Verify Party Member
Header
Header
ਤਾਜਾ ਖਬਰਾਂ

ਰਣਜੀਤ ਸਿੰਘ ਢੱਡਰੀਆਂ ਵਾਲੇ ਜਾਂ ਹੋਰ ਕਥਾਵਾਚਕ ਅਤੇ ਪ੍ਰਚਾਰਕ ਗੁਰੂ ਸਾਹਿਬਾਨ ਅਤੇ ਗੁਰਬਾਣੀ ਬਾਰੇ ਕੋਈ ਵੀ ਵਿਵਾਦ ਨਾ ਛੇੜਨ : ਮਾਨ

ਰਣਜੀਤ ਸਿੰਘ ਢੱਡਰੀਆਂ ਵਾਲੇ ਜਾਂ ਹੋਰ ਕਥਾਵਾਚਕ ਅਤੇ ਪ੍ਰਚਾਰਕ ਗੁਰੂ ਸਾਹਿਬਾਨ ਅਤੇ ਗੁਰਬਾਣੀ ਬਾਰੇ ਕੋਈ ਵੀ ਵਿਵਾਦ ਨਾ ਛੇੜਨ : ਮਾਨ

ਅੰਮ੍ਰਿਤਸਰ, 27 ਮਾਰਚ ( ) “ਪਹਿਲੋ ਹੀ ਦੁਸ਼ਮਣ ਤਾਕਤਾਂ ਵੱਲੋਂ ਗੁਰਬਾਣੀ, ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਅਤੇ ਕੌਮੀ ਮਰਿਯਾਦਾਂ ਬਾਰੇ ਕੌਮ ਵਿਚ ਬਿਨ੍ਹਾਂ ਵਜਹ ਇਕ ਸੋਚੀ ਸਮਝੀ ਸਾਜਿ਼ਸ ਅਧੀਨ ਵਿਵਾਦ ਛਿੜੇ ਹੋਏ ਹਨ ਅਤੇ ਕੌਮ ਨੂੰ, ਭਰਾਮਾਰੂ ਜੰਗ ਵੱਲ ਧਕੇਲਣ ਦੇ ਦੁਖਦਾਇਕ ਅਮਲ ਹੋ ਰਹੇ ਹਨ । ਹੁਣ ਜੇਕਰ ਸ. ਰਣਜੀਤ ਸਿੰਘ ਢੱਡਰੀਆਂ ਵਾਲੇ, ਭਾਈ ਹਰਜਿੰਦਰ ਸਿੰਘ ਮਾਝੀ ਜਾਂ ਭਾਈ ਪੰਥਪ੍ਰੀਤ ਸਿੰਘ ਵਰਗੇ ਪ੍ਰਚਾਰਕਾਂ ਵੱਲੋਂ ਗੁਰੂ ਸਾਹਿਬਾਨ ਦੇ ਜੀਵਨ, ਗੁਰਬਾਣੀ ਸੰਬੰਧੀ ਪ੍ਰਚਾਰ ਕਰਦੇ ਹੋਏ ਨਵੇ ਵਿਵਾਦਾਂ ਨੂੰ ਜਨਮ ਦਿੱਤਾ ਜਾ ਰਿਹਾ ਹੈ, ਤਾਂ ਅਜਿਹੇ ਅਮਲ ਪਹਿਲੋ ਹੀ ਭੰਬਲਭੂਸਿਆਂ ਅਤੇ ਵਿਵਾਦਾਂ ਵਿਚ ਫਸੀ ਕੌਮ ਨੂੰ ਕੱਢਣ ਦੀ ਬਜਾਇ ਹੋਰ ਨਿਘਾਰ ਵੱਲ ਲਿਜਾਣ ਦਾ ਕਾਰਨ ਬਣਨਗੇ । ਇਸ ਲਈ ਸ. ਰਣਜੀਤ ਸਿੰਘ ਢੱਡਰੀਆਂ ਵਾਲੇ, ਸ. ਮਾਝੀ ਤੇ ਸ. ਪੰਥਪ੍ਰੀਤ ਵਰਗੇ ਪ੍ਰਚਾਰਕ ਤੇ ਕਥਾਵਾਚਕ ਹੀ ਕੌਮ ਵਿਚ ਅਜਿਹੇ ਵਿਵਾਦ ਪੈਦਾ ਕਰਨ ਦੇ ਜਿੰਮੇਵਾਰ ਬਣ ਜਾਣਗੇ ਤਾਂ ਸਿੱਖ ਕੌਮ ਦੀ ਮੰਝਧਾਰ ਵਿਚ ਡਿੱਕਡੋਲੇ ਖਾਂਦੀ ਬੇੜੀ ਨੂੰ ਕਿਨਾਰੇ ਤੇ ਕਿਵੇ ਲਗਾਇਆ ਜਾ ਸਕੇਗਾ ? ਇਸ ਲਈ ਰਣਜੀਤ ਸਿੰਘ ਢੱਡਰੀਆ ਵਾਲੇ, ਸ. ਹਰਜਿੰਦਰ ਸਿੰਘ ਮਾਝੀ, ਸ. ਪੰਥਪ੍ਰੀਤ ਸਿੰਘ ਵਰਗੇ ਪ੍ਰਚਾਰਕਾਂ ਨੂੰ ਸਾਡੀ ਕੌਮ ਪੱਖੀ ਨੇਕ ਸਲਾਹ ਹੈ ਕਿ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਸਾਹਿਬਾਨ, ਗੁਰਬਾਣੀ ਅਤੇ ਹੋਰ ਕੌਮੀ ਮਰਿਯਾਦਾਵਾਂ ਉਤੇ ਕੋਈ ਵੀ ਅਜਿਹੀ ਗੱਲ ਨਾ ਕਰਨ ਜਿਸ ਨਾਲ ਕੌਮ ਪਹਿਲੋ ਹੀ ਘੁੰਮਣ ਘੇਰੀਆ ਵਿਚ ਫਸੀ ਹੋਈ ਹੋਰ ਨਿਘਾਰ ਵੱਲ ਚਲੀ ਜਾਵੇ ਅਤੇ ਕੌਮ ਵਿਚ ਪ੍ਰਚਾਰਕਾਂ ਤੇ ਬੁੱਧੀਜੀਵੀਆਂ ਵੱਲੋਂ ਪ੍ਰਗਟਾਏ ਵੱਖ-ਵੱਖ ਵਿਚਾਰਾਂ ਦੀ ਬਦੌਲਤ ਕੌਮੀ ਖਾਨਾਜੰਗੀ ਸੁਰੂ ਹੋ ਜਾਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨ ਪਹਿਲੇ ਸ. ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਬਾਬਾ ਬਕਾਲੇ ਦੇ ਇਤਿਹਾਸ ਉਤੇ ਗੈਰ-ਦਲੀਲ ਢੰਗ ਨਾਲ ਨਵਾਂ ਵਿਵਾਦ ਖੜ੍ਹਾ ਕਰ ਦੇਣ ਅਤੇ ਹੋਰ ਪੰਥਕ ਪ੍ਰਚਾਰਕਾਂ ਵੱਲੋਂ ਸਮੇਂ-ਸਮੇਂ ਤੇ ਵਿਚਾਰਾਂ ਕਰਦੇ ਹੋਏ ਅਜਿਹੇ ਵਿਵਾਦਾ ਨੂੰ ਜਨਮ ਦੇਣ ਦੇ ਹੋ ਰਹੇ ਅਮਲਾਂ ਉਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਅਤੇ ਅਜਿਹੇ ਪ੍ਰਚਾਰਕਾਂ ਨੂੰ ਕੌਮ ਦੇ ਬਿਨ੍ਹਾਂ ਤੇ ਅਜਿਹੇ ਵਿਵਾਦਾ ਤੋਂ ਦੂਰ ਰਹਿਣ ਦੀ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ. ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ ਵਿਚਕਾਰ ਗੁਰੂ ਸਾਹਿਬਾਨ ਜੀ ਦੇ ਜੀਵਨ, ਸ੍ਰੀ ਦਰਬਾਰ ਸਾਹਿਬ ਜੀ ਦੇ ਪਵਿੱਤਰ ਸਰੋਵਰ ਦੇ ਜਲ ਸੰਬੰਧੀ ਅਤੇ ਹੋਰ ਮੁੱਦਿਆ ਉਤੇ ਸੁਰੂ ਹੋਈ ਬਹਿਸ ਦੇ ਮਾਰੂ ਨਤੀਜਿਆ ਤੋਂ ਇਨ੍ਹਾਂ ਪ੍ਰਚਾਰਕਾਂ ਨੂੰ ਸੁਚੇਤ ਕਰਦੇ ਹੋਏ ਇਨ੍ਹਾਂ ਨੂੰ ਗੁਰੂ ਸਾਹਿਬਾਨ ਸੰਬੰਧੀ ਕੋਈ ਗੁੰਮਰਾਹਕੁੰਨ ਪ੍ਰਚਾਰ ਕਰਨ ਤੋਂ ਤੋਬਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਪ੍ਰਚਾਰਕਾਂ, ਬੁੱਧੀਜੀਵੀਆਂ ਜਾਂ ਸਖਸ਼ੀਅਤਾਂ ਦੇ ਫਰਜ ਤਾਂ ਕੌਮ ਤੇ ਮਨੁੱਖਤਾ ਨੂੰ ਗੁਰੂ ਸਾਹਿਬਾਨ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ਼ਬਦਾ ਦੇ ਨਾਲ ਉਨ੍ਹਾਂ ਦੀ ਸੁਰਤੀ ਜੋੜਨ ਅਤੇ ਅਮਲੀ ਜਿੰਦਗੀ ਵਾਲਾ ਜੀਵਨ ਬਸਰ ਕਰਨ ਸੰਬੰਧੀ ਪ੍ਰੇਰਣਾ ਦੇਣਾ ਬਣਦਾ ਹੈ ਤਾਂ ਕਿ ਸਮੁੱਚੀ ਮਨੁੱਖਤਾ ਨੂੰ ਅਸੀਂ ਆਤਮਿਕ ਅਤੇ ਸਮਾਜਿਕ ਤੌਰ ਤੇ ਹਰ ਪੱਖੋ ਮਜ਼ਬੂਤ ਅਤੇ ਪ੍ਰਫੁੱਲਿਤ ਕਰਨ ਵਿਚ ਯੋਗਦਾਨ ਪਾ ਸਕੀਏ ਅਤੇ ਇਥੇ ਬਿਨ੍ਹਾਂ ਕਿਸੇ ਤਰ੍ਹਾਂ ਦੇ ਸਮਾਜਿਕ ਵਿਤਕਰੇ ਤੋਂ ਅਮਲ ਕਰਦੇ ਹੋਏ ਅਮਨ-ਚੈਨ ਨੂੰ ਸਥਾਈ ਤੌਰ ਤੇ ਕਾਇਮ ਰੱਖ ਸਕੀਏ । ਪਰ ਇਨ੍ਹਾਂ ਵੱਲੋਂ ਆਪੋ-ਆਪਣੇ ਗਿਆਨ ਦੀ ਜਾਣਕਾਰੀ ਦੇ ਹਊਮੈ ਵਿਚ ਗ੍ਰਸਤ ਹੋ ਕੇ ਗੁਰੂ ਸਾਹਿਬਾਨ ਜੀ ਦੀਆਂ ਹੱਥ ਲਿਖਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਉਨ੍ਹਾਂ ਦੇ ਜੀਵਨ ਸੰਬੰਧੀ ਚੁਣੋਤੀ ਦੇਣ ਦੇ ਹੋ ਰਹੇ ਅਮਲ ਅਤੇ ਸਿੱਖ ਕੌਮ ਨੂੰ ਆਪੋ-ਆਪਣੇ ਸਵਾਰਥਾਂ ਲਈ ਡੇਰਿਆਂ ਦੇ ਅਨਿਆਈ ਬਣਾਉਣ ਦਾ ਮੰਦਭਾਗਾਂ ਰੁਝਾਨ ਹੋਰ ਵੀ ਖ਼ਤਰਨਾਕ ਹੈ । ਇਹੀ ਵਜਹ ਹੈ ਕਿ ਅੱਜ ਕੌਮ ਦਾ ਇਕ ਹਿੱਸਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਨੂੰ ਗੁਰੂ ਸਾਹਿਬਾਨ ਨੇ ਆਪਣੇ ਮੁਖਾਰਬਿੰਦ ਤੋ ਇਹ ਕਹਿਕੇ “ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ” ਅਤੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋ ਕੇ “ਦੇਹਧਾਰੀ” ਸਮਾਜ ਵਿਰੋਧੀ ਪ੍ਰਥਾਂ ਨੂੰ ਸਦਾ ਲਈ ਦਫਨਾ ਦਿੱਤਾ ਸੀ । ਉਸ ਨੂੰ ਫਿਰ ਉਜਾਗਰ ਕਰਨ ਵਾਲੇ ਅਤੇ ਵੱਖ-ਵੱਖ ਇਤਿਹਾਸਿਕ ਸੱਚਾਈਆਂ ਉਤੇ ਵਿਵਾਦ ਛੇੜਨ ਵਾਲੇ ਉਪਰੋਕਤ ਕੌਮੀ ਮਿਸ਼ਨਾਂ ਵਿਚ ਜੇਕਰ ਰੁਕਾਵਟ ਨਾ ਬਣਨ ਤਾਂ ਇਹ ਉਨ੍ਹਾਂ ਲਈ ਵੀ, ਸਿੱਖ ਸਮਾਜ ਲਈ ਵੀ ਅਤੇ ਸਮੁੱਚੀ ਮਨੁੱਖਤਾ ਲਈ ਬਿਹਤਰ ਹੋਵੇਗਾ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਿੱਖ ਕੌਮ ਵਿਚ ਵਿਚਰਣ ਵਾਲੇ ਕਥਾਵਾਚਕ, ਪ੍ਰਚਾਰਕ, ਰਾਗੀ-ਢਾਡੀ ਅਤੇ ਬੁੱਧੀਜੀਵੀ ਕਿਸੇ ਤਰ੍ਹਾਂ ਦੇ ਵੀ ਵਿਵਾਦ ਨੂੰ ਨਾ ਉਭਾਰਨ । ਬਲਕਿ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਸਾਹਿਬਾਨ ਜੀ ਦੇ ਜੀਵਨ, ਗੁਰਬਾਣੀ ਅਤੇ ਮਰਿਯਾਦਾਵਾਂ ਨੂੰ ਤੱਥਾਂ ਸਹਿਤ, ਦਲੀਲ ਸਹਿਤ ਪੇਸ਼ ਕਰਕੇ ਸਭ ਕੌਮਾਂ ਤੇ ਧਰਮਾਂ ਦੇ ਵਾਸੀਆਂ ਨੂੰ ਮਨੁੱਖਤਾ ਪੱਖੀ ਸੰਦੇਸ਼ ਦੇਣ ਦੀ ਜਿੰਮੇਵਾਰੀ ਨਿਭਾਉਣਗੇ ।

About The Author

Related posts

Leave a Reply

Your email address will not be published. Required fields are marked *