ਮੋਦੀ ਨੂੰ ਸਿੱਖ ਕੌਮ ਦੀ ਜ਼ਮਹੂਰੀਅਤ ਪਸ਼ੰਦ ਆਵਾਜ਼ ਸੁਣਕੇ, ਮਿਆਦਪੁਗਾ ਚੁੱਕੀ ਐਸ.ਜੀ.ਪੀ.ਸੀ. ਦੀ ਸੰਸਥਾਂ ਦੀਆਂ ਜਰਨਲ ਚੋਣਾਂ ਕਰਵਾਉਣ ਦਾ ਤੁਰੰਤ ਐਲਾਨ ਕਰਨਾ ਚਾਹੀਦੈ : ਮਾਨ
ਫ਼ਤਹਿਗੜ੍ਹ ਸਾਹਿਬ, 04 ਮਾਰਚ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਹਿੰਦ ਦੇ ਉਸ ਵਿਧਾਨਿਕ ਮਤੇ ਅਤੇ ਆਰਟੀਕਲ ਦੇ ਪੂਰਨ ਹੱਕ ਵਿਚ ਹੈ । ਜਿਸ ਅਧੀਨ ਕੋਈ ਵੀ ਚੁਣੀ ਹੋਈ ਅਸੈਬਲੀ ਜਾਂ ਸੰਸਥਾਂ ਜਿਸਦੀ ਕਾਨੂੰਨੀ ਮਿਆਦ 5 ਸਾਲ ਬਾਅਦ ਚੋਣਾਂ ਕਰਵਾਉਣ ਦੀ ਹਦਾਇਤ ਕਰਦਾ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਏਸੀਆ ਦੀ ਸਭ ਤੋਂ ਪਹਿਲੀ ਹੋਂਦ ਵਿਚ ਆਈ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ 1925 ਵਿਚ ਬਣੀ ਸੀ, ਉਸ ਸਿੱਖ ਪਾਰਲੀਮੈਂਟ ਦੀ 2011 ਤੋਂ ਬਾਅਦ ਕੋਈ ਵੀ ਜਰਨਲ ਚੋਣ ਨਹੀਂ ਕਰਵਾਈ ਗਈ । ਜਦੋਂਕਿ ਇਹ ਧਾਰਮਿਕ ਸੰਸਥਾਂ 2016 ਵਿਚ ਆਪਣੀ ਮਿਆਦ ਖ਼ਤਮ ਕਰ ਚੁੱਕੀ ਹੈ । ਹਿੰਦੂਤਵ ਹਕੂਮਤ ਇਸ ਗੱਲ ਦੀ ਕਾਨੂੰਨੀ ਤੌਰ ਤੇ ਪਾਬੰਦ ਹੈ ਕਿ ਹਰ 5 ਸਾਲ ਬਾਅਦ ਅਜਿਹੀ ਕਾਨੂੰਨੀ ਸੰਸਥਾਂ ਦੀ ਚੋਣ ਦਾ ਪ੍ਰਬੰਧ ਕਰੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਲੰਮੇਂ ਸਮੇਂ ਤੋਂ ਏਸੀਆ ਦੀ ਸਭ ਤੋਂ ਪਹਿਲੀ ਕਾਨੂੰਨ ਅਨੁਸਾਰ ਹੋਂਦ ਵਿਚ ਆਈ ਸਿੱਖ ਪਾਰਲੀਮੈਂਟ ਐਸ.ਜੀ.ਪੀ.ਸੀ. ਦੀਆਂ ਹਿੰਦੂਤਵ ਹੁਕਮਰਾਨਾਂ ਵੱਲੋਂ ਮੰਦਭਾਵਨਾ ਅਧੀਨ ਜਰਨਲ ਚੋਣਾਂ ਨਾ ਕਰਵਾਉਣ ਦੇ ਜਮਹੂਰੀਅਤ ਵਿਰੋਧੀ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਇਨ੍ਹਾਂ ਚੋਣਾਂ ਦਾ ਤੁਰੰਤ ਐਲਾਨ ਕਰਨ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀ ਪਾਰਟੀ 1970 ਤੋਂ ਹੀ ਫਿਰਕੂ ਬੀਜੇਪੀ-ਆਰ.ਐਸ.ਐਸ. ਨਾਲ ਸਾਂਝ ਬਣੀ ਹੋਈ ਹੈ । ਹੁਕਮਰਾਨ ਇਸ ਚੋਣ ਨੂੰ ਬਾਦਲ ਦੇ ਪੱਖ ਵਿਚ ਵੇਖਣਾ ਚਾਹੁੰਦਾ ਹੈ । ਇਸ ਲਈ ਹੀ ਇਸ ਪਾਰਲੀਮੈਂਟ ਦੀਆਂ ਚੋਣਾਂ ਕਰਵਾਉਣ ਵਿਚ ਸੈਂਟਰ ਦਾ ਗ੍ਰਹਿ ਵਿਭਾਗ ਅਤੇ ਹੁਕਮਰਾਨ ਆਨੇ-ਬਹਾਨੇ ਕਰਦੇ ਆ ਰਹੇ ਹਨ । ਦੂਸਰੇ ਪਾਸੇ ਜਿਸ ਬਾਦਲ ਦਲ ਨੂੰ ਫਿਰਕੂ ਹੁਕਮਰਾਨ ਐਸ.ਜੀ.ਪੀ.ਸੀ. ਉਤੇ ਕਾਬਜ ਰੱਖਣਾ ਚਾਹੁੰਦਾ ਹੈ, ਉਹ ਬਾਦਲ ਦਲ ਵੱਡੇ-ਵੱਡੇ ਘਪਲਿਆ, ਰਿਸਵਤਖੋਰੀ ਅਤੇ ਐਸ.ਜੀ.ਪੀ.ਸੀ. ਦੇ ਸਭ ਸਾਧਨਾਂ, ਗੋਲਕਾਂ ਦੀ ਦੁਰਵਰਤੋਂ ਕਰਕੇ ਲੰਮੇਂ ਸਮੇਂ ਤੋਂ ਇਸ ਧਾਰਮਿਕ ਸੰਸਥਾਂ ਦੇ ਮਾਣ-ਸਨਮਾਨ ਨੂੰ ਵੱਡੀ ਢਾਅ ਲਗਾਉਦੇ ਆ ਰਹੇ ਹਨ । ਇਥੋਂ ਤੱਕ ਧਾਰਮਿਕ ਮਰਿਯਾਦਾਵਾਂ, ਨਿਯਮਾਂ ਦਾ ਵੀ ਇਹ ਬਾਦਲ ਦਲੀਏ ਘਾਣ ਕਰਦੇ ਆ ਰਹੇ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਨੂੰ ਇਨ੍ਹਾਂ ਵੱਲੋਂ ਗੈਰ-ਕਾਨੂੰਨੀ ਤਰੀਕੇ ਲਾਪਤਾ ਕਰ ਦਿੱਤਾ ਗਿਆ ਹੈ । ਜਦੋਂਕਿ ਇਸ ਦੁੱਖਦਾਇਕ ਵਰਤਾਰੇ ਦੇ ਕਿਸੇ ਵੀ ਦੋਸ਼ੀ ਅਧਿਕਾਰੀ ਵਿਰੁੱਧ ਬਾਦਲ ਪਰਿਵਾਰ ਵੱਲੋਂ ਕੋਈ ਕਾਨੂੰਨੀ ਅਮਲ ਨਹੀਂ ਕੀਤਾ ਗਿਆ । ਜਿਸ ਨਾਲ ਸਿੱਖ ਕੌਮ ਵਿਚ ਬਹੁਤ ਵੱਡਾ ਰੋਹ ਉਤਪੰਨ ਹੋ ਚੁੱਕਾ ਹੈ । ਸਾਡੀ ਪਾਰਟੀ ਮੋਦੀ ਹਕੂਮਤ ਵੱਲੋਂ ਸਾਡੀ ਇਸ ਧਾਰਮਿਕ ਸੰਸਥਾਂ ਵਿਚ ਦਿੱਤੇ ਜਾਣ ਵਾਲੇ ਦਖਲ ਨੂੰ ਬਿਲਕੁਲ ਬਰਦਾਸਤ ਨਹੀਂ ਕਰੇਗੀ । ਕਿਉਂਕਿ ਅਜਿਹਾ ਕਰਕੇ ਸਿੱਖ ਕੌਮ ਦੇ ਮਾਣ-ਸਨਮਾਨ ਅਤੇ ਸਿੱਖੀ ਸੰਸਥਾਵਾਂ ਦੀਆਂ ਮਰਿਯਾਦਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਜੋ ਅਸਹਿ ਹੈ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੇ ਜਮਹੂਰੀਅਤ ਪਸ਼ੰਦ ਮੁਲਕਾਂ ਨੂੰ ਅਪੀਲ ਕਰਦਾ ਹੈ ਕਿ ਉਹ ਮੋਦੀ ਹਕੂਮਤ ਉਤੇ ਦਬਾਅ ਪਾਉਣ ਕਿ ਉਹ ਸਿੱਖ ਕੌਮ ਦੀ ਪਾਰਲੀਮੈਟ ਜੋ ਕਾਨੂੰਨੀ ਪ੍ਰਕਿਰਿਆ ਅਧੀਨ ਆਉਦੀ ਹੈ, ਉਸਦੀਆਂ ਲੰਮੇਂ ਸਮੇਂ ਤੋਂ ਪੈਡਿੰਗ ਪਈਆ ਜਰਨਲ ਚੋਣਾਂ ਕਰਵਾਕੇ ਸਿੱਖ ਕੌਮ ਨੂੰ ਆਪਣੇ ਗੁਰੂਘਰਾਂ ਦੇ ਪ੍ਰਬੰਧ ਨੂੰ ਸਹੀ ਢੰਗ ਨਾਲ ਚਲਾਉਣ ਦਾ ਹੱਕ ਦੇਣ ਅਤੇ ਇਸਦੀ ਨਿਰਪੱਖਤਾ ਨਾਲ ਆਜ਼ਾਦ ਚੋਣਾਂ ਕਰਵਾਉਣ ਦਾ ਪ੍ਰਬੰਧ ਕਰੇ । ਸਮੁੱਚੇ ਸੰਸਾਰ ਦੀਆਂ ਸਿੰਘ ਸਭਾਵਾਂ ਦਾ ਵੀ ਇਹ ਫਰਜ ਬਣ ਜਾਂਦਾ ਹੈ ਕਿ ਉਹ ਵੀ ਇਸ ਦਿਸ਼ਾ ਵੱਲ ਸਮੂਹਿਕ ਤੌਰ ਤੇ ਐਸ.ਜੀ.ਪੀ.ਸੀ. ਦੀਆਂ ਚੋਣਾਂ ਕਰਵਾਉਣ ਲਈ ਬਾਦਲੀਲ ਢੰਗ ਨਾਲ ਆਵਾਜ਼ ਬੁਲੰਦ ਕਰਨ ।