ਵੱਡੇ ਪੱਧਰ ਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦਾ 74ਵਾਂ ਜਨਮ ਦਿਹਾੜਾ ਮਨਾਉਣ ਦੇ ਨਾਲ-ਨਾਲ ਐਸ.ਜੀ.ਪੀ.ਸੀ, ਵਿਧਾਨ ਸਭਾ ਦੀਆਂ ਚੋਣਾਂ ਨੂੰ ਪੂਰੀ ਮਜ਼ਬੂਤੀ ਨਾਲ ਲੜਿਆ ਜਾਵੇਗਾ : ਮਾਨ

ਫ਼ਤਹਿਗੜ੍ਹ ਸਾਹਿਬ, 22 ਜਨਵਰੀ ( ) “ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਵੱਲੋਂ ਮਿੱਥੇ ਨਿਸ਼ਾਨੇ ਦੀ ਪ੍ਰਾਪਤੀ ਨੂੰ ਲੈਕੇ ਲੰਮੇਂ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਸਾਲ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਜੀ ਦੇ ਮਹਾਨ ਅਸਥਾਂਨ ਵਿਖੇ ਸੰਤ ਜੀ ਦੇ ਜਨਮ ਦਿਹਾੜੇ ਨੂੰ ਨਿਰੰਤਰ ਮਨਾਉਦਾ ਆ ਰਿਹਾ ਹੈ । ਕਿਉਂਕਿ ਇਸ ਸਮੇਂ ਸਮੁੱਚੇ ਪੰਜਾਬੀ, ਸਿੱਖ ਕੌਮ, ਹਰਿਆਣਵੀ ਅਤੇ ਦੂਸਰੇ ਸੂਬਿਆਂ ਦੇ ਕਿਸਾਨ, ਮਜ਼ਦੂਰ ਨੌਜ਼ਵਾਨ ਤਿੰਨ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਹਿੱਤ ਦਿੱਲੀ ਦੀਆਂ ਸਰਹੱਦਾਂ ਤੇ ਸੰਘਰਸ਼ ਵਿਚ ਜੁਝੇ ਹੋਏ ਹਨ । ਇਸ ਅਤਿ ਗੰਭੀਰ ਮੁੱਦੇ ਉਤੇ ਜਿਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਕਿਸਾਨ ਮੋਰਚੇ ਦੇ ਮਕਸਦ ਨੂੰ ਹਰ ਪੱਖੋ ਸਮਰਥਨ ਕਰਦਾ ਹੈ, ਉਥੇ 60 ਦਿਨਾਂ ਤੋਂ ਹੀ ਦਿੱਲੀ ਵਿਖੇ ਚੱਲ ਰਹੇ ਇਸ ਮੋਰਚੇ ਵਿਚ ਪੂਰੀ ਸਿੱਦਤ ਨਾਲ ਸਮੂਲੀਅਤ ਕਰ ਰਿਹਾ ਹੈ ਅਤੇ ਫ਼ਤਹਿ ਹੋਣ ਤੱਕ ਇਹ ਸਮਰੱਥਨ ਅਤੇ ਮੋਰਚਾ ਜਾਰੀ ਰਹੇਗਾ । ਇਸਦੇ ਨਾਲ ਹੀ ਸਿੱਖ ਕੌਮ ਤੇ ਪੰਜਾਬੀਆਂ ਨਾਲ ਹੁਕਮਰਾਨਾਂ ਵੱਲੋਂ ਹੋ ਰਹੀਆ ਜਿਆਦਤੀਆ ਦਾ ਮੁਕੰਮਲ ਖਾਤਮਾ ਕਰਨ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਇਸ ਵਾਰੀ 12 ਫਰਵਰੀ ਨੂੰ ਪਹਿਲੇ ਨਾਲੋ ਵੀ ਵਧੇਰੇ ਮਜ਼ਬੂਤੀ ਅਤੇ ਵੱਡਾ ਇਕੱਠ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦਾ 74ਵਾਂ ਜਨਮ ਦਿਹਾੜਾ ਮਨਾਇਆ ਜਾਵੇਗਾ । ਜਿਸ ਵਿਚ ਕੇਵਲ ਪੰਜਾਬ ਸੂਬੇ ਦੇ ਨਿਵਾਸੀ ਹੀ ਨਹੀਂ, ਬਲਕਿ ਸਮੁੱਚੇ ਸੂਬਿਆਂ ਦੇ ਇਨਸਾਫ਼ ਪਸ਼ੰਦ ਜਮਹੂਰੀਅਤ ਪੱਖੀ ਸੋਚ ਰੱਖਣ ਵਾਲੇ ਨਿਵਾਸੀਆ ਨੂੰ 12 ਫਰਵਰੀ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ ਹੁੰਮ-ਹੁੰਮਾਕੇ ਪਹੁੰਚਣ ਦੀ ਜੋਰਦਾਰ ਅਪੀਲ ਕੀਤੀ ਜਾਂਦੀ ਹੈ ।”
ਇਹ ਫੈਸਲੇ ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸ. ਸਿਮਰਨਜੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਸਿਆਸੀ ਮਾਮਲਿਆ ਦੀ ਕਮੇਟੀ ਦੀ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਇਕ ਅਤਿ ਜ਼ਰੂਰੀ ਮੀਟਿੰਗ ਵਿਚ ਸਰਬਸੰਮਤੀ ਨਾਲ ਪਾਸ ਕੀਤੇ ਗਏ ਅਤੇ ਇਨ੍ਹਾਂ ਫੈਸਲਿਆ ਨੂੰ ਲਾਗੂ ਕਰਨ ਲਈ ਅੱਜ ਤੋਂ ਹੀ ਸਮੁੱਚੇ ਪੰਜਾਬ ਵਿਚ ਜਰਨਲ ਸਕੱਤਰ ਸਾਹਿਬਾਨ ਅਤੇ ਹੋਰਨਾਂ ਅਹੁਦੇਦਾਰਾਂ ਨੂੰ ਜਿ਼ੰਮੇਵਾਰੀਆ ਸੌਪੀਆ ਗਈਆ । ਇਸ ਮੀਟਿੰਗ ਵਿਚ ਆਉਣ ਵਾਲੇ ਸਮੇਂ ਵਿਚ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੀਆਂ ਹੋਣ ਵਾਲੀਆ ਚੋਣਾਂ ਅਤੇ 2022 ਵਿਚ ਪੰਜਾਬ ਦੀਆਂ ਵਿਧਾਨ ਸਭਾ ਅਤੇ ਫ਼ਰਵਰੀ 2021 ਵਿਚ ਹੋਣ ਜਾ ਰਹੀਆ ਮਿਊਸੀਪਲ ਕੌਂਸਲਾਂ ਦੀਆਂ ਚੋਣਾਂ ਲਈ ਹੁਣੇ ਤੋਂ ਹੀ ਪਾਰਟੀ ਉਮੀਦਵਾਰਾਂ ਨੂੰ ਚੁਣਕੇ ਮਜ਼ਬੂਤੀ ਨਾਲ ਇਨ੍ਹਾਂ ਦੋਵਾਂ ਚੋਣਾਂ ਨੂੰ ਲੜਨ ਅਤੇ ਖ਼ਾਲਸਾ ਪੰਥ ਦੀ ਕੌਮਾਂਤਰੀ ਪੱਧਰ ਤੇ ਸਿਆਸੀ ਅਤੇ ਧਾਰਮਿਕ ਤੌਰ ਤੇ ਜਿੱਤ ਨੂੰ ਦਰਜ ਕਰਵਾਉਣ ਲਈ ਸਮੁੱਚੇ ਮੈਬਰਾਂ ਨੇ ਤਹੱਈਆ ਕੀਤਾ । ਇਸ ਮੀਟਿੰਗ ਵਿਚ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਹੋਈ ਸਾਜ਼ਸੀ ਗੁੰਮਸੁਦਗੀ ਅਤੇ ਅਪਮਾਨਿਤ ਕਾਰਵਾਈਆ ਦੇ ਗੰਭੀਰ ਮਸਲੇ ਦਾ ਸੱਚ ਸਾਹਮਣੇ ਲਿਆਉਣ ਲਈ ਜੋ ਪੰਜਾਬ ਤੇ ਦੂਸਰੇ ਸੂਬਿਆਂ ਵਿਚ ਕਾਨੂੰਨੀ ਕਾਰਵਾਈ ਨੂੰ ਅੱਗੇ ਵਧਾਉਣ ਲਈ ਦਸਤਖਤੀ ਮੁਹਿੰਮ ਕੁਝ ਸਮਾਂ ਪਹਿਲਾ ਸੁਰੂ ਕੀਤੀ ਗਈ ਸੀ, ਉਸ ਵਿਚ ਹੋਰ ਤੇਜ਼ੀ ਲਿਆਉਣ ਅਤੇ ਮਿੱਥੇ ਸਮੇਂ ਅਨੁਸਾਰ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵਿਖੇ ਲੱਖਾਂ ਦੇ ਦਸਤਖ਼ਤਾਂ ਨਾਲ ਐਫ.ਆਈ.ਆਰ. ਦਰਜ ਕਰਵਾਉਣ ਅਤੇ ਪੰਜਾਬ-ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਪਾਉਣ ਦਾ ਫੈਸਲਾ ਵੀ ਕੀਤਾ ਗਿਆ ਤਾਂ ਕਿ ਐਸ.ਜੀ.ਪੀ.ਸੀ. ਵਿਚ ਇਸ ਵੱਡੇ ਅਪਮਾਨਿਤ ਕਾਂਡ ਦੇ ਜਿ਼ੰਮੇਵਾਰਾਂ ਨੂੰ ਬਣਦੀ ਸਜ਼ਾ ਵੀ ਦਿਵਾਈ ਜਾ ਸਕੇ ਅਤੇ ਅੱਗੋ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਜਿਹੇ ਹੋਣ ਵਾਲੇ ਅਪਮਾਨਿਤ ਅਮਲਾਂ ਨੂੰ ਰੋਕਣ ਦਾ ਪ੍ਰਬੰਧ ਹੋ ਸਕੇ । ਸਮੁੱਚੇ ਹਾਜਰੀਨ 20 ਮੈਬਰਾਂ ਨੇ ਉਪਰੋਕਤ ਹੋਏ ਫੈਸਲਿਆ ਤੇ ਮੋਹਰ ਲਗਾਉਦੇ ਹੋਏ ਇਨ੍ਹਾਂ ਪਾਰਟੀ ਉਦਮਾਂ ਨੂੰ ਸਫ਼ਲ ਕਰਨ ਦਾ ਪਾਰਟੀ ਪ੍ਰਧਾਨ ਨੂੰ ਸੰਜ਼ੀਦਗੀ ਨਾਲ ਜਿਥੇ ਬਚਨ ਕੀਤਾ, ਉਥੇ 26 ਜਨਵਰੀ ਦੇ ਹੋਣ ਵਾਲੀ ਦਿੱਲੀ ਵਿਖੇ ਟਰੈਕਟਰ ਪ੍ਰੇਡ ਵਿਚ ਵੱਡੀ ਗਿਣਤੀ ਵਿਚ ਸਮੂਲੀਅਤ ਕਰਨ ਦੀ ਪਾਰਟੀ ਅਹੁਦੇਦਾਰਾਂ, ਮੈਬਰਾਂ ਤੇ ਸਮਰੱਥਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪੋ-ਆਪਣੇ ਟਰੈਕਟਰ-ਟਰਾਲੀਆ ਉਤੇ ਕਿਸਾਨ ਯੂਨੀਅਨ ਅਤੇ ਖ਼ਾਲਸਾਈ ਪੀਲੇ-ਨੀਲੇ ਝੰਡੇ ਝੁਲਾਕੇ ਦਿੱਲੀ ਵਿਚ ਸਾਨੋ-ਸੌਕਤ ਨਾਲ ਆਪਣੇ ਵਿਰਸੇ ਦੀਆਂ ਬਾਤਾਂ ਪਾਉਦੇ ਹੋਏ ਦਾਖਲ ਹੋਣ ਤਾਂ ਕਿ ਸਮੁੱਚੇ ਸੰਸਾਰ ਨੂੰ ਪੰਜਾਬੀ ਅਤੇ ਸਿੱਖ ਕੌਮ ਦੇ ਫਖ਼ਰ ਵਾਲੇ ਵਿਰਸੇ-ਵਿਰਾਸਤ ਸੰਬੰਧੀ ਪਹਿਲੇ ਨਾਲੋ ਵੀ ਵਧੇਰੇ ਜਾਣਕਾਰੀ ਮਿਲ ਸਕੇ ਅਤੇ ਉਹ ਕਿਸਾਨ ਮੋਰਚੇ ਅਤੇ ਸੰਤ ਭਿੰਡਰਾਂਵਾਲਿਆ ਵੱਲੋਂ ਮਿਥੇ ਨਿਸਾਨਿਆ ਪ੍ਰਤੀ ਸਹੀ ਦਿਸ਼ਾ ਵੱਲ ਜਾਗਰੂਕ ਹੋ ਕੇ ਇਸ ਮੋਰਚੇ ਨੂੰ ਫ਼ਤਹਿ ਕਰਨ ਅਤੇ ਅਗਲੇ ਪੜਾਅ ਦੇ ਸੰਘਰਸ਼ ਦੇ ਲੱਖਾਂ-ਕਰੋੜਾਂ ਦੀ ਗਿਣਤੀ ਵਿਚ ਸਮਰੱਥਕ ਬਣ ਸਕਣ ।
ਅੱਜ ਦੀ ਇਸ ਮਹੱਤਵਪੂਰਨ ਮੀਟਿੰਗ ਵਿਚ ਸ. ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਕੁਸਲਪਾਲ ਸਿੰਘ ਮਾਨ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ (ਸਾਰੇ ਜਰਨਲ ਸਕੱਤਰ) ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਹਰਭਜਨ ਸਿੰਘ ਕਸ਼ਮੀਰੀ, ਗੁਰਨੈਬ ਸਿੰਘ ਰਾਮਪੁਰਾ, ਬਹਾਦਰ ਸਿੰਘ ਭਸੌੜ, ਸੂਬੇਦਾਰ ਮੇਜਰ ਸਿੰਘ, ਪਰਮਿੰਦਰ ਸਿੰਘ ਬਾਲਿਆਵਾਲੀ, ਅਵਤਾਰ ਸਿੰਘ ਖੱਖ, ਇਕਬਾਲ ਸਿੰਘ ਬਰੀਵਾਲਾ, ਗੁਰਚਰਨ ਸਿੰਘ ਭੁੱਲਰ (ਸਾਰੇ ਪੀ.ਏ.ਸੀ. ਮੈਬਰ), ਰਣਜੀਤ ਸਿੰਘ ਚੀਮਾਂ, ਗੁਰਜੰਟ ਸਿੰਘ ਕੱਟੂ ਨਿੱਜੀ ਸਹਾਇਕ ਸ. ਮਾਨ, ਅੰਮ੍ਰਿਤਪਾਲ ਸਿੰਘ ਛੰਦੜਾ ਯੂਥ ਪ੍ਰਧਾਨ ਆਗੂਆਂ ਨੇ ਸਮੂਲੀਅਤ ਕੀਤੀ ।