Verify Party Member
Header
Header
ਤਾਜਾ ਖਬਰਾਂ

ਲਦਾਂਖ ਵਿਖੇ 4 ਸਿੱਖ ਅਤੇ ਇਕ ਮੁਸਲਿਮ ਫ਼ੌਜੀਆਂ ਦੀ ਆਤਮਾ ਦੀ ਸ਼ਾਂਤੀ ਲਈ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਭੋਗ ਪਵਾਉਦੇ ਹੋਏ ਸਰਧਾ ਦੇ ਫੁੱਲ ਭੇਂਟ ਕੀਤੇ ਗਏ : ਅੰਮ੍ਰਿਤਸਰ ਦਲ

ਲਦਾਂਖ ਵਿਖੇ 4 ਸਿੱਖ ਅਤੇ ਇਕ ਮੁਸਲਿਮ ਫ਼ੌਜੀਆਂ ਦੀ ਆਤਮਾ ਦੀ ਸ਼ਾਂਤੀ ਲਈ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਭੋਗ ਪਵਾਉਦੇ ਹੋਏ ਸਰਧਾ ਦੇ ਫੁੱਲ ਭੇਂਟ ਕੀਤੇ ਗਏ : ਅੰਮ੍ਰਿਤਸਰ ਦਲ

ਫ਼ਤਹਿਗੜ੍ਹ ਸਾਹਿਬ, 08 ਜੁਲਾਈ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਵੱਲੋਂ ਜਿਵੇਂ ਕਾਰਗਿਲ ਦੇ ਸ਼ਹੀਦਾਂ ਦੀ ਸ਼ਾਂਤੀ ਲਈ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਵਾਏ ਗਏ ਸਨ, ਉਸੇ ਤਰ੍ਹਾਂ ਚੀਨ-ਲਦਾਂਖ ਦੀ ਸਰਹੱਦ ਤੇ ਸ਼ਹੀਦ ਹੋਏ ਸਿੱਖ ਅਤੇ ਮੁਸਲਿਮ ਫ਼ੌਜੀਆਂ ਦੀ ਆਤਮਾ ਦੀ ਸ਼ਾਂਤੀ ਲਈ ਮਿੱਤੀ 06 ਜੁਲਾਈ ਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਆਰੰਭ ਕੀਤੇ ਗਏ ਸਨ, ਜਿਨ੍ਹਾਂ ਦੇ ਅੱਜ ਭੋਗ ਸਮਾਗਮ ਸਮੇਂ ਸਾਂਝੇ ਤੌਰ ਤੇ ਜਿਥੇ ਅਰਦਾਸ ਕੀਤੀ ਗਈ, ਉਥੇ ਇਸੇ ਅਰਦਾਸ ਵਿਚ ਪਾਕਿਸਤਾਨ ਚੂਹੜਕਾਨਾ ਵਿਖੇ ਇਕ ਰੇਲਵੇ ਦੁਰਘਟਨਾ ਦੌਰਾਨ ਯਾਤਰਾ ਤੇ ਗਏ 19 ਸਿੱਖਾਂ ਦੇ ਹੋਏ ਅਕਾਲ ਚਲਾਣੇ ਸੰਬੰਧੀ ਅਤੇ ਕਰੋਨਾ ਬਿਮਾਰੀ ਨਾਲ ਦੁਨੀਆਂ ਭਰ ਵਿਚ ਹੋਈਆ ਮੌਤਾਂ ਦੀ ਸ਼ਾਂਤੀ ਲਈ ਸਮੂਹਿਕ ਅਰਦਾਸ ਕੀਤੀ ਗਈ । ਜਿਸ ਵਿਚ ਨਾਇਬ ਸੂਬੇਦਾਰ ਮਨਦੀਪ ਸਿੰਘ, ਨਾਇਬ ਸੂਬੇਦਾਰ ਸਤਨਾਮ ਸਿੰਘ, ਸਿਪਾਹੀ ਗੁਰਬਿੰਦਰ ਸਿੰਘ, ਸਿਪਾਹੀ ਗੁਰਤੇਜ ਸਿੰਘ ਅਤੇ ਲਾਂਸ ਨਾਇਕ ਸਲੀਮ ਖਾਨ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਿਰਪਾਓ, ਸ਼ਹੀਦਾਂ ਦੀ ਫੋਟੋ ਅਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਪੁੱਤਰੀ ਬੀਬੀ ਪਵਿੱਤ ਕੌਰ ਦੁਆਰਾ ਲਿਖਤ ‘ਚੁਰਾਏ ਗਏ ਵਰ੍ਹੇ’ ਦੀ ਕਿਤਾਬ ਸਿਰਪਾਓ ਸਮੇਤ ਭੇਟ ਕਰਦੇ ਹੋਏ ਸਨਮਾਨਿਤ ਕੀਤਾ ਗਿਆ ।”

ਇਹ ਜਾਣਾਕਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਗੁਰਸੇਵਕ ਸਿੰਘ ਜਵਾਹਰਕੇ,ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ (ਸਾਰੇ ਜਰਨਲ ਸਕੱਤਰ) ਵੱਲੋਂ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਦਿੱਤੀ ਗਈ। ਆਗੂਆਂ ਨੇ ਐਸ.ਜੀ.ਪੀ.ਸੀ. ਵੱਲੋਂ ਸ਼ਹੀਦਾਂ ਨੂੰ ਐਲਾਨੀ ਗਈ ਭੇਟਾਂ ਲਈ ਸ. ਗੋਬਿੰਦ ਸਿੰਘ ਲੌਗੋਵਾਲ ਪ੍ਰਧਾਨ ਦਾ ਅਤੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਸਟਾਫ਼ ਵੱਲੋਂ ਦਿੱਤੇ ਗਏ ਸਹਿਯੋਗ ਲਈ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ । ਇਸ ਸਮੇਂ ਪਾਰਟੀ ਨੇ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ ਇਥੋਂ ਦੇ ਹੁਕਮਰਾਨਾਂ ਨੇ ਲਾਹੌਰ ਖ਼ਾਲਸਾ ਦਰਬਾਰ ਦੁਆਰਾ 1834 ਵਿਚ ਜੋ ਲਦਾਖ ਨੂੰ ਫ਼ਤਹਿ ਕੀਤਾ ਗਿਆ ਸੀ, ਉਸਨੂੰ ਇੰਡੀਅਨ ਫ਼ੌਜਾਂ ਨੇ ਚੀਨ ਨੂੰ ਲੁਟਾ ਦਿੱਤਾ ਸੀ । ਜੋ ਅਜੇ ਤੱਕ ਵਾਪਿਸ ਨਹੀਂ ਲਿਆ ਗਿਆ ਅਤੇ ਹੁਣ ਲਦਾਂਖ ਵਿਖੇ ਚੀਨ ਦੀਆਂ ਫ਼ੌਜਾਂ ਨਾਲ ਲੜਨ ਲਈ ਇੰਡੀਅਨ ਫ਼ੌਜੀਆਂ ਨੂੰ ਹਥਿਆਰਾਂ ਤੋਂ ਬਿਨ੍ਹਾਂ ਭੇਜਣ ਦੀ ਗੁਸਤਾਖੀ ਕਿਉਂ ਕੀਤੀ ਗਈ ? ਇਹ ਗੱਲ ਵੀ ਉਭਰਕੇ ਸਾਹਮਣੇ ਆਈ ਕਿ ਸਾਡੇ ਸਿੱਖ ਫ਼ੌਜੀ ਸ. ਗੁਰਤੇਜ ਸਿੰਘ ਨੇ ਆਪਣੀ ਸ੍ਰੀ ਸਾਹਿਬ ਨਾਲ ਅਨੇਕਾ ਚੀਨੀ ਫ਼ੌਜੀਆਂ ਨਾਲ ਮੁਕਾਬਲਾ ਕੀਤਾ । ਜੇਕਰ ਇੰਡੀਅਨ ਫ਼ੌਜ ਵਿਚ ਸਿੱਖਾਂ ਨੂੰ ਗੋਰਖਿਆ ਦੀ ਖੁਖਰੀ ਦੀ ਤਰ੍ਹਾਂ ਸ੍ਰੀ ਸਾਹਿਬ ਪਹਿਨਣ ਦੀ ਇਜਾਜਤ ਦਿੱਤੀ ਹੁੰਦੀ ਜੋ ਕਿ ਸਿੱਖਾਂ ਨੂੰ ਵਿਧਾਨ ਰਾਹੀ ਇਹ ਹੱਕ ਪ੍ਰਾਪਤ ਹੈ ਕਿ ਉਹ ਆਪਣੇ ਧਾਰਮਿਕ ਚਿੰਨ੍ਹ ਸ੍ਰੀ ਸਾਹਿਬ ਪਹਿਨ ਵੀ ਸਕਦੇ ਹਨ, ਨਾਲ ਵੀ ਲਿਜਾ ਸਕਦੇ ਹਨ ਅਤੇ ਸਫ਼ਰ ਵੀ ਕਰ ਸਕਦੇ ਹਨ ਤਾਂ ਇਸ ਲੜਾਈ ਵਿਚ ਹੋਰ ਵੀ ਵੱਡੀ ਫ਼ਤਹਿ ਵਾਲੇ ਨਤੀਜੇ ਸਾਹਮਣੇ ਆਉਣੇ ਸਨ । ਆਗੂਆਂ ਨੇ ਕਿਹਾ ਕਿ ਜਦੋਂ ਵੀ ਆਉਣ ਵਾਲੇ ਸਮੇਂ ਵਿਚ ਲਦਾਂਖ ਸੰਬੰਧੀ ਕੌਮਾਂਤਰੀ ਪੱਧਰ ਤੇ ਗੱਲ ਹੋਵੇ ਤਾਂ ਉਸ ਵਿਚ ਸਿੱਖ ਨੁਮਾਇੰਦਾ ਜ਼ਰੂਰ ਹੋਣਾ ਚਾਹੀਦਾ ਹੈ । ਇਸਦੇ ਨਾਲ ਹੀ ਇਹ ਵੀ ਮੰਗ ਕੀਤੀ ਗਈ ਕਿ ਜੋ ਸ਼ਹੀਦ ਪਰਿਵਾਰਾਂ ਨੂੰ ਜੋ ਸਰਕਾਰ ਵੱਲੋਂ ਵਿੱਤੀ ਸਹਾਇਤਾ ਐਲਾਨੀ ਗਈ ਹੈ, ਉਸ ਨਾਲ ਇਨ੍ਹਾਂ ਪਰਿਵਾਰਾਂ ਦਾ ਜੀਵਨ ਨਿਰਵਾਹ ਨਹੀਂ ਹੋ ਸਕਦਾ । ਇਸ ਲਈ ਇਨ੍ਹਾਂ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੀ ਵਿੱਤੀ ਸਹਾਇਤਾ, ਕਾਰਗਿਲ ਦੇ ਸ਼ਹੀਦਾਂ ਦੀ ਤਰ੍ਹਾਂ 1-1 ਪੈਟਰੋਲ ਪੰਪ ਜਾਂ ਗੈਂਸ ਏਜੰਸੀ ਤੁਰੰਤ ਐਲਾਨੀ ਜਾਵੇ ਤਾਂ ਕਿ ਇਹ ਸ਼ਹੀਦ ਪਰਿਵਾਰ ਸਹੀ ਢੰਗ ਨਾਲ ਆਪਣਾ ਜੀਵਨ ਬਸਰ ਕਰ ਸਕਣ । ਇਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਮਿਲਟਰੀ ਅਕੈਡਮੀਆਂ ਜਿਵੇਂ ਸ੍ਰੀ ਆਨੰਦਪੁਰ ਸਾਹਿਬ, ਪਟਿਆਲਾ, ਮੋਹਾਲੀ, ਨਾਭਾ, ਕਪੂਰਥਲਾ ਆਦਿ ਵਿਖੇ ਹਨ, ਉਥੇ ਵਜੀਫਿਆ ਸਹਿਤ ਇਨ੍ਹਾਂ ਦੀ ਪੂਰੀ ਪੜ੍ਹਾਈ ਦਾ ਮੁਫ਼ਤ ਪ੍ਰਬੰਧ ਹੋਵੇ । ਲਦਾਂਖ ਦੀ ਗੰਭੀਰ ਸਥਿਤੀ ਨੂੰ ਦੇਖਦਿਆ ਅਤੇ ਬੀਤੇ ਸਮੇਂ ਵਿਚ ਸਰਹੱਦਾਂ ਉਤੇ ਸਿੱਖ ਫ਼ੌਜੀਆਂ ਵੱਲੋਂ ਦਿਖਾਏ ਬਹਾਦਰੀ ਵਾਲੇ ਕਾਰਨਾਮਿਆ ਨੂੰ ਮੁੱਖ ਰੱਖਦੇ ਹੋਏ ਫੌ਼ਜ ਵਿਚ ਸਿੱਖਾਂ ਦੀ ਜੋ 33% ਭਰਤੀ ਘਟਾਕੇ 2% ਕੀਤੀ ਗਈ ਹੈ, ਉਸ ਨੂੰ ਫਿਰ ਤੋਂ 33% ਐਲਾਨੀ ਜਾਵੇ ਤਾਂ ਕਿ ਇੰਡੀਅਨ ਫ਼ੌਜਾਂ ਨੂੰ ਕਿਸੇ ਵੀ ਸਮੇਂ ਨਮੋਸੀ ਦਾ ਸਾਹਮਣਾ ਨਾ ਕਰਨਾ ਪਵੇ ।

ਇਸ ਸਮੇਂ ਹੋਏ ਸਮਾਗਮ ਦੀ ਸਟੇਜ ਸਕੱਤਰ ਦੀ ਸੇਵਾ ਨਿਭਾਉਦੇ ਹੋਏ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਨੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਇਹ ਸੰਦੇਸ਼ ਦਿੱਤਾ ਕਿ ਕੋਈ ਵੀ ਪੁਲਿਸ ਮੁਲਾਜ਼ਮ ਜਾਂ ਅਧਿਕਾਰੀ ਕਿਸੇ ਵੀ ਸਿੱਖ ਨੂੰ ਬਿਨ੍ਹਾਂ ਕਿਸੇ ਵਜਹ ਦੇ ਥਾਣੇ ਨਹੀਂ ਬੁਲਾ ਸਕਦਾ ਅਤੇ ਨਾ ਹੀ ਉਨ੍ਹਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਕੋਈ ਦਸਤਖ਼ਤ, ਫਿਗਰ ਪ੍ਰਿੰਟ ਲੈ ਸਕਦੇ ਹਨ । ਪਰ ਇਸਦੇ ਬਾਵਜੂਦ ਵੀ ਪੰਜਾਬ ਪੁਲਿਸ ਵੱਲੋਂ ਜ਼ਬਰੀ ਸਿੱਖ ਨੌਜ਼ਵਾਨੀ ਨੂੰ ‘ਖ਼ਾਲਿਸਤਾਨ’ ਦੇ ਜਮਹੂਰੀ ਹੱਕ ਮੰਗਣ ਦੀ ਗੱਲ ਤੇ ਵੀਗੇ-ਟੇਢੇ ਢੰਗ ਨਾਲ ਪੰਜਾਬ ਵਿਚ ਨੌਜ਼ਵਾਨੀ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਨੂੰ ਸਿੱਖ ਕੌਮ ਬਰਦਾਸਤ ਨਹੀਂ ਕਰੇਗੀ । ਜਦੋਂਕਿ ਅਸੀਂ ਆਪਣੀਆ ਧਾਰਮਿਕ ਲੀਹਾਂ ਤੇ ਪਹਿਰਾ ਦਿੰਦੇ ਹੋਏ ਬਿਨ੍ਹਾਂ ਕਿਸੇ ਭੇਦਭਾਵ ਤੋਂ ਮਨੁੱਖਤਾ ਦੀ ਹਰ ਖੇਤਰ ਵਿਚ ਸੇਵਾ ਵੀ ਕਰਦੇ ਆ ਰਹੇ ਹਾਂ ਅਤੇ ਲੋੜ ਪੈਣ ਤੇ ਸ਼ਹਾਦਤਾਂ ਵੀ ਦਿੰਦੇ ਆ ਰਹੇ ਹਾਂ । ਇਸਦੇ ਬਾਵਜੂਦ ਵੀ ਹੁਕਮਰਾਨਾਂ ਵੱਲੋਂ ਜੋ ਸਾਡੀ ਸਿੱਖ ਨੌਜ਼ਵਾਨੀ ਨੂੰ ਤੰਗ-ਪ੍ਰੇਸ਼ਾਨ ਅਤੇ ਜ਼ਲੀਲ ਕੀਤਾ ਜਾ ਰਿਹਾ ਹੈ, ਉਹ ਅਸਹਿ ਹੈ । ਅਜਿਹੇ ਅਮਲ ਅਰਾਜਕਤਾ ਨੂੰ ਜਨਮ ਦੇਣਗੇ । ਜਿਸਦੇ ਸਿੱਟੇ ਕਦੀ ਵੀ ਲਾਹੇਵੰਦ ਨਹੀਂ ਹੋ ਸਕਣਗੇ । ਇਸ ਸੰਬੰਧ ਵਿਚ ਪਾਰਟੀ ਦਾ ਡੈਪੂਟੇਸ਼ਨ ਜਲਦੀ ਹੀ ਡੀਜੀਪੀ ਪੰਜਾਬ ਨੂੰ ਯਾਦ-ਪੱਤਰ ਦਿੰਦੇ ਹੋਏ ਮਿਲੇਗਾ । ਉਨ੍ਹਾਂ ਪਾਰਟੀ ਵੱਲੋਂ ਸਿੱਖਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਪੁਲਿਸ ਮੁਲਾਜਮ ਦੇ ਜੁਬਾਨੀ ਫੋਨ ਕਰਨ ਤੇ ਨਾ ਤਾਂ ਥਾਣੇ ਜਾਇਆ ਜਾਵੇ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਦਸਤਾਵੇਜ਼ੀ ਸਬੂਤ ਦਿੱਤਾ ਜਾਵੇ । ਕਿਉਂਕਿ ਅਜਿਹਾ ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ । ਜਿਥੇ ਅਜਿਹਾ ਹੋਵੇ, ਜਿ਼ਲ੍ਹਾ ਕਾਨੂੰਨੀ ਵਕੀਲਾਂ ਦੀਆਂ ਬਣਾਈਆ ਗਈਆ ਕਮੇਟੀਆ ਨਾਲ ਤੁਰੰਤ ਸੰਪਰਕ ਕਰਨ ਤਾਂ ਕਿ ਅਜਿਹੀ ਪੁਲਿਸ ਅਫ਼ਸਰਸ਼ਾਹੀ ਵਿਰੁੱਧ ਕਾਨੂੰਨੀ ਕਾਰਵਾਈ ਹੋ ਸਕੇ । ਅੱਜ ਦੇ ਇਸ ਸਮਾਗਮ ਵਿਚ ਸ. ਗੁਰਜੰਟ ਸਿੰਘ ਕੱਟੂ ਪੀ.