‘ਰਾਜ ਕਰੇਗਾ ਖ਼ਾਲਸਾ’ ਦੇ ਖ਼ਾਲਸਾਈ ਨਾਅਰੇ ਲਗਾਉਣ ਵਾਲਿਆਂ ਉਤੇ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਦੇਸ਼ਧ੍ਰੋਹ ਦਾ ਕੇਸ ਦਰਜ ਕਰਨ ਦਾ ਫੈਲਸਾ, ਫਿਰਕਾਪ੍ਰਸਤੀ ਵਾਲੀ ਸੋਚ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 31 ਅਕਤੂਬਰ ( ) “ਜਦੋਂ ਸਦੀਆਂ ਪਹਿਲੇ ਮੁਗਲ ਜਾਬਰ ਹਿੰਦੂਆਂ ਦੀਆਂ ਅਬਲਾ ਧੀਆਂ-ਭੈਣਾਂ ਨੂੰ ਹਮਲਾਵਰ ਹੋ ਕੇ ਚੁੱਕ ਲੈ ਜਾਂਦੇ ਸਨ ਅਤੇ ਗਜਨੀ ਦੇ ਬਜਾਰਾਂ ਵਿਚ ਬੋਲੀਆਂ ਲਗਾਕੇ ਵੇਚ ਦਿੰਦੇ ਸਨ ਤਾਂ ਉਸ ਸਮੇਂ ਖ਼ਾਲਸਾ ਪੰਥ ਦੇ ਸਿੰਘਾਂ ਨੇ ਇਸ ਹੋ ਰਹੇ ਗੈਰ-ਇਖਲਾਕੀ ਅਤੇ ਅਨਿਆ ਵਾਲੇ ਵਰਤਾਰੇ ਨੂੰ ਨਾ ਸਹਾਰਦੇ ਹੋਏ ਕੇਵਲ ਮੁਗਲਾਂ ਹਮਲਾਵਰਾਂ ਨਾਲ ਲੋਹਾ ਹੀ ਨਹੀਂ ਲਿਆ, ਬਲਕਿ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਇਨ੍ਹਾਂ ਆਪਣੀਆ ਧੀਆਂ-ਭੈਣਾਂ ਨੂੰ ਮੁਗਲਾਂ ਦੇ ਚੁੰਗਲ ਵਿਚੋਂ ਛੁਡਾਕੇ ਬਾਇੱਜ਼ਤ ਉਨ੍ਹਾਂ ਦੇ ਘਰੋਂ-ਘਰੀ ਪਹੁੰਚਾਉਣ ਦੀ ਇਖ਼ਲਾਕੀ ਤੇ ਧਰਮੀ ਜਿ਼ੰਮੇਵਾਰੀ ਵੀ ਨਿਭਾਉਦੇ ਰਹੇ ਹਨ । ਜਦੋਂ ਸਿੱਖ ਕੌਮ ਮੁਗਲਾਂ ਉਤੇ ਅਜਿਹੇ ਹਮਲੇ ਕਰਦੀ ਸੀ ਤਾਂ ਉਸ ਸਮੇਂ ਵੀ ਸਿੰਘ ‘ਰਾਜ ਕਰੇਗਾ ਖ਼ਾਲਸਾ’ ਅਤੇ ‘ਬੋਲੇ ਸੋ ਨਿਹਾਲ, ਪੰਥ ਕੀ ਜੀਤ’ ਆਦਿ ਖ਼ਾਲਸਾਈ ਨਾਅਰੇ ਲਗਾਉਦੇ ਰਹੇ ਹਨ । ਜੋ ਫ਼ਤਹਿ ਦੀ ਪ੍ਰਤੀਕ ਦੇ ਨਾਲ-ਨਾਲ ਹਰ ਤਰ੍ਹਾਂ ਦੀ ਸਮਾਜਿਕ ਚੁਣੋਤੀ ਨੂੰ ਪ੍ਰਵਾਨ ਕਰਨ ਵਾਲੇ ਅਮਲ ਸਨ । ਬਹੁਤ ਦੁੱਖ ਤੇ ਅਫ਼ਸੋਸ ਹੈ ਕਿ ਜਦੋਂ ਤੋਂ ਸੈਂਟਰ ਵਿਚ ਬੀਜੇਪੀ-ਆਰ.ਐਸ.ਐਸ. ਦੀ ਮੋਦੀ ਹਕੂਮਤ ਕਾਇਮ ਹੋਈ ਹੈ, ਉਸ ਸਮੇਂ ਤੋਂ ਹਿੰਦੂਤਵ ਰਾਸ਼ਟਰ ਨੂੰ ਕਾਇਮ ਕਰਨ ਦੇ ਮਕਸਦ ਨੂੰ ਲੈਕੇ ਘੱਟ ਗਿਣਤੀ ਮੁਸਲਿਮ, ਸਿੱਖ, ਰੰਘਰੇਟਿਆ, ਕਬੀਲਿਆ ਉਤੇ ਹਕੂਮਤੀ ਜ਼ਬਰ-ਜੁਲਮ ਵੱਧ ਗਿਆ ਹੈ । ਇਥੋਂ ਤੱਕ ਇਨਸਾਫ਼ ਦੇਣ ਵਾਲੀ ਸੰਸਥਾਂ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ‘ਰਾਜ ਕਰੇਗਾ ਖ਼ਾਲਸਾ’ ਦਾ ਨਾਅਰਾ ਲਗਾਉਣ ਵਾਲੇ ਜਾਂ ਸੋ਼ਸ਼ਲ ਮੀਡੀਆ ਉਤੇ ਖ਼ਾਲਸਾ ਪੰਥ ਦੀ ਇਸ ਸੋਚ ਨੂੰ ਉਜਾਗਰ ਕਰਨ ਵਾਲਿਆ ਉਤੇ ‘ਦੇਸ਼ਧ੍ਰੋਹ’ ਦਾ ਪਰਚਾ ਦਰਜ ਕਰਨ ਦਾ ਫੈਸਲਾ ਬੀਜੇਪੀ-ਆਰ.ਐਸ.ਐਸ. ਦੀ ਫਿਰਕੂ ਸੋਚ ਦੀ ਪਿੱਠ ਪੂਰਨ ਵਾਲਾ, ਗੈਰ-ਸਮਾਜਿਕ ਅਤੇ ਗੈਰ-ਧਾਰਮਿਕ ਨਿੰਦਣਯੋਗ ਕਾਨੂੰਨੀ ਫੈਸਲਾ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਪੁਰਜੋਰ ਨਿਖੇਧੀ ਕਰਦਾ ਹੈ, ਉਥੇ ਇਨਸਾਫ਼ ਦੇ ਮੰਦਰ ਕਹਾਉਣ ਵਾਲੀ ਸੰਸਥਾਂ ਨੂੰ ਵੀ ਕੌਮਾਂਤਰੀ ਕਟਹਿਰੇ ਵਿਚ ਖੜ੍ਹਾ ਕਰਦਾ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ, ਸਦੀਆਂ ਤੋਂ ਬੁਲੰਦ ਹੁੰਦੇ ਆ ਰਹੇ ਖ਼ਾਲਸਾਈ ਨਾਅਰੇ ਰਾਜ ਕਰੇਗਾ ਖ਼ਾਲਸਾ ਨੂੰ ਕਾਨੂੰਨੀ ਤੌਰ ਤੇ ਦੇਸ਼ਧ੍ਰੋਹ ਕਰਾਰ ਦੇਣ ਅਤੇ ਸਿੱਖ ਕੌਮ ਦੇ ਫ਼ਤਹਿ ਦੇ ਪ੍ਰਤੀਕ ਇਸ ਨਾਅਰੇ ਪ੍ਰਤੀ ਮੰਦਭਾਵਨਾਈ ਅਮਲਾਂ ਦੀ ਪੁਰਜੋਰ ਸਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਇਖਲਾਕੀ ਤੇ ਧਰਮੀ ਸੋਚ ਵਾਲੇ ਅਸੂਲਾਂ, ਸਰਬੱਤ ਦਾ ਭਲਾ ਚਾਹੁੰਣ ਵਾਲੀ ਸਿੱਖ ਕੌਮ ਦੀ ਫ਼ਤਹਿ ਦੇ ਪ੍ਰਤੀਕ ਨਾਅਰਿਆ ਨੂੰ ਹੁਕਮਰਾਨ ਲੰਮੇਂ ਸਮੇਂ ਤੋਂ ਨਫ਼ਰਤ ਦੀ ਨਜ਼ਰ ਨਾਲ ਦੇਖਦੇ ਆ ਰਹੇ ਹਨ । ਜਦੋਂਕਿ ਸਰਹੱਦਾਂ ਉਤੇ ਅਤੇ ਹੋਰ ਕੁਦਰਤੀ ਆਫਤਾ ਸਮੇਂ ਮੁਸ਼ਕਿਲਾਂ ਨੂੰ ਹੱਲ ਕਰਨ ਉਪਰੰਤ ਅਜਿਹੇ ਉੱਚੇ-ਸੁੱਚੇ ਇਖ਼ਲਾਕ ਵਾਲੇ ਨਾਅਰੇ ਸਿੱਖ ਕੌਮ ਸਦੀਆਂ ਤੋਂ ਲਗਾਉਦੀ ਆ ਰਹੀ ਹੈ । ਹੁਣ ਇਨ੍ਹਾਂ ਫਿਰਕੂਆਂ ਦੇ ਢਿੱਡ ਪੀੜ੍ਹਾ ਕਿਉਂ ਪੈਣ ਲੱਗ ਪਈਆ ਹਨ ? ਅਜਿਹੀ ਨਫ਼ਰਤ ਭਰੇ ਅਮਲ ਕਰਕੇ ਹੁਕਮਰਾਨ ਆਪਣੀ ਸੌੜੀ ਸੋਚ ਦਾ ਪ੍ਰਗਟਾਵਾ ਕਰ ਰਹੇ ਹਨ । ਜਦੋਂਕਿ ਸਿੱਖ ਕੌਮ ਨੇ ਨਾ ਤਾਂ ਆਪਣੇ ਇਨ੍ਹਾਂ ਸਿੱਖੀ ਅਸੂਲਾਂ ਤੇ ਸੋਚ ਨੂੰ ਮੁਗਲਾਂ, ਅਫ਼ਗਾਨਾਂ ਅਤੇ ਅੰਗਰੇਜ਼ਾਂ ਦੀਆਂ ਹਕੂਮਤਾਂ ਵੇਲੇ ਵਿਸਰਨ ਦਿੱਤਾ ਹੈ ਅਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਬੀਜੇਪੀ-ਆਰ.ਐਸ.ਐਸ. ਕਾਂਗਰਸ ਵਰਗੀਆਂ ਜਮਾਤਾਂ ਸਾਡੇ ਇਨ੍ਹਾਂ ਬੁਲੰਦ ਨਾਅਰਿਆ ਨੂੰ ਕੋਈ ਨੁਕਸਾਨ ਪਹੁੰਚਾ ਸਕਣਗੀਆ । ਸਿੱਖ ਕੌਮ ਨੇ ਤਾਂ ਆਪਣੀ ਅਣਖ ਇੱਜਤ ਤੇ ਗੈਰਤ ਲਈ ਫ਼ਾਂਸੀਆ, ਉਮਰਕੈਦਾਂ, ਕਾਲੇਪਾਣੀ ਦੀਆਂ ਸਜਾਵਾਂ ਤੇ ਹੋਰ ਵੱਡੇ ਅਣਮਨੁੱਖੀ ਤਸੀਹੇ ਵੀ ਸਹਿਣ ਕੀਤੇ ਹਨ । ਇਨ੍ਹਾਂ ਦੇ ਇਹ ਕਾਲੇ ਕਾਨੂੰਨ ਅਤੇ ਕਾਨੂੰਨੀ ਹੁਕਮ ਸਾਡੀ ਅਣਖੀਲੀ ਤੇ ਵੱਖਰੀ ਪਹਿਚਾਣ ਨੂੰ ਕਤਈ ਨੁਕਸਾਨ ਨਹੀਂ ਪਹੁੰਚਾ ਸਕਣਗੇ।
ਸ. ਟਿਵਾਣਾ ਨੇ ਦਲ ਖ਼ਾਲਸਾ ਦੀ ਜਥੇਬੰਦੀ ਵੱਲੋਂ 01 ਨਵੰਬਰ ਨੂੰ ਪੰਜਾਬ ਵਿਰੋਧੀ ਹਕੂਮਤੀ ਤਾਨਾਸ਼ਾਹੀ ਕਿਸਾਨੀ ਅਤੇ ਪੰਜਾਬ ਵਿਰੋਧੀ ਫੈਸਲਿਆ, ਪਾਕਿਸਤਾਨ ਨਾਲ ਲੱਗਦੀਆ ਸਰਹੱਦਾਂ ਨੂੰ ਖੋਲ੍ਹਕੇ ‘ਫਰੀ ਵੀਜਾ’ ਅਤੇ ਫਰੀ ਟ੍ਰੇਡ ਨੂੰ ਮੁੱਖ ਰੱਖਕੇ ਅੰਮ੍ਰਿਤਸਰ ਵਿਖੇ ਕੀਤੀ ਜਾ ਰਹੀ ਸਟੇਟ ਸੂਬੇ ਪੱਧਰ ਦੀ ਰੈਲੀ ਦੇ ਮਨੁੱਖਤਾ ਪੱਖੀ ਮਕਸਦ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਅਤੇ ਪਾਰਟੀ ਵੱਲੋਂ ਹਰ ਤਰ੍ਹਾਂ ਦਾ ਸਮਰਥਨ ਤੇ ਸਮੂਲੀਅਤ ਕਰਨ ਦੀ ਗੱਲ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਮੈਬਰਾਂ, ਅਹੁਦੇਦਾਰਾਂ ਨੂੰ ਇਸ ਰੈਲੀ ਵਿਚ ਹੁੰਮ-ਹੁੰਮਾਕੇ ਪਹੁੰਚਣ ਦੀ ਜਿਥੇ ਅਪੀਲ ਕੀਤੀ, ਉਥੇ ਕਿਸਾਨ, ਖੇਤ ਮਜਦੂਰ ਅਤੇ ਪੰਜਾਬੀਆਂ ਵੱਲੋਂ ਚੱਲ ਰਹੇ ਕਿਸਾਨੀ ਸੰਘਰਸ਼ ਅਧੀਨ ਜੋ ਕਿਸਾਨ ਯੂਨੀਅਨਾਂ ਵੱਲੋਂ 05 ਨਵੰਬਰ ਨੂੰ ‘ਚੱਕਾ ਜਾਮ’ ਦਾ ਸੱਦਾ ਦਿੱਤਾ ਹੈ ਉਸਦਾ ਵੀ ਪਾਰਟੀ ਹਰ ਪੱਖੋ ਸਮਰਥਨ ਕਰਦੀ ਹੋਈ ਇਸ ਕਿਸਾਨ ਸੰਘਰਸ਼ ਨਾ ਹੋ ਕੇ ਇਹ ਹਿੰਦ ਵੱਲੋਂ ਪੰਜਾਬ ਸੂਬੇ ਤੇ ਪੰਜਾਬੀਆਂ ਨਾਲ ਕੀਤੇ ਜਾ ਰਹੇ ਹਰ ਤਰ੍ਹਾਂ ਦੇ ਵਿਤਕਰੇ ਤੇ ਜ਼ਬਰ ਜੁਲਮ ਵਿਰੁੱਧ ਰੋਸ਼ ਸਮਾਗਮ ਹਨ । ਜਿਸ ਵਿਚ ਹਰ ਪੰਜਾਬੀ ਅਤੇ ਹਰ ਸਿੱਖ ਨੂੰ ਤਨੋ-ਮਨੋ-ਧਨੋ ਸਮੂਲੀਅਤ ਕਰਕੇ ਇਸ ਸੰਘਰਸ਼ ਨੂੰ ਫੈਸਲਾਕੁੰਨ ਮੰਜਿਲ ਤੇ ਪਹੁੰਚਾਉਣ ਵਿਚ ਭੂਮਿਕਾ ਨਿਭਾਉਣੀ ਚਾਹੀਦੀ ਹੈ ਤਾਂ ਕਿ ਇੰਡੀਆ ਹਕੂਮਤ ਉਤੇ ਬੈਠੇ ਹੁਕਮਰਾਨਾਂ ਦੀਆਂ ਮੰਦਭਾਵਨਾ ਭਰੀਆ ਸਾਜਿ਼ਸਾਂ ਦਾ ਅੰਤ ਕਰਕੇ ਪੰਜਾਬ ਸੂਬੇ ਤੇ ਪੰਜਾਬੀਆਂ ਨੂੰ ਹਰ ਖੇਤਰ ਵਿਚ ਬੁਲੰਦੀਆ ਤੇ ਲਿਜਾਇਆ ਜਾ ਸਕੇ ਅਤੇ ਸਰਬੱਤ ਦੇ ਭਲੇ ਦੀ ਸੋਚ ਅਧੀਨ ਸਮੁੱਚੀ ਮਨੁੱਖਤਾ ਦੀ ਬਿਨ੍ਹਾਂ ਕਿਸੇ ਭੇਦਭਾਵ ਦੇ ਬਿਹਤਰੀ ਕਰਦੇ ਹੋਏ ਗੁਰੂ ਸਾਹਿਬਾਨ ਜੀ ਦੇ ਮਨੁੱਖਤਾ ਪੱਖੀ ਸੰਦੇਸ਼ ਨੂੰ ਸੰਸਾਰ ਦੇ ਹਰ ਕੋਨੇ ਵਿਚ ਪਹੁੰਚਾਇਆ ਜਾ ਸਕੇ।