Verify Party Member
Header
Header
ਤਾਜਾ ਖਬਰਾਂ

ਵਿਜੇ ਮਾਲੀਆ ਨੂੰ ਬਰਤਾਨੀਆ ਹਕੂਮਤ ਹਿੰਦ ਦੇ ਹਵਾਲੇ ਕਤਈ ਨਾ ਕਰੇ, ਕਿਉਂਕਿ ਇਸ ਦੀਆਂ ਕਾਰਵਾਈਆ ਮਨੁੱਖਤਾ ਵਿਰੋਧੀ ਹਨ : ਟਿਵਾਣਾ

ਵਿਜੇ ਮਾਲੀਆ ਨੂੰ ਬਰਤਾਨੀਆ ਹਕੂਮਤ ਹਿੰਦ ਦੇ ਹਵਾਲੇ ਕਤਈ ਨਾ ਕਰੇ, ਕਿਉਂਕਿ ਇਸ ਦੀਆਂ ਕਾਰਵਾਈਆ ਮਨੁੱਖਤਾ ਵਿਰੋਧੀ ਹਨ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 22 ਨਵੰਬਰ ( ) “ਹਿੰਦ ਹਕੂਮਤ, ਇਥੋ ਦੀ ਪੁਲਿਸ, ਖੂਫੀਆ ਵਿੰਗ ਦੇ ਬੀਤੇ ਸਮੇਂ ਦੇ ਮਨੁੱਖੀ ਹੱਕਾਂ ਬਾਰੇ ਜੇਕਰ ਕਾਰਵਾਈਆ ਦੀ ਨਿਰਪੱਖਤਾ ਨਾਲ ਪੜਚੋਲ ਕੀਤੀ ਜਾਵੇ ਤਾਂ ਉਪਰੋਕਤ ਤਿੰਨੇ ਵਰਗਾਂ ਦੇ ਅਮਲ ਪੰਜਾਬੀਆਂ ਤੇ ਹਿੰਦੂਸਤਾਨੀਆਂ ਨਾਲ ਅਣਮਨੁੱਖੀ ਢੰਗ ਨਾਲ ਜ਼ਬਰ-ਜੁਲਮ ਕਰਨ ਅਤੇ ਮਨੁੱਖਤਾ ਵਿਰੋਧੀ ਰਹੇ ਹਨ । ਬੇਸ਼ੱਕ ਹਿੰਦ ਦੀ ਮੋਦੀ ਹਕੂਮਤ ਸ੍ਰੀ ਵਿਜੇ ਮਾਲੀਆ ਦੇ ਕੇਸ ਨੂੰ ‘ਕਾਲੇ ਧਨ’ ਨਾਲ ਜੋੜਕੇ ਸਮੁੱਚੇ ਹਿੰਦੂਸਤਾਨੀਆਂ ਵਿਚ ਵਾਹ-ਵਾਹ ਖੱਟਣ ਅਤੇ ਗੁਜਰਾਤ ਵਿਚ ਹੋ ਰਹੀਆ ਅਸੈਬਲੀ ਚੋਣਾਂ ਵਿਚ ਉਥੋ ਦੇ ਨਿਵਾਸੀਆਂ ਨੂੰ ਗੁੰਮਰਾਹ ਕਰਨ ਦੀ ਤਾਕ ਵਿਚ ਹੈ । ਪਰ ਇਸੇ ਬਹਾਨੇ ਇਥੋ ਦੀਆਂ ਫੋਰਸਾਂ ਅਤੇ ਕਾਲੇ ਕਾਨੂੰਨਾਂ ਦੀ ਆੜ ਹੇਠ ਸ੍ਰੀ ਵਿਜੇ ਮਾਲੀਆ ਨਾਲ ਗੈਰ-ਕਾਨੂੰਨੀ ਅਣਮਨੁੱਖੀ ਢੰਗਾਂ ਨਾਲ ਤਸੱਦਦ ਹੋਣ ਅਤੇ ਇਥੋ ਦੀਆਂ ਜੇਲ੍ਹਾਂ ਦੇ ਅਤਿ ਮਾੜੇ ਪ੍ਰਬੰਧ ਦੀ ਬਦੌਲਤ ਸ੍ਰੀ ਵਿਜੇ ਮਾਲੀਆ ਨੂੰ ਸਰੀਰਕ ਤੌਰ ਤੇ ਡੇਗੂ, ਚਿਕਨ ਗੁਣੀਆ ਆਦਿ ਬੀਮਾਰੀਆ ਦੇ ਬਹਾਨੇ ਹੇਠ ਨੁਕਸਾਨ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਇਨਸਾਨੀਅਤ ਕਦਰਾ-ਕੀਮਤਾ ਅਤੇ ਮਨੁੱਖੀ ਹੱਕਾਂ ਦੀ ਰਾਖੀ ਦੇ ਬਿਨ੍ਹਾਂ ਤੇ ਬਰਤਾਨੀਆ ਦੀ ਹਕੂਮਤ ਨੂੰ ਇਹ ਅਤਿ ਗੰਭੀਰਤਾ ਭਰੀ ਅਪੀਲ ਕਰਦੀ ਹੈ ਕਿ ਸ੍ਰੀ ਵਿਜੇ ਮਾਲੀਆ ਦੇ ਕੇਸ ਦੀ ਸੁਣਵਾਈ ਬਰਤਾਨੀਆ ਦੀ ਅਦਾਲਤ ਵਿਚ ਹੀ ਕੀਤੀ ਜਾਵੇ ਨਾ ਕਿ ਹਵਾਲਗੀ ਸੰਧੀ ਅਧੀਨ ਸ੍ਰੀ ਮਾਲੀਆ ਨੂੰ ਹਿੰਦ ਦੇ ਸਪੁਰਦ ਕੀਤਾ ਜਾਵੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦ ਹਕੂਮਤ ਦੇ ਬੀਤੇ ਸਮੇਂ ਦੀਆਂ ਅਣਮਨੁੱਖੀ ਕਾਰਵਾਈਆ ਅਤੇ ਜੇਲ੍ਹਾਂ ਵਿਚ ਪੰਜਾਬੀਆਂ, ਸਿੱਖਾਂ ਅਤੇ ਹੋਰਨਾਂ ਉਤੇ ਹੋ ਰਹੇ ਤਸੱਦਦ-ਜੁਲਮ ਹੋਣ ਦੇ ਅਮਲਾਂ ਨੂੰ ਪ੍ਰਤੱਖ ਕਰਦੇ ਹੋਏ ਬਰਤਾਨੀਆ ਹਕੂਮਤ ਨੂੰ ਸ੍ਰੀ ਵਿਜੇ ਮਾਲੀਆ ਨੂੰ ਹਵਾਲਗੀ ਸੰਧੀ ਅਧੀਨ ਭਾਰਤ ਦੇ ਹਵਾਲੇ ਨਾ ਕਰਨ ਦੀ ਅਤਿ ਸੰਜ਼ੀਦਗੀ ਭਰੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੂੰ ਇਨ੍ਹਾਂ ਜ਼ਾਬਰ ਹੁਕਮਰਾਨਾਂ ਨੇ 5 ਸਾਲ ਦੇ ਲੰਮੇ ਸਮੇਂ ਤੱਕ ਦਿੱਲੀ ਤਿਹਾੜੇ ਜੇਲ੍ਹ, ਬਿਹਾਰ ਦੀ ਭਾਗਲਪੁਰ ਅਤੇ ਰਾਜਸਥਾਂਨ ਦੀ ਭਰਤਪੁਰ ਜੇਲ੍ਹ ਵਿਚ ਰੱਖਕੇ ਅਤਿ ਨੀਵੇ ਦਰਜੇ ਦਾ ਜੇਲ੍ਹ ਵਿਚ ਵਿਵਹਾਰ ਕਰਦੇ ਹੋਏ ਸਰੀਰਕ ਅਤੇ ਮਾਨਸਿਕ ਤੌਰ ਤੇ ਕਸਟ ਦਿੱਤੇ ਗਏ । ਜੋ ਕਿ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੇ ਕਾਨੂੰਨਾਂ, ਨਿਯਮਾਂ ਦੀ ਘੋਰ ਉਲੰਘਣਾ ਕੀਤੀ ਗਈ । ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਹਕੂਮਤ ਸਮੇਂ ਸ. ਸਿਮਰਨਜੀਤ ਸਿੰਘ ਮਾਨ ਨੂੰ ਲੁਧਿਆਣੇ ਦੀ ਜੇਲ੍ਹ ਵਿਚ ਰੱਖਿਆ ਗਿਆ । ਉਸ ਜੇਲ੍ਹ ਦੀ ਐਨੀ ਮੰਦੀ ਹਾਲਤ ਸੀ ਕਿ ਜਿਸ ਸੈਲ ਵਿਚ ਸ. ਮਾਨ ਨੂੰ ਬੰਦੀ ਬਣਾਇਆ ਗਿਆ, ਉਥੇ ਮੱਛਰਾਂ ਦੀ ਭਰਮਾਰ ਅਤੇ ਉਨ੍ਹਾਂ ਦੇ ਪੇਸ਼ਾਬਘਰ ਤੇ ਪਖਾਨਾਘਰ ਵਿਚ ਕੋਈ ਵੀ ਸਫ਼ਾਈ ਦਾ ਪ੍ਰਬੰਧ ਨਹੀਂ ਸੀ । ਫਿਰ ਇਨ੍ਹਾਂ ਜੇਲ੍ਹਾਂ ਵਿਚ ਡਾਕਟਰਾਂ ਅਤੇ ਦਵਾਈਆ ਆਦਿ ਦਾ ਵੀ ਕੋਈ ਪ੍ਰਬੰਧ ਨਾ ਹੋਣਾ ਜੇਲ੍ਹਾਂ ਵਿਚ ਬੰਦੀਆਂ ਦੇ ਜੀਵਨ ਨਾਲ ਖਿਲਵਾੜ ਕਰਨ ਵਾਲੇ ਅਮਲ ਹਨ । ਇਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕਾਊਕੇ ਨੂੰ ਵੀ ਇਨ੍ਹਾਂ ਪੁਲਿਸ ਅਫ਼ਸਰਾਂ ਤੇ ਹਕੂਮਤੀ ਸਾਜਿ਼ਸਾ ਅਧੀਨ ਜ਼ਬਰ-ਜੁਲਮ ਕਰਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ । ਇਥੋ ਤੱਕ ਸਿੱਖ ਕੌਮ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ਵੀ ਨਹੀਂ ਦਿੱਤੀ ਗਈ । ਇਸ ਗੱਲ ਨੂੰ ਸਾਡੀ ਪਾਰਟੀ ਦੇ ਜਰਨਲ ਸਕੱਤਰ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜੋ ਉਸ ਸਮੇਂ ਜਥੇਦਾਰ ਕਾਊਕੇ ਸਾਹਿਬ ਨਾਲ ਜੇਲ੍ਹ ਵਿਚ ਬੰਦੀ ਸਨ, ਨੇ ਅੱਖੀ ਵੇਖਿਆ । ਜੇਕਰ ਬਰਤਾਨੀਆ ਦੀ ਹਕੂਮਤ ਸ. ਸਿਮਰਨਜੀਤ ਸਿੰਘ ਮਾਨ ਅਤੇ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੋਂ ਜੇਲ੍ਹਾਂ ਵਿਚ ਹੋਣ ਵਾਲੇ ਸਰੀਰਕ ਤਸੱਦਦ ਅਤੇ ਅਣਮਨੁੱਖੀ ਵਿਵਹਾਰ ਸੰਬੰਧੀ ਬਿਆਨ ਦਰਜ ਕਰਨਾ ਚਾਹੁੰਦੀ ਹੈ ਤਾਂ ਸ. ਸਿਮਰਨਜੀਤ ਸਿੰਘ ਮਾਨ ਤੇ ਜਸਕਰਨ ਸਿੰਘ ਬਰਤਾਨੀਆ ਦੇ ਜੱਜ ਅੱਗੇ ਇਨ੍ਹਾਂ ਪੁਲਿਸ ਅਫ਼ਸਰਾਂ ਦੇ ਜ਼ਬਰ-ਜੁਲਮ ਅਤੇ ਜੇਲ੍ਹਾਂ ਵਿਚ ਨੀਵੇ ਦਰਜੇ ਦੇ ਹੋ ਰਹੇ ਵਿਵਹਾਰ ਬਾਰੇ ਆਪਣੇ ਬਿਆਨ ਕਲਮਬੰਦ ਕਰਵਾ ਸਕਦੇ ਹਨ । ਹੁਣੇ ਤਾਜਾ ਹੋਏ ਦੁਖਦਾਇਕ ਤੇ ਗੈਰ-ਕਾਨੂੰਨੀ ਅਮਲ ਦਾ ਸਮੁੱਚੀ ਦੁਨੀਆਂ ਨੂੰ ਵਾਕਫੀਅਤ ਹੈ ਕਿ ਕਿਸ ਤਰ੍ਹਾਂ ਬਰਤਾਨੀਆ ਦੇ ਸਕਾਟਲੈਡ ਸੂਬੇ ਦੇ ਨਾਗਰਿਕ ਸ. ਜਗਤਾਰ ਸਿੰਘ ਜੌਹਲ ਨਾਲ ਇਥੋ ਦੀ ਪੁਲਿਸ ਤੇ ਹਕੂਮਤ ਵੱਲੋ ਝੂਠੇ ਕੇਸਾਂ ਵਿਚ ਫਸਾਕੇ ਤਸੱਦਦ ਢਾਹਿਆ ਜਾ ਰਿਹਾ ਹੈ, ਉਹ ਸਭ ਦੇ ਸਾਹਮਣੇ ਹੈ ।

ਉਨ੍ਹਾਂ ਕਿਹਾ ਕਿ ਸਿੱਖ ਨੌਜ਼ਵਾਨ ਸ. ਪਰਮਜੀਤ ਸਿੰਘ ਪੰਮਾ ਨੂੰ ਭਾਰਤ ਦੇ ਜਾਲਮ ਹੁਕਮਰਾਨ ਪੁਰਤਗਾਲ ਹਕੂਮਤ ਤੋਂ ਹਵਾਲਗੀ ਸੰਧੀ ਅਧੀਨ ਪ੍ਰਾਪਤ ਕਰਕੇ ਤਸੱਦਦ ਕਰਨਾ ਚਾਹੁੰਦੇ ਸਨ । ਲੇਕਿਨ ਸ. ਸਿਮਰਨਜੀਤ ਸਿੰਘ ਮਾਨ ਵੱਲੋ ਪੁਰਤਗਾਲ ਹਕੂਮਤ ਨੂੰ ਭਾਰਤੀ ਹੁਕਮਰਾਨਾਂ, ਪੁਲਿਸ ਅਤੇ ਖੂਫੀਆ ਵਿਭਾਗ ਦੇ ਅਣਮਨੁੱਖੀ ਤਸੱਦਦਾਂ ਦਾ ਹਵਾਲਾ ਦੇ ਕੇ ਸ. ਪਰਮਜੀਤ ਸਿੰਘ ਪੰਮਾ ਨੂੰ ਭਾਰਤ ਦੇ ਹਵਾਲੇ ਨਾ ਕਰਨ ਦੀ ਲਿਖਤੀ ਦਰਖਾਸਤ ਭੇਜੀ ਸੀ । ਜਿਸ ਦੀ ਬਦੌਲਤ ਸ. ਪਰਮਜੀਤ ਸਿੰਘ ਪੰਮਾ ਉਤੇ ਤਸੱਦਦ ਹੋਣ ਅਤੇ ਉਸ ਨੂੰ ਤਸੱਦਦ ਕਰਕੇ ਖ਼ਤਮ ਕਰਨ ਦੀ ਸਾਜਿ਼ਸ ਦਾ ਸ. ਮਾਨ ਨੇ ਅੰਤ ਕਰ ਦਿੱਤਾ । ਇਸ ਲਈ ਉਪਰੋਕਤ ਹੋਏ ਵਰਤਾਰੇ ਅਤੇ ਭਾਰਤੀ ਹੁਕਮਰਾਨਾਂ ਦੇ ਜ਼ਬਰ-ਜੁਲਮਾਂ ਨੂੰ ਮੁੱਖ ਰੱਖਦੇ ਹੋਏ ਅਤੇ ਇਥੋ ਦੀਆਂ ਜੇਲ੍ਹਾਂ ਵਿਚ ਘਟੀਆ ਦਰਜੇ ਦੀਆਂ ਕਾਰਵਾਈਆ ਨੂੰ ਮੁੱਖ ਰੱਖਦੇ ਹੋਏ ਸ੍ਰੀ ਵਿਜੇ ਮਾਲੀਆ ਨੂੰ ਬਿਲਕੁਲ ਵੀ ਬਰਤਾਨੀਆ ਹਕੂਮਤ ਭਾਰਤ ਦੇ ਹਵਾਲੇ ਨਾ ਕਰੇ । ਸ. ਟਿਵਾਣਾ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਿਨ੍ਹਾਂ ਤੇ ਅਤੇ ਇਨਸਾਨੀਅਤ ਦੇ ਬਿਨ੍ਹਾਂ ਤੇ ਇਹ ਉਮੀਦ ਪ੍ਰਗਟ ਕੀਤੀ ਕਿ ਬਰਤਾਨੀਆ ਹਕੂਮਤ ਸ੍ਰੀ ਵਿਜੇ ਮਾਲੀਆ ਦੇ ਕੇਸ ਦੀ ਸੁਣਵਾਈ ਬਰਤਾਨੀਆ ਵਿਚ ਹੀ ਕਰੇਗੀ ਅਤੇ ਉਨ੍ਹਾਂ ਨੂੰ ਜਾਲਮ ਭਾਰਤੀ ਹੁਕਮਰਾਨਾਂ ਦੇ ਹਵਾਲੇ ਬਿਲਕੁਲ ਨਹੀਂ ਕਰੇਗੀ ।

About The Author

Related posts

Leave a Reply

Your email address will not be published. Required fields are marked *