ਏ. ਸ. ਸਿਮਰਨਜੀਤ ਸਿੰਘ ਮਾਨ, ਲਖਵੀਰ ਸਿੰਘ ਮਹੇਸ਼ਪੁਰੀਆ ਮੁੱਖ ਦਫ਼ਤਰ ਸਕੱਤਰ, ਪਰਮਿੰਦਰ ਸਿੰਘ ਬਾਲਿਆਵਾਲੀ, ਗੁਰਬਚਨ ਸਿੰਘ ਪਵਾਰ, ਗੁਰਚਰਨ ਸਿੰਘ ਭੁੱਲਰ, ਗੁਰਨੈਬ ਸਿੰਘ ਰਾਮਪੁਰਾ, ਬਲਕਾਰ ਸਿੰਘ ਭੁੱਲਰ, ਨਰਿੰਦਰ ਸਿੰਘ ਕਾਲਾਬੂਲਾ, ਜਸਵੰਤ ਸਿੰਘ ਚੀਮਾਂ, ਬਲਰਾਜ ਸਿੰਘ ਮੋਗਾ, ਬਲਵੀਰ ਸਿੰਘ ਬੱਛੋਆਣਾ, ਜਸਵੀਰ ਸਿੰਘ ਖ਼ਾਲਸਾ ਨਵਾਂਸ਼ਹਿਰ, ਸੁਰਿੰਦਰ ਸਿੰਘ ਬੋਰਾ, ਬਹਾਦਰ ਸਿੰਘ ਭਸੌੜ, ਹਰਭਜਨ ਸਿੰਘ ਕਸ਼ਮੀਰੀ, ਅੰਮ੍ਰਿਤਪਾਲ ਸਿੰਘ ਛੰਦੜਾ ਯੂਥ ਪ੍ਰਧਾਨ, ਵਰਿੰਦਰ ਸਿੰਘ ਸੇਖੋ ਮੀਤ ਪ੍ਰਧਾਨ ਯੂਥ, ਦਰਸ਼ਨ ਸਿੰਘ ਮੰਡੇਰ, ਸਿੰਗਾਰਾ ਸਿੰਘ ਬਡਲਾ, ਲਖਵੀਰ ਸਿੰਘ ਸੌਟੀ, ਹਰਦੇਵ ਸਿੰਘ ਪੱਪੂ, ਰਜਿੰਦਰ ਸਿੰਘ ਜਵਾਹਰਕੇ, ਪ੍ਰੀਤਮ ਸਿੰਘ ਮਾਨਗੜ੍ਹ, ਬਲਜਿੰਦਰ ਸਿੰਘ ਪਾਂਗਲੀ, ਪਰਮਜੀਤ ਸਿੰਘ ਰੀਕਾ, ਕੁਲਦੀਪ ਸਿੰਘ ਪਹਿਲਵਾਨ, ਧਰਮ ਸਿੰਘ ਕਲੌੜ, ਸੁਖਦੇਵ ਸਿੰਘ ਗੱਗੜਵਾਲ, ਭੁਪਿੰਦਰ ਸਿੰਘ ਫਤਹਿਪੁਰ, ਇੰਦਰਜੀਤ ਸਿੰਘ ਖਨਿਆਣਾ ਆਦਿ ਆਗੂ ਵੱਡੀ ਗਿਣਤੀ ਵਿਚ ਹਾਜਰ ਸਨ । ਪਾਰਟੀ ਨੇ ਉਚੇਚੇ ਤੌਰ ਤੇ ਇਸ ਸਮਾਗਮ ਦੀ ਕਾਮਯਾਬੀ ਲਈ ਸ. ਗੋਬਿੰਦ ਸਿੰਘ ਲੌਗੋਵਾਲ, ਸ. ਕਰਮ ਸਿੰਘ ਮੈਨੇਜਰ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ, ਹਰਜਿੰਦਰ ਸਿੰਘ ਪੰਜੌਲੀ ਅਤੇ ਸਮੁੱਚੇ ਸਟਾਫ਼ ਦਾ ਧੰਨਵਾਦ ਕੀਤਾ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *