ ਦੇ ਉੱਚ ਰੁਤਬਿਆ ਦੀ ਦੁਰਵਰਤੋਂ ਕਰਕੇ ਆਪਣੇ ਵਿਰੋਧੀਆਂ ਨੂੰ ਦਾਗੀ ਕਰਨ ਅਤੇ ਸਿੱਖ ਵਿਰੋਧੀ ਤਾਕਤਾਂ ਆਰ.ਐਸ.ਐਸ, ਬੀਜੇਪੀ, ਕਾਂਗਰਸ ਆਦਿ ਨਾਲ ਸੰਬੰਧਤ ਆਗੂਆਂ ਨੂੰ ਖੁਸ਼ ਕਰਨ ਲਈ ਹੁਕਮਨਾਮੇ ਜਾਰੀ ਕਰਵਾਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੇ ਮਹਾਨ ਤਖ਼ਤ ਦੇ ਮਾਣ-ਸਨਮਾਨ ਅਤੇ ਮਰਿਯਾਦਾਵਾਂ ਨੂੰ ਖੁਦ ਪ੍ਰਬੰਧਕਾਂ ਅਤੇ ਅਹੁਦੇਦਾਰਾਂ ਵੱਲੋਂ ਢਾਹ ਲਗਵਾਈ ਜਾ ਰਹੀ ਹੈ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਸਮੁੱਚੀ ਦੁਨੀਆਂ ਦੇ ਜੀਵਤ ਗੁਰੂ ਹਨ, ਉਨ੍ਹਾਂ ਦੇ ਪਵਿੱਤਰ ਅੰਗਾਂ ਨੂੰ ਡੂੰਘੀਆਂ ਸਾਜਿ਼ਸਾਂ ਅਧੀਨ ਨਾਲੀਆ, ਰੂੜੀਆਂ ਅਤੇ ਸੜਕਾਂ ਵਿਚ ਖਿਲਾਰਕੇ ਜਾ ਉਨ੍ਹਾਂ ਦਾ ਅਪਮਾਨ ਕਰਕੇ ਸਮੁੱਚੀ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਵਲੂੰਧਰਿਆ ਜਾ ਰਿਹਾ ਹੈ । ਡੇਰਾ ਸਿਰਸੇ ਵਾਲੇ ਸਾਧ ਜਿਸਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਕੇ ਸਿੱਖ ਮਨਾਂ ਨੂੰ ਠੇਸ ਪਹੁੰਚਾਈ, ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਤੋਂ ਬਿਨ੍ਹਾਂ ਅਤੇ ਆਪਣਾ ਮੁਆਫ਼ੀਨਾਮਾ ਭੇਜਣ ਤੋਂ ਬਿਨ੍ਹਾਂ ਮੁਆਫੀਨਾਮਾਂ ਦਿਵਾਕੇ ਸਿੱਖ ਕੌਮ ਤੇ ਪਹਿਲੇ ਹੀ ਬੁਰੀ ਤਰ੍ਹਾਂ ਜਖ਼ਮੀ ਹੋਏ ਮਨਾਂ ਨੂੰ ਵਲੂੰਧਰਿਆ ਗਿਆ ਹੈ । ਕਾਬਜ ਸਿਆਸਤਦਾਨ ਸ. ਬਾਦਲ ਅਤੇ ਬਾਦਲ ਪਰਿਵਾਰ ਆਪਣੇ ਆਪ ਨੂੰ ਇਸ ਮਹਾਨ ਸੰਸਥਾਂ ਤੋਂ ਫਖ਼ਰ-ਏ-ਕੌਮ ਦੇ ਸਨਮਾਨਾਂ ਦਾ ਐਲਾਨ ਕਰਵਾਕੇ ਇਸ ਮਹਾਨ ਸੰਸਥਾਂ ਦੀ ਨਿਰਪੱਖਤਾ ਅਤੇ ਮਹੱਤਤਾ ਉਤੇ ਵੱਡੇ ਪ੍ਰਸ਼ਨ ਚਿੰਨ੍ਹ ਲਗਾਉਣ ਦੀ ਗੁਸਤਾਖੀ ਕੀਤੀ ਜਾਂਦੀ ਆ ਰਹੀ ਹੈ ।

ਹੁਣ ਤਾਂ ਸਿਰੇ ਦੀ ਹੱਦ ਹੋ ਗਈ ਹੈ ਕਿ ਗੁਰੂ ਮਰਿਯਾਦਾਵਾਂ ਦਾ ਘੋਰ ਉਲੰਘਣ ਕਰਕੇ ਸੈਕੜਿਆ ਦੀ ਗਿਣਤੀ ਵਿਚ ਬਿਨ੍ਹਾਂ ਕਿਸੇ ਰਿਕਾਰਡ ਉਤੇ ਦਰਜ ਕੀਤਿਆ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਅਤੇ ਅਹੁਦੇਦਾਰਾਂ ਵੱਲੋਂ ਭੇਜੀਆ ਜਾਂ ਰਹੀਆ ਪਰਚੀਆ ਉਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਪਤਾ ਨਹੀਂ ਕਿਸ ਮੰਦਭਾਵਨਾ ਭਰੇ ਮਕਸਦ, ਕਿਸ ਰਾਹੀ ਕਿਹੜੇ ਸਥਾਨ ਤੇ ਕਿਨ੍ਹਾਂ ਨੂੰ ਇਸ ਸਰੂਪ ਸਪੁਰਦ ਕੀਤੇ ਜਾ ਰਹੇ ਹਨ, ਕੋਈ ਜਾਣਾਕਰੀ ਨਹੀਂ ? ਮਰਿਯਾਦਾ ਉਤੇ ਕਿਸ ਤਰ੍ਹਾਂ ਦਾ ਅਮਲ ਨਹੀਂ । ਐਸ.ਜੀ.ਪੀ.ਸੀ. ਦੀ ਪ੍ਰੈਸ ਵਿਚ ਜਿਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਬਾਣੀ ਦੇ ਅੰਗ ਪ੍ਰਕਾਸ਼ ਕੀਤੇ ਜਾ ਰਹੇ ਹਨ, ਉਥੇ ਮਰਿਯਾਦਾ ਦੀ ਘੋਰ ਉਲੰਘਣਾ ਕਰਦੇ ਹੋਏ ਘੋਣੇ-ਮੋਨੇ, ਨਸ਼ੀਲੀਆਂ ਵਸਤੂਆਂ ਦਾ ਸੇਵਨ ਕਰਨ ਵਾਲੇ ਮਜ਼ਦੂਰਾਂ ਤੋਂ ਇਹ ਕੰਮ ਕਰਵਾਇਆ ਜਾ ਰਿਹਾ ਹੈ । 2016 ਤੋਂ ਲੈਕੇ ਅੱਜ ਤੱਕ ਕੇਵਲ 328 ਪਾਵਨ ਸਰੂਪ ਹੀ ਨਹੀਂ ਬਲਕਿ 453 ਅਤੇ ਬਾਹਰਲੇ ਮੁਲਕ ਕੈਨੇਡਾ ਵਿਚ ਭੇਜੇ ਗਏ 450 ਪਾਵਨ ਸਰੂਪਾਂ ਨੂੰ ਮਰਿਯਾਦਾਵਾਂ ਦਾ ਉਲੰਘਣ ਕਰਕੇ ਗੁਪਤ ਰੂਪ ਵਿਚ ਭੇਜੇ ਵੀ ਗਏ ਅਤੇ ਉਨ੍ਹਾਂ ਦਾ ਅਪਮਾਨ ਵੀ ਕੀਤਾ ਗਿਆ । ਜਿਨ੍ਹਾਂ ਐਸ.ਜੀ.ਪੀ.ਸੀ. ਦੇ ਅਹੁਦੇਦਾਰਾਂ, ਅਧਿਕਾਰੀਆਂ ਨੇ ਇਹ ਬਜਰ ਗੁਸਤਾਖੀ ਸਭ ਕੁਝ ਜਾਣਦੇ ਹੋਏ ਵੀ ਕੀਤੀ ਹੈ ਅਤੇ ਜੋ ਆਪਣੇ ਵੱਲੋਂ ਹੀ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ਰਾਹੀ ਦੋਸ਼ੀ ਪਾਏ ਗਏ ਹਨ, ਉਨ੍ਹਾਂ ਵਿਰੁੱਧ ਫੌਜ਼ਦਾਰੀ ਕੇਸ ਅਧੀਨ ਐਫ.ਆਈ.ਆਰ. ਦਰਜ ਕਰਨ ਦੀ ਪਹਿਲੇ 27 ਅਗਸਤ 2020 ਨੂੰ ਫੈਸਲਾ ਕਰ ਦਿੱਤਾ ਗਿਆ ਅਤੇ 6 ਦਿਨ ਬਾਅਦ ਆਪਣੇ ਇਸੇ ਅਗਜੈਕਟਿਵ ਦੇ ਫੈਸਲੇ ਤੋਂ ਮੁਨਕਰ ਹੋ ਕੇ ਖੁਦ ਵਿਭਾਗੀ ਕਾਰਵਾਈ ਕਰਨ ਦੀ ਗੱਲ ਕਹੀ ਗਈ । ਕਿਉਂਕਿ ਜਿਨ੍ਹਾਂ ਅਧਿਕਾਰੀਆਂ ਨੂੰ ਜਾਂਚ ਕਮੇਟੀ ਨੇ ਦੋਸ਼ੀ ਠਹਿਰਾਇਆ ਸੀ, ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਹੋਣ ਦੀ ਬਦੌਲਤ ਉਪਰੋਕਤ ਸਭ ਤਰ੍ਹਾਂ ਦੇ ਹੋਣ ਵਾਲੇ ਘਪਲਿਆ, ਰਿਸਵਤਖੋਰੀ ਅਤੇ ਅਲੋਪ ਹੋ ਚੁੱਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਲਈ ਇਨ੍ਹਾਂ ਪਿੱਛੋ ਹਦਾਇਤਾਂ ਕਰਨ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਖ਼ਾਲਸਾ ਪੰਥ ਵਿਚੋਂ ਦੋਸ਼ੀ ਸਾਬਤ ਹੋ ਕੇ ਸਾਹਮਣੇ ਆਉਣੇ ਸੀ । ਇਹੀ ਵਜਹ ਹੈ ਕਿ ਐਸ.ਜੀ.ਪੀ.ਸੀ. ਦੀ ਅਗਜੈਕਟਿਵ ਦੇ ਉਪਰੋਕਤ 27 ਅਗਸਤ ਵਾਲੇ ਫੈਸਲੇ ਤੋਂ ਪੂਰਨ ਰੂਪ ਵਿਚ ਮੁਨਕਰ ਹੋਇਆ ਗਿਆ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਅਲੋਪ ਹੋਣ ਅਤੇ ਅਪਮਾਨਿਤ ਹੋਣ ਦੀਆਂ ਕਾਰਵਾਈਆ ਦੇ ਦੋਸ਼ੀਆਂ ਨੂੰ ਮੁਆਫ਼ ਕਰਨਯੋਗ ਨਹੀਂ ਹਨ । ਫਿਰ ਅਜਿਹੇ ਅਹੁਦੇਦਾਰ ਅਤੇ ਅਧਿਕਾਰੀਆਂ ਕੋਲ ਕੀ ਹੱਕ ਰਹਿ ਜਾਂਦਾ ਹੈ ਕਿ ਉਹ ਜ਼ਬਰੀ ਆਪਣੇ ਅਹੁਦਿਆ ਨਾਲ ਚਿੰਬੜੇ ਰਹਿਣ ?

ਫਿਰ ਬੀਤੇ ਲੰਮੇ ਸਮੇਂ ਤੋਂ ਇਸ ਐਸ.ਜੀ.ਪੀ.ਸੀ. ਦੀ ਮਹਾਨ ਸੰਸਥਾਂ ਤੇ ਕਾਬਜ ਹੋਏ ਸਿਆਸਤਦਾਨ ਅਤੇ ਅਧਿਕਾਰੀ ਇਸ ਮਹਾਨ ਸੰਸਥਾਂ ਦੀ ਜਮਹੂਰੀਅਤ ਢੰਗ ਨਾਲ ਸਹੀ ਸਮੇਂ ਤੇ ਜਰਨਲ ਚੋਣਾਂ ਕਰਵਾਉਣ ਦੀ ਨਾ ਤਾਂ ਲਿਖਤੀ ਮੰਗ ਕਰ ਰਹੇ ਹਨ ਅਤੇ ਨਾ ਹੀ ਸਿੱਖ ਕੌਮ ਤੋਂ ਮੁੜ ਤੋਂ ਫਤਬਾ ਲੈਣ ਤੋਂ ਸਹਿਮਤ ਹਨ । ਕਿਉਂਕਿ ਇਹ ਗੈਰ ਸਿਧਾਤਹੀਣ ਸਿਆਸਤਦਾਨ ਅਤੇ ਅਧਿਕਾਰੀ ਇਸੇ ਤਰ੍ਹਾਂ ਗੈਰ ਜਮਹੂਰੀਅਤ ਅਤੇ ਗੈਰ ਕਾਨੂੰਨੀ ਤਰੀਕੇ ਆਪਣੇ ਗੈਰ ਇਖਲਾਕੀ ਕੰਮਾਂ ਨੂੰ ਅਤੇ ਐਸ.ਜੀ.ਪੀ.ਸੀ. ਦੀ ਸੰਸਥਾਂ ਦੀ ਦੁਰਵਰਤੋਂ ਕਰਨ ਨੂੰ ਚੱਲਦਾ ਰੱਖਣਾ ਚਾਹੁੰਦੇ ਹਨ । ਇਸ ਸੰਸਥਾਂ ਰਾਹੀ ਅਤੇ ਇਨ੍ਹਾਂ ਲੋਕਾਂ ਰਾਹੀ ਆਰ.ਐਸ.ਐਸ. ਅਤੇ ਹੋਰ ਪੰਥ ਵਿਰੋਧੀ ਤਾਕਤਾਂ ਆਪਣੇ ਸਿੱਖ ਵਿਰੋਧੀ ਮੰਦਭਾਵਨਾ ਭਰੇ ਮਨਸੂਬਿਆ ਨੂੰ ਨਿਰੰਤਰ ਇਤਿਹਾਸ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਬਾਣੀ ਆਦਿ ਨੂੰ ਬਦਲਕੇ ਪੂਰਨ ਕਰਦੇ ਆ ਰਹੇ ਹਨ । ਬਾਦਲ ਪਰਿਵਾਰ ਅਤੇ ਗੈਰ ਇਖਲਾਕੀ ਅਧਿਕਾਰੀਆਂ ਨੂੰ ਆਰ.ਐਸ.ਐਸ. ਅਤੇ ਪੰਥ ਵਿਰੋਧੀ ਤਾਕਤਾਂ ਨੇ ਆਪਣੇ ਹੱਥਠੋਕੇ ਬਣਾਇਆ ਹੋਇਆ ਹੈ । ਕਿਉਂਕਿ ਇਹ ਐਸ.ਜੀ.ਪੀ.ਸੀ. ਦੇ ਅਧਿਕਾਰੀ ਅਤੇ ਬਾਦਲ ਪਰਿਵਾਰ ਅਜਿਹਾ ਕਰਕੇ ਆਪਣੇ ਸਿਆਸੀ ਅਤੇ ਪਰਿਵਾਰਿਕ ਮੁਫਾਦਾ ਦੀ ਪੂਰਤੀ ਕਰਦੇ ਆ ਰਹੇ ਹਨ । ਜਿਨ੍ਹਾਂ ਨੇ ਇਸ ਮਹਾਨ ਸੰਸਥਾਂ ਦੇ ਮਕਸਦ ਅਤੇ ਇਖਲਾਕੀ ਸੋਚ ਨੂੰ ਦਾਗੋ-ਦਾਗ ਕਰ ਦਿੱਤਾ ਹੈ । ਅਜਿਹੇ ਦਾਗੋ-ਦਾਗ ਹੋਏ ਪ੍ਰਬੰਧ ਵਿਚ ਮੌਜੂਦਾ ਐਸ.ਜੀ.ਪੀ.ਸੀ. ਦੀ ਅਗਜੈਕਟਿਵ ਅਤੇ ਸਮੁੱਚੇ ਮੈਬਰਾਂ ਵੱਲੋਂ ਮੈਬਰ ਬਣੇ ਰਹਿਣ ਅਤੇ ਇਸ ਦੋਸ਼ਪੂਰਨ ਪ੍ਰਬੰਧ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਅਤੇ ਸਿੱਖ ਕੌਮ ਦੀ ਬਦਨਾਮੀ ਕਰਵਾਉਣ ਦੀ ਕੋਈ ਤੁੱਕ ਨਹੀਂ ਬਣਦੀ । ਇਸ ਸਮੇਂ ਸਮੁੱਚੇ ਸਤਿਕਾਰਯੋਗ ਐਸ.ਜੀ.ਪੀ.ਸੀ. ਮੈਂਬਰ ਜੋ ਬਾਦਲ ਪਰਿਵਾਰ ਅਤੇ ਅਗਜੈਕਟਿਵ ਦੇ ਗੈਰ-ਇਖਲਾਕੀ ਕੰਮਾਂ ਤੋਂ ਸੰਤੁਸਟ ਨਹੀਂ ਹਨ ਅਤੇ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਲੋਪ ਅਤੇ ਅਪਮਾਨਿਤ ਹੋਣ ਤੋਂ ਪੀੜ੍ਹਤ ਹਨ, ਉਨ੍ਹਾਂ ਸਮੁੱਚੇ ਸਤਿਕਾਰਯੋਗ ਮੈਬਰਾਨ ਨੂੰ ਆਪੋ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣਕੇ ਇਸ ਦੋਸ਼ਪੂਰਨ ਪ੍ਰਣਾਲੀ ਨੂੰ ਖਤਮ ਕਰਨ ਦੀ ਜਿ਼ੰਮੇਵਾਰੀ ਨਹੀਂ ਨਿਭਾਉਦੇ ਤਾਂ ਇਹ ਸਮਝਿਆ ਜਾਵੇਗਾ ਕਿ ਇਸ ਦੋਸ਼ਪੂਰਨ ਪ੍ਰਬੰਧ ਨੂੰ ਜਾਰੀ ਰੱਖਣ ਲਈ ਸਾਰੇ ਐਸ.ਜੀ.ਪੀ.ਸੀ. ਮੈਬਰ ਬਾਦਲ ਪਰਿਵਾਰ ਦੀ ਤਰ੍ਹਾਂ ਦੋਸ਼ੀ ਹਨ । ਜੇਕਰ ਐਸ.ਜੀ.ਪੀ.ਸੀ. ਮੈਬਰ ਅਜੇ ਵੀ ਆਪਣੀ ਜਮੀਰ ਅਨੁਸਾਰ ਉਦਮ ਨਹੀਂ ਕਰਦੇ ਤਾਂ ਉਹ ਵੀ ਸਮੁੱਚੇ ਬਾਦਲ ਪਰਿਵਾਰ, ਅਗਜੈਕਟਿਵ ਮੈਬਰਾਂ ਅਤੇ ਅਧਿਕਾਰੀਆਂ ਦੀ ਤਰ੍ਹਾਂ ਸਿੱਖ ਕੌਮ ਵਿਚ ਦੋਸ਼ੀ ਮੰਨੇ ਜਾਣਗੇ । ਇਸ ਲਈ ਜਾਗਦੀ ਜਮੀਰ ਵਾਲੇ ਐਸ.ਜੀ.ਪੀ.ਸੀ. ਮੈਬਰਾਨ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਥਕ ਜਥੇਬੰਦੀਆਂ ਵੱਲੋਂ ਅਤੇ ਸਮੁੱਚੀ ਸਿੱਖ ਕੌਮ ਵੱਲੋਂ ਇਹ ਸੰਜ਼ੀਦਾ ਅਪੀਲ ਹੈ ਕਿ ਉਹ ਐਸ.ਜੀ.ਪੀ.ਸੀ. ਦੇ ਪ੍ਰਬੰਧ ਵਿਚ ਆਈਆ ਵੱਡੀਆਂ ਖਾਮੀਆ ਨੂੰ ਦੂਰ ਕਰਨ ਹਿੱਤ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੈਕੜਿਆ ਦੇ ਰੂਪ ਵਿਚ ਅਲੋਪ ਹੋਣ ਅਤੇ ਅਪਮਾਨਿਤ ਹੋਣ ਦੇ ਅਤਿ ਸੰਜ਼ੀਦਾ ਮੁੱਦੇ ਨੂੰ ਮੁੱਖ ਰੱਖਕੇ ਪੰਥਕ ਜਥੇਬੰਦੀਆਂ ਵੱਲੋਂ ਜੋ 17 ਸਤੰਬਰ 2020 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਿਲ ਬੈਠਕੇ ਸਾਂਝੀਆ ਵਿਚਾਰਾਂ ਕਰਦੇ ਹੋਏ ਸਰਬਸੰਮਤੀ ਨਾਲ, ਐਸ.ਜੀ.ਪੀ.ਸੀ. ਦੇ 27 ਅਗਸਤ ਦੇ ਹੋਏ ਫੈਸਲੇ ਅਨੁਸਾਰ ਸਮੁੱਚੀ ਅਗਜੈਕਟਿਵ ਜਿਸ ਵਿਚ ਪ੍ਰਧਾਨ, ਮੀਤ ਪ੍ਰਧਾਨ, ਜਰਨਲ ਸਕੱਤਰ ਅਤੇ ਹੋਰ ਆਉਦੇ ਹਨ, ਉਨ੍ਹਾਂ ਉਤੇ ਤੁਰੰਤ ਫ਼ੌਜਦਾਰੀ ਮੁੱਕਦਮੇ ਦਰਜ ਕਰਦੇ ਹੋਏ ਐਫ.ਆਈ.