Verify Party Member
Header
Header
ਤਾਜਾ ਖਬਰਾਂ

ਮੋਦੀ ਵੱਲੋਂ ਸੋਮਾਨਥ ਮੰਦਰ ਦਾ ਪ੍ਰਧਾਨ ਬਣਨਾ ਵਜ਼ੀਰ-ਏ-ਆਜ਼ਮ ਦੇ ਨਿਰਪੱਖਤਾ ਵਾਲੇ ਅਹੁਦੇ ਦੀ ਵੱਡੀ ਤੋਹੀਨ : ਮਾਨ

ਮੋਦੀ ਵੱਲੋਂ ਸੋਮਾਨਥ ਮੰਦਰ ਦਾ ਪ੍ਰਧਾਨ ਬਣਨਾ ਵਜ਼ੀਰ-ਏ-ਆਜ਼ਮ ਦੇ ਨਿਰਪੱਖਤਾ ਵਾਲੇ ਅਹੁਦੇ ਦੀ ਵੱਡੀ ਤੋਹੀਨ : ਮਾਨ

ਫ਼ਤਹਿਗੜ੍ਹ ਸਾਹਿਬ, 19 ਜਨਵਰੀ ( ) “ਇੰਡੀਆ ਦੇ ਵਿਧਾਨਿਕ ਨਿਯਮਾਂ ਅਨੁਸਾਰ ਇੰਡੀਆਂ ਦਾ ਕੋਈ ਵੀ ਵਜ਼ੀਰ-ਏ-ਆਜ਼ਮ ਕਿਸੇ ਵੀ ਧਾਰਮਿਕ ਸਥਾਂਨ, ਟਰੱਸਟ ਆਦਿ ਦੇ ਅਹੁਦੇ ਨੂੰ ਪ੍ਰਵਾਨ ਨਹੀਂ ਕਰ ਸਕਦਾ । ਕਿਉਂਕਿ ਇਹ ਅਹੁਦਾ ਪੂਰਨ ਰੂਪ ਵਿਚ ਧਰਮ ਨਿਰਪੱਖਤਾ ਵਾਲਾ ਹੁੰਦਾ ਹੈ । ਇਸੇ ਤਰ੍ਹਾਂ ਪ੍ਰੈਜੀਡੈਟ ਦਾ ਅਹੁਦਾ ਵੀ ਇਸੇ ਲੜੀ ਵਿਚ ਆਉਦਾ ਹੈ । ਇਨ੍ਹਾਂ ਦੋਵਾਂ ਅਹੁਦਿਆ ਉਤੇ ਬੈਠਣ ਵਾਲੀ ਸਖਸ਼ੀਅਤ ਦੀ ਨਜ਼ਰ ਵਿਚ ਸਭ ਇੰਡੀਅਨ ਨਿਵਾਸੀ ਅਤੇ ਸਭ ਧਰਮ ਬਰਾਬਰ ਹੁੰਦੇ ਹਨ । ਕਿਸੇ ਨੂੰ ਵੀ ਉਚੇਚੇ ਤੌਰ ਤੇ ਉਭਾਰਨ ਦੀ ਇਹ ਅਹੁਦੇ ਇਜਾਜਤ ਨਹੀਂ ਦਿੰਦੇ । ਵਜ਼ੀਰ-ਏ-ਆਜ਼ਮ ਨਾ ਤਾਂ ਕਿਸੇ ਧਰਮ ਨੂੰ ਕੋਈ ਵਿੱਤੀ ਸਹਾਇਤਾ ਦੇ ਸਕਦਾ ਹੈ, ਨਾ ਹੀ ਉਸ ਲਈ ਕੋਈ ਵਿਸ਼ੇਸ਼ ਉਦਮ ਕਰਕੇ ਉਸ ਨੂੰ ਉਭਾਰ ਸਕਦਾ ਹੈ । ਨਾ ਹੀ ਕਿਸੇ ਧਾਰਮਿਕ ਸਥਾਂਨ ਦਾ ਨੀਹ ਪੱਥਰ ਰੱਖ ਸਕਦਾ ਹੈ, ਜਿਵੇਂ ਸ੍ਰੀ ਮੋਦੀ ਨੇ ਬਤੌਰ ਵਜ਼ੀਰ-ਏ-ਆਜ਼ਮ ਦੇ ਅਯੁੱਧਿਆ ਵਿਖੇ ਜਾ ਕੇ ਹਿੰਦੂ ਧਰਮ ਦੇ ਰਾਮ ਮੰਦਰ ਦੀ ਸਿਲ੍ਹਾ ਰੱਖੀ ਹੈ । ਜੋ ਸ੍ਰੀ ਮੋਦੀ ਨੇ ਹਿੰਦੂ ਮੰਦਰ ਸੋਮਨਾਥ ਟਰੱਸਟ ਦੀ ਪ੍ਰਧਾਨਗੀ ਪ੍ਰਾਪਤ ਕੀਤੀ ਹੈ, ਇਹ ਇੰਡੀਅਨ ਵਿਧਾਨ ਦੀ ਨਿਰਪੱਖਤਾ ਅਤੇ ਬਰਾਬਰਤਾ ਵਾਲੀ ਸੋਚ ਦਾ ਜਨਾਜ਼ਾਂ ਕੱਢਣ ਵਾਲੀ ਕਾਰਵਾਈ ਹੈ, ਉਥੇ ਇਕ ਕੱਟੜਵਾਦੀ ਸੋਚ ਨੂੰ ਪ੍ਰਫੁੱਲਿਤ ਕਰਨ ਵਾਲੇ ਅਮਲ ਹਨ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਨਿਖੇਧੀ ਕਰਦਾ ਹੈ ਅਤੇ ਇਸ ਅਹੁਦੇ ਨੂੰ ਤੁਰੰਤ ਅਪ੍ਰਵਾਨ ਕਰਨ ਦੀ ਇੰਡੀਆ ਦੀ ਜਨਤਾ ਦੇ ਬਿਨ੍ਹਾਂ ਤੇ ਗੁਜਾਰਿਸ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਵੱਲੋਂ ਹਿੰਦੂ ਮੰਦਰ ਸੋਮਨਾਥ ਦੇ ਟਰੱਸਟ ਦੀ ਮੁੱਖ ਸੇਵਾ ਨੂੰ ਪ੍ਰਵਾਨ ਕਰਨ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਮੌਜੂਦਾ ਹਕੂਮਤ ਵੱਲੋਂ ਹਿੰਦੂ ਕੱਟੜਵਾਦੀ ਸੋਚ ਦੀ ਪੈਰਵੀ ਕਰਕੇ ਇਥੇ ਅਰਾਜਕਤਾ ਫੈਲਾਉਣ ਵਾਲੇ ਅਮਲਾਂ ਦੀ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਮੁਰਾਰਜੀ ਦੁਸਾਈ ਇੰਡੀਆ ਦੇ ਪ੍ਰਾਈਮਨਿਸਟਰ ਸਨ ਅਤੇ ਉਸ ਸਮੇਂ ਪੰਜਾਬ ਵਿਚ ਬਾਦਲ ਦੀ ਹਕੂਮਤ ਸੀ । ਸ੍ਰੀ ਮੁਰਾਰਜੀ ਦੁਸਾਈ ਦਰਬਾਰ ਸਾਹਿਬ ਆਏ ਸਨ ਤਾਂ ਉਨ੍ਹਾਂ ਨੇ ਉਥੇ ਇਹ ਇੱਛਾ ਜਾਹਰ ਕੀਤੀ ਕਿ ਜੋ ਸ੍ਰੀ ਦਰਬਾਰ ਸਾਹਿਬ ਦੇ ਦਰਸਨੀ ਡਿਊੜ੍ਹੀ ਦੇ ਦਰਵਾਜੇ ਹਨ, ਇਹ ਸਾਡੇ ਸੋਮਨਾਥ ਮੰਦਰ ਦੇ ਹਨ, ਇਨ੍ਹਾਂ ਨੂੰ ਵਾਪਸ ਭੇਜਿਆ ਜਾਵੇ । ਉਸ ਸਮੇਂ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਕਿਹਾ ਕਿ ‘ਇਹ ਇਤਿਹਾਸਿਕ ਦਰਵਾਜੇ ਸਿੱਖ ਕੌਮ ਆਪਣੀ ਤਲਵਾਰ ਦੀ ਨੋਕ ਤੇ ਲਿਆਈ ਸੀ ਅਤੇ ਤਲਵਾਰ ਦੀ ਨੋਕ ਤੇ ਹੀ ਲੈ ਜਾਵੋ’। ਉਨ੍ਹਾਂ ਨੇ ਤਾਂ ਸਿੱਖ ਕੌਮ ਦੀ ਅਣਖ਼, ਗੈਰਤ ਨੂੰ ਕਾਇਮ ਰੱਖਦੇ ਹੋਏ ਵਜ਼ੀਰ-ਏ-ਆਜ਼ਮ ਦੇ ਹੁਕਮਾਂ ਨੂੰ ਪ੍ਰਵਾਨ ਨਾ ਕੀਤਾ । ਪਰ ਸਾਨੂੰ ਖਦਸਾ ਹੈ ਕਿ ਬੀਤੇ ਕੁਝ ਸਮੇਂ ਤੋਂ ਸਾਡੀ ਸਿੱਖ ਪਾਰਲੀਮੈਂਟ ਐਸ.ਜੀ.ਪੀ.ਸੀ. ਉਤੇ ਬਾਦਲ ਦਲੀਏ ਕਾਬਜ ਹਨ । ਜਿਨ੍ਹਾਂ ਦੇ ਘੱਟ ਗਿਣਤੀ ਕੌਮਾਂ ਵਿਰੋਧੀ ਮੁਤੱਸਵੀ ਜਮਾਤਾਂ ਬੀਜੇਪੀ-ਆਰ.ਐਸ.ਐਸ. ਨਾਲ ਡੂੰਘੇ ਸੰਬੰਧ ਹਨ । ਕੁਝ ਸਮਾਂ ਪਹਿਲੇ ਇਨ੍ਹਾਂ ਇਤਿਹਾਸਿਕ ਦਰਵਾਜਿਆ ਦੀ ਮੁਰੰਮਤ ਕਰਨ ਨੂੰ ਲੈਕੇ ਦਰਸ਼ਨੀ ਡਿਊੜ੍ਹੀ ਤੋਂ ਉਤਾਰ ਦਿੱਤੇ ਸਨ ਜੋ ਅੱਜ ਤੱਕ ਵਾਪਸ ਨਹੀਂ ਲਗਾਏ ਗਏ । ਸਾਨੂੰ ਖਦਸਾ ਹੈ ਕਿ ਜੋ ਇਹ ਦਰਵਾਜੇ ਸਿੱਖ ਕੌਮ ਦੀ ਆਨ-ਸ਼ਾਨ ਅਤੇ ਫ਼ਤਹਿ ਦੇ ਪ੍ਰਤੀਕ ਹਨ, ਉਨ੍ਹਾਂ ਨੂੰ ਬਾਦਲ ਦਲੀਆ ਵੱਲੋਂ ਬੀਜੇਪੀ-ਆਰ.ਐਸ.ਐਸ. ਦੇ ਸਪੁਰਦ ਨਾ ਕਰ ਦਿੱਤੇ ਗਏ ਹੋਣ । ਇਸ ਵੱਡੇ ਕੌਮੀ ਪ੍ਰਸ਼ਨ ਦਾ ਜੁਆਬ ਸਮੁੱਚੀ ਸਿੱਖ ਕੌਮ, ਸ. ਪ੍ਰਕਾਸ਼ ਸਿੰਘ ਬਾਦਲ ਅਤੇ ਮੌਜੂਦਾ ਐਸ.ਜੀ.ਪੀ.ਸੀ. ਦੀ ਪ੍ਰਧਾਨ ਮੈਡਮ ਜਗੀਰ ਕੌਰ ਤੋਂ ਮੰਗਦੀ ਹੈ । ਇਹ ਜਨਤਕ ਤੌਰ ਤੇ ਜਾਣਕਾਰੀ ਦੇਣ ਕਿ ਇਸ ਸਮੇਂ ਇਹ ਦਰਵਾਜੇ ਕਿਸ ਹਾਲਾਤਾਂ ਵਿਚ ਹਨ, ਕਿਥੇ ਹਨ, ਸੁਰੱਖਿਅਤ ਹਨ ਜਾਂ ਨਹੀਂ ?

ਇਥੇ ਇਹ ਯਾਦ ਦਿਵਾਉਣਾ ਜ਼ਰੂਰੀ ਹੈ ਕਿ ਇਹ ਸੋਮਨਾਥ ਮੰਦਰ ਹਿੰਦੂਆਂ ਦਾ ਬਹੁਤ ਹੀ ਮਹੱਤਵਪੂਰਨ ਅਤੇ ਬੇਸੁਮਾਰ ਖਜਾਨੇ ਨਾਲ ਭਰਪੂਰ ਮੰਦਰ ਹੈ । ਜਿਸਨੂੰ ਮੁਹੰਮਦ ਗਜਨੀ ਨੇ 1025 ਈਸਵੀ ਵਿਚ ਲੁੱਟਿਆ ਸੀ । ਪਰ ਬਾਅਦ ਵਿਚ ਲਾਹੌਰ ਖ਼ਾਲਸਾ ਦਰਬਾਰ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਇਹ ਉਪਰੋਕਤ ਖਜਾਨਾ ਅਤੇ ਸੋਮਨਾਥ ਮੰਦਰ ਦੇ ਲੁੱਟੇ ਕੀਮਤੀ ਦਰਵਾਜਿਆ ਨੂੰ ਮੁਹੰਮਦ ਗਜਨੀ ਤੋਂ ਲੁੱਟਿਆ । ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਹੀ ਵਧੀਆ ਢੰਗ ਨਾਲ ਸੋਨੇ ਅਤੇ ਚਾਂਦੀ ਦੀ ਮੀਨਾਕਾਰੀ ਨਾਲ ਸਜਵਾਕੇ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਊੜ੍ਹੀ ਵਿਖੇ ਸਥਾਪਿਤ ਕਰਵਾਏ । ਇਹ ਦਰਵਾਜੇ ਸਿੱਖ ਕੌਮ ਦੀ ਇਤਿਹਾਸਿਕ ਆਨ-ਸਾਨ ਅਤੇ ਫ਼ਤਹਿ ਦੇ ਪ੍ਰਤੀਕ ਹਨ । ਜਦੋਂ ਲਾਹੌਰ ਖ਼ਾਲਸਾ ਰਾਜ ਦਰਬਾਰ 1849 ਵਿਚ ਅਸਤ ਹੋ ਗਿਆ ਤਾਂ ਉਸ ਸਮੇਂ ਦੇ ਅੰਗਰੇਜ ਗਵਰਨਰ ਜਰਨਲ ਲਾਰਡ ਡਲਹੌਜੀ ਸਨ, ਉਨ੍ਹਾਂ ਨੇ ਸਾਡੇ ਖਾਲਸਾ ਰਾਜ ਦਰਬਾਰ ਦੇ ਖਜਾਨੇ ਨੂੰ ਲੁੱਟਕੇ ਜਿਸ ਵਿਚ ਬੇਸ਼ਕੀਮਤੀ ਕੋਹਿਨੂਰ ਹੀਰਾ ਵੀ ਸਾਮਿਲ ਸੀ, ਉਹ ਲੰਡਨ ਲੈ ਗਏ । ਅੱਜ ਇਹ ਸਿੱਖ ਕੌਮ ਦਾ ਵੱਡਾ ਸਰਮਾਇਆ ਕੋਹਿਨੂਰ ਹੀਰਾ ਬਰਤਾਨੀਆ ਦੀ ਮਹਾਰਾਣੀ ਐਲਿਜਾਬੇਥ-ੀ ਦੇ ਤਾਜ ਵਿਚ ਸੱਜਿਆ ਹੋਇਆ ਹੈ । ਇਸ ਤੋਂ ਉਪਰੰਤ 1984 ਵਿਚ ਇੰਡੀਆ ਦੀ ਹਕੂਮਤ, ਬਰਤਾਨੀਆ ਅਤੇ ਰੂਸ ਦੀਆਂ ਫ਼ੌਜਾਂ ਨੇ ਸਿੱਖ ਕੌਮ ਦੇ ਬੇਸ਼ਕੀਮਤੀ ਤੋਸਾਖਾਨਾ ਦੇ ਭੰਡਾਰ, ਇਤਿਹਾਸਿਕ ਦਸਤਾਵੇਜ਼ ਅਤੇ ਸਿੱਖ ਰੈਫਰੈਸ ਲਾਇਬ੍ਰੇਰੀ ਦਾ ਬਹੁਮੁੱਲਾ ਇਤਿਹਾਸ ਇਹ ਤਿੰਨੇ ਮੁਲਕਾਂ ਦੀਆਂ ਫੌ਼ਜਾਂ ਲੁੱਟਕੇ ਲੈ ਗਈਆ । ਜੋ ਇਨ੍ਹਾਂ ਨੇ ਆਪੋ-ਆਪਣੇ ਫ਼ੌਜੀ ਡਰਾਇੰਗਰੂਮਾਂ ਵਿਚ ਰੱਖੇ ਹੋਏ ਹਨ । ਜਦੋਂਕਿ ਇਸ ਲੁੱਟੇ ਗਏ ਖਜਾਨੇ ਉਤੇ ਸਿੱਖ ਕੌਮ ਦਾ ਅਧਿਕਾਰ ਹੈ । ਇਸ ਬਹੁਮੁੱਲੇ ਖਜਾਨੇ ਨੂੰ ਅੱਜ ਤੱਕ ਸਾਨੂੰ ਵਾਪਸ ਨਹੀਂ ਕੀਤਾ ਗਿਆ । ਕਿਉਂਕਿ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦਾ ਬੀਜੇਪੀ-ਆਰ.ਐਸ.ਐਸ. ਨਾਲ ਬਹੁਤ ਹੀ ਚੰਗੇ ਅਤੇ ਸੁਖਾਵੇ ਸੰਬੰਧ ਹਨ, ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਵੱਲੋਂ ਇਨ੍ਹਾਂ ਦੋਵਾਂ ਬੀਜੇਪੀ-ਆਰ.ਐਸ.ਐਸ. ਦੇ ਭਾਈਵਾਲ ਆਗੂਆਂ ਨੂੰ ਸੰਜ਼ੀਦਗੀ ਭਰੀ ਅਪੀਲ ਹੈ ਕਿ ਉਹ 1984 ਵਿਚ ਉਪਰੋਕਤ ਤਿੰਨੇ ਫ਼ੌਜਾਂ ਵੱਲੋਂ ਸਾਡੇ ਲੁੱਟੇ ਗਏ ਇਤਿਹਾਸਿਕ ਖਜਾਨੇ, ਬੇਸ਼ਕੀਮਤੀ ਵਸਤਾਂ ਅਤੇ ਇਤਿਹਾਸ ਸਾਨੂੰ ਤੁਰੰਤ ਵਾਪਸ ਦਿਵਾਇਆ ਜਾਵੇ । ਜੇਕਰ ਬਾਦਲ ਪਰਿਵਾਰ ਕੌਮ ਦੀ ਇਸ ਮੰਗ ਨੂੰ ਇਮਾਨਦਾਰੀ ਨਾਲ ਪੂਰਨ ਕਰਵਾ ਦੇਵੇ, ਤਾਂ ਉਹ ਜੋ ਹੁਣ ਆਪਣੀਆ ਵੱਡੀਆ ਗੁਸਤਾਖੀਆ ਦੀ ਬਦੌਲਤ ਜਾਂ ਸਿੱਖ ਕੌਮ ਨਾਲ ਧੋਖਾ ਕਰਨ ਦੀ ਬਦੌਲਤ ਸਿਆਸੀ ਤੇ ਧਾਰਮਿਕ ਤੌਰ ਤੇ ਪੰਜਾਬੀਆ ਅਤੇ ਸਿੱਖ ਕੌਮ ਦੇ ਮਨਾਂ ਵਿਚੋਂ ਮਨਫੀ ਹੋ ਚੁੱਕੇ ਹਨ, ਉਹ ਕੁਝ ਹੱਦ ਤੱਕ ਆਪਣੇ ਕੀਤੇ ਗਏ ਪਾਪਾ ਦਾ ਪਸਚਾਤਾਪ ਕਰ ਰਹੇ ਹੋਣਗੇ, ਵਰਨਾ ਇਸ ਬਾਦਲ ਪਰਿਵਾਰ ਨੂੰ ਪੰਜਾਬ ਅਤੇ ਸਿੱਖ ਕੌਮ ਦੇ ਵਿਹੜੇ ਵਿਚ ਅਤੇ ਉਸ ਅਕਾਲ ਪੁਰਖ ਦੀ ਦਰਗਾਹ ਵਿਚ ਕਿਸੇ ਵੀ ਸਥਾਂਨ ਤੇ ਢੋਈ ਨਹੀਂ ਮਿਲੇਗੀ ।

About The Author

Related posts

Leave a Reply

Your email address will not be published. Required fields are marked *