Verify Party Member
Header
Header
ਤਾਜਾ ਖਬਰਾਂ

ਮੁਕਾਰਤਾ ਤੇ ਹੈਂਕੜ ਨਾਲ ਭਰੇ ਦਿੱਲੀ ਦੇ ਹੁਕਮਰਾਨਾਂ ਤੱਕ ਕਿਸਾਨਾਂ ਦੇ ਪਹੁੰਚਣ ਲਈ ‘ਅਜੇ ਦਿੱਲੀ ਦੂਰ ਹੈ’ : ਮਾਨ

ਮੁਕਾਰਤਾ ਤੇ ਹੈਂਕੜ ਨਾਲ ਭਰੇ ਦਿੱਲੀ ਦੇ ਹੁਕਮਰਾਨਾਂ ਤੱਕ ਕਿਸਾਨਾਂ ਦੇ ਪਹੁੰਚਣ ਲਈ ‘ਅਜੇ ਦਿੱਲੀ ਦੂਰ ਹੈ’ : ਮਾਨ

ਫ਼ਤਹਿਗੜ੍ਹ ਸਾਹਿਬ, 05 ਜਨਵਰੀ ( ) “ਹਿੰਦੂਤਵ ਮੋਦੀ ਹਕੂਮਤ ਵੱਲੋਂ ਹੋਂਦ ਵਿਚ ਲਿਆਂਦੇ ਗਏ ਤਿੰਨ ਕਿਸਾਨ ਮਾਰੂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਸੰਘਰਸ਼ ਕਰਨ ਵਾਲੀਆ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਲੱਖਾਂ ਦੀ ਗਿਣਤੀ ਵਿਚ ਦਿੱਲੀ ਦੇ ਸਭ ਬਾਰਡਰਾਂ ਉਤੇ ਰੋਸ਼ ਮੋਰਚੇ ਵਿਚ ਬੈਠੇ ਹਨ । ਉਨ੍ਹਾਂ ਲਈ ਅਤੇ ਲਦਾਂਖ ਦੇ ਅੰਦਰ ਤੱਕ ਦਾਖਲ ਹੋ ਚੁੱਕੀ ਚੀਨੀ ਫ਼ੌਜ ਲਈ ‘ਅਜੇ ਦਿੱਲੀ ਦੂਰ ਹੈ’। ਕਿਉਂਕਿ ਹੁਕਮਰਾਨ ਕੇਵਲ ਮੁਕਾਰਤਾ ਤੇ ਹੈਂਕੜ ਨਾਲ ਹੀ ਭਰਿਆ ਹੋਇਆ ਨਹੀਂ, ਉਹ ਮੁਰਖਾਨਾ ਅਮਲ ਕਰ ਰਿਹਾ ਹੈ । ਜਿਸ ਨੂੰ ਇੰਡੀਆ ਦੇ ਲਦਾਂਖ ਵਿਚ ਦਾਖਲ ਹੋ ਚੁੱਕੀ ਚੀਨੀ ਫ਼ੌਜ ਅਤੇ ਲੱਖਾਂ ਕਿਸਾਨਾਂ, ਮਜਦੂਰਾਂ, ਬੱਚਿਆਂ, ਬਜੁਰਗਾਂ, ਬੀਬੀਆਂ ਵੱਲੋਂ ਪੋਹ ਦੀ ਠੰਡ ਅਤੇ ਮੀਹ ਵਾਲੇ ਮਾਹੌਲ ਵਿਚ ਬੈਠੇ ਕਿਸਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਰਤੀਭਰ ਵੀ ਚਿੰਤਾ ਨਹੀਂ । ਜਦੋਂਕਿ ਸਮੁੱਚਾ ਕਿਸਾਨ ਵਰਗ ਅਮਨਮਈ ਤੇ ਜਮਹੂਰੀਅਤ ਢੰਗ ਨਾਲ ਆਪਣਾ ਰੋਸ਼ ਪ੍ਰਗਟਾਂ ਰਹੇ ਹਨ, ਜਿਸਨੂੰ ਇੰਡੀਅਨ ਵਿਧਾਨ ਦੀ ਧਾਰਾ 19 ਅਜਿਹਾ ਕਰਨ ਦੀ ਕਾਨੂੰਨੀ ਇਜਾਜਤ ਵੀ ਦਿੰਦੀ ਹੈ । ਲਦਾਂਖ ਵਿਚ ਘੁੱਸ ਚੁੱਕੀ ਚੀਨੀ ਫ਼ੌਜ ਅਤੇ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਕਿਸਾਨਾਂ ਸੰਬੰਧੀ ਜੇਕਰ ਹੁਕਮਰਾਨ ਇਹ ਸਮਝਦੇ ਹਨ ਕਿ ਅਸੀਂ ਸੁਰੱਖਿਅਤ ਹਾਂ ਤਾਂ ਇਨ੍ਹਾਂ ਹੁਕਮਰਾਨਾਂ ਦੀ ਬਹੁਤ ਵੱਡੀ ਮੁਰਖਾਨਾ ਭੁੱਲ ਹੋਵੇਗੀ । ਇਸ ਲਈ ਚੀਨੀ ਫ਼ੌਜ ਦੇ ਦਾਖਲ ਹੋਣ ਅਤੇ ਕਿਸਾਨਾਂ ਦੇ ਦਿੱਲੀ ਵਿਚ ਬੈਠਣ ਦੇ ਗੰਭੀਰ ਮੁੱਦਿਆ ਨੂੰ ਜੇਕਰ ਹੁਕਮਰਾਨ ਸਹੀ ਸਮੇਂ ਤੇ ਸਹੀ ਸੋਚ ਅਨੁਸਾਰ ਹੱਲ ਕਰ ਲੈਣਗੇ ਤਾਂ ਬਿਹਤਰ ਹੋਵੇਗਾ, ਵਰਨਾ ਇਨ੍ਹਾਂ ਹੁਕਮਰਾਨਾਂ ਦੀ ਬੇਪ੍ਰਵਾਹੀ ਵਾਲੀ ਕਾਰਵਾਈ ਦੇ ਨਤੀਜੇ ਕਦੀ ਵੀ ਕਾਰਗਰ ਸਾਬਤ ਨਹੀਂ ਹੋਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲੱਖਾਂ ਦੀ ਗਿਣਤੀ ਵਿਚ ਦਿੱਲੀ ਦੀਆਂ ਸਰਹੱਦਾਂ ਉਤੇ ਬੈਠੇ ਇਨਸਾਫ਼ ਲਈ ਲੜ੍ਹ ਰਹੇ ਕਿਸਾਨਾਂ ਅਤੇ ਚੀਨ ਦੀ ਉਸ ਫ਼ੌਜ ਵੱਲੋਂ ਜਿਸਨੇ 1962 ਵਿਚ ਲਦਾਂਖ ਦਾ 39 ਹਜ਼ਾਰ ਸਕੇਅਰ ਵਰਗ ਕਿਲੋਮੀਟਰ ਦਾ ਖ਼ਾਲਸਾਈ ਰਾਜ ਦਾ ਉਹ ਇਲਾਕਾ ਜਿਸ ਨੂੰ ਲਾਹੌਰ ਖ਼ਾਲਸਾ ਦਰਬਾਰ ਦੀਆਂ ਫ਼ੌਜਾਂ ਨੇ 1834 ਵਿਚ ਫ਼ਤਹਿ ਕਰਕੇ ਆਪਣੇ ਰਾਜ ਭਾਗ ਦਾ ਹਿੱਸਾ ਬਣਾਇਆ ਸੀ, ਉਸ ਉਤੇ ਕਬਜਾ ਕਰਨ ਅਤੇ ਅਪ੍ਰੈਲ 2020 ਵਿਚ ਉਸਦੇ ਹੋਰ ਇਲਾਕੇ ਵਿਚ ਦਾਖਲ ਹੋ ਕੇ ਕਬਜਾ ਕਰਨ ਦੇ ਵੱਡੇ ਮਸਲਿਆ ਉਤੇ ਹੁਕਮਰਾਨਾਂ ਦੇ ਕੰਨ ਉਤੇ ਜੂ ਨਾ ਸਿਰਕਣ ਦੇ ਦੁੱਖਦਾਇਕ ਅਮਲਾਂ ਉਤੇ ਹੈਰਾਨੀ ਅਤੇ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਹੁਕਮਰਾਨ ਇਹ ਸਮਝਦਾ ਹੈ ਜਦੋਂ ਤੱਕ ਕੋਈ ਦਿੱਲੀ ਦੇ ਅੰਦਰ ਤੱਕ ਦਾਖਲ ਨਾ ਹੋ ਜਾਵੇ, ਉਨ੍ਹਾਂ ਦੀ ਪ੍ਰਭੂਸਤਾ ਨੂੰ ਕੋਈ ਖ਼ਤਰਾ ਨਹੀਂ ਅਤੇ ਸੰਸਾਰ ਵਿਚ ਉਨ੍ਹਾਂ ਦਾ ਸਿੱਕਾ ਚੱਲਦਾ ਰਹੇਗਾ । ਇਸ ਲਈ ਸਾਡੀ ਪਾਰਟੀ ਦੀ ਕਿਸਾਨ ਆਗੂਆਂ ਲਈ ਰਾਏ ਹੈ ਕਿ ਉਹ ਬਾਰਡਰਾਂ ਉਤੇ ਬੈਠੇ ਰਹਿਣ ਦੀ ਬਜਾਇ ਦਿੱਲੀ ਦੇ ਅੰਦਰ ਜੰਤਰ-ਮੰਤਰ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ ਅਤੇ ਗੁਰਦੁਆਰਾ ਰਕਾਬਗੰਜ ਸਾਹਿਬ ਵੱਲ ਕੂਚ ਕਰਨ ਦੀ ਕੋਸਿ਼ਸ਼ ਕਰਨ ਜੋ ਕਿ ਉਨ੍ਹਾਂ ਦਾ ਜਮਹੂਰੀਅਤ ਪਸ਼ੰਦ ਢੰਗ ਹੀ ਹੋਵੇਗਾ ਅਤੇ ਜਾਇਜ ਵੀ ਹੋਵੇਗਾ । ਅਜਿਹਾ ਅਮਲ ਕਰਕੇ ਹੀ ਕਿਸਾਨ ਮੋਰਚੇ ਦੇ ਫੈਸਲੇਕੁੰਨ ਨਤੀਜੇ ਕੱਢੇ ਜਾ ਸਕਣਗੇ ਅਤੇ ਫ਼ਤਹਿ ਪ੍ਰਾਪਤ ਹੋ ਸਕੇਗੀ ।

ਉਨ੍ਹਾਂ ਕਿਹਾ ਕਿ ਜੋ ਕਿਸਾਨਾਂ ਨੇ 26 ਜਨਵਰੀ ਦੇ ਦਿਹਾੜੇ ਉਤੇ ‘ਟਰੈਕਟਰ ਮਾਰਚ’ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ, ਉਸ ਵਿਚ ਉਨ੍ਹਾਂ ਨੇ ਆਪਣੇ ਟਰੈਕਟਰਾਂ ਉਤੇ ਤਿਰੰਗੇ ਝੰਡੇ ਦੇ ਸਥਾਂਨ ‘ਤੇ ਫ਼ਤਹਿ ਅਤੇ ਦ੍ਰਿੜ ਹੌਸਲੇ ਦੇ ਪ੍ਰਤੀਕ ਖ਼ਾਲਸਾਈ ਝੰਡੇ ਲਹਿਰਾਉਣ ਦੇ ਕੀਤੇ ਗਏ ਫੈਸਲੇ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਸਲਾਘਾ ਕਰਦਾ ਹੈ । ਕਿਉਂਕਿ ਇਨ੍ਹਾਂ ਖ਼ਾਲਸਾਈ ਝੰਡਿਆਂ, ਸੋਚ ਅਤੇ ਇਤਿਹਾਸ ਨੇ ਹੀ ਇਸ ਵੱਡੇ ਮੋਰਚੇ ਵਿਚ ਸਾਮਿਲ ਹਰ ਵਰਗ ਨਾਲ ਸੰਬੰਧਤ ਅਵਾਮ ਨੂੰ ਦ੍ਰਿੜ ਇਰਾਦਾ ਅਤੇ ਫ਼ਤਹਿ ਬਖਸਣੀ ਹੈ । ਇਸ ਲਈ ਖ਼ਾਲਸਾਈ ਝੰਡੇ ਲਹਿਰਾਉਣੇ ਇਸ ਸਮੇਂ ਦੀ ਵੱਡੀ ਲੋੜ ਵੀ ਹੈ । ਉਨ੍ਹਾਂ ਕਿਹਾ ਕਿ ਹੁਕਮਰਾਨ ਨੂੰ ਕਿਸਾਨੀ ਮੋਰਚੇ ਦੀਆਂ ਜਾਇਜ ਮੰਗਾਂ ਉਤੇ ਇਸ ਲਈ ਸੰਜ਼ੀਦਗੀ ਨਾਲ ਅਮਲ ਕਰਨਾ ਜ਼ਰੂਰੀ ਬਣ ਜਾਵੇਗਾ ਕਿਉਂਕਿ ਜੋ ਇੰਡੀਆਂ ਦੀ ਆਰਮੀ, ਨੇਵੀ, ਏਅਰ ਫੋਰਸ, ਪੈਰਾਮਿਲਟਰੀ ਫੋਰਸ ਫ਼ੌਜਾਂ ਹਨ, ਉਨ੍ਹਾਂ ਵਿਚ 90% ਭਰਤੀ ਇੰਡੀਆਂ ਦੇ ਪੇਡੂ ਅਤੇ ਕਿਸਾਨੀ ਇਲਾਕਿਆ ਵਿਚੋਂ ਹੈ, ਜਿਨ੍ਹਾਂ ਦੇ ਬਜੁਰਗ ਮਾਂ-ਬਾਪ, ਭੈਣ-ਭਰਾ ਅਤੇ ਬੱਚੇ ਇਸ ਕਿਸਾਨ ਮੋਰਚੇ ਵਿਚ ਜਿ਼ੰਦਗੀ-ਮੌਤ ਅਤੇ ਆਪਣੀ ਹੋਂਦ ਦੀ ਲੜਾਈ ਲੜ੍ਹ ਰਹੇ ਹਨ । ਦੂਸਰਾ ਇਸ ਸਮੇਂ ਤਾਨਾਸ਼ਾਹ ਇੰਡੀਆ, ਦੀਆਂ ਮੁਰਖਾਨਾ ਕਾਰਵਾਈਆ ਦੀ ਬਦੌਲਤ ਪਾਕਿਸਤਾਨ, ਚੀਨ, ਨੇਪਾਲ, ਬਰਮਾ, ਸ੍ਰੀਲੰਕਾ, ਭੁਟਾਨ, ਬੰਗਲਾਦੇਸ਼ ਸਭ ਗੁਆਂਢੀ ਮੁਲਕਾਂ ਨਾਲ ਅਤਿ ਕੁੜੱਤਣਭਰੇ ਸੰਬੰਧ ਉਤਪੰਨ ਹੋ ਚੁੱਕੇ ਹਨ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਹੁਕਮਰਾਨਾਂ ਨੇ ਆਪਣੇ ਮੁਲਕ ਦੇ ਨਿਵਾਸੀਆ, ਕਸ਼ਮੀਰੀਆਂ, ਆਦਿਵਾਸੀਆ, ਦਲਿਤਾਂ, ਕਬੀਲਿਆ, ਛੱਤੀਸਗੜ੍ਹ, ਬਿਹਾਰ, ਝਾਰਖੰਡ, ਉੜੀਸਾ, ਮਹਾਰਾਸਟਰਾਂ, ਵੈਸਟ ਬੰਗਾਲ ਆਦਿ ਨਾਲ ਵੀ ਆਪਣੀ ਕੱਟੜਵਾਦੀ ਹਿੰਦੂ ਸੋਚ ਅਧੀਨ ਪੰਗੇ ਪਾਏ ਹੋਏ ਹਨ ਅਤੇ ਸਭ ਸੂਬਿਆਂ ਤੇ ਘੱਟ ਗਿਣਤੀ ਕੌਮਾਂ ਵਿਚ ਨਿਰਾਸਾ ਤੇ ਰੋਹ ਉਤਪੰਨ ਹੋ ਚੁੱਕਿਆ ਹੈ । ਉਸ ਸਮੇਂ ਜੋ ਅਮਰੀਕਾ ਨੇ ਇੰਡੀਆ ਨਾਲ ਰੱਖਿਆ ਸਮਝੋਤਾ ਕੀਤਾ ਹੋਇਆ ਹੈ, ਉਸ ਬਾਰੇ ਮਨੁੱਖਤਾ ਤੇ ਇਨਸਾਨੀਅਤ ਦੇ ਬਿਨ੍ਹਾਂ ਤੇ ਅਮਰੀਕਾ ਨੂੰ ਸੰਜ਼ੀਦਗੀ ਨਾਲ ਮੁੜ ਵਿਚਾਰ ਕਰਨ ਦੀ ਅੱਜ ਸਖਤ ਲੋੜ ਹੈ । ਕਿਉਂਕਿ ਜਿਵੇਂ ਜਰਮਨ ਦੇ ਹਿਟਲਰ ਨੇ ਇਟਲੀ ਦੇ ਮੋਸੋਲੀਨੀ ਨਾਲ ਜੰਗੀ ਸਮਝੋਤਾ ਕੀਤਾ ਸੀ, ਉਸਦਾ ਜਰਮਨਾਂ ਨੂੰ ਕਿਸੇ ਤਰ੍ਹਾਂ ਦਾ ਫਾਇਦਾ ਨਹੀਂ ਹੋਇਆ, ਬਲਕਿ ਵੱਡਾ ਨੁਕਸਾਨ ਹੀ ਹੋਇਆ ਸੀ । ਕਿਉਂਕਿ ਜੋ ਇਟਾਲੀਅਨ ਫ਼ੌਜ ਜਿਸ ਦੁਸਮਣ ਨਾਲ ਲੜਨ ਲਈ ਹਿਟਲਰ ਭੇਜਦਾ ਸੀ, ਉਹ ਹੱਥ ਖੜ੍ਹੇ ਕਰਕੇ ਆਤਮ ਸਮਰਪਨ ਕਰ ਦਿੰਦੇ ਸਨ । ਇਸ ਲਈ ਸਾਡੀ ਇਨਸਾਨੀਅਤ, ਜਮਹੂਰੀਅਤ ਅਤੇ ਅਮਨਮਈ ਕਦਰਾ-ਕੀਮਤਾ ਦੇ ਬਿਨ੍ਹਾਂ ਤੇ ਦਿੱਲੀ ਦੇ ਮੌਜੂਦਾ ਹੁਕਮਰਾਨਾਂ ਨੂੰ ਇਹ ਨਿਰਪੱਖਤਾ ਵਾਲੀ ਨੇਕ ਰਾਏ ਹੈ ਕਿ ਉਹ ਇਸ ਕਿਸਾਨ, ਮਜਦੂਰ ਅਤੇ ਸਮੁੱਚੇ ਵਰਗਾਂ ਦੇ ਜੀਵਨ ਨਾਲ ਜੁੜੇ ਮਸਲੇ ਅਤੇ ਚੱਲ ਰਹੇ ਮੋਰਚੇ ਨੂੰ ਫੌਰੀ ਹੈਂਕੜ ਤਿਆਗਕੇ ਹੱਲ ਕਰਨ ਦੇ ਉਦਮ ਕਰਨ ਤਾਂ ਬਿਹਤਰ ਹੋਵੇਗਾ, ਵਰਨਾ ਗੁਆਂਢੀ ਮੁਲਕਾਂ ਨਾਲ ਅੱਜ ਉਤਪੰਨ ਹੋ ਚੁੱਕੀਆ ਦੂਰੀਆ ਅਤੇ ਮੁਲਕ ਦੇ ਕਿਸਾਨ, ਮਜਦੂਰਾਂ ਅਤੇ ਹੋਰਨਾਂ ਉਤੇ ਹੋ ਰਹੇ ਹਕੂਮਤੀ ਜ਼ਬਰ ਜੁਲਮ ਤੋਂ ਪੈਦਾ ਹੋਏ ਵਿਸਫੋਟਕ ਹਾਲਾਤ ਉਨ੍ਹਾਂ ਦੇ ਆਪਣੇ ਕਾਬੂ ਵਿਚ ਵੀ ਨਹੀਂ ਰਹਿਣਗੇ ਅਤੇ ਇਸਦੇ ਭਿਆਨਕ ਨਤੀਜਿਆ ਲਈ ਕੇਵਲ ਤੇ ਕੇਵਲ ਹੁਕਮਰਾਨਾਂ ਦੀ ਹਊਮੈ ਜਿ਼ੰਮੇਵਾਰ ਹੋਵੇਗੀ । ਜੋ ਲਦਾਂਖ ਵਿਚ ਚੀਨੀ ਫ਼ੌਜ ਨੇ ਅਤਿ ਬਦਤਰ ਹਾਲਾਤ ਬਣਾਏ ਹੋਏ ਹਨ, ਉਥੇ ਰੱਖਿਆ ਵਜ਼ੀਰ ਅਤੇ ਵਜ਼ੀਰ-ਏ-ਆਜ਼ਮ ਜਿਨ੍ਹਾਂ ਨੇ ਤਾਂ ਜਾਣਾ ਹੀ ਹੁੰਦਾ ਹੈ, ਉਨ੍ਹਾਂ ਤੋਂ ਇਲਾਵਾ ਕੋਈ ਵੀ ਬੀਜੇਪੀ ਦਾ ਵਜ਼ੀਰ ਜਾਂ ਹੋਰ ਰੱਖਿਆ ਮਾਹਰ ਨਹੀਂ ਗਿਆ । ਕੇਵਲ ਦਿੱਲੀ ਵਿਚ ਬੈਠਕੇ ਹੀ ਆਪਣੇ ਹੀ ਨਿਵਾਸੀਆ, ਪੰਜਾਬੀਆਂ, ਹਰਿਆਣਵੀਆ, ਕਸ਼ਮੀਰੀਆ, ਬਿਹਾਰੀ, ਬੰਗਾਲੀਆ, ਮਰਾਠਿਆ ਆਦਿ ਨੂੰ ਸਾਜ਼ਸੀ ਢੰਗਾਂ ਰਾਹੀ ਦਬਾਉਣ ਅਤੇ ਉਨ੍ਹਾਂ ਉਤੇ ਜ਼ਬਰ-ਜੁਲਮ ਕਰਨ ਦੀਆਂ ਅਣਮਨੁੱਖੀ ਵਿਊਤਾ ਬਣਾਉਣ ਵਿਚ ਮਸਰੂਫ ਹਨ । ਕਿਸੇ ਵੀ ਮਸਲੇ ਨੂੰ ਸੰਜ਼ੀਦਗੀ ਨਾਲ ਹੱਲ ਨਾ ਕਰਕੇ ਖੁਦ ਹੀ ਮੁਲਕ ਨੂੰ ਅਰਾਜਕਤਾ ਵੱਲ ਧਕੇਲ ਰਹੇ ਹਨ ।

About The Author

Related posts

Leave a Reply

Your email address will not be published. Required fields are marked *