ਆਰ. ਦਰਜ ਹੋਵੇ । ਦੂਸਰਾ ਸਮੁੱਚੀ ਦੋਸ਼ੀ ਅਗਜੈਕਟਿਵ ਅਤੇ ਅਧਿਕਾਰੀਆਂ ਨੂੰ ਤੁਰੰਤ ਉਨ੍ਹਾਂ ਦੀਆਂ ਸੇਵਾਵਾਂ ਤੋਂ ਸਦਾ ਲਈ ਬਰਖਾਸਤ ਕੀਤਾ ਜਾਵੇ ਜਾਂ ਉਹ ਖੁਦ ਹੀ ਕੌਮੀ ਭਾਵਨਾ ਅਨੁਸਾਰ ਅਸਤੀਫੇ ਦੇਣ । ਤੀਸਰਾ ਸ. ਈਸਰ ਸਿੰਘ ਐਡਵੋਕੇਟ ਦੀ ਜਾਂਚ ਕਮੇਟੀ ਵੱਲੋਂ ਜੋ 1000 ਪੰਨੇ ਦੀ ਜਾਂਚ ਰਿਪੋਰਟ ਨੂੰ ਪ੍ਰਕਾਸਿ਼ਤ ਕਰਕੇ ਖ਼ਾਲਸਾ ਪੰਥ ਵਿਚ ਵੰਡਿਆ ਜਾਵੇ । ਜੋ ਅਧਿਕਾਰੀ ਉਪਰੋਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਸੰਬੰਧੀ ਦੋਸ਼ੀ ਸਾਹਮਣੇ ਆਏ ਹਨ, ਉਨ੍ਹਾਂ ਵਿਰੁੱਧ ਫੋਰੀ ਕਾਨੂੰਨੀ ਕਾਰਵਾਈ ਸੁਰੂ ਕਰਦੇ ਹੋਏ ਗ੍ਰਿਫ਼ਤਾਰੀਆਂ ਕਰਦੇ ਹੋਏ ਨਤੀਜੇ ਤੇ ਪਹੁੰਚਿਆ ਜਾਵੇ ਅਤੇ ਇਸ ਸਾਰੇ ਦਰਦ ਭਰੇ ਦੁਖਾਂਤ ਪਿੱਛੇ ਜੋ ਅਸਲ ਵਿਚ ਸਿਆਸਤਦਾਨ ਹਨ, ਉਨ੍ਹਾਂ ਦੇ ਕਰੂਪ ਚਿਹਰਿਆ ਨੂੰ ਖ਼ਾਲਸਾ ਪੰਥ ਦੇ ਸਾਹਮਣੇ ਲਿਆਉਦੇ ਹੋਏ ਸਦਾ ਲਈ ਉਨ੍ਹਾਂ ਨਾਲ ਖ਼ਾਲਸਾ ਪੰਥ ਦੀ ਸਾਂਝ ਤੋਂ ਵਿਰਵੇ ਕੀਤਾ ਜਾਵੇ ।

ਸ. ਪ੍ਰਕਾਸ਼ ਸਿੰਘ ਬਾਦਲ, ਬਾਦਲ ਪਰਿਵਾਰ, 11 ਮੈਬਰੀ ਐਸ.ਜੀ.ਪੀ.ਸੀ. ਅੰਤਰਿਗ ਕਮੇਟੀ ਅਤੇ ਹੋਰ ਅਧਿਕਾਰੀ ਇਸ ਵੱਡੇ ਦੁਖਾਂਤ ਲਈ ਦੋਸ਼ੀ ਹਨ ਅਤੇ ਜਿ਼ੰਮੇਵਾਰ ਹਨ । ਪਰ ਜੇਕਰ ਆਪ ਸਭ ਐਸ.ਜੀ.ਪੀ.ਸੀ. ਮੈਬਰ ਇਸ ਸਮੇਂ ਆਪਣੀ ਇਖਲਾਕੀ ਜਿ਼ੰਮੇਵਾਰੀ ਸਮਝਦੇ ਹੋਏ ਇਸ ਦੋਸ਼ਪੂਰਨ ਅਤੇ ਸਿੱਖ ਕੌਮ ਦੇ ਕਿਰਦਾਰ ਨੂੰ ਦਾਗੀ ਕਰਨ ਵਾਲੀ ਪ੍ਰਕਿਰਿਆ ਅਤੇ ਪ੍ਰਣਾਲੀ ਵਿਰੁੱਧ ਆਪਣੀ ਜਮੀਰ ਅਨੁਸਾਰ ਆਵਾਜ਼ ਨਹੀਂ ਉਠਾਉਦੇ ਅਤੇ ਆਪੋ ਆਪਣੇ ਇਖਲਾਕੀ ਤੌਰ ਤੇ ਅਸਤੀਫੇ ਦੇ ਕੇ ਇਸ ਆਰ.ਐਸ.ਐਸ. ਅਤੇ ਫਿਰਕੂ ਜਮਾਤਾਂ ਦੇ ਦਿਸ਼ਾ ਨਿਰਦੇਸ਼ਾਂ ਉਤੇ ਚੱਲ ਰਹੇ ਪ੍ਰਬੰਧ ਨੂੰ ਚੁਣੋਤੀ ਨਹੀਂ ਦਿੰਦੇ ਤਾਂ ਆਪ ਜੀ ਵੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੀ ਤਰ੍ਹਾਂ ਸਿੱਖ ਕੌਮ ਦੇ ਦੋਸ਼ੀ ਬਣ ਜਾਵੋਗੇ । ਇਸ ਲਈ ਜਦੋਂ ਗੁਰੂ ਸਾਹਿਬਾਨ ਜੀ ਦੇ ਪਾਵਨ ਸਰੂਪਾਂ ਦੀ ਹੋਈ ਬੇਅਦਬੀ ਅਤੇ ਅਲੋਪਤਾ ਦੀ ਬਜਰ ਗੁਨਾਹ ਸਾਹਮਣੇ ਆ ਚੁੱਕਾ ਹੈ ਅਤੇ ਇਸ ਪ੍ਰਬੰਧ ਵਿਚ ਵੱਡੀਆਂ ਖਾਮੀਆਂ ਦੀ ਬਦੌਲਤ ਤਹਿਸ-ਨਹਿਸ ਹੋ ਚੁੱਕਾ ਹੈ ਤਾਂ ਆਪ ਜੀ ਸਭ ਮੈਬਰਾਨ ਦਾ ਇਹ ਇਖਲਾਕੀ ਅਤੇ ਧਰਮੀ ਫਰਜ ਬਣ ਜਾਂਦਾ ਹੈ ਕਿ ਇਸ ਦੋਸ਼ਪੂਰਨ ਪ੍ਰਬੰਧ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਡੇ ਪੱਧਰ ਤੇ ਹੋਈਆ ਬੇਅਦਬੀਆਂ ਨੂੰ ਮੁੱਖ ਰੱਖਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਸੁਰੂ ਕੀਤੇ ਗਏ ਕੌਮੀ ਪ੍ਰੋਗਰਾਮ ਨੂੰ ਹਰ ਤਰ੍ਹਾਂ ਸਹਿਯੋਗ ਵੀ ਦੇਣ ਅਤੇ ਰੋਸ਼ ਵੱਜੋ ਆਪੋ ਆਪਣੀ ਮੈਬਰੀ ਤੋਂ ਅਸਤੀਫੇ ਦੇ ਕੇ ਇਸ ਮਹਾਨ ਸੰਸਥਾਂ ਉਤੇ ਗੈਰ ਕਾਨੂੰਨੀ ਢੰਗ ਨਾਲ ਕਾਬਜ ਹੋਏ ਬਾਦਲ ਪਰਿਵਾਰ ਦੇ ਸਿਆਸੀ ਕਬਜੇ ਨੂੰ ਖਤਮ ਕਰਵਾਉਦੇ ਹੋਏ ਇਸ ਸੰਸਥਾਂ ਦੀ ਬੀਤੇ 4 ਸਾਲਾਂ ਤੋਂ ਪੈਡਿੰਗ ਪਈ ਜਰਨਲ ਚੋਣ ਕਰਵਾਉਣ ਲਈ ਸੈਟਰ ਦੀ ਮੋਦੀ ਹਕੂਮਤ ਤੇ ਦਬਾਅ ਵੀ ਪਾਉਣ ਅਤੇ ਸਿੱਖ ਕੌਮ ਨੂੰ ਇਸ ਮਹਾਨ ਸੰਸਥਾਂ ਦੇ ਪ੍ਰਬੰਧ ਲਈ ਫਿਰ ਤੋਂ ਫਤਵਾ ਦੇਣ ਦਾ ਉਸਾਰੂ ਅਤੇ ਜਮਹੂਰੀਅਤ ਪੱਖੀ ਮਾਹੌਲ ਸਿਰਜਣ ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਸਮੁੱਚੀ ਸਿੱਖ ਕੌਮ ਅੱਜ ਮਿਤੀ 28 ਸਤੰਬਰ 2020 ਨੂੰ ਸ੍ਰੀ ਅੰਮ੍ਰਿਤਸਰ, ਦਰਬਾਰ ਸਾਹਿਬ ਵਿਖੇ ਐਸ.ਜੀ.ਪੀ.ਸੀ. ਦੇ ਹੋ ਰਹੇ ਬਜਟ ਇਜਲਾਸ ਵਿਚ ਸਾਮਲ ਹੋਏ ਸਮੁੱਚੇ ਅਗਜੈਕਟਿਵ ਮੈਬਰਾਂ ਅਤੇ ਬਾਕੀ ਸਮੂਹ ਐਸ.ਜੀ.ਪੀ.ਸੀ. ਮੈਬਰਾਨ ਤੋਂ ਇਹ ਉਮੀਦ ਕਰਦੇ ਹਾਂ ਕਿ ਐਸ.ਜੀ.ਪੀ.