ਫਤਹਿਗੜ੍ਹ ਸਾਹਿਬ,13 ਫਰਵਰੀ ( ) “ਭਾਰਤ ਵੱਖ ਵੱਖ ਧਰਮਾਂ, ਕੌਮਾਂ, ਫਿਰਕਿਆਂ ਅਤੇ ਕਬੀਲਿਆਂ ਦਾ ਇਕ ਸਮੂਹ ਮੁਲਕ ਹੈ। ਜਿਸ ਦਾ ਵਿਧਾਨ ਇੱਥੇ ਵੱਸਣ ਵਾਲੀਆਂ ਵੱਖ ਵੱਖ ਕੌਮਾਂ ਅਤੇ ਧਰਮਾਂ ਦੇ ਨਿਵਾਸੀਆਂ ਅਤੇ ਇੱਥੋਂ ਦੇ ਨਾਗਰਿਕਾਂ ਨੂੰ ਵਿਧਾਨ ਦੀ ਧਾਰਾ 14, 19 ਅਤੇ 21 ਰਾਹੀਂ ਆਜ਼ਾਦੀ ਨਾਲ ਆਪੋ ਆਪਣਾ ਧਰਮ ਗ੍ਰਹਿਣ ਕਰਨ ਅਤੇ ਉਸ ਧਰਮ ਦੀਆਂ ਰਹੁ-ਰੀਤੀਆਂ ਦਾ ਪਾਲਣ ਕਰਨ, ਹਰ ਨਾਗਰਿਕ ਦੀ ਜਿੰਦਗੀ ਦੀ ਸੁਰੱਖਿਆ ਅਤੇ ਬਰਾਬਰੀ ਦੇ ਅਧਿਕਾਰ ਪ੍ਰਦਾਨ ਕਰਦੀਆਂ ਹਨ। ਪਰ ਬਹੁਤ ਦੁੱਖ ਅਤੇ ਅਫ਼ਸੋਸ ਹੈ ਕਿ ਯੋਗਾ ਗੁਰੁ ਬਾਬਾ ਰਾਮਦੇਵ ਅਤੇ ਆਰ ਐਸ ਐਸ ਦੇ ਮੌਜੂਦਾ ਮੁੱਖੀ ਸ਼੍ਰੀ ਮੋਹਨ ਭਗਵਤ ਵਰਗੇ ਫਿਰਕੂ ਅਤੇ ਹਿੰਦੂਤਵ ਸੋਚ ਵਾਲੇ ਆਗੂ ਨਿੱਤ ਦਿਹਾੜੇ ਇੱਥੇ ਨਫ਼ਰਤ ਭਰੀਆਂ ਬਿਆਨਬਾਜ਼ੀਆਂ ਕਰਕੇ ਅਤੇ ਇੱਥੇ ਵੱਸਣ ਵਾਲੀਆਂ ਕੌਮਾਂ ਅਤੇ ਧਰਮਾਂ ਉਤੇ ਜਬਰੀ ਹਿੰਦੂ ਫੈਸਲੇ ਠੋਸਣ ਦੇ ਅਮਲ ਕਰਕੇ ਇੱਥੋਂ ਦੀ ਜਮਹੂਰੀਅਤ ਪੱਖੀ ਅਤੇ ਅਮਨਮਈ ਪੱਖੀ ਮਹੌਲ ਨੂੰ ਅਤਿ ਵਿਸਫੋਟਕ ਹਾਲਾਤਾਂ ਵੱਲ ਵਧਾ ਰਹੇ ਹਨ। ਜਿਸ ਨਾਲ ਇੱਥੋਂ ਦੇ ਅਮਨ ਚੈਨ , ਕਾਨੂੰਨੀਂ ਵਿਵਸਥਾ ਤਹਿਤ ਨਹਿਸ ਹੋ ਕੇ ਰਹਿ ਜਾਵੇਗੀ। ਅਜਿਹੀ ਬਿਆਨਬਾਜ਼ੀ ਤੋਂ ਇਹ ਵੀ ਸਪੱਸ਼ਟ ਹੋ ਰਿਹਾ ਹੈ ਕਿ ਅਜਿਹੇ ਫਿਰਕੂ ਆਗੂਆਂ ਨੂੰ ਮੋਦੀ ਦੀ ਹਕੂਮਤ ਦੀ ਸਰਪ੍ਰਸਤੀ ਜਾਂ ਸ਼ਹਿ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜੋ ਕਿ ਹੋਰ ਵੀ ਅਤਿ ਖਤਰਨਾਕ ਵਰਤਾਰਾ ਹੋ ਰਿਹਾ ਹੈ। ਜੇਕਰ ਸ਼੍ਰੀ ਮੋਦੀ ਨੇ ਅਤੇ ਸੈਂਟਰ ਹਕੂਮਤ ਨੇ ਸਖ਼ਤੀ ਤੋਂ ਕੰਮ ਲੈਂਦੇ ਹੋਏ ਅਜਿਹੀ ਹਿੰਦੂ ਦਹਿਸ਼ਤਗਰਦੀ ਵਾਲੀਆਂ ਕਾਰਵਾਈਆਂ ਨੂੰ ਸਹੀ ਸਮੇਂ ‘ਤੇ ਕਾਬੂ ਨਾਂ ਕੀਤਾ ਤਾਂ ਭਾਰਤ ਵਿਚ ਵੱਖ ਵੱਖ ਕੌਮਾਂ, ਧਰਮਾਂ, ਫਿਰਕਿਆਂ ਵਿਚਕਾਰ ਕਤਲੇਆਮ ਹੋਣ ਜਾਂ ਦੰਗੇ ਫਸਾਦ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਿਸ ਦੇ ਨਤੀਜੇ ਕਦੀ ਵੀ ਹੁਕਮਰਾਨਾਂ ਲਈ ਅਤੇ ਇੱਥੋਂ ਦੇ ਅਮਨ-ਚੈਨ ਲਈ ਲਾਹੇਵੰਦ ਨਹੀਂ ਹੋ ਸਕਣਗੇ।”
ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਅੱਜ ਭਾਰਤ ਦੇ ਵਜੀਰੇ ਆਜ਼ਮ ਸ਼੍ਰੀ ਨਰਿੰਦਰ ਮੋਦੀ ਨੂੰ ਇਕ ਲਿਖੇ ਗਏ ਅਤੇ ਈਮੇਲ ਸੰਦੇਸ਼ ਰਾਹੀਂ ਭੇਜੇ ਗਏ ਇਕ ਪੱਤਰ ਵਿਚ ਇੱਥੋਂ ਦੇ ਬਣਦੇ ਜਾ ਰਹੇ ਵਿਸਫੋਟਕ ਹਾਲਾਤਾਂ ਤੋਂ ਸੁਚੇਤ ਕਰਨ ਦੇ ਨਾਲ ਨਾਲ ਅਜਿਹੇ ਹਿੰਦੂ ਦਹਿਸ਼ਤਗਰਦੀ ਵਰਗੀਆਂ ਕਾਰਵਾਈਆਂ ਕਰਨ ਵਾਲੇ ਆਗੂਆਂ ਉਤੇ ਸਖ਼ਤੀ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਅਤੇ ਆਪਣੀ ਮੋਦੀ ਹਕੂਮਤ ਦੇ ਸਮੇਂ ਦੇ ਪੂਰੇ ਪੰਜ ਸਾਲ ਕਰਨ ਵਾਲੇ ਹਾਲਾਤਾਂ ਨੂੰ ਕਾਇਮ ਰੱਖਣ ਦੀ ਗੁਜਾਰਿਸ਼ ਕਰਦੇ ਹੋਏ ਪ੍ਰਗਟ ਕੀਤੇ। ਸ਼ਮਾਨ ਨੇ ਆਪਣੇ ਇਸ ਪੱਤਰ ਵਿਚ ਸਿੱਖ ਕੌਮ ਦੀ ਵਿਲੱਖਣਤਾ, ਅਣਖੀਲਾਪਣ ਅਤੇ ਆਪਣੇ ਮਾਣ ਸਨਮਾਨ ਨੂੰ ਕਾਇਮ ਰੱਖਣ ਦੇ ਅਮਲਾਂ ਦੀ ਗੱਲ ਕਰਦੇ ਹੋਏ ਸ਼੍ਰੀ ਮੋਦੀ ਨੂੰ ਅਤੇ ਫਿਰਕੂ ਆਗੂਆਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੋ ਹਿੰਦੂ ਆਗੂ ਭਾਰਤ ਮਾਤਾ ਦੀ ਜੈ ਨਾਂ ਕਹਿਣ ਵਾਲਿਆਂ ਦੇ ਸਿਰ ਕਲਮ ਕਰ ਦੇਣ ਦੀ ਮਨੁੱਖਤਾ ਅਤੇ ਵਿਧਾਨ ਵਿਰੋਧੀ ਗੱਲ ਕਰ ਰਹੇ ਹਨ, ਜਾਂ ਫਿਰ ਵਿਚ ਪੈਦਾ ਹੋਣ ਵਾਲੇ ਹਰ ਨਿਵਾਸੀ ਨੂੰ ਜਬਰੀ ਹਿੰਦੂ ਐਲਾਨਣ ਦੀਆਂ ਅਸਫ਼ਲ ਕੋਸ਼ਿਸਾਂ ਕਰ ਰਹੇ ਹਨ, ਉਹਨਾਂ ਨੂੰ ਯਾਦ ਦਿਵਾਉਣਾ ਜਰੂਰੀ ਹੈ ਕਿ ਸਦੀਆਂ ਪਹਿਲਾਂ ਜਦੋਂ ਸ਼੍ਰੀ ਗੁਰੁ ਨਾਨਕ ਸਾਹਿਬ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ, ਤਾਂ ਉਹਨਾਂ ਨੇ ਆਪਣੇ ਮੁਖਾਰਬਿੰਦ ਤੋਂ “ਨਾ ਹਮ ਹਿੰਦੂ, ਨਾ ਮੁਸਲਮਾਨ” ਉਚਾਰ ਕੇ ਸਿੱਖ ਕੌਮ ਦੀ ਵਿਲੱਖਣਤਾ ਅਤੇ ਅਣਖੀਲੇਪਣ ਨੂੰ ਸਪੱਸ਼ਟ ਕਰ ਦਿੱਤਾ ਸੀ। ਇਸ ਲਈ ਜੇਕਰ ਕੋਈ ਹਿੰਦੂਤਵ ਆਗੂ ਜਾਂ ਸੈਂਟਰ ਦੀ ਮੋਦੀ ਹਕੂਮਤ ਸਿੱਖ ਕੌਮ ਨੂੰ ਗੁਲਾਮ ਬਣਾਉਣ ਜਾਂ ਉਹਨਾਂ ਉਤੇ ਹਿੰਦੂਤਵ ਪ੍ਰੋਗਰਾਮ ਜਬਰੀ ਠੋਸਣ ਦੇ ਅਮਲ ਕਰਨਾ ਚਾਹੁਣਗੇ ਤਾਂ ਸਿੱਖ ਕੌਮ ਅਜਿਹੇ ਗੈਰ ਵਿਧਾਨਕ ਅਤੇ ਗੈਰ ਇਨਸਾਨੀਅਤ ਅਮਲਾਂ ਨੂੰ ਕਤਈ ਪ੍ਰਵਾਨ ਨਹੀਂ ਕਰੇਗੀ ਅਤੇ ਨਾਂ ਹੀ ਫਿਰਕੂ ਆਗੂ ਆਪਣੇ ਇਹਨਾਂ ਮੰਦਭਾਵਨਾ ਭਰੇ ਮਨਸੂਬਿਆਂ ਵਿਚ ਕਾਮਯਾਬ ਹੋ ਸਕਣਗੇ। ਕਿਉਂਕਿ ਸਿੱਖ ਕੌਮ ਵਿਲੱਖਣ ਸੰਪੂਰਨ ਪ੍ਰਭੂਸੱਤਾ ਵਾਲੀ ਕੌਮ ਦੇ ਤੌਰ ‘ਤੇ ਕੌਮਾਂਤਰੀ ਪੱਧਰ ‘ਤੇ ਪ੍ਰਵਾਨ ਹੋ ਚੁੱਕੀ ਹੈ ਅਤੇ ਸਿੱਖ ਕੌਮ ਆਪਣੀ ਵਿਲੱਖਣਤਾ ਅਤੇ ਆਪਣੀ ਪ੍ਰਭੂਸੱਤਾ ਵਾਲੀ ਤਾਕਤ ਨੂੰ ਬਿਲਕੁਲ ਆਂਚ ਨਹੀਂ ਆਉਣ ਦੇਵੇਗੀ। ਜੋ ਲੋਕ ਅਜਿਹੀਆਂ ਕਾਰਵਾਈਆਂ ਕਰ ਰਹੇ ਹਨ, ਉਹ ਅਜਿਹੀਆਂ ਹਿੰਦੂ ਦਹਿਸ਼ਤਗਰਦੀ ਵਾਲੀਆਂ ਕਾਰਵਾਈਆਂ ਕਰਕੇ ਕੇਵਲ ਇੱਥੋਂ ਦੇ ਹਾਲਾਤਾਂ ਨੂੰ ਹੀ ਵਿਸਫੋਟਕ ਹੀ ਨਹੀਂ ਬਣਾ ਰਹੇ, ਬਲਕਿ ਉਹ ਆਪ ਜੀ ਦੀ (ਮੋਦੀ ਹਕੂਮਤ) ਦੇ ਰਾਜ ਦੇ ਮਿਲੇ ਕਾਰਜਕਾਲ ਨੂੰ ਪੂਰਨ ਕਰਨ ਲਈ ਵੀ ਵੱਡੀ ਰੁਕਾਵਟ ਬਣ ਜਾਣਗੇ। ਇਸ ਲਈ ਜੇਕਰ ਮੋਦੀ ਹਕੂਮਤ ਆਪਣੇ ਪ੍ਰਬੰਧ ਦੇ ਕਾਰਜਕਾਲ ਨੂੰ ਅਮਨਮਈ ਅਤੇ ਸਹੀ ਢੰਗ ਨਾਲ ਪੂਰਨ ਕਰਨਾ ਚਾਹੁੰਦੀ ਹੈ ਅਤੇ ਹਿੰਦ ਦੇ ਅੰਦਰੂਨੀ ਹਾਲਾਤਾਂ ਨੂੰ ਸੁਖਾਵਾਂ ਰੱਖਣਾ ਚਾਹੁੰਦੀ ਹੈ ਤਾਂ ਸ਼੍ਰੀ ਮੋਦੀ ਤੁਰੰਤ ਬਾਬਾ ਰਾਮਦੇਵ ਅਤੇ ਮੋਹਨ ਭਗਵਤ ਵਰਗਿਆਂ ਵਿਰੁੱਧ ਸਖ਼ਤੀ ਨਾਲ ਕਾਰਵਾਈ ਕਰਕੇ ਸਥਿਤੀ ਉਤੇ ਕਾਬੂ ਪਾਉਣ। ਸ਼ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸ਼੍ਰੀ ਮੋਦੀ ਸਾਡਾ ਪੱਤਰ ਮਿਲਣ ਉਪਰੰਤ ਉਪਰੋਕਤ ਹਿੰਦੂ ਦਹਿਸ਼ਤਗਰਦਾਂ ਵਿਰੁੱਧ ਫੌਰੀ ਕਾਨੂੰਨੀਂ ਕਾਰਵਾਈ ਕਰਕੇ ਜਿੱਥੇ ਇੱਥੋਂ ਦੇ ਸਮਾਜਿਕ ਅਤੇ ਅਮਨ ਚੈਨ ਨਾਲ ਸੰਬੰਧਤ ਹਾਲਾਤਾਂ ਨੂੰ ਸਹੀ ਰੱਖਣਗੇ, ਉੱਥੇ ਆਪਣੀ ਹਕੂਮਤ ਦਾ ਸਮਾਂ ਵੀ ਪੂਰਨ ਕਰਨ ਲਈ ਗੰਭੀਰਤਾ ਨਾਲ ਉੱਦਮ ਕਰਨਗੇ।