ਮਲੇਰਕੋਟਲੇ ਦੇ ਮੁਸਲਿਮ ਭਰਾਵਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੀ.ਏ.ਏ. ਸੰਬੰਧੀ ਦਿੱਤੇ ਗਏ ਯਾਦ-ਪੱਤਰ ਨੂੰ ਐਸ.ਜੀ.ਪੀ.ਸੀ. ਅਤੇ ਸਰਬੱਤ ਖ਼ਾਲਸਾ ਦੇ ਦੋਵੇ ਜਥੇਦਾਰ ਸਾਹਿਬਾਨ ਮਿਲਕੇ ਹੱਲ ਕਰਨ : ਮਾਨ
ਫ਼ਤਹਿਗੜ੍ਹ ਸਾਹਿਬ, 08 ਫਰਵਰੀ ( ) “ਮਲੇਰਕੋਟਲੇ ਵਿਚ ਵੱਸਣ ਵਾਲੀ ਸਿੱਖ ਕੌਮ ਅਤੇ ਇੰਡੀਆਂ ਦੇ ਮੁਸਲਿਮ ਕੌਮ ਨਾਲ ਸੰਬੰਧਤ ਬਣੇ ਫਰੰਟ ਵੱਲੋਂ ਜੋ ਬੀਤੇ ਦਿਨੀਂ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਖ਼ਤਮ ਕਰਵਾਉਣ ਅਤੇ ਇਸ ਵਿਰੁੱਧ ਲੋਕ ਰਾਏ ਲਾਮਬੰਦ ਕਰਨ ਹਿੱਤ ਯਾਦ-ਪੱਤਰ ਮੌਜੂਦਾ ਐਸ.ਜੀ.ਪੀ.ਸੀ. ਵੱਲੋਂ ਨਿਯੁਕਤ ਕੀਤੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਸੌਪਿਆ ਗਿਆ ਹੈ, ਇਹ ਮਸਲਾਂ ਕੇਵਲ ਮੁਸਲਿਮ ਕੌਮ ਨਾਲ ਹੀ ਸੰਬੰਧਤ ਨਹੀਂ, ਬਲਕਿ ਸਮੁੱਚੀਆ ਘੱਟ ਗਿਣਤੀ ਕੌਮਾਂ ਨੂੰ ਆਉਣ ਵਾਲੇ ਸਮੇਂ ਵਿਚ ਬਹੁਤ ਵੱਡੀ ਪ੍ਰੇਸ਼ਾਨੀ ਦੇਣ ਵਾਲਾ ਅਤੇ ਜਲਾਲਤ ਕਰਨ ਵਾਲਾ ਮਨੁੱਖਤਾ ਵਿਰੋਧੀ ਕਾਨੂੰਨ ਹੈ । ਇਸ ਸੰਬੰਧੀ ਸਰਬੱਤ ਖ਼ਾਲਸਾ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਐਸ.ਜੀ.ਪੀ.ਸੀ. ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਦੋਵਾਂ ਨੂੰ ਮਿਲ ਬੈਠਕੇ ਦੂਰਅੰਦੇਸ਼ੀ ਅਤੇ ਵਿਦਵਤਾ ਰਾਹੀ ਜਿਥੇ ਹੱਲ ਕਰਨਾ ਬਣਦਾ ਹੈ, ਉਥੇ ਸਮੁੱਚੀਆ ਘੱਟ ਗਿਣਤੀ ਕੌਮਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਇਕੱਤਰ ਕਰਦੇ ਹੋਏ ਦ੍ਰਿੜਤਾ ਤੇ ਸਰਬਸੰਮਤੀ ਨਾਲ ਅਗਲੇਰੇ ਕਦਮ ਉਠਾਉਣੇ ਚਾਹੀਦੇ ਹਨ । ਤਾਂ ਕਿ ਇੰਡੀਆਂ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦੇ ਵਿਧਾਨਿਕ, ਸਮਾਜਿਕ, ਇਖ਼ਲਾਕੀ ਹੱਕਾਂ ਦੀ ਸਹੀ ਦਿਸ਼ਾ ਵੱਲ ਰੱਖਿਆ ਹੋ ਸਕੇ ਅਤੇ ਸੁਰੱਖਿਅਤ ਹੋ ਸਕਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਮਲੇਰਕੋਟਲੇ ਵਿਚ ਵੱਸਣ ਵਾਲੀ ਮੁਸਲਿਮ ਕੌਮ ਅਤੇ ਮੁਸਲਿਮ ਕੌਮ ਨਾਲ ਸੰਬੰਧਤ ਫਰੰਟ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਿੱਤੇ ਗਏ ਯਾਦ-ਪੱਤਰ ਸੰਬੰਧੀ ਐਸ.ਜੀ.ਪੀ.ਸੀ. ਅਤੇ ਸਰਬੱਤ ਖ਼ਾਲਸਾ ਦੇ ਦੋਵੇ ਜਥੇਦਾਰ ਸਾਹਿਬਾਨ ਨੂੰ ਸਾਂਝੇ ਤੌਰ ਤੇ ਫੌਰੀ ਅਮਲ ਕਰਨ ਅਤੇ ਸਮੁੱਚੀਆਂ ਪੀੜ੍ਹਤ ਘੱਟ ਗਿਣਤੀ ਕੌਮਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਇਕੱਤਰ ਕਰਕੇ ਸੰਘਰਸ਼ ਨੂੰ ਅੱਗੇ ਤੋਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ‘ਧਰਮ ਦੀ ਆਜ਼ਾਦੀ’ ਲਈ ਹੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਨੇ ਆਪਣਾ ਸੀਸ ਦਿੱਤਾ ਸੀ । ਕਿਉਂਕਿ ਮੁਗਲ ਹਕੂਮਤ ਹਿੰਦੂ ਕੌਮ ਦੀ ਧਰਮ ਦੀ ਆਜ਼ਾਦੀ ਨੂੰ ਖ਼ਤਮ ਕਰਕੇ ਆਪਣਾ ਗੁਲਾਮ ਬਣਾਕੇ ਰੱਖਣਾ ਚਾਹੁੰਦੀ ਸੀ, ਅੱਜ ਉਸੇ ਸੋਚ ਉਤੇ ਮੌਜੂਦਾ ਸੈਂਟਰ ਦੀ ਫਿਰਕੂ ਮੋਦੀ ਹਕੂਮਤ ਮੁਸਲਮਾਨਾਂ, ਇਸਾਈਆ, ਸਿੱਖਾਂ ਅਤੇ ਘੱਟ ਗਿਣਤੀ ਕੌਮਾਂ ਨਾਲ ਅਣਮਨੁੱਖੀ ਅਮਲ ਕਰਦੇ ਹੋਏ ਉਨ੍ਹਾਂ ਦੇ ਸਭ ਹੱਕ-ਹਕੂਕ ਕੁੱਚਲਕੇ ਗੁਲਾਮ ਬਣਾਉਣ ਦੀ ਮੰਦਭਾਵਨਾ ਉਤੇ ਅਮਲ ਕਰ ਰਹੀ ਹੈ । ਉਸੇ ਤਰ੍ਹਾਂ ਦੀਆਂ ਵੱਡੀਆਂ ਬੇਇਨਸਾਫ਼ੀਆਂ ਕਰ ਰਹੀ ਹੈ । ਜਦੋਂਕਿ ਬੀਤੇ ਸਮੇਂ ਵਿਚ ਜਦੋਂ ਅਕਬਰ ਬਾਦਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨਾਲ ਮੁਲਾਕਾਤ ਕਰਨ ਆਏ ਤਾਂ ਉਨ੍ਹਾਂ ਨੂੰ ਸੇਵਾਦਾਰਾਂ ਵੱਲੋਂ ਗੁਜ਼ਾਰਿਸ ਕੀਤੀ ਗਈ ਕਿ ਪਹਿਲੇ ਗੁਰੂ ਕਾ ਲੰਗਰ ਛਕੋ, ਫਿਰ ਗੁਰੂ ਸਾਹਿਬ ਜੀ ਦੇ ਆਪ ਜੀ ਨੂੰ ਦਰਸ਼ਨ ਕਰਵਾਏ ਜਾਣਗੇ । ਅਕਬਰ ਬਾਦਸ਼ਾਹ ਲੰਗਰ ਦੀ ਸਿੱਖ ਰਵਾਇਤ ਤੋਂ ਪ੍ਰਭਾਵਿਤ ਹੋ ਕੇ ਜਦੋਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਗਏ ਤਾਂ ਉਨ੍ਹਾਂ ਨੇ ਗੁਰੂ ਸਾਹਿਬਾਨ ਨੂੰ ਇਸ ਲੰਗਰ ਦੇ ਨਾਮ ਜਗੀਰ ਲਗਾਉਣ ਦੀ ਪੇਸ਼ਕਸ ਕੀਤੀ ਤਾਂ ਕਿ ਇਹ ਲੰਗਰ ਚੱਲਦੇ ਰਹਿਣ । ਗੁਰੂ ਸਾਹਿਬਾਨ ਨੇ ਅਕਬਰ ਬਾਦਸ਼ਾਹ ਵੱਲੋਂ ਆਈ ਪੇਸ਼ਕਸ ਨੂੰ ਇਸ ਲਈ ਪ੍ਰਵਾਨ ਨਾ ਕੀਤਾ ਅਤੇ ਕਿਹਾ ਇਹ ਲੰਗਰ ਤਾਂ ਸੰਗਤਾਂ ਦੇ ਦਸਵੰਧ ਨਾਲ ਚੱਲਦੇ ਹਨ । ਉਨ੍ਹਾਂ ਦੇ ਦਸਵੰਧ ਨਾਲ ਹੀ ਰਹਿੰਦੀ ਦੁਨੀਆਂ ਤੱਕ ਚੱਲਦੇ ਰਹਿਣਗੇ । ਅਕਬਰ ਬਾਦਸ਼ਾਹ ਗੁਰੂ ਸਾਹਿਬ ਜੀ ਦੇ ਇਹ ਬਚਨ ਸੁਣਕੇ ਹੋਰ ਵੀ ਵਧੇਰੇ ਪ੍ਰਭਾਵਿਤ ਹੋਏ ।
ਪਰ ਦੁੱਖ ਅਤੇ ਅਫ਼ਸੋਸ ਹੈ ਕਿ ਅੱਜ ਹਿੰਦੂਤਵ ਹੁਕਮਰਾਨਾਂ ਵੱਲੋਂ ਬੇਇਨਸਾਫ਼ੀਆਂ ਵਿਚ ਵਾਧਾ ਕਰਦੇ ਹੋਏ ਕਸ਼ਮੀਰ ਸਟੇਟ ਨੂੰ ਭੰਗ ਕਰਕੇ ਯੂ.ਟੀ. ਬਣਾ ਦਿੱਤਾ ਗਿਆ ਹੈ । ਯੂ.ਟੀ. ਵਿਚ ਨਿਰਦੋਸ਼ 20 ਮੁਸਲਮਾਨ ਮਾਰ ਦਿੱਤੇ ਗਏ ਹਨ, ਜਿਸਦੀ ਖ਼ਬਰ ਬੀਤੇ ਸਮੇਂ ਵਿਚ ਅਮਰੀਕਾ ਦੇ ਅਖ਼ਬਾਰ ‘ਨਿਊਯਾਰਕ ਟਾਈਮਜ਼’ ਵਿਚ ਪ੍ਰਕਾਸਿ਼ਤ ਹੋ ਚੁੱਕੀ ਹੈ । ਇਸੇ ਤਰ੍ਹਾਂ ਸਿੱਖ, ਇਸਾਈ, ਕਬੀਲਿਆ, ਰੰਘਰੇਟਿਆ, ਦਲਿਤਾਂ, ਆਦਿਵਾਸੀਆ, ਲਿੰਗਾਇਤਾਂ ਆਦਿ ਨਾਲ ਮੌਜੂਦਾ ਮੋਦੀ ਹਕੂਮਤ ਹਰ ਖੇਤਰ ਵਿਚ ਬੇਇਨਸਾਫ਼ੀਆਂ ਕਰਦੀ ਆ ਰਹੀ ਹੈ । ਜਿਸ ਸੰਬੰਧੀ ਦੋਵੇ ਜਥੇਦਾਰ ਸਾਹਿਬਾਨ ਵੱਲੋਂ ਮਨੁੱਖਤਾ ਦੇ ਬਿਨ੍ਹਾਂ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਫੈਸਲਾਕੁੰਨ ਕਾਰਵਾਈ ਤੁਰੰਤ ਹੋਣੀ ਬਣਦੀ ਹੈ । ਉਨ੍ਹਾਂ ਕਿਹਾ ਕਿ ਜੋ ਐਸ.ਜੀ.ਪੀ.ਸੀ. ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਕਿਸੇ ਤਰ੍ਹਾਂ ਦੀ ਫੋਟੋਗ੍ਰਾਫੀ ਨਹੀਂ ਹੋਵੇਗੀ । ਇਹ ਹੁਕਮ ਤਾਂ ਪਹਿਲੇ ਵੀ ਕੀਤੇ ਗਏ ਹਨ, ਪਰ ਇਨ੍ਹਾਂ ਨੂੰ ਲਾਗੂ ਕਰਨ ਵਿਚ ਐਸ.ਜੀ.ਪੀ.ਸੀ. ਦੇ ਅਧਿਕਾਰੀ ਤੇ ਮੁਲਾਜ਼ਮ ਆਪ ਹੀ ਅਣਗਹਿਲੀ ਕਰਦੇ ਆ ਰਹੇ ਹਨ । ਜਦੋਂ ਵੀ ਕੋਈ ਵੀ.ਆਈ.ਪੀ. ਜਾਂ ਬਾਦਲ ਪਰਿਵਾਰ ਜਾਂ ਕੋਈ ਫਿਲਮੀ ਹੀਰੋ ਜਾਂ ਹੀਰੋਇਨ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਉਦੇ ਹਨ, ਤਾਂ ਐਸ.ਜੀ.ਪੀ.ਸੀ. ਦੇ ਅਧਿਕਾਰੀ ਤੇ ਮੁਲਾਜ਼ਮ ਖੁਦ ਹੀ ਸ੍ਰੀ ਦਰਬਾਰ ਸਾਹਿਬ ਦੀ ਫੋਟੋਗ੍ਰਾਫੀ ਨੂੰ ਬੈਕਗਰਾਊਡ ਵਿਚ ਦਿਖਾਉਦੇ ਹੋਏ ਅਜਿਹੇ ਲੀਡਰਾਂ ਨਾਲ ਆਪਣੀਆ ਫੋਟੋਆਂ ਕਰਵਾਉਣ ਲਈ ਪੂਰੀ ਉਤਸੁਕਤਾ ਦਿਖਾਉਦੇ ਹਨ ਜੋ ਸ੍ਰੀ ਦਰਬਾਰ ਸਾਹਿਬ ਦੀ ਮਹਾਨਤਾ ਅਤੇ ਉਸਦੇ ਸਤਿਕਾਰ-ਮਾਣ ਨੂੰ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਹਨ । ਇਥੋਂ ਤੱਕ ਜਦੋਂ ਬਾਦਲ ਦਲੀਆ ਦੀਆਂ ਮੀਟਿੰਗਾਂ ਹੁੰਦੀਆ ਹਨ ਤਾਂ ਐਸ.ਜੀ.ਪੀ.ਸੀ. ਦੇ ਅਧਿਕਾਰੀ ਅਤੇ ਸੇਵਾਦਾਰ ਗੁਰੂਘਰ ਦੇ ਲੰਗਰ ਅਤੇ ਹੋਰ ਸਮੱਗਰੀ ਉਨ੍ਹਾਂ ਮੀਟਿੰਗਾਂ ਵਿਚ ਇਨ੍ਹਾਂ ਸਿਆਸੀ ਆਗੂਆਂ ਦੀ ਸੇਵਾ ਕਰਨ ਲਈ ਪਹੁੰਚਦੇ ਹਨ । ਇਹ ਵੀ ਗੁਰਮਰਿਯਾਦਾਵਾਂ ਅਤੇ ਨਿਯਮਾਂ ਦੀ ਘੋਰ ਉਲੰਘਣਾ ਦੇ ਨਾਲ-ਨਾਲ ਸੰਗਤਾਂ ਦੇ ਦਸਵੰਧ ਰਾਹੀ ਭੇਟਾਂ ਕੀਤੀ ਗਈ ਮਾਇਆ ਅਤੇ ਸਾਧਨਾਂ ਦੀ ਦੁਰਵਰਤੋਂ ਕਰਨ ਦੇ ਤੁੱਲ ਅਮਲ ਹਨ । ਉਨ੍ਹਾਂ ਕਿਹਾ ਕਿ ਜਦੋਂ ਤੱਕ ਮੌਜੂਦਾ ਐਸ.ਜੀ.ਪੀ.ਸੀ. ਤੇ ਕਾਬਜ ਅਧਿਕਾਰੀ, ਸਿਆਸਤਦਾਨ, ਸੈਂਟਰ ਸਰਕਾਰ ਕਾਨੂੰਨੀ ਪ੍ਰਣਾਲੀ ਅਨੁਸਾਰ ਐਸ.ਜੀ.ਪੀ.ਸੀ. ਦੀਆਂ ਨਿਰਪੱਖਤਾ ਨਾਲ ਚੋਣਾਂ ਨਹੀਂ ਕਰਵਾਉਦੇ ਉਸ ਸਮੇਂ ਤੱਕ ਐਸ.ਜੀ.ਪੀ.ਸੀ. ਦੇ ਧਾਰਮਿਕ ਅਤੇ ਮਨੁੱਖਤਾ ਪੱਖੀ ਪ੍ਰਬੰਧ ਵਿਚ ਆਈਆ ਤਰੁੱਟੀਆ ਤੇ ਕਮੀਆ ਦਾ ਸਥਾਈ ਤੌਰ ਤੇ ਨਾ ਤਾਂ ਸੁਧਾਰ ਹੋ ਸਕਦਾ ਹੈ ਅਤੇ ਨਾ ਹੀ ਇਸ ਮਹਾਨ ਸੰਸਥਾਂ ਦੇ ਸਮੁੱਚੇ ਸਾਧਨਾਂ ਦੀ ਮਨੁੱਖਤਾ ਦੇ ਹੱਕ ਵਿਚ ਸਹੀ ਵਰਤੋਂ ਹੋ ਸਕਦੀ ਹੈ ।
Webmaster
Lakhvir Singh
Shiromani Akali Dal (Amritsar)
9781-222-567