ਸੀ. ਦੀ ਮਹਾਨ ਸੰਸਥਾਂ ਵਿਚ ਆਈਆ ਵੱਡੀਆ ਗਿਰਾਵਟਾਂ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੈਕੜਿਆ ਦੀ ਗਿਣਤੀ ਵਿਚ ਪਾਵਨ ਸਰੂਪਾਂ ਦੇ ਅਲੋਪ ਹੋਣ ਅਤੇ ਅਪਮਾਨਿਤ ਹੋਣ ਦੇ ਸੰਜ਼ੀਦਾ ਮੁੱਦੇ ਨੂੰ ਮੁੱਖ ਰੱਖਕੇ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਆਪ ਸਭ ਆਪੋ ਆਪਣੇ ਗੈਰ ਕਾਨੂੰਨੀ ਅਹੁਦਿਆ ਤੋਂ ਅਸਤੀਫੇ ਦੇ ਕੇ ਅਤੇ ਜੋ ਅਹੁਦੇਦਾਰ ਦੋਸ਼ੀ ਹਨ ਉਹ ਆਪਣੀ ਆਤਮਾ ਅਤੇ ਜਮੀਰ ਤੋਂ ਇਹ ਪ੍ਰਵਾਨਗੀ ਲੈਕੇ ਅਗਲੇਰੀ ਕਾਨੂੰਨੀ ਕਾਰਵਾਈ ਨੂੰ ਸਹੀ ਢੰਗ ਨਾਲ ਚੱਲਣ ਹਿੱਤ ਅਤੇ ਇਸ ਮਹਾਨ ਸੰਸਥਾਂ ਦੀ ਜਰਨਲ ਚੋਣਾਂ ਹੋਣ ਲਈ ਆਪੋ-ਆਪਣੇ ਅਹੁਦਿਆ ਤੋਂ ਆਪਣੀ ਜਮੀਰ ਦੀ ਆਵਾਜ਼ ਅਨੁਸਾਰ ਅਸਤੀਫੇ ਦੇਣ ਦੀ ਜਿ਼ੰਮੇਵਾਰੀ ਵੀ ਪੂਰਨ ਕਰੋਗੇ ਅਤੇ ਪੰਥਕ ਜਥੇਬੰਦੀਆਂ ਵੱਲੋਂ ਇਨਸਾਫ਼ ਪ੍ਰਾਪਤੀ ਲਈ ਵਿੱਢੇ ਗਏ ਜਮਹੂਰੀਅਤ ਪੱਖੀ ਸੰਘਰਸ਼ ਨੂੰ ਤਨੋ-ਮਨੋ-ਧਨੋ ਸਹਿਯੋਗ ਕਰਕੇ ਜਿਥੇ ਆਪਣੀ ਆਤਮਾ ਨੂੰ ਸਰੁਖਰ ਕਰੋਗੇ, ਉਥੇ ਉਸ ਅਕਾਲ ਪੁਰਖ ਦੀ ਦਰਗਾਹ ਵਿਚ ਆਪੋ ਆਪਣੀ ਆਤਮਾਵਾਂ ਨੂੰ ਪੇਸ਼ ਕਰਨ ਦੇ ਕਾਬਲ ਵੀ ਬਣਾ ਲਵੋਗੇ ਅਤੇ ਪੰਥ ਦੀ ਵਿਗੜੀ ਨੂੰ ਸਹੀ ਕਰਨ ਵਿਚ ਬਣੀ ਭੂਮਿਕਾ ਨਿਭਾਉਗੇ । ਸਮੁੱਚਾ ਖ਼ਾਲਸਾ ਪੰਥ ਅਤੇ ਪੰਥਕ ਜਥੇਬੰਦੀਆਂ ਆਪ ਜੀ ਦੀਆਂ ਤਹਿ ਦਿਲੋਂ ਧੰਨਵਾਦੀ ਹੋਣਗੀਆ ।

ਗੁਰੂਘਰ ਤੇ ਪੰਥ ਦੇ ਦਾਸ,

ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।

ਸ. ਹਰਪਾਲ ਸਿੰਘ ਚੀਮਾਂ,
ਪ੍ਰਧਾਨ,
ਦਲ ਖ਼ਾਲਸਾ,

ਸ. ਗੁਰਦੀਪ ਸਿੰਘ ਬਠਿੰਡਾ,
ਪ੍ਰਧਾਨ,
ਯੂਨਾਈਟਿਡ ਅਕਾਲੀ ਦਲ

ਜਾਰੀ ਕਰਤਾ: ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਫੋਨ 9878344432, 9914940000, 9779499363, 9876072000, 9316159140

About The Author

Related posts

Leave a Reply

Your email address will not be published. Required fields are marked *