Select your Top Menu from wp menus
Header
Header
ਤਾਜਾ ਖਬਰਾਂ

ਵਰਲਡ ਸਿੱਖ ਪਾਰਲੀਮੈਂਟ ਬਣਾਉਣ ਦਾ ਅਧਿਕਾਰ ‘ਸਰਬੱਤ ਖ਼ਾਲਸਾ ਜਥੇਦਾਰ ਸਾਹਿਬਾਨ’ ਦਾ : ਮਾਨ

ਵਰਲਡ ਸਿੱਖ ਪਾਰਲੀਮੈਂਟ ਬਣਾਉਣ ਦਾ ਅਧਿਕਾਰ ‘ਸਰਬੱਤ ਖ਼ਾਲਸਾ ਜਥੇਦਾਰ ਸਾਹਿਬਾਨ’ ਦਾ : ਮਾਨ

ਫ਼ਤਹਿਗੜ੍ਹ ਸਾਹਿਬ, 9 ਮਾਰਚ ( ) “10 ਨਵੰਬਰ 2015 ਨੂੰ ਚੱਬਾ (ਅੰਮ੍ਰਿਤਸਰ) ਵਿਖੇ ਸਿੱਖ ਕੌਮ ਦੀ ਪਵਿੱਤਰ ਧਰਤੀ ਤੇ ਹੋਏ 7 ਲੱਖ ਦੇ ਇਕੱਠ ਨੇ ਸਰਬਸੰਮਤੀ ਨਾਲ ਜੈਕਾਰਿਆ ਦੀ ਗੂੰਜ ਵਿਚ ਸਤਿਕਾਰਯੋਗ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਧਿਆਨ ਸਿੰਘ ਮੰਡ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪਹਿਲੇ ਮਤੇ ਵਿਚ ਨਿਯੁਕਤ ਕੀਤੇ ਗਏ ਸਨ । ਇਸ ਮਤੇ ਤੋ ਇਲਾਵਾ 12 ਹੋਰ ਕੌਮੀ ਮਤੇ ਪਾਸ ਕੀਤੇ ਗਏ ਸਨ । ਜਿਸ ਵਿਚ ਇਹ ਮਤਾ ਵੀ ਸੀ ਕਿ ਵਰਲਡ ਸਿੱਖ ਪਾਰਲੀਮੈਂਟ ਬਣਾਈ ਜਾਵੇਗੀ । ਜੋ ਸਮੁੱਚੇ ਸੰਸਾਰ ਵਿਚ ਵੱਸ ਰਹੇ ਵੱਖ-ਵੱਖ ਪੰਥਕ ਸਖਸ਼ੀਅਤਾਂ ਅਤੇ ਸੰਜ਼ੀਦਾ ਸਿੱਖ ਆਗੂਆਂ ਨੂੰ ਲੈਕੇ ਬਣਾਈ ਜਾਵੇਗੀ, ਜੋ ਸੰਸਾਰ ਪੱਧਰ ‘ਤੇ ਸਿੱਖ ਕੌਮ ਦੀ ਹਰ ਮਸਲੇ ਤੇ ਅਗਵਾਈ ਕਰੇਗੀ । ਇਸ ਵਰਲਡ ਸਿੱਖ ਪਾਰਲੀਮੈਂਟ ਨੂੰ ਬਣਾਉਣ ਦਾ ਅਧਿਕਾਰ ਵੀ ‘ਸਰਬੱਤ ਖ਼ਾਲਸਾ’ ਨੇ ਪਹਿਲੇ ਮਤੇ ਰਾਹੀ ਚੁਣੇ ਗਏ ਉਪਰੋਕਤ ਜਥੇਦਾਰ ਸਾਹਿਬਾਨ ਨੂੰ ਹੀ ਦਿੱਤਾ ਸੀ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਕੁਝ ਸਿੱਖ ਜਥੇਦਾਰ ਸਾਹਿਬਾਨ ਜੀ ਦੇ ਨਾਮ ਦੀ ਦੁਰਵਰਤੋਂ ਕਰਕੇ, ਸਰਬੱਤ ਖ਼ਾਲਸਾ ਦੇ ਸਿਧਾਂਤ ਅਤੇ ਮਤਿਆ ਨੂੰ ਪਿੱਠ ਦੇ ਕੇ ਆਪਣੇ ਹੀ ਤੌਰ ਤੇ ਆਪੋ-ਧਾਪੀ ਵਿਚ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਦੀਆਂ ਗੈਰ-ਦਲੀਲ ਗੱਲਾਂ ਕਰ ਰਹੇ ਹਨ । ਜਿਸ ਨੂੰ ਸਿੱਖ ਕੌਮ ਕਤਈ ਪ੍ਰਵਾਨ ਨਹੀਂ ਕਰ ਸਕਦੀ । ਇਸ ਲਈ ਅਜਿਹੀਆ ਕਾਰਵਾਈਆ ਕਰਨ ਵਾਲੇ ਜੇਕਰ ਸਰਬੱਤ ਖ਼ਾਲਸਾ ਦੇ ਸਮੁੱਚੇ ਚਾਰੋ ਜਥੇਦਾਰ ਸਾਹਿਬਾਨ ਨੂੰ ਭਰੋਸੇ ਵਿਚ ਲੈਕੇ ਉਨ੍ਹਾਂ ਦੇ ਹੁਕਮਾਂ ਨੂੰ ਮੁੱਖ ਰੱਖਕੇ ਇਸ ਵੱਡੇ ਕੌਮੀ ਕੰਮ ਵਿਚ ਜਥੇਦਾਰ ਸਾਹਿਬਾਨ ਨੂੰ ਸਹਿਯੋਗ ਦੇਣ ਤਾਂ ਬਿਹਤਰ ਵੀ ਹੋਵੇਗਾ ਅਤੇ ਸਿਧਾਂਤਿਕ ਤੌਰ ਤੇ ਵਰਲਡ ਸਿੱਖ ਪਾਰਲੀਮੈਂਟ ਦੀ ਸੰਸਾਰ ਪੱਧਰ ਤੇ ਉੱਚਾ ਸਤਿਕਾਰ-ਮਾਣ ਵੀ ਕਾਇਮ ਹੋ ਸਕੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨ ਪਹਿਲੇ ਅਮਰੀਕਾ ਦੇ ਨਿਊਯਾਰਕ ਵਿਖੇ ਖ਼ਾਲਸਾ ਪੰਥ ਨੂੰ ਦੁਬਿਧਾ ਵਿਚ ਪਾਉਣ ਵਾਲੀਆ ਹੋਈਆ ਕਾਰਵਾਈਆ ਉਤੇ ਡੂੰਘਾਂ ਦੁੱਖ ਜ਼ਾਹਰ ਕਰਦੇ ਹੋਏ ਅਤੇ ਸਰਬੱਤ ਖ਼ਾਲਸਾ ਦੇ ਸਮੁੱਚੇ ਸਤਿਕਾਰਯੋਗ ਜਥੇਦਾਰ ਸਾਹਿਬਾਨ ਨੂੰ ਇਸ ਦਿਸ਼ਾ ਵੱਲ ਸਰਬੱਤ ਖ਼ਾਲਸਾ ਦੇ ਫੈਸਲੇ ਅਨੁਸਾਰ ਅਗਲੇਰੇ ਕਦਮ ਉਠਾਉਣ ਅਤੇ ਵਰਲਡ ਸਿੱਖ ਪਾਰਲੀਮੈਂਟ ਨੂੰ ਬਣਾਉਣ ਲਈ ਸੰਸਾਰ ਪੱਧਰ ਤੇ ਇਕ ਕੌਮੀ ਰਾਏ ਬਣਾਉਣ ਅਤੇ ਉਪਰੋਕਤ ਸੰਸਥਾਂ ਦਾ ਸਹਿਜ ਅਤੇ ਦੂਰਅੰਦੇਸ਼ੀ ਨਾਲ ਗਠਨ ਕਰਨ ਦੀ ਅਪੀਲ ਕਰਦੇ ਹੋਏ ਜ਼ਾਹਰ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਮੁਕਾਰਤਾ ਅਤੇ ਧੋਖਿਆ ਨਾਲ ਭਰਿਆ ਹੋਇਆ ਹਿੰਦੂਤਵ ਹੁਕਮਰਾਨ ਸਮੁੱਚੇ ਇੰਡੀਆਂ ਵਿਚ ਘੱਟ ਗਿਣਤੀ ਕੌਮਾਂ ਮੁਸਲਿਮ, ਸਿੱਖ, ਇਸਾਈ, ਦਲਿਤਾਂ, ਰੰਘਰੇਟਿਆ, ਕਬੀਲਿਆ ਆਦਿ ਸਭਨਾਂ ਨੂੰ ਇਕ ਡੂੰਘੀ ਸਾਜਿ਼ਸ ਤਹਿਤ ਹਿੰਦੂਤਵ ਰੂਪੀ ‘ਅਜਗਰ’ ਦੇ ਮੂੰਹ ਵਿਚ ਪਾਉਣ ਲਈ ਮੂੰਹ ਅੱਡੀ ਖੜ੍ਹਾ ਹੈ ਅਤੇ ਵੱਡੇ ਪੱਧਰ ਤੇ ਦੱਖਣੀ, ਉੱਤਰੀ, ਪੱਛਮੀ ਆਦਿ ਸੂਬਿਆਂ ਵਿਚ ਹਿੰਦੂਤਵ ਪ੍ਰੋਗਰਾਮ ਲਾਗੂ ਕਰਕੇ, ਸਭਨਾਂ ਦੀ ਵੱਖਰੀ ਪਹਿਚਾਣ ਨੂੰ ਖੋਰਾ ਲਗਾਉਣ ਤੇ ਤੁੱਲਿਆ ਹੋਇਆ ਹੈ ਅਤੇ ਹੁਕਮਰਾਨਾਂ ਵੱਲੋਂ ਵੱਖ-ਵੱਖ ਕੌਮਾਂ ਤੇ ਧਰਮਾਂ ਨਾਲ ਸੰਬੰਧਤ ਮਹਾਨ ਸਖਸ਼ੀਅਤਾਂ ਦੇ ਬੁੱਤਾਂ ਨੂੰ ਤੋੜਨ ਅਤੇ ਸਿੱਖ ਧਰਮ ਨੂੰ ਜੈਨੀਆ ਦੀ ਤਰ੍ਹਾਂ ਹੜੱਪਣ ਦੀਆਂ ਸਾਜਿ਼ਸਾਂ ਕਰ ਰਿਹਾ ਹੈ ਅਤੇ ਸਭ ਪਾਸੇ ਕਿਸਾਨ, ਖੇਤ-ਮਜ਼ਦੂਰ, ਵਿਦਿਆਰਥੀ ਵੱਡੀਆਂ ਪ੍ਰੇਸ਼ਾਨੀਆਂ ਵਿਚ ਘਿਰੇ ਹੋਏ ਹਨ ਤਾਂ ਸਿੱਖ ਕੌਮ ਦੀ ਅਤੇ ਮਨੁੱਖਤਾ ਦੀ ਅਗਵਾਈ ਕਰਨ ਵਾਲੀ ਵਰਲਡ ਸਿੱਖ ਪਾਰਲੀਮੈਂਟ ਨੂੰ ਜਿਥੇ ਹੋਂਦ ਵਿਚ ਲਿਆਉਣਾ ਅਤਿ ਜ਼ਰੂਰੀ ਹੈ, ਉਥੇ ਇਸ ਵਰਲਡ ਸਿੱਖ ਪਾਰਲੀਮੈਂਟ ਵਿਚ ਸਭ ਧਿਰਾ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ, ਕੌਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚ ਸੰਸਥਾਂ ਦੀ ਅਗਵਾਈ ਹੇਠ ਇਕੱਤਰ ਕਰਦੇ ਹੋਏ ਇਸ ਕੌਮੀ ਵਰਲਡ ਸਿੱਖ ਪਾਰਲੀਮੈਂਟ ਨੂੰ ਸਭਨਾਂ ਨੂੰ ਬਣਾਉਣ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ, ਨਾ ਕਿ ਵੱਖੋ-ਵੱਖਰੇ ਤੌਰ ਤੇ ਗਰੁੱਪਾਂ ਦੀਆਂ ਮੀਟਿੰਗਾਂ ਕਰਕੇ ਇਸ ਪਵਿੱਤਰ ਨਾਮ ਨੂੰ ਕੋਈ ਠੇਸ ਪਹੁੰਚਾਉਣੀ ਚਾਹੀਦੀ ਹੈ । ਸ. ਮਾਨ ਨੇ ਸਰਬੱਤ ਖ਼ਾਲਸਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਚੁਣੇ ਗਏ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋਂ ਇਸ ਅਤਿ ਸੰਕਟ ਅਤੇ ਦੁਬਿਧਾ ਦੀ ਘੜੀ ਵਿਚ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਸੰਬੰਧੀ ਦਿੱਤੇ ਗਏ ਵਿਚਾਰਾਂ ਦਾ ਵੀ ਭਰਪੂਰ ਸਵਾਗਤ ਕਰਦੇ ਹੋਏ ਕਿਹਾ ਕਿ ਸਿਧਾਂਤਿਕ ਤੌਰ ਤੇ ਜਿਸ ਅਥਾਰਟੀ (ਕੌਮੀ ਤਖ਼ਤਾਂ ਦੇ ਚਾਰੇ ਜਥੇਦਾਰ ਸਾਹਿਬਾਨ) ਨੂੰ ਇਸ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਦਾ ਅਧਿਕਾਰ ਹੈ, ਸਮੁੱਚੀ ਸਿੱਖ ਕੌਮ ਸਹਿਜ ਅਤੇ ਦਲੀਲ ਨਾਲ ਉਨ੍ਹਾਂ ਨੂੰ ਸਹਿਯੋਗ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚ ਸੰਸਥਾਂ ਦੇ ਕੌਮਾਂਤਰੀ ਸਤਿਕਾਰ-ਮਾਣ ਵਿਚ ਵਾਧਾ ਕਰਨ ਲਈ ਯੋਗਦਾਨ ਪਾਉਣ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਵੱਖੋ-ਵੱਖਰੇ ਤੌਰ ਤੇ ਇਸ ਦਿਸ਼ਾ ਵੱਲ ਕਾਰਵਾਈਆ ਕਰਨ ਵਾਲੇ ਸਿੱਖ ਅਜਿਹੀਆ ਆਪਹੁਦਰੀਆ ਗੁਸਤਾਖੀਆ ਕਤਈ ਨਹੀਂ ਕਰਨਗੇ ਅਤੇ ਜਥੇਦਾਰ ਸਾਹਿਬਾਨ ਨੂੰ ਨਿਮਰਤਾ ਅਤੇ ਇਮਾਨਦਾਰੀ ਨਾਲ ਸਹਿਯੋਗ ਕਰਨਗੇ ।

About The Author

Related posts

Leave a Reply

Your email address will not be published. Required fields are